ਪੰਜਾਬ ‘ਚ 11 ਰੇਲਵੇ ਸਟੇਸ਼ਨ ਕੀਤੇ ਬੰਦ, ਹੁਣ ਇੱਥੇ ਨਹੀਂ ਰੁਕਣਗੀਆਂ ਰੇਲਾਂ

AC coach of Indian train on the station during rain

ਰੇਲ ਡਿਵੀਜ਼ਨ ਫਿਰੋਜ਼ਪੁਰ ਨੇ ਵੱਡੀ ਕਾਰਵਾਈ ਕਰਦਿਆਂ ਪੰਜਾਬ ਦੇ 11 ਤੇ ਹਿਮਾਚਲ ਪ੍ਰਦੇਸ਼ ਦੇ 2 ਸਟੇਸ਼ਨ ਬੰਦ ਕਰ ਦਿੱਤੇ ਹਨ। ਹੁਣ ਇਨ੍ਹਾਂ ਸਟੇਸ਼ਨਾਂ ‘ਤੇ ਰੇਲ ਗੱਡੀਆਂ ਨਹੀਂ ਰੁਕਣਗੀਆਂ। ਇਨ੍ਹਾਂ ਵਿੱਚ ਹਿਮਾਚਲ ਪ੍ਰਦੇਸ਼ ਤੇ ਪੰਜਾਬ ਵਿੱਚ ਇੱਕ-ਇੱਕ ਧਾਰਮਿਕ ਸਟੇਸ਼ਨ ਵੀ ਸ਼ਾਮਲ ਹੈ। ਇਨ੍ਹਾਂ ਵਿੱਚ ਇੱਕ 63 ਸਾਲ ਪੁਰਾਣੇ ਰੇਲਵੇ ਸਟੇਸ਼ਨ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਉਕਤ ਸਟੇਸ਼ਨਾਂ ਦੇ ਨਾਲ ਲੱਗਦੇ ਪਿੰਡਾਂ ਦੇ ਲੋਕ ਰੇਲਵੇ ਦੇ ਇਸ ਫੈਸਲੇ ਤੋਂ ਕਾਫੀ ਨਾਰਾਜ਼ ਹਨ। ਇਹ ਸਟੇਸ਼ਨ ਤਰਨ ਤਾਰਨ, ਅੰਮ੍ਰਿਤਸਰ, ਫ਼ਿਰੋਜ਼ਪੁਰ, ਲੁਧਿਆਣਾ ਤੇ ਪਠਾਨਕੋਟ ਰੇਲ ਸੈਕਸ਼ਨਾਂ ‘ਤੇ ਬਣੇ ਹਨ। ਰੇਲਵੇ ਦੇ ਉੱਚ ਪੱਧਰੀ ਸੂਤਰਾਂ ਅਨੁਸਾਰ ਪੰਜਾਬ ਵਿੱਚ ਪੈਂਦੇ ਰੇਲਵੇ ਸਟੇਸ਼ਨ ਵਹੀਂਪੋਈ, ਦੁਖਣ ਵਾਰਨ, ਭਲੋਜਲਾ, ਘੰਡਰਾਂ, ਜੰਡੋਕ, ਚੌਂਤਰਾ ਭਟੇਡ (ਹਿਮਾਚਲ ਪ੍ਰਦੇਸ਼), ਕੋਟਲਾ ਗੁਜਰਾਂ, ਸੰਗਰਾਣਾ ਸਾਹਿਬ (ਗੁਰਦੁਆਰਾ), ਭਨੋਹਡ ਪੰਜਾਬ, ਵਾਰਪਾਲ (ਜੀਆਰਵੀ), ਮਾਲਮੋਹਰੀ, ਬੈਜਨਾਥ ਮੰਦਰ (ਹਿਮਾਚਲ ਪ੍ਰਦੇਸ਼) ਤੇ ਮੰਧਾਲੀ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਹੁਣ ਉਕਤ ਸਟੇਸ਼ਨਾਂ ‘ਤੇ ਗੱਡੀਆਂ ਨਹੀਂ ਰੁਕਣਗੀਆਂ।
ਫ਼ਿਰੋਜ਼ਪੁਰ ਤੇ ਲੁਧਿਆਣਾ ਦੇ ਵਿਚਕਾਰ ਭਨੋਹੜ ਸਟੇਸ਼ਨ ਸਥਿਤ ਹੈ, ਜੋ ਲੋਕਾਂ ਦੀ ਸਹੂਲਤ ਲਈ 8 ਦਸੰਬਰ 1958 ਨੂੰ ਬਣਾਇਆ ਗਿਆ ਸੀ। ਇੱਥੋਂ ਦੇ ਜ਼ਿਆਦਾਤਰ ਨੌਜਵਾਨ ਫੌਜ ਵਿੱਚ ਨੌਕਰੀ ਕਰਦੇ ਹਨ। ਇੱਥੋਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਇਸ ਸਟੇਸ਼ਨ ਨੂੰ ਬਣੇ 63 ਸਾਲ ਹੋ ਗਏ ਹਨ। ਰੇਲਵੇ ਡਿਵੀਜ਼ਨ ਫਿਰੋਜ਼ਪੁਰ ਨੇ ਸਾਲ 2002 ਵਿੱਚ ਉਕਤ ਸਟੇਸ਼ਨ ਨੂੰ ਢਾਹੁਣਾ ਸ਼ੁਰੂ ਕੀਤਾ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਇੱਥੋਂ ਰੋਜ਼ਾਨਾ ਸੌ ਦੇ ਕਰੀਬ ਲੋਕ ਰੇਲ ਗੱਡੀਆਂ ਵਿੱਚ ਸਫ਼ਰ ਕਰਦੇ ਹਨ। ਕੋਵਿਡ-19 ਦੌਰਾਨ ਦੋ ਸਾਲਾਂ ਤੋਂ ਟ੍ਰੇਨਾਂ ਬੰਦ ਸਨ ਅਤੇ ਹੁਣ ਵੀ ਸਾਰੀਆਂ ਟ੍ਰੇਨਾਂ ਨਹੀਂ ਚੱਲ ਰਹੀਆਂ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਰੇਲਵੇ ਬਹੁਤ ਵੱਡਾ ਅਦਾਰਾ ਹੈ, ਇਸ ਨੂੰ ਅਜਿਹੇ ਸਟੇਸ਼ਨਾਂ ਤੋਂ ਕਮਾਈ ਨਹੀਂ ਕਰਨੀ ਚਾਹੀਦੀ ਸਗੋਂ ਲੋਕਾਂ ਨੂੰ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ।

Total Views: 269 ,
Real Estate