ਨਿਊਜ਼ੀਲੈਂਡ ਚੋਣਾਂ: ਭੰਗ ਦਾ ਉਪਯੋਗ ਅਤੇ ਇੱਛਾ ਮੁੱਕਤੀ ਉਤੇ ਵੀ ਹੋਵੇਗੀ ਵੋਟਿੰਗ-ਹਾਂ ਜਾਂ ਨਾਂਹ ਵਿਚ ਹੋਵੇਗੀ ਰਾਏ

ਔਕਲੈਂਡ 13 ਫਰਵਰੀ (ਹਰਜਿੰਦਰ ਸਿੰਘ ਬਸਿਆਲਾ)- ਨਿਊਜ਼ੀਲੈਂਡ ਦੀਆਂ ਆਮ ਚੋਣਾਂ ਦਾ ਐਲਾਨ ਮਾਣਯੋਗ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਵੱਲੋਂ 28 ਜਨਵਰੀ ਨੂੰ ਕੀਤਾ ਜਾ ਚੁੱਕਾ ਹੈ ਅਤੇ ਇਹ ਇਸੇ ਸਾਲ 19 ਸਤੰਬਰ ਨੂੰ ਹੋ ਰਹੀਆਂ ਹਨ। ਸਮਾਂ ਸਾਰਣੀ ਅਨੁਸਾਰ 12 ਅਗਸਤ ਨੂੰ ਮੌਜੂਦਾ ਪਾਰਲੀਮੈਂਟ ਭੰਗ ਕਰ ਦਿੱਤੀ ਜਾਣੀ ਹੈ। 2 ਸਤੰਬਰ ਨੂੰ ਵਿਦੇਸ਼ੀ ਵਸਦੇ ਕੀਵੀਆਂ ਦੀ ਵੋਟ ਪੈਣੀ ਸ਼ੁਰੂ ਹੋਣੀ ਹੈ, 7 ਸਤੰਬਰ ਤੋ 18 ਸਤੰਬਰ ਤੱਕ ਅਡਵਾਂਸ ਵੋਟਿੰਗ ਡਾਕ ਰਾਹੀਂ ਹੋਈ ਜਾਣੀ ਹੈ। 18 ਸਤੰਬਰ ਰਾਤ 12 ਵਜੇ ਤੱਕ ਸਾਰੇ ਇਸ਼ਤਿਹਾਰ ਅਤੇ ਸਾਈਨ ਬੋਰਡ ਲਾਹ ਦਿੱਤੇ ਜਾਣੇ ਹਨ। 19 ਸਤੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਵੋਟਿੰਗ ਸੈਂਟਰ ਖੱਲ੍ਹੇ ਰਹਿਣਗੇ ਤੇ ਵੋਟਾਂ ਪੈਣਗੀਆਂ। ਇਸ ਤੋਂ ਤੁਰੰਤ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਣੀ ਹੈ ਤੇ ਨਤੀਜੇ ਅੱਧੀ ਰਾਤ ਤੱਕ ਆ ਜਾਣੇ ਹਨ। ਭਾਰਤੀ ਸੰਸਦ ਮੈਂਬਰਾਂ ਦੀ ਗੱਲ ਕਰੀਏ ਤਾਂ ਇਥੇ ਲਿਸਟ ਐਮ।ਪੀ। ਜਰੂਰ ਬਣਦੇ ਹਨ ਪਰ ਵੋਟਾਂ ਦੀ ਗਿਣਤੀ ਦੇ ਫਰਕ ਨਾਲ ਅਜੇ ਕੋਈ ਨਹੀਂ ਜਿੱਤਿਆ। ਨੈਸ਼ਨਲ ਪਾਰਟੀ ਦੇ ਸ। ਕੰਵਲਜੀਤ ਸਿੰਘ ਬਖਸ਼ੀ ਇਸ ਵੇਲੇ ਪਾਰਟੀ ਦੇ ਵਿਚ 24ਵੇਂ ਸਥਾਨ ਉਤੇ ਪਹੁੰਚੇ ਹੋਏ ਹਨ ਜੋ ਕਿ ਕਾਫੀ ਉਪਰਲਾ ਸਥਾਨ ਹੈ ਅਤੇ ਉਨ੍ਹਾਂ ਦਾ ਚੌਥੀ ਵਾਰ ਸਾਂਸਦ ਬਨਣ ਦਾ ਰਸਤਾ ਲਗਪਗ ਸਾਫ ਵਿਖਾਈ ਦੇ ਰਿਹਾ ਹੈ। ਇਸੀ ਤਰ੍ਹਾਂ ਡਾ। ਪਰਮਜੀਤ ਕੌਰ ਪਰਮਾਰ ਵੀ 30ਵੇਂ ਸਥਾਨ ਉਤੇ ਹਨ ਅਤੇ ਉਨ੍ਹਾਂ ਨੇ ਵੀ ਦੂਜੀ ਪਾਰੀ ਸ਼ੁਰੂ ਕਰ ਜਾਣੀ ਲਗਦੀ ਹੈ। ਲੇਬਰ ਪਾਰਟੀ ਦੀ ਲਿਸਟ ਸਾਂਸਦ ਪ੍ਰਿਅੰਕਾ ਰਾਧਾ ਕ੍ਰਿਸ਼ਨਨ ਦੀ ਤਸਵੀਰ 40ਵੇਂ ਸਥਾਨ ਉਤੇ ਪਾਰਟੀ ਵੈਬਸਾਈਟ ਉਤੇ ਨਜ਼ਰ ਆਉਂਦੀ ਹੈ। ਇਸ ਵਾਰ ਹਵਾ ਦਾ ਰੰਗ ਲਾਲ ਤੋਂ ਨੀਲਾ ਹੋਣ ਦੀ ਸੰਭਾਵਨਾ ਹੈ ਪਰ ਸਾਂਝੀ ਸਰਕਾਰ ਕਿਵੇਂ ਨੇੜੇ ਜਾ ਕੇ ਲੋਕਾਂ ਦਾ ਦਿਲ ਜਿੱਤਦੀ ਹੈ ਵੇਖਣ ਵਾਲੀ ਗੱਲ ਹੋਵੇਗੀ।
ਇਸ ਵਾਰ ਦੋ ਅਹਿਮ ਜਨਮੱਤ ਵੀ ਹੋਣਗੇ:
ਭੰਗ ਦੀ ਦਵਾਈ: ਇਸ ਵਾਰ ਸਰਕਾਰ ਇਕ ਪੰਥ ਦੋ ਕਾਜ ਕਰਨ ਜਾ ਰਹੀ ਹੈ। ਇਨ੍ਹਾਂ ਵੋਟਾਂ ਦੇ ਨਾਲ ਹੀ ਦੋ ਅਹਿਮ ਜਨਮੱਤ ਵੀ ਕੀਤੇ ਜਾਣੇ ਹਨ। ਪਹਿਲਾ ਜਨਮੱਤ (ਰੈਫਰੈਂਡਮ) ਇਹ ਹੈ ਕਿ ਕੀ ਭੰਗ ਦੇ ਬੂਟਿਆਂ ਜਾਂ ਪੱਤਿਆਂ ਨੂੰ ਦਵਾਈਆਂ ਦੇ ਰੂਪ ਵਿਚ ਬਦਲ ਕੇ ਇਥੇ ਵਰਤਣਾ ਕਾਨੂੰਨੀ ਹੋਣਾ ਚਾਹੀਦਾ ਹੈ ਕਿ ਨਹੀਂ।? ਪਿਛਲੇ ਸਾਲ ਦਸਬੰਰ ਦੇ ਵਿਚ ਸਰਕਾਰ ਨੇ ਇਸ ਵਿਸ਼ੇ ਉਤੇ ਚੋਖਾ ਕੰਮ ਕੀਤਾ ਹੈ ਤੇ ਪਹਿਲਾ ਖਰੜਾ ਤਿਆਰ ਕਰ ਲਿਆ ਹੈ। ਇਸ ਵੇਲੇ ਭੰਗ ਦੀ ਪੈਦਾਵਰ ਅਤੇ ਇਸਦੀ ਵਿਕਰੀ ਕਰਨਾ ਗੈਰ ਕਾਨੂੰਨੀ ਹੈ ਚਾਹੇ ਉਹ ਦਵਾਈ ਦੇ ਰੂਪ ਵਿਚ ਹੀ ਕਿਉਂ ਨਾ ਹੋਵੇ। 01 ਅਪ੍ਰੈਲ 2020 ਤੋਂ ਮੈਡੀਸਨਲ ਕੈਨਬਸ ਸਕੀਮ ਲਾਗੂ ਹੋ ਜਾਣੀ ਹੈ ਜਿਸ ਦੇ ਰਾਹੀਂ ਅਜਿਹੀਆਂ ਦਵਾਈਆਂ ਉਤੇ ਪਹੁੰਚ ਬਨਣੀ ਆਸਾਨ ਹੋ ਜਾਵੇਗੀ। ਇਸਦੀ ਵਰਤੋਂ ਵਾਸਤੇ ਉਮਰ 20 ਸਾਲ ਤੋਂ ਸ਼ੁਰੂ ਹੋਵੇਗੀ ਅਤੇ ਹੋਰ ਕਈ ਸ਼ਰਤਾਂ ਹੋਣਗੀਆਂ। ਇਸ ਨੂੰ ਜਨਮੱਤ ਦੇ ਵਿਚ ਸ਼ਾਮਿਲ ਨਹੀਂ ਕੀਤਾ ਗਿਆ ਹੈ। ਭੰਗ ਦੇ ਉਪਯੋਗ ਲਈ ਹੋਣ ਵਾਲੇ ਜਨਮੱਤ ਦੇ ਵਿਚ ਜੇਕਰ 50% ਤੋਂ ਵੱਧ ਹਾਂ ਵਿਚ ਲੋਕ ਆਪਣੀ ਰਾਏ ਦਿੰਦੇ ਹਨ ਤਾਂ ਅਗਲੀ ਸਰਕਾਰ ਇਸ ਨੂੰ ਕਾਨੂੰਨੀ ਮਾਨਤਾ ਦਿਵਾਏਗੀ ਜੇਕਰ ਹੋਈ ਜਨਮੱਤ ਦੀ ਰਾਏ 50% ਤੋਂ ਵੱਧ ਨਾਂਹ ਵਿਚ ਆਈ ਤਾਂ ਇਸ ਨੂੰ ਗੈਰ ਕਾਨੂੰਨੀ ਹੀ ਰੱਖਿਆ ਜਾਵੇਗਾ ਤੇ ਪਹਿਲਾ ਵਾਲਾ ਕਾਨੂੰਨ ਲਾਗੂ ਰਹੇਗਾ।
ਇੱਛਾ ਮੁੱਕਤੀ: ਦੂਜਾ ਅਹਿਮ ਤੇ ਸੰਵੇਦਨਸ਼ੀਲ ਜਨਮੱਤ ਇਹ ਹੈ ਕਿ ਜੇਕਰ ਕੋਈ ਕਿਸੀ ਬੇਇਲਾਜ ਜਾਂ ਜੀਵਨ ਅੰਤ ਵੱਲ ਵਧ ਰਹੀ ਰਹੀ ਬਿਮਾਰੀ ਤੋਂ ਪੀੜਤ ਹੈ ਅਤੇ ਅਸਹਿ ਦੁੱਖ ਸਹਾਰ ਰਿਹਾ ਹੈ ਤਾਂ ਕੀ ਉਹ ਆਪਣੀ ਇੱਛਾ ਦੇ ਮੁਤਾਬਿਕ ਆਪਣੇ ਜੀਵਨ ਤੋਂ ਮੁਕਤੀ ਪ੍ਰਾਪਤ ਕਰ ਸਕਦਾ ਹੈ ਕਿ ਨਹੀਂ।? ਸਰਕਾਰ ਨੇ ਇਸ ਸਬੰਧੀ ‘ਲਾਈਫ ਚੁਆਇਸ ਐਕਟ 2019’ ਪਾਸ ਕੀਤਾ ਹੋਇਆ ਹੈ ਜੋ ਕਿ ਜਨਮੱਤ ਦੇ ਬਾਅਦ ਅਮਲ ਵਿਚ ਆ ਸਕਦਾ ਹੈ। ਜੇਕਰ 50% ਤੋਂ ਵੱਧ ਲੋਕਾਂ ਨੇ ਹਾਂ ਵਿਚ ਆਪਣੀ ਰਾਏ ਦੇ ਦਿੱਤੀ ਤਾਂ ਜ਼ਿੰਦਗੀ ਨਿਗਲਦੀਆਂ ਬਿਮਾਰੀਆਂ ਤੋਂ ਛੁੱਟਕਾਰਾ ਪਾਉਣ ਲਈ ਇੱਛਾ ਮੁਕਤੀ ਨੂੰ ਕਾਨੂੰਨੀ ਰੂਪ ਮਿਲ ਜਾਵੇਗਾ। ਇਸ ਸਬੰਧੀ ਮਰੀਜ਼ ਦਾ ਡਾਕਟਰ ਅਤੇ ਨਰਸ ਅਹਿਮ ਭੂਮਿਕਾ ਨਿਭਾਉਣਗੇ ਜਾਂ ਫਿਰ ਜੋ ਮਰੀਜ਼ ਹੈ ਉਹ ਹੋਸ਼ੋ ਹਵਾਸ ਵਿਚ ਅਜਿਹਾ ਫੈਸਲਾ ਲੈ ਸਕਦਾ ਹੈ। ਇੱਛਾ ਮੁਕਤੀ ਦਾ ਮਤਲਬ ਹੋਏਗਾ ਕਿ ਉਸਨੂੰ ਪ੍ਰਾਣਘਾਤੀ ਦਵਾ ਦੇ ਦਿੱਤੀ ਜਾਵੇਗੀ ਅਤੇ ਤੇ ਉਹ ਜ਼ਿੰਦਗੀ ਤੋਂ ਰੁਖਸਤ ਸੌਖਿਆਂ ਹੋ ਜਾਵੇਗਾ। ਇਹ ਫੈਸਲਾ ਲੈਣ ਵੇਲੇ ਮਰੀਜ਼ ਸਾਰੇ ਮਾਮਲੇ ਨੂੰ ਸਮਝਦਾ ਹੋਵੇ, ਉਸਦੀ ਉਮਰ 18 ਸਾਲ ਤੋਂ ਵੱਧ ਹੋਵੇ ਅਤੇ ਉਹ ਨਿਊਜ਼ੀਲੈਂਡ ਦਾ ਪੱਕਾ ਵਸਨੀਕ ਹੋਵੇ। ਉਸਨੂੰ ਅਜਿਹੀ ਨਾਮੁਰਾਦ ਬਿਮਾਰੀ ਹੋਵੇ ਕਿ ਉਹ ਅਗਲੇ 6 ਮਹੀਨਿਆਂ ਦੇ ਵਿਚ ਮਰਨ ਵੱਲ ਵਧ ਰਿਹਾ ਹੋਵੇ। ਡਾਕਟਰ ਮਰੀਜ ਦੇ ਕੋਲ ਓਨੀ ਦੇਰ ਰਹੇਗਾ ਜਿੰਨੀ ਦੇਰ ਤੱਕ ਉਸਦੀ ਮੌਤ ਨਹੀਂ ਹੋ ਜਾਂਦੀ। ਜੇਕਰ ਮਰੀਜ ਪ੍ਰਾਣਘਾਤੀ ਦਵਾਈ ਲੈਣ ਵੇਲੇ ਵਿਚਾਰ ਬਦਲ ਦੇਵੇ ਤਾਂ ਉਸਨੂੰ ਪ੍ਰਾਣਘਾਤੀ ਦਵਾਈ ਨਹੀਂ ਦਿੱਤੀ ਜਾਵੇਗੀ। ਸੋ ਆਪਣੀ ਮਰਜ਼ੀ ਦੇ ਨਾਲ ਮਰਨ ਦੇ ਲਈ ਵੀ ਕਈ ਸ਼ਰਤਾਂ ਹੋਣਗੀਆਂ। ਸੋ ਸਰਕਾਰ ਤੁਹਾਡੇ ਮਰਨ ਦੀ ਇੱਛਾ ਦੇ ਵਿਚ ਸਹਿਯੋਗ ਕਰਨ ਦੀ ਸੋਚ ਰਹੀ ਹੈ, ਫੈਸਲਾ ਜਨਮੱਤ ਦੇ ਰਾਹੀਂ ਲੋਕਾਂ ਦੇ ਹੱਕ ਵਿਚ ਹੈ।

Total Views: 122 ,
Real Estate