
ਪੰਜਾਬ ਦੇ ਸਾਬਕਾ ਮੁੱਖ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਸਿੱਧੂ ਸਾਹਮਣੇ ਚੋਣ ਲੜਾਉਣ ਦੇ ਐਲਾਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਪਤਨੀ ਦਾ ਪਲਟਵਾਰ ਸਾਹਮਣੇ ਆਇਆ ਹੈ। ਨਵਜੋਤ ਕੌਰ ਸਿੱਧੂ ਲਗਾਤਾਰ ਹਲਕੇ ਵਿੱਚ ਆਪਣੇ ਕੰਮ ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਜਦੋਂ ਦਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਬਣਾਇਆ ਗਿਆ ਹੈ, ਉਸ ਤੋਂ ਬਾਅਦ ਉਹ ਹਲਕੇ ਵਿੱਚ ਨਹੀਂ ਪਹੁੰਚ ਸਕੇ। ਜਿਸ ਕਰ ਕੇ ਅਸੀਂ ਨਵਜੋਤ ਸਿੰਘ ਸਿੱਧੂ ਦੀ ਕਮੀ ਪੂਰੀ ਕਰ ਰਹੇ ਹਾਂ।
ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਜਲਦ ਹੀ ਆਪਣੇ ਹਲਕੇ ਵਿੱਚ ਪਹੁੰਚਣਗੇ ‘ਤੇ ਪ੍ਰਚਾਰ ਵੀ ਕਰਨਗੇ। ਦੂਸਰੇ ਪਾਸੇ ਜਦੋਂ ਨਵਜੋਤ ਸਿੰਘ ਸਿੱਧੂ ਸਾਹਮਣੇ ਬਿਕਰਮ ਸਿੰਘ ਮਜੀਠੀਆ ਦੀ ਟੱਕਰ ਦੀ ਗੱਲ ਕੀਤੀ ਗਈ ਤਾਂ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਹੋਵੇ ਚਾਹੇ ਕੋਈ ਵੀ ਹੋਰ ਵਿਅਕਤੀ ਹੋਵੇ, ਚੋਣ ਲੜ ਸਕਦਾ ਹੈ ਪਰ ਕੀ ਬਿਕਰਮ ਸਿੰਘ ਮਜੀਠੀਆ ਜੇਲ੍ਹ ਵਿੱਚੋਂ ਚੋਣ ਲੜਨਗੇ, ਉਨ੍ਹਾਂ ਵੱਲੋਂ ਮਜ਼ਾਕੀਆ ਢੰਗ ਦੇ ਨਾਲ ਇਹ ਬਿਆਨ ਦਿੱਤਾ।
ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਵਿਚ ਜ਼ੁਬਾਨੀ ਜੰਗ ਚੱਲ ਰਹੀ ਸੀ ਪਰ ਅਕਾਲੀ ਦਲ ਦੇ ਵੱਡੇ ਆਗੂਆਂ ਵੱਲੋਂ ਇਹ ਗੱਲ ਕਹੀ ਜਾ ਰਹੀ ਸੀ ਕਿ ਬਿਕਰਮ ਸਿੰਘ ਮਜੀਠੀਆ ਨੂੰ ਸਿੱਧੂ ਦੇ ਸਾਹਮਣੇ ਚੋਣ ਲੜਾਈ ਜਾਵੇ। ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਰਸਮੀ ਐਲਾਨ ਕਰ ਦਿੱਤਾ ਗਿਆ ਹੈ ਕਿ ਬਿਕਰਮ ਸਿੰਘ ਮਜੀਠੀਆ ਹੁਣ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਚੋਣਾਂ ਲੜਨਗੇ। ਹਾਲਾਂਕਿ ਬਿਕਰਮ ਸਿੰਘ ਮਜੀਠੀਆ ਮਜੀਠਾ ਹਲਕੇ ਵੀ ਚੋਣ ਲੜਨਗੇ।



















