ਮੋਨਟਾਨਾ ਰੇਲ ਹਾਦਸੇ ਵਿੱਚ ਜਖਮੀ ਹੋਏ ਯਾਤਰੀਆਂ ਨੇ ਕੀਤਾ ਟਰੇਨ ਕੰਪਨੀ ‘ਤੇ ਮੁਕੱਦਮਾ

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਪਿਛਲੇ ਮਹੀਨੇ ਅਮਰੀਕਾ ਦੇ ਮੋਨਟਾਨਾ ਵਿੱਚ ਐਮਟਰੈਕ ਟਰੇਨ ਦੇ ਪਟੜੀ ਤੋਂ ਉਤਰ ਜਾਣ ਕਾਰਨ ਜ਼ਖਮੀ ਹੋਏ 50 ਤੋਂ ਵੱਧ ਯਾਤਰੀਆਂ ਵਿੱਚੋਂ 7 ਯਾਤਰੀਆਂ ਨੇ ਮੁਕੱਦਮਾ ਦਾਇਰ ਕਰਕੇ ਰੇਲ ਲਾਈਨ ਅਤੇ ਰੇਲਮਾਰਗ ਟ੍ਰੈਕ ਦੇ ਸੰਚਾਲਕ ਉੱਤੇ ਲਾਪਰਵਾਹੀ ਦਾ ਦੋਸ਼ ਲਗਾਇਆ ਹੈ। ਇਸ ਸਬੰਧੀ ਸੋਮਵਾਰ ਨੂੰ ਸ਼ਿਕਾਗੋ ਦੀ ਯੂ ਐੱਸ ਡਿਸਟ੍ਰਿਕਟ ਕੋਰਟ ਵਿੱਚ ਮੈਸੇਚਿਉਸੇਟਸ , ਪੈਨਸਿਲਵੇਨੀਆ, ਇੰਡੀਆਨਾ ਅਤੇ ਮੋਂਟਾਨਾ ਦੇ ਵਿਅਕਤੀਆਂ ਵੱਲੋਂ ਮੁਕੱਦਮੇ ਦਾਇਰ ਕੀਤੇ ਗਏ ਸਨ। ਵਕੀਲ ਅਨੁਸਾਰ ਇਹ ਯਾਤਰੀ ਆਪਣੀਆਂ ਸੱਟਾਂ ਤੋਂ ਇਲਾਵਾ ਭਾਵਨਾਤਮਕ ਅਤੇ ਮਨੋਵਿਗਿਆਨਕ ਸਦਮੇ ਦਾ ਵੀ ਸਾਹਮਣਾ ਕਰ ਰਹੇ ਹਨ। ਮੋਨਟਾਨਾ ਵਿੱਚ ਹਾਦਸਾਗ੍ਰਸਤ ਹੋਈ ਰੇਲਗੱਡੀ ਵਿੱਚ ਤਕਰੀਬਨ 146 ਯਾਤਰੀ ਅਤੇ 16 ਚਾਲਕ ਦਲ ਦੇ ਮੈਂਬਰ ਸਵਾਰ ਸਨ ਜਦੋਂ ਇਹ ਪਟੜੀ ਤੋਂ ਉਤਰ ਗਈ। ਇਸ ਹਾਦਸੇ ਵਿੱਚ ਤਿੰਨ ਯਾਤਰੀ ਮਾਰੇ ਵੀ ਗਏ ਸਨ। ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਅਤੇ ਫੈਡਰਲ ਰੇਲਰੋਡ ਐਡਮਨਿਸਟ੍ਰੇਸ਼ਨ ਹਾਦਸੇ ਦੀ ਜਾਂਚ ਕਰ ਰਹੇ ਹਨ ਅਤੇ ਅਜੇ ਤੱਕ ਜਨਤਕ ਤੌਰ ‘ਤੇ ਇਸ ਹਾਦਸੇ ਦੇ ਕਾਰਨ ਦਾ ਐਲਾਨ ਨਹੀਂ ਕੀਤਾ ਹੈ।ਐਨ ਟੀ ਐਸ ਬੀ ਨੇ ਕਿਹਾ ਕਿ ਉਹ ਇਸ ਮਹੀਨੇ ਦੇ ਅੰਤ ਵਿੱਚ ਹਾਦਸੇ ਬਾਰੇ ਮੁੱਢਲੀ ਰਿਪੋਰਟ ਜਾਰੀ ਕਰਨ ਦੀ ਯੋਜਨਾ ਬਣਾ ਰਹੀ ਹੈ। ਵਕੀਲਾਂ ਅਨੁਸਾਰ ਮੁਕੱਦਮਿਆਂ ਵਿੱਚ ਬੀ ਐਨ ਐਸ ਐਫ ਰੇਲਵੇ ਕੰਪਨੀ ਦਾ ਨਾਮ ਵੀ ਹੈ, ਜੋ ਕਿ ਹਾਦਸੇ ਵਾਲੇ ਟਰੈਕ ਦੀ ਮਾਲਕੀ ਅਤੇ ਸੰਚਾਲਨ ਕਰਦੀ ਹੈ। ਮੁਕੱਦਮਿਆਂ ਵਿੱਚ ਇਲਜ਼ਾਮ ਲਗਾਇਆ ਗਿਆ ਹੈ ਕਿ ਐਮਟਰੈਕ ਅਤੇ ਬੀ ਐਨ ਐਸ ਐਫ ਰੇਲਵੇ ਟਰੈਕ ਦਾ ਸਹੀ ਢੰਗ ਨਾਲ ਨਿਰੀਖਣ ਕਰਨ ਵਿੱਚ ਅਸਫਲ ਰਹੇ ਹਨ।

Total Views: 234 ,
Real Estate