ਨਾ ਤੇ ਨਵੇਂ ਇੰਜਨੀਅਰਾਂ ਨੂੰ ਨੌਕਰੀਆਂ ਮਿਲ ਰਹੀਆਂ ਹਨ ਤੇ ਨਾ ਹੀ ਇੰਡਸਟਰੀ ਨੂੰ ਕਾਬਿਲ ਇੰਜਨੀਅਰ ਮਿਲ ਰਹੇ

ਜੈ ਸਿੰਘ,
ਮਰਾਹੜ ਪਾਵਰ ਕੰਟ੍ਰੋਲ ਪ੍ਰ ਲਿਮਿਟਡ, ਕੱਕੜਵਾਲ,
ਕਾਲਿੰਗ ਅਤੇ ਵ੍ਹਟਸਐਪ ਨੰਬਰ 9815026985

ਮੇਰੇ ਬਹੁਤ ਸਾਰੇ ਦੋਸਤ ਪੁੱਛਦੇ ਹਨ ਕਿ ਆਖਿਰਕਾਰ ਕਿ ਕਿਉਂ ਸਾਡੇ ਬੱਚਿਆਂ ਨੂੰ ਇੰਜਨੀਅਰਿੰਗ ਕਾਲਜਾਂ ਵਿੱਚ ਲੱਖਾਂ ਰੁਪਏ ਖਰਚ ਕੇ, ਜਿੰਦਗੀ ਦੇ ਪੰਜ ਛੇ ਸਾਲ ਬਰਬਾਦ ਕਰ ਕੇ ਵੀ ਨੌਕਰੀਆਂ ਨਹੀਂ ਮਿਲਦੀਆਂ ? ਉਸ ਸਬੰਧੀ ਜੋ ਜੋ ਤਕਲੀਫ ਜਾ ਵਰਤਾਰਾ ਮੈ ਮਹਿਸੂਸ ਕੀਤਾ ਹੈ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ
ਸਾਡੀ ਅਜੋਕੀ ਇੰਡਸਟਰੀ ਅਤੇ ਨਵੇਂ ਬਣੇ ਅਖੌਤੀ ਇੰਜਨੀਅਰਾਂ ਦੀ ਤ੍ਰਾਸਦੀ
ਅੱਜ ਕੱਲ ਧੜਾ ਧੜ ਖੁੱਲੇ ਇੰਜਨੀਅਰਿੰਗ ਕਾਲਜਾਂ ਵਿੱਚੋ ਹੱਥਾਂ ਵਿੱਚ ਡਿਗਰੀਆਂ ਫੜੀ ਵਿਦਿਆਰਥੀਆਂ ਦੀਆਂ ਡਾਰਾਂ ਆ ਰਹੀਆਂ ਹਨ , ਇੰਡਸਟਰੀ ਨੂੰ ਨਵੇਂ ਇੰਜਨੀਅਰ ਚਾਹੀਦੇ ਹਨ, ਪ੍ਰੰਤੂ ਨਾ ਤੇ ਨਵੇਂ ਇੰਜਨੀਅਰਾਂ ਨੂੰ ਨੌਕਰੀਆਂ ਮਿਲ ਰਹੀਆਂ ਹਨ ਤੇ ਨਾ ਹੀ ਇੰਡਸਟਰੀ ਨੂੰ ਕਾਬਿਲ ਇੰਜਨੀਅਰ ਮਿਲ ਰਹੇ ਹਨ। ਆਖਿਰਕਾਰ ਇਹ ਹੋਇਆ ਕੀ ਹੈ ?
ਦੋਸਤੋ ਮੈ ਆਪਣੀ ਜਿੰਦਗੀ ਦੇ ਚਾਲੀ ਸਾਲਾਂ ਦੇ ਕੈਰੀਅਰ ਵਿਚ ਇਹ ਮਹਿਸੂਸ ਕੀਤਾ ਹੈ ਕਿ ਇੰਜਨੀਅਰਿੰਗ ਨਾਂ ਦੀ ਗੱਡੀ ਦੇ ਬਹੁਤ ਸਾਰੇ ਕੋਨੇ ਹਨ ਤੇ ਆਪਸ ਵਿਚ ਜੁੜੇ ਵੀ ਹੋਏ ਹਨ। ਅਸੀਂ ਵਿਦਿਆਰਥੀਆਂ ਨੂੰ ਸਿਰਫ ਕੋਨੇ ਵਾਰੇ ਹੀ ਜਾਣਕਾਰੀ ਦੇਣ ਦੀ ਕੋਸ਼ਿਸ ਕਰਦੇ ਹਾਂ ਉਹ ਵੀ ਸਿਰਫ ਕਿਤਾਬ ਵਿੱਚੋ , ਜੋ ਕਿ ਸਹੀ ਨਹੀਂ ਹੈ। ਵਿਗਿਆਨ ਆਪਣੇ ਆਪ ਵਿਚ ਹੀ ਸਭ ਤੋਂ ਵੱਡਾ ਪ੍ਰੈਕਟੀਕਲ ਹੈ ਇਥੇ ਕਿਤਾਬਾਂ ਪ੍ਰੈਕਟੀਕਲ ਦੌਰਾਨ ਵਾਪਰ ਰਹੀਆਂ ਘਟਨਾਵਾਂ ਨੂੰ ਸਮਝਾਉਣ ਲਈ ਹੀ ਵਰਤੀਆਂ ਜਾਂਦੀਆਂ ਹਨ। ਹਜਾਰਾਂ ਲੱਖਾਂ ਵਾਰ ਪ੍ਰੈਕਟੀਕਲ ਤੋਂ ਬਾਅਦ ਜਦੋ ਇੱਕ ਹੀ ਰਿਜਲਟ ਆਓਂਦੇ ਹਨ ਤਾ ਉਸ ਦੀ ਥਿਊਰੀ ਰੂਪ ਵਿਚ ਵਿਆਖਿਆ ਕਿਤਾਬਾਂ ਵਿਚ ਦਰਜ ਹੋ ਜਾਂਦੀ ਹੈ। ਨਾ ਕਿ ਧਾਰਮਿਕ ਕਿਤਾਬਾਂ ਦੀ ਤਰਾਂ ਕਿ ਇਹ ਕਿਸੇ ਗੈਬੀ ਤਾਕਤ ਨੇ ਲਿਖੀਆਂ ਹਨ ਤੇ ਇਹਨਾਂ ਨੂੰ ਇੰਨ ਬਿੰਨ ਮੰਨਿਆ ਜਾਣਾ ਚਾਹੀਦਾ ਹੈ ਬਿਨਾਂ ਕੋਈ ਤਰਕ ਪਰਖ ਕੀਤੇ। ਤੇ ਸਾਡੀ ਅਜੋਕੀ ਤਕਨੀਕੀ ਪੜਾਈ ਦੂਸਰੇ ਰਸਤੇ ਤੇ ਪੈ ਗਈ ਹੈ।
ਬੀਤੇ ਜਮਾਨੇ ਦੀ ਮਸ਼ੀਨਰੀ (ਜਿੰਨਾ ਦਾ ਅੱਜ ਦੀ ਤਰੀਖ ਵਿਚ ਵਜੂਦ ਹੀ ਕੋਈ ਨਹੀਂ ) ਬਾਬਤ ਕਿਤਾਬਾਂ ਦੀ ਰੱਟੇ ਘੋਟੇ ਦੀ ਪੜਾਈ , ਯਾਦ ਕਰਨਾ, ਅਸਾਈਨਮੈਂਟਾਂ ਵਰਗੇ ਬੇਹੂਦਾ ਤਰੀਕੇ , ਜਿਵੇ ਵਿਦਿਆਰਥੀ ਦੂਜੀ ਤੀਜੀ ਕਲਾਸ ਦੇ ਵਿਦਿਆਰਥੀ ਹੋਣ ਕਿ ਪੰਜ ਸਫੇ ਲਿਖ ਕੇ ਲਿਆਉਣੇ ਹਨ, ਨਾਲ ਪੜਾਈ ਕਰਵਾਈ ਜਾ ਰਹੀ ਹੈ , ਪ੍ਰੈਕਟੀਕਲ ਦਾ ਦੂਰ ਦੂਰ ਤੱਕ ਕੋਈ ਨਾਮੋ ਨਿਸ਼ਾਨ ਨਹੀਂ ,ਹਰ ਛੇ ਮਹੀਨੇ ਦਾ ਸੇਮੇਸਟਰ ਹੁੰਦਾ ਹੈ , ਇੱਕ ਸਮੈਸਟਰ ਵਿਚ ਨੰਬਰਾਂ ਦੀ ਦੌੜ ਨੂੰ ਸਾਹਵੇਂ ਰੱਖ ਕੇ ਕਿਤਾਬਾਂ ਵਿੱਚੋ ਚੁਣੇ ਹੋਏ ਸਵਾਲ ਯਾਦ ਕੀਤੇ ਜਾਂਦੇ ਹਨ। ਜਦੋ ਸੇਮੇਸਟਰ ਖਤਮ ਹੋਇਆ ਨਾਲ ਹੀ ਯਾਦ ਕੀਤਾ ਹੋਇਆ ਸਾਰਾ ਮੈਟਰ ਵੀ ਸਾਫ , ਫੇਰ ਅਗਲਾ ਸੇਮੇਸਟਰ ਚਾਲੂ , ਛੇ ਮਹੀਨੇ ਬਾਅਦ ਉਹ ਵੀ ਸਾਫ , ਇਸੇ ਤਰਾਂ ਕਰਦੇ ਕਰਦੇ ਤਿੰਨ ਜਾਂ ਚਾਰ ਸਾਲ ਦਾ ਕੋਰਸ ਪੂਰਾ ਕਰ ਦਿੱਤਾ ਜਾਂਦਾ ਹੈ। ਜਦੋ ਕਿ ਉਸ ਟਾਈਮ ਵਿਦਿਆਰਥੀ ਦੇ ਕੁਝ ਵੀ ਯਾਦ ਨਹੀਂ ਹੁੰਦਾ। ਪ੍ਰੈਕਟੀਕਲ ਕਿਓਂਕਿ ਕੀਤਾ ਹੀ ਨਹੀਂ ਸੋ ਉਸ ਵਿਚ ਵੀ ਜ਼ੀਰੋ।ਸਭ ਤੋਂ ਵੱਡਾ ਨੁਕਸਾਨ ਜਦੋ ਵਿਦਿਆਰਥੀ ਦੇ ਦਿਮਾਗ ਵਿਚ ਇਹ ਭਰ ਦਿੱਤਾ ਜਾਂਦਾ ਹੈ ਕਿ ਅੱਜ ਤੋਂ ਤੁਸੀਂ ਇੰਜਨੀਅਰ ਹੋ, ਹੱਥੀਂ ਕੁੱਝ ਨਹੀਂ ਕਰਨਾ ਤੇ ਸਿਰਫ ਤੁਸੀਂ ਏਸੀ ਵਾਲੇ ਕਮਰੇ ਵਿਚ ਘੁੰਮਣ ਵਾਲੀ ਕੁਰਸੀ ਉੱਪਰ ਬੈਠ ਕੇ ਤਨਖਾਹ ਲੈਣੀ ਹੈ। ਜਦੋ ਕਿ ਵਿਦਿਆਰਥੀ ਵਿਚਾਰਾ ਹੈਲਪਰ ਦੇ ਵੀ ਕਾਬਲ ਨਹੀਂ। ਨਵਾਂ ਬਣੇ ਅਖੌਤੀ ਇੰਜਨੀਅਰ ਨੂੰ ਜਿਸ ਦੇ ਪੱਲੇ ਕੁੱਝ ਹੈ ਹੀ ਨਹੀਂ ਤਾਂ ਹੁਣ ਕੋਈ ਨੌਕਰੀ ਦੇਵੇ ਤਾਂ ਕਿਸ ਗੱਲ ਨਾਲ ?
ਇਸੇ ਕਰਕੇ ਸਾਡੇ ਦੇਸ਼ ਵਿਚ ਬੇਰੋਜ਼ਗਾਰ ਡਿਪਲੋਮਾ,ਡਿਗਰੀ ਹੋਲਡਰ ਅਵਾਰਾ ਪਸ਼ੂਆਂ ਦੀ ਤਰਾਂ ਘੁੰਮ ਰਹੇ ਨੇ। ਕੋਈ ਇਹਨਾਂ ਨੂੰ ਨੌਕਰੀ ਤੇ ਰੱਖਣ ਨੂੰ ਤਿਆਰ ਨਹੀਂ ਕਿਓਂਕਿ ਪਹਿਲੀ ਗੱਲ ਕਿ ਇਹਨਾਂ ਨੇ ਕਿਸੇ ਇੱਕ ਵਿਸ਼ੇ ਵਿਚ ਰੱਟੇ ਘੋਟੇ ਹੀ ਲਗਾਏ ਹਨ ਜਿਹਨਾਂ ਨੂੰ ਪ੍ਰੈਕਟੀਕਲੀ ਕਦੇ ਛੂਹਿਆ ਵੀ ਨਹੀਂ , ਜਦੋ ਕਿ ਇੰਜਨੀਅਰਿੰਗ ਦੇ ਨੇੜੇ ਦੇ ਕੋਨਿਆਂ ਦੀ ਪ੍ਰੈਕਟਿਸ ਜਿਆਦਾ ਨਹੀਂ ਤਾਂ ਘੱਟ ਤੇ ਹੋਣੀ ਹੀ ਚਾਹੀਦੀ ਹੈ। ਪ੍ਰੰਤੂ ਵਿਦਿਆਰਥੀ ਪੱਲੇ ਮੇਨ ਸਬਜੈਕਟ ਦੀ ਵੀ ਕੋਈ ਜਾਣਕਾਰੀ ਨਹੀਂ।ਵਿਦਿਆਰਥੀ ਨੂੰ ਇੱਕ ਸ਼ਬਦ ਜਰੂਰ ਯਾਦ ਕਰਵਾਇਆ ਹੋਇਆ ਹੈ , ਸੈਲਰੀ (ਤਨਖਾਹ) ਤੇ ਹੱਕ , ਡਿਊਟੀ ਤੇ ਫਰਜ ਕਿਸੇ ਨੇ ਦੱਸੇ ਹੀ ਨਹੀਂ ਤੇ ਨਾ ਹੀ ਵਿਦਿਆਰਥੀ ਸੁਣਨਾ ਚਾਹੁੰਦਾ ਹੈ।
ਸਾਡੇ ਇਹਨਾਂ ਅਖੌਤੀ ਇੰਜਨੀਅਰਿੰਗ ਕਾਲਜਾਂ ਵਿਚ ਇੰਜਨੀਅਰਿੰਗ ਨੂੰ ਕਿਤੇ ਨਾ ਕਿਤੇ ਆਰਟਸ ਵਿਸ਼ਿਆਂ ਦੀ ਤਰਾਂ ਪੜਾਇਆ ਜਾ ਰਿਹਾ ਜਿਸ ਨਾਲ ਕਿ ਇੰਜਨੀਅਰਿੰਗ ਦਾ ਕੋਈ ਸਰੋਕਾਰ ਨਹੀਂ ਹੈ।
ਉਦਾਹਰਣ ਦੇ ਤੌਰ ਤੇ ਹੁਣ ਮੈ ਗੱਲ ਕਰਾਂ ਇਲੈਕਟ੍ਰੀਕਲ ਇੰਜਨੀਅਰਿੰਗ ਦੀ, ਇਸ ਵਿਸ਼ੇ ਵਿਚ ਮੁਹਾਰਤ ਲੈਣ ਲਈ ਸਾਨੂੰ ਇਸ ਦੇ ਨਾਲ ਲਗਦੀਆਂ ਟਰੇਡਾਂ , ਇਲੈਕਟ੍ਰੋਨਿਕਸ, ਮਕੈਨੀਕਲ ,ਹਾਈਡ੍ਰੋਲਿਕ, ਨਿਊਮੇਟਿਕ ਵਗੈਰਾ ਦੀ ਵੀ ਕਾਫੀ ਜਾਣਕਾਰੀ ਹੋਣੀ ਚਾਹੀਦੀ ਹੈ। ਇੰਡਸਟਰੀ ਵਿੱਚ ਇੱਕ ਇੰਜਨੀਅਰ ਦਾ ਵਾਸਤਾ ਇਹਨਾਂ ਸਾਰੀਆਂ ਲਾਈਨਾਂ ਨਾਲ ਪਵੇਗਾ। ਕਿਓਂਕਿ ਮਸ਼ੀਨਾਂ ਵਿਚ ਇਹ ਸਾਰੀਆਂ ਟਰੇਡਾਂ ਆਪਸ ਵਿਚ ਜੁੜੀਆਂ ਹੋਈਆਂ ਹੁੰਦੀਆਂ ਹਨ। ਇਹ ਮੇਰਾ ਸਬਜੈਕਟ ਨਹੀਂ ਹੈ, ਕਹਿ ਕੇ ਇੰਜਨੀਅਰ ਪੱਲਾ ਨਹੀਂ ਝਾੜ ਸਕਦਾ।
ਨਵੇਂ ਵਿਦਿਆਰਥੀ ਇੰਡਸਟਰੀ ਵਿਚ ਆ ਕੇ ਕਹਿੰਦੇ ਹਨ ਚਲੋ ਜੀ ਰੱਖ ਲਵੋ, ਅਸੀਂ ਨਾਲੋਂ ਨਾਲ ਕੰਮ ਵੀ ਸਿੱਖ ਲਵਾਂਗੇ , ਦੋਸਤੋ ਬਿਨਾਂ ਕਿਸੇ ਜਾਣ ਪਹਿਚਾਣ ਤੇ ਲਗਾਵ ਦੇ ਸਿਖਾਂਦਰੂ ਨੂੰ ਸਿੱਖਣ ਲਈ ਕੋਈ ਆਪਣਾ ਦੋ ਹਜਾਰ ਦਾ ਸਾਈਕਲ ਨਹੀਂ ਦਿੰਦਾ , ਇੱਕ ਇੰਡਸਟਰੀ ਦਾ ਮਾਲਕ ਆਪਣੀ ਕਰੋੜਾਂ ਦੀ ਮਸ਼ੀਨਰੀ ਕਿਵੇਂ ਕਿਸੇ ਸਿਖਾਂਦਰੂ ਦੇ ਹੱਥੀਂ ਦੇ ਸਕਦਾ ਹੈ ? ਵਿਦਿਆਰਥੀ ਦੇ ਦਿਮਾਗ ਵਿੱਚ ਵੜਿਆ ਇੰਜਨੀਅਰ ਦਾ ਭੂਤ ਉਸ ਨੂੰ ਸਿੱਖਣ ਵੀ ਨਹੀਂ ਦਿੰਦਾ।
ਬਾਕੀ ਅਗਲੀ ਕਿਸ਼ਤ ਵਿਚ
ਇਸ ਲੜੀ ਵਿਚ ਦਿੱਤੀ ਜਾਣਕਾਰੀ ਸਬੰਧੀ ਤੁਸੀਂ ਕੋਈ ਵੀ ਸਵਾਲ ਮੇਰੇ ਨਿੱਜੀ ਨੰਬਰ ਤੇ ਲਿਖ ਸਕਦੇ ਹੋ। ਤੁਹਾਡਾ ਸਵਾਲ ਗਰੁੱਪ ਵਿਚ ਪ੍ਰਕਾਸ਼ਤ ਕਰਕੇ ਉਸਦਾ ਜਵਾਬ ਵੀ ਸਾਰੇ ਦੋਸਤਾਂ ਨੂੰ ਜਵਾਬ ਦਿੱਤਾ ਜਾਵੇਗਾ ਤਾਂ ਕਿ ਸਭ ਨੂੰ ਫਾਇਦਾ ਹੋ ਸਕੇ।

Total Views: 47 ,
Real Estate