ਦਸਮੇਸ਼ ਜੀ ਵੱਲੋਂ ਇਕ ਸੱਯਦ ਨੂੰ ਕਰਾਮਾਤਿ ਦਾ ਉਤਰ

  ਗਿਆਨੀ ਸੰਤੋਖ ਸਿੰਘ

166, rooty hill road, eastern creek,

sydney, nsw, australia 2766

Mobile: +61 (0) 435 060 970

E-mail: [email protected]

(ਭਾਈ ਸੰਤੋਖ ਸਿੰਘ ਜੀ ਦੀ ਲਿਖਤ ਅਨੁਸਾਰ)
ਇਹ ਉਹਨਾਂ ਦਿਨਾਂ ਦਾ ਵਾਕਿਆ ਹੈ ਜਦੋਂ ਦਸਮ ਪਾਤਿਸ਼ਾਹ ਜੀ ਦੀ ਸਹਾਇਤਾ ਨਾਲ, ਸ਼ਹਿਜ਼ਾਦਾ ਮੁਅਜ਼ਮ ਆਪਣੇ ਭਰਾ, ਤਾਰਾ ਆਜ਼ਮ ਨੂੰ ਜਾਜੋਂ ਦੇ ਜੰਗ ਵਿਚ ਹਰਾ ਕੇ, ਬਹਾਦਰ ਸ਼ਾਹ ਦਾ ਲਕਬ ਧਾਰਨ ਕਰ ਕੇ, ਹਿੰਦੁਸਤਾਨ ਦਾ ਬਾਦਸ਼ਾਹ ਬਣ ਕੇ, ਆਗਰੇ ਵਿਚ ਤਖ਼ਤ ’ਤੇ ਬੈਠਾ ਸੀ ਤੇ ਸਤਿਗੁਰੂ ਜੀ ਵੀ ਇਸ ਦੇ ਸੱਦੇ ਉਪਰ ਦੁਸ਼ਟਾਂ ਨੂੰ ਸਜ਼ਾਵਾਂ ਦੇਣ ਸਬੰਧੀ, ਇਸ ਨਾਲ ਗੱਲਬਾਤ ਕਰਨ ਵਾਸਤੇ ਓਥੇ ਠਹਿਰੇ ਹੋਏ ਸਨ। ਇਕ ਦਿਨ ਆਪਣਾ ਭਲਾ ਵਿਚਾਰ ਕੇ, ਖ਼ਾਨਖ਼ਾਨਾ (ਵਜ਼ੀਰ), ਜਿਸ ਦਾ ਅਸਲੀ ਨਾਂ ਮੁਨਇਮ ਖ਼ਾਨ ਸੀ ਅਤੇ ਸਤਿਗੁਰੂ ਜੀ ਦਾ ਇਹ ਪ੍ਰੇਮੀ ਸੀ, ਨੇ ਆਗਰਾ ਵਿਖੇ ਆਪਣੇ ਘਰ ਪ੍ਰਸ਼ਾਦੇ ਵਾਸਤੇ, ਗੁਰੂ ਜੀ ਨੂੰ ਬੇਨਤੀ ਕਰ ਕੇ ਸੱਦਿਆ। ਉਸ ਨੇ ਸਤਿਗੁਰੂ ਜੀ ਦੀ ਆਮਦ ਦੀ ਖ਼ੁਸ਼ੀ ਵਿਚ ਆਪਣੇ ਘਰ ਵਿਚ ਪੂਰੀ ਤਿਆਰੀ ਕੀਤੀ। ਗੁਰੂ ਜੀ ਦੇ ਸਤਿਕਾਰ ਵਜੋਂ ਢੁਕਵੇਂ ਢੰਗ ਦਾ ਆਸਣ ਵਿਛਵਾਇਆ ਤੇ ਸੰਗਤਾਂ ਦੇ ਬੈਠਣ ਵਾਸਤੇ ਸੁੰਦਰ ਤੇ ਯੋਗ ਪ੍ਰਬੰਧ ਕੀਤਾ। ਸਤਿਗੁਰੂ ਜੀ ਨੂੰ ਸਤਿਕਾਰ ਸਹਿਤ ਸੁੰਦਰ ਆਸਣ ’ਤੇ ਸੁਸ਼ੋਭਤ ਕਰਵਾਉਣ ਉਪ੍ਰੰਤ ਨਿਮਰਤਾ ਸਹਿਤ ਭੇਟਾ ਧਰ ਕੇ ਮੱਥਾ ਟੇਕਿਆ ਤੇ ਹਰ ਤਰ੍ਹਾਂ ਯੋਗ ਸਤਿਕਾਰ ਕੀਤਾ।
ਖ਼ਾਨਖ਼ਾਨਾ ਦੀ ਸ਼ਰਧਾ ਭਾਵਨਾ ਤੇ ਨਿਮਰਤਾ ਵੇਖ ਕੇ, ਸਤਿਗੁਰੂ ਜੀ ਨੇ ਪ੍ਰਸੰਨ ਹੋ ਕੇ ਬਚਨ ਕੀਤਾ, “ਪਹਿਲਾ ਖ਼ਾਨਖ਼ਾਨਾ, ਜੋ ਕਿ ਮਹਾਨ ਅਕਬਰ ਦਾ ਸਾਕੋਂ ਮਾਮਾ ਲੱਗਦਾ ਸੀ, ਉਸ ਨੇ ਵੀ ਜੱਗ ਵਿਚ ਬੜੀ ਨੇਕ ਕਮਾਈ ਕੀਤੀ ਸੀ ਤੇ ਤੂੰ ਵੀ ਉਸ ਦੇ ਬਰਾਬਰ ਹੀ ਨੇਕਨਾਮੀ ਖੱਟੀ ਹੈ।”
ਉਚੇ ਸਿੰਘਾਸਣ ’ਤੇ ਬਿਰਾਜਮਾਨ ਸਤਿਗੁਰੂ ਜੀ ਦੇ ਸੁਹਿਰਦ ਸੱਜਣ ਬਚਨ ਵੀ ਸੁਣ ਰਹੇ ਸਨ ਤੇ ਅੱਖਾਂ ਭਰ ਕੇ ਦਰਸ਼ਨ ਵੀ ਕਰ ਰਹੇ ਸਨ। ਸੂਝਵਾਨ ਤੁਰਕਾਂ ਦਾ ਸਮੂਹ ਵੀ ਬੈਠਾ ਹੋਇਆ ਸੀ ਸਮੇਤ ਕਾਜ਼ੀ, ਮੁੱਲਾਂ ਆਦਿ ਦੇ। ਸਭ ਦੇ ਵਿਚਕਾਰ ਸਤਿਗੁਰੂ ਜੀ ਗਲ ਵਿਚ ਸ਼ਮਸ਼ੀਰ ਸਜਾਈ ਸ਼ੇਰ ਸਮਾਨ ਸੁਸ਼ੋਭਤ ਸਨ। ਲੋਕ ਸਤਿਕਾਰ ਸਹਿਤ ਸਿਰ ਝੁਕਾ ਕੇ ਦਰਸ਼ਨ ਕਰਦੇ ਸਨ। ਜੋ ਵੀ ਕੋਈ ਪ੍ਰਸ਼ਨ ਕਰਦਾ ਸੀ, ਗੁਰੂ ਜੀ ਉਸ ਨੂੰ ਯੋਗ ਉਤਰ ਦੇ ਕੇ ਉਸ ਦੀ ਤਸੱਲੀ ਕਰਵਾਉਂਦੇ ਸਨ। ਸਤਿਗੁਰੂ ਜੀ ਦੀ ਐਸੀ ਮਹਾਨ ਵਡਿਆਈ ਦੁਸ਼ਟਾਂ ਤੋਂ ਜਰੀ ਨਹੀਂ ਸੀ ਜਾਂਦੀ। ਇਕ ਸਰਹੰਦ ਦਾ ਵਸਨੀਕ ਸੱਯਦ ਵੀ ਸਭਾ ਵਿਚ ਬੈਠਾ ਹੋਇਆ ਸੀ। ਗੁਰੂ ਜੀ ਦੀ ਵਡਿਆਈ ਉਸ ਈਰਖਾ ਭਰੀ ਮੱਤ ਵਾਲੇ ਤੋਂ ਸਹਾਰੀ ਨਾ ਗਈ ਤੇ ਈਰਖਾ ਵੱਸ ਹੋ ਕੇ ਬੋਲਿਆ:
ਤੁਸੀਂ ਹਿੰਦ ਦੇ ਪੀਰ ਅਖਵਾਉਂਦੇ ਹੋ। ਸਾਰੇ ਤੁਹਾਨੂੰ ਵੱਡਾ ਮੰਨਦੇ ਹਨ। ਕੀ ਤੁਹਾਡੇ ਪਾਸ ਕੋਈ ਕਰਾਮਾਤਿ ਵੀ ਹੈ? ਜੇ ਕੋਈ ਕਰਾਮਾਤਿ ਦਾ ਬਲ ਨਹੀਂ ਹੈ ਤਾਂ ਵੀ ਦੱਸ ਦਿਓ। ਚੁਫੇਰੇ ਤੁਹਾਡਾ ਜਸ ਫੈਲਿਆ ਹੋਇਆ ਹੈ ਕਿ ਤੁਸੀਂ ਵੱਡੇ ਸ਼ਕਤੀਵਾਨ ਹੋ। ਮੇਰੇ ਮਨ ਵਿਚ ਇਹ ਨਿਰਨਾ ਕਰਨ ਦਾ ਫੁਰਨਾ ਹੈ।
ਗੁਰੂ ਜੀ ਨੇ ਸੱਯਦ ਦੇ ਮਨ ਦੀ ਤਰਕ ਨੂੰ ਜਾਣ ਕੇ ਇਉਂ ਫ਼ਰਮਾਇਆ:
ਕਰਾਮਾਤਿ ਬਹਾਦਰ ਸ਼ਾਹ ਦੇ ਮੂੰਹ ਵਿਚ ਵੱਸਦੀ ਹੈ। ਉਹ ਚਾਹੇ ਤਾਂ ਰੰਕ ਨੂੰ ਰਾਜਾ ਬਣਾ ਦੇਵੇ। ਸਾਰੇ ਉਸ ਦੇ ਅਧੀਨ ਹਨ। ਗ਼ੁੱਸਾ ਖਾਵੇ ਤਾਂ ਰਾਜੇ ਨੂੰ ਰੰਕ ਕਰ ਦੇਵੇ। ਬਿਨਾ ਦੇਰ ਤੋਂ ਜਿਸ ਨੂੰ ਚਾਹੇ ਮਾਰ ਦੇਵੇ, ਜਿਸ ਨੂੰ ਚਾਹੇ ਬਖ਼ਸ਼ ਦੇਵੇ।
ਸੱਯਦ ਨੇ ਫੇਰ ਤਰਕ ਕਰਦਿਆਂ ਕਿਹਾ:
ਤੁਸੀਂ ਵੀ ਕੋਈ ਕਰਾਮਾਤਿ ਰੱਖਦੇ ਹੋ ਕਿ ਨਹੀਂ? ਉਹ ਤਾਂ ਬਾਦਸ਼ਾਹ ਦੀ ਕਰਾਮਾਤਿ ਹੈ ਤੇ ਉਸਦਾ ਹੀ ਹੁਕਮ ਚੱਲਦਾ ਹੈ। ਅਸੀਂ ਤੁਹਾਡੀ ਕਰਾਮਾਤਿ ਦੀ ਗੱਲ ਕਰਦੇ ਹਾਂ; ਜੇਕਰ ਕੋਈ ਹੈ ਤਾਂ ਦੱਸੋ!
ਸਾਰਿਆਂ ਦੇ ਵਿਚ ਜਦੋਂ ਗੁਰੂ ਜੀ ਨੇ ਇਹ ਤਰਕ ਸੁਣੀ ਤਾਂ ਜੇਬ ਵਿਚ ਹੱਥ ਪਾ ਕੇ ਇਕ ਮੋਹਰ ਕੱਢੀ ਤੇ ਸਭ ਨੂੰ ਸੁਣਾ ਕੇ ਕਿਹਾ:
ਇਹ ਦੂਜੀ ਕਰਾਮਾਤਿ ਹੈ। ਜਿਸ ਪਾਸ ਧਨ ਹੋਵੇ ਉਹ ਜੋ ਚਾਹੇ ਸੋ ਕਰੇ। ਹਜ਼ਾਰਾਂ ਨੂੰ ਆਪਣੇ ਲਈ ਲੜ ਮਰਨ ਵਾਸਤੇ ਉਹ ਤਨਖ਼ਾਹ ’ਤੇ ਨੌਕਰ ਰੱਖ ਸਕਦਾ ਹੈ। ਵੱਡੇ ਵੱਡੇ ਵਿਦਵਾਨਾਂ, ਮਜ਼ਹਬੀ ਆਗੂਆਂ, ਸੂਰਮਿਆਂ ਆਦਿ ਨੂੰ ਇਹ ਧਨ ਖ਼ਰੀਦ ਸਕਦਾ ਹੈ; ਤੇ ਏਥੋਂ ਤੱਕ ਕਿ ਉਹ ਮਰਨ ਲਈ ਵੀ ਤਿਆਰ ਹੋ ਜਾਂਦੇ ਹਨ ਇਸ ਧਨ ਦੀ ਖ਼ਾਤਰ।
ਸੱਯਦ ਚੁੱਪ ਨਾ ਕੀਤਾ ਤੇ ਫੇਰ ਬੋਲਿਆ:
ਤੁਹਾਡੇ ਵਿਚ ਕੇਹੜੀ ਕਰਾਮਾਤਿ ਹੈ ਜਿਸ ਕਰਕੇ ਹਜ਼ਾਰਾਂ ਹੀ ਲੋਕ ਤੁਹਾਨੂੰ ਮੰਨਦੇ ਤੇ ਭੇਟਾ ਅਰਪਦੇ ਹਨ!
ਇਹ ਸੁਣ ਕੇ ਸਤਿਗੁਰੂ ਜੀ ਕੁਝ ਜੋਸ਼ ਵਿਚ ਆ ਗਏ। ਮਿਆਨ ਵਿਚੋਂ ਗਾਤਰੇ ਪਾਈ ਚਮਕਦੀ ਸ਼ਮਸ਼ੀਰ ਕੱਢ ਕੇ ਤੇ ਚੇਹਰੇ ’ਤੇ ਜਲਾਲ ਲਿਆ ਕੇ ਬੋਲੇ:
ਇਹ ਵੀ ਇਕ ਕਰਾਮਾਤਿ ਹੈ। ਹੁਣੇ ਹੀ ਤੇਰਾ ਸਿਰ ਇਸ ਤਰ੍ਹਾਂ ਧੜ ਤੋਂ ਲਾਹ ਕੇ ਇਹ ਧਰਤੀ ’ਤੇ ਧਰ ਦੇਵੇਗੀ ਜਿਵੇਂ ਟਾਹਣੀ ਨਾਲੋਂ ਪੱਕਾ ਫਲ ਧਰਤੀ ’ਤੇ ਡਿਗ ਪੈਂਦਾ ਹੈ। ਫੇਰ ਤੇਰੇ ਮੂੰਹੋਂ ਕੋਈ ਸਵਾਲ ਜਵਾਬ ਨਹੀਂ ਹੋ ਸਕੇਗਾ ਜੋ ਫ਼ਜ਼ੂਲ ਕਰ ਕਰ ਕੇ ਤੂੰ ਆਪਣਾ ਜਨਮ ਗਵਾ ਰਿਹਾ ਹੈਂ।
ਸਤਿਗੁਰੂ ਜੀ ਦਾ ਭਾਰੀ ਤੇਜ ਵੇਖ ਕੇ ਸੱਯਦ ਸ਼ਰਮਿੰਦਾ ਜਿਹਾ ਹੋ ਕੇ ਧੌਣ ਨੀਵੀਂ ਕਰ ਕੇ ਚੁਪ ਹੋ ਗਿਆ ਤੇ ਫੇਰ ਹੋਰ ਕੁਝ ਵੀ ਅੱਗੋਂ ਬੋਲ ਨਾ ਸਕਿਆ।

Total Views: 234 ,
Real Estate