ਸੈਕਸ ਵਿਗਿਆਨ

 ਇਸਤਰੀ ਜਾਂ ਪੁਰਸ਼ (ਲਿੰਗ ਭੇਦ) ਹੋਣਾ ਆਪਣੇ ਆਪ ਵਿਚ ਆਦਰ-ਮਾਣ ਵਾਲੀ ਗੱਲ ਹੈ। ਦੋਹਾਂ ਵਿਚੋਂ ਕੋਈ ਵੀ ਇਕ ਦੂਸਰੇ ਤੋਂ ਕਿਸੇ ਪੱਖੋਂ ਵੀ ਘੱਟ ਨਹੀਂ। ਅੱਜ ਦੇ ਯੁਗ ਵਿਚ ਦੋਵਾਂ ਦੀ ਸਮਾਜ ਸਿਰਜਣ ਵਿਚ ਇਕੋ ਜਿੰਨੀ ਮਹੱਤਤਾ ਹੈ। ਫਿਰ ਵੀ ਕੁਝ ਕੰਮ ਅਜੇਹੇ ਹਨ ਜਿਹਡ਼ੇ ਕਿ ਕਿਸੇ ਖਾਸ ਲਿੰਗ (ਪੁਰਸ਼ ਜਾਂ ਇਸਤਰੀ) ਦੁਆਰਾ ਹੀ ਕੀਤੇ ਜਾਣੇ ਚੰਗੇ ਲਗਦੇ ਹਨ।  ਸਾਡੇ ਸਮਾਜ ਵਿਚ ਇਸਤਰੀ ਅਤੇ ਪੁਰਸ਼ਾਂ ਵਿਚ ਕੰਮਾਂ ਦੀ ਵੰਡ ਹੇਠ ਲਿਖੇ ਅਨੁਸਾਰ ਕੀਤੀ ਗਈ ਹੈ।

 ਪੁਰਸ਼ ਜਾਂ ਲਡ਼ਕੇ
ਕੁਸ਼ਤੀ ਕਰ ਸਕਦੇ ਹਨ (ਬਿਨਾ ਕਿਸੇ ਝਿਜਕ ਜਾਂ ਸ਼ਰਮ ਦੇ)
ਮੁੱਛਾਂ ਅਤੇ ਦਾਡ਼ੀ ਵਧਾ ਜਾਂ ਕਟਾ ਸਕਦੇ ਹਨ।
ਭੰਗਡ਼ਾ ਪਾ ਸਕਦੇ ਹਨ।

ਇਸਤਰੀ ਜਾਂ ਲਡ਼ਕੀਆਂ
ਬੱਚੇ ਨੂੰ ਜਨਮ ਦੇ ਸਕਦੀਆਂ ਹਨ।
ਸਲਵਾਰਾਂ ਜਾਂ ਸਕਰਟਾਂ ਪਾ ਸਕਦੀਆਂ ਹਨ (ਬਿਨਾ ਕਿਸੇ ਝਿਜਕ ਜਾਂ ਸ਼ਰਮ ਦੇ)
ਪਾਉਡਰ, ਸੁਰਖੀ ਬਿੰਦੀ ਲਗਾ ਸਕਦੀਆਂ ਹਨ।
ਗਿੱਧਾ ਪਾ ਸਕਦੀਆਂ ਹਨ।
ਗਮੀ ਵੇਲੇ ਉੱਚੀ ਰੋ ਸਕਦੀਆਂ ਹਨ।
ਅਸਲ ਵਿਚ ਇਸਤਰੀ ਜਾਂ ਪੁਰਸ਼ ਵਲੋਂ ਸਮਾਜ ਦੇ ਕੰਮਾਂ ਜਾਂ ਹਰਕਤਾਂ ਦੀ ਵੰਡ ਇਨ੍ਹਾਂ ਦੇ ਸਰੀਰਿਕ ਬਣਤਰ ਨੂੰ ਵੇਖਦੇ ਹੋਏ ਹੀ ਕੀਤੀ ਗਈ ਹੈ, ਕਿਉਂਜੋ ਇਸ ਲਿੰਗ ਭੇਦ ਕਾਰਨ ਇਹ ਕਾਰਜ ਕਰਣੇ ਅਸੰਭਵ ਜਿਹੇ ਹੁੰਦੇ ਹਨ (ਜਿਵੇਂ ਪੁਰਸ਼ ਦੁਆਰਾ ਕਿਸੇ ਬੱਚੇ ਨੂੰ ਜਨਮ ਦੇਣਾ) ਅਤੇ ਕੁਝ ਕੰਮਾਂ ਦੀ ਵੰਡ ਸਮਾਜ ਵਲੋਂ ਹੀ ਕੀਤੀ ਗਈ ਹੈ ਅਤੇ ਸਾਨੂੰ ਉਸ ਮੁਤਾਬਕ ਚੱਲਣਾ ਪੈਂਦਾ ਹੈ ਜਿਵੇਂ ਕਿ ਪੁਰਸ਼ ਸਲਵਾਰ ਨਹੀਂ ਪਹਿਨ ਸਕਦੇ ਆਦਿ।
ਬਚਪਨ ਤੋਂ ਜਵਾਨੀ ਤੱਕ ਦੀਆਂ ਤਬਦੀਲੀਆਂ
ਕੁਦਰਤ ਵਲੋਂ ਬਚਪਨ ਤੋਂ ਜਵਾਨੀ (ਮੁਟਿਆਰਪੁਣਾ ਜਾਂ ਗਭਰੂਪੁਣਾ) ਵੱਲ ਦੇ ਸਫ਼ਰ ਦਾ ਸਮਾ ਲਡ਼ਕੀਆਂ ਵਿਚ 9 ਤੋਂ 16 ਸਾਲ ਦੀ ਉਮਰ ਦਾ ਅਤੇ ਲਡ਼ਕਿਆਂ ਵਿਚ 10 ਤੋਂ 16 ਸਾਲ ਦੀ ਉਮਰ ਦਾ ਨਿਸ਼ਚਿਤ ਕੀਤਾ ਹੋਇਆ ਹੈ। ਇਸ ਸਮੇਂ ਦੌਰਾਨ ਬੱਚਿਆਂ ਵਿਚ ਸਰੀਰਿਕ, ਭਾਵਨਾਤਮਕ ਅਤੇ ਰਿਸ਼ਤਿਆਂ-ਸਬੰਧਾਂ ਵਿਚ ਵੀ ਤਬਦੀਲੀਆਂ ਆਉਂਦੀਆਂ ਹਨ। ਇਹ ਤਬਦੀਲੀ ਦਾ ਸਮਾਂ ਇਕ ਰਾਤ, ਹਫਤੇ ਜਾਂ ਇਕ ਮਹੀਨੇ ਦਾ ਨਹੀਂ ਹੁੰਦਾ ਇਸ ਪ੍ਰਕਿਰਿਆ ਨੂੰ ਕਈ ਸਾਲ ਲੱਗ ਜਾਂਦੇ ਹਨ। ਲਡ਼ਕਿਆਂ ਵਿਚ ਇਹ ਤਬਦੀਲੀਆਂ ਲਡ਼ਕੀਆਂ ਨਾਲੋਂ ਧੀਮੀ ਗਤੀ ਨਾਲ ਆਉਂਦੀਆਂ ਹਨ। ਜੇ ਕੋਈ ਇਨਸਾਨ 17 ਕੁ ਸਾਲ ਦਾ ਹੋ ਚੁੱਕਾ ਹੈ ਅਤੇ ਉਸਨੇ ਆਪਣੇ ਅੰਦਰ ਕੋਈ (ਸਰੀਰਿਕ ਜਾਂ ਭਾਵਨਾਤਮਕ) ਤਬਦੀਲੀ ਮਹਿਸੂਸ ਨਹੀਂ ਕੀਤੀ ਹੈ ਤਾਂ ਉਸ ਨੂੰ ਆਪਣੇ ਨਿੱਜੀ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਕਈ ਵਾਰ ਭਾਵਨਾਤਮਕ ਤਬਦੀਲੀਆਂ, ਸਰੀਰਿਕ ਤਬਦੀਲੀਆਂ ਨਾਲੋਂ ਪਹਿਲਾਂ ਸ਼ੁਰੂ ਹੋ ਜਾਂਦੀਆਂ ਹਨ। ਕਿਉਂਕਿ ਇਨ੍ਹਾਂ ਦਾ ਕ੍ਰਮ ਨਿਸ਼ਚਿਤ ਨਹੀਂ ਹੈ, ਇਸ ਲਈ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ।
ਇਨਸਾਨੀ ਦਿਮਾਗ ਵਿਚ ਇਕ ਹਾਰਮੋਨ ਗ੍ਰੰਥੀ (ਪੀਚੂਅਰੀ ਗਲੈਂਡ) ਇਨ੍ਹਾਂ ਤਬਦੀਲੀਆਂ ਲਈ ਜਿੰਮੇਵਾਰ ਹੈ ਅਤੇ ਇਸ ਸਭ ਲਈ ਕੁਦਰਤ ਵਲੋਂ ਪਹਿਲਾਂ ਹੀ ਸਮਾਂ ਨਿਸ਼ਚਿਤ ਕੀਤਾ ਹੋਇਆ ਹੈ। ਇਸ ਹਾਰਮੋਨ ਗ੍ਰੰਥੀ ਦੇ ਕਿਰਿਆਸ਼ੀਲ ਹੋ ਜਾਣ ਨਾਲ ਹੇਠ ਲਿਖੇ ਅਨੁਸਾਰ ਤਬਦੀਲੀਆਂ ਆ ਸਕਦੀਆਂ ਹਨ –
1.     ਕੱਦ ਵਧਣਾ (ਲਡ਼ਕੇ ਅਤੇ ਲਡ਼ਕੀਆਂ ਦੋਹਾਂ ਵਿਚ)
2    ਛਾਤੀ ਦਾ ਚੌਡ਼ਾ ਹੋਣਾ (ਕੇਵਲ ਲਡ਼ਕਿਆਂ ਵਿਚ)
3.  ਕੁੱਲੇ ਭਾਰੇ ਹੋਣਾ (ਕੇਵਲ ਲਡ਼ਕੀਆਂ ਵਿਚ) – ਲਡ਼ਕੀਆਂ ਦੀ ਪਿੱਠ (ਜਾਂ ਕੁੱਲੇ) ਦੀਆਂ ਹੱਡੀਆਂ ਆਪਣੇ ਆਪ ਨੂੰ ਸਰੀਰਿਕ ਤੌਰ ਤੇ    (ਮਾਂ   ਬਨਣ ਲਈ) ਤਿਆਰ ਕਰਨ ਲਈ ਜਗ੍ਹਾ ਬਣਾ ਲੈਂਦੀਆਂ ਹਨ।
4.ਛਾਤੀਆਂ ਦਾ ਵਿਕਾਸ ਸ਼ੁਰੂ ਹੋਣਾ (ਕੇਵਲ ਲਡ਼ਕੀਆਂ ਵਿਚ) – ਲਡ਼ਕੀਆਂ ਦੀਆਂ ਛਾਤੀਆਂ ਦਾ ਵਿਕਾਸ ਸੰਵੇਦਨਸ਼ੀਲ ਛੋਹ ਲਈ ਅਤੇ ਬੱਚਾ ਜਨਣ ਤੋਂ ਬਾਅਦ ਬੱਚੇ ਨੂੰ ਆਹਾਰ ਦੇਣ ਲਈ ਹੁੰਦਾ ਹੈ।
5.ਮੂੰਹ ਤੇ ਕਿੱਲ (ਲਡ਼ਕੇ ਅਤੇ ਲਡ਼ਕੀਆਂ ਦੋਹਾਂ ਵਿਚ) – ਇਨ੍ਹਾਂ ਤਿੱਖੇ ਮੂੰਹ ਵਾਲੀ ਫਿਨਸੀਆਂ (ਜਾਂ ਕਿੱਲ) ਹੋਣ ਦਾ ਕਾਰਨ ਚਿਹਰੇ ਦੀ ਚਮਡ਼ੀ ਸਖ਼ਤ ਹੋਣਾ, ਚਮਡ਼ੀ ਵਿਚ ਜਿਆਦਾ ਚਿਕਨਾਈ ਦਾ ਹੋਣਾ ਅਤੇ ਬੈਕਟੀਰੀਆ ਹਨ। ਕਈ ਵਾਰ ਸਖ਼ਤ ਚਮਡ਼ੀ ਪਸੀਨਾ ਜਾਂ ਚਮਡ਼ੀ ਵਿਚੋਂ ਤੇਲ ਬਾਹਰ ਕੱਢਣ ਵਾਲੇ ਬਰੀਕ ਛੇਦਾਂ ਨੂੰ ਬੰਦ ਕਰ ਦਿੰਦੀ ਹੈ। ਇਸ ਤੋਂ ਬਚਾਅ ਲਈ ਦਿਨ ਵਿਚ ਦੋ-ਚਾਰ ਵਾਲ ਚਿਹਰੇ ਨੂੰ ਐਂਟੀਸੈਪਟਿਕ ਸਾਬਣ ਨਾਲ ਧੋਨਾ ਚਾਹੀਦਾ ਹੈ, ਹਾਲਾਂਕਿ, ਇਹ ਤਰ੍ਹਾਂ ਕਰਨ ਨਾਲ ਬਹੁਤਾ ਫਰਕ ਨਹੀਂ ਪੈਂਦਾ। ਤੇਲ ਜਾਂ ਚਿਕਨਾਈ ਵਾਲੇ ਪਦਾਰਥਾਂ ਦਾ ਸੇਵਨ ਘੱਟ ਕਰ ਦੇਣਾ ਚਾਹੀਦਾ ਹੈ। ਕਪਡ਼ੇ ਨਾਲ ਰਗਡ਼ਨ ਨਾਲ ਚਮਡ਼ੀ ਹੋਰ ਵੀ ਖਰਾਬ ਹੋ ਸਕਦੀ ਹੈ। ਇਨ੍ਹਾਂ ਨਾਲ ਜਿਆਦਾ ਛੇਡ਼ਖਾਨੀ ਨਹੀਂ ਕਰਨੀ ਚਾਹੀਦੀ। ਜੇ ਤੁਸੀਂ ਇਨ੍ਹਾਂ ਵੱਲ ਜਿਆਦਾ ਧਿਆਨ ਦੇਵੋਂਗੇ ਤਾਂ ਇਸ ਦਾ ਮਤਲਬ ਇਹ ਹੋਇਆ ਕਿ ਤੁਸੀਂ ਇਨ੍ਹਾਂ ਦੇ ਹੋਣ ਕਰਕੇ ਖੁਦ ਨੂੰ ਖੂਬਸੂਰਤ ਨਹੀਂ ਸਮਝਦੇ ਜਦਕਿ ਇਸ ਵਿਚ ਨਾ ਸੱਚਾਈ ਹੀ ਹੈ ਅਤੇ ਨਾ ਝੂਠ।
6. ਤਨਾਅ ਮਹਿਸੂਸ ਕਰਨਾ (ਲਡ਼ਕੇ ਅਤੇ ਲਡ਼ਕੀਆਂ ਦੋਹਾਂ ਵਿਚ) – ਹਰ ਕੋਈ ਪਸੀਨੇ ਦਾ ਅਹਿਸਾਸ ਕਰਦਾ ਹੈ ਜਦੋਂ ਤਾਪਮਾਨ ਵਧ ਜਾਂਦਾ ਹੈ, ਪਰ ਜਵਾਨੀ ਵਿਚ ਪਸੀਨੇ ਵਾਲੀਆਂ ਗ੍ਰੰਥੀਆਂ ਕੁਝ ਜਿਆਦਾ ਹੀ ਕਿਰਿਆਸ਼ੀਲ ਹੋ ਜਾਂਦੀਆਂ ਹਨ। ਇਹ ਪਸੀਨਾ ਕਈ ਵਾਰ ਬਦਬੂਦਾਰ ਵੀ ਹੋ ਸਕਦਾ ਹੈ, ਜਿਸ ਕਾਰਨ ਅਸੀਂ ਤਨਾਅ ਵਿਚ ਰਹਿੰਦੇ ਹਾਂ, ਕਈ ਬੱਚੇ ਇਸ ਕਾਰਨ ਦਿਨ ਵਿਚ ਦੋ-ਤਿੰਨ ਵਾਰ ਨਹਾਉਂਦੇ ਹਨ ਅਤੇ ਡੀਓ (ਪਸੀਨੇ ਦੀ ਦਬਾਓ ਖਤਮ ਕਰ ਦੇਣ ਵਾਲਾ ਇਤਰ-ਸੈਂਟ) ਇਸਤੇਮਾਲ ਕਰਦੇ ਹਨ।
  7. ਨਵੇਂ ਵਾਲ ਆਉਣੇ (ਲਡ਼ਕੇ ਅਤੇ ਲਡ਼ਕੀਆਂ ਦੋਹਾਂ ਵਿਚ) – ਲਡ਼ਕਿਆਂ ਦੇ ਚਿਹਰੇ ਤੇ, ਛਾਤੀ ਤੇ, ਲੱਤਾਂ-ਬਾਹਾਂ, ਕੱਛਾਂ ਵਿਚ ਅਤੇ ਗੁਪਤ-ਅੰਗਾਂ ਦੇ ਆਲੇ-ਦੁਆਲੇ ਵਾਲਾਂ ਦਾ ਵਿਕਾਸ ਹੋਣਾ ਸ਼ੁਰੂ ਹੋ ਜਾਂਦਾ ਹੈ। ਲਡ਼ਕੀਆਂ ਦੇ (ਚਿਹਰੇ, ਛਾਤੀ ਅਤੇ ਬਾਹਾਂ ਨੂੰ ਛੱਡ ਕੇ) ਗੁਪਤ-ਅੰਗਾਂ ਦੁਆਲੇ ਵਾਲਾਂ ਦਾ ਵਿਕਾਸ ਸ਼ੂਰੂ ਹੋ ਜਾਂਦਾ ਹੈ। ਵਾਲਾਂ ਦੇ ਵਿਕਾਸ ਦਾ ਸਥਾਨ ਅਤੇ ਇਨ੍ਹਾਂ ਦੀ ਘਣਤਾ ਵੰਸ਼ (ਜ਼ੀਨ) ਮੁਤਾਬਕ ਵੀ ਹੋ ਸਕਦੀ ਹੈ।
   8. ਆਵਾਜ਼ ਵਿਚ ਭਾਰਾਪਣ (ਜਿਆਦਾਤਰ ਲਡ਼ਕਿਆਂ ਵਿਚ) – ਆਵਾਜ਼ ਨਲੀਂ ਵਿਚੋਂ ਬਣੇ ਵਿਥਾਂ ਰਾਹੀ ਹਵਾ ਨਿਕਲਣ ਨਾਲ ਪੈਦਾ ਹੁੰਦੀ ਹੈ। ਜਵਾਨੀ ਚਡ਼੍ਹਦੇ ਹੋਰ ਤਬਦੀਲੀਆਂ ਦੇ ਨਾਲ-ਨਾਲ ਆਵਾਜ਼ ਨਲੀਆਂ ਸਖਤ ਹੋ ਜਾਦੀਆਂ ਹਨ। ਲਡ਼ਕਿਆਂ ਵਿਚ ਇਹ ਤਬਦੀਲੀ ਜਿਆਦਾ ਵੇਖਣ ਵਿਚ ਆਉਂਦੀ ਹੈ ਜਿਸ ਕਰਕੇ ਉਨ੍ਹਾਂ ਦੀ ਆਵਾਜ਼ ਵਿਚ ਭਾਰਾਪਣ ਆ ਜਾਂਦਾ ਹੈ।
   9.     ਗੁਪਤਅੰਗਾਂ ਦੇ ਆਕਾਰ ਵਿਚ ਵਾਧਾ (ਲਡ਼ਕੇ ਅਤੇ ਲਡ਼ਕੀਆਂ ਦੋਹਾਂ ਵਿਚ) – ਲਡ਼ਕਿਆਂ ਦੇ ਮਾਮਲੇ ਵਿਚ ਇਹ ਜਿਆਦਾ ਪ੍ਰਤੱਖ ਹੈ ਕਿਉਂ ਜੋ ਉਹ ਹਰ ਵਾਰ ਪਿਸ਼ਾਬ ਕਰਨ ਵੇਲੇ ਲਿੰਗ ਅਤੇ ਪਤਾਲੂਆਂ ਵੱਲ ਵੇਖ ਲੈਂਦਾ ਹੈ। ਜਦ ਕਿ ਲਡ਼ਕੀਆਂ ਨਹੀਂ, ਪਰ ਉਨ੍ਹਾਂ ਦੇ ਭਗਦਵਾਰ-Vulva (ਯੋਨੀ ਹੋਂਠ – Labia ਅਤੇ ਯੋਨ ਕੁੰਜੀ – Clitoris) ਦਾ ਆਕਾਰ ਵਧਦਾ ਜਰੂਰ ਹੈ।
  10.  ਗੁਪਤਅੰਗ ਵਿਚ ਤਨਾਅ ਛੇਤੀ ਆਉਣਾ (ਜਿਆਦਾਤਰ ਲਡ਼ਕਿਆਂ ਵਿਚ) – ਲਿੰਗ ਦੀਆਂ ਨਸਾਂ ਵਿਚ ਖੂਨ ਭਰ ਜਾਣ ਨਾਲ ਲਿੰਗ ਵਿਚ ਤਨਾਅ ਜਾਂ ਅਕਡ਼ਾਅ ਆ ਜਾਂਦਾ ਹੈ ਜਿਸ ਕਾਰਨ ਇਸ ਦਾ ਆਕਾਰ ਹੋਰ ਵੀ ਵਧ ਜਾਂਦਾ ਹੈ। ਹਰ ਲਡ਼ਕੇ ਦੇ ਲਿੰਗ ਵਿਚ ਤਨਾਅ ਆਉਂਦਾ ਹੈ ਭਾਵੇਂ ਉਹ ਛੋਟਾ ਬੱਚਾ ਹੀ ਹੋਵੇ। ਅਲਟਰਾਸਾਉਂਡ ਰਾਹੀਂ ਵੇਖਿਆ ਗਿਆ ਹੈ ਕਿ ਮਾਂ ਦੇ ਭਰੂਣ (ਪੇਟ ਦੇ ਅੰਦਰ) ਵਿਚ ਪਲ ਰਹੇ ਬੱਚੇ ਦਾ ਲਿੰਗ ਵੀ ਤਨਾਅ ਵਿਚ ਆ ਸਕਦਾ ਹੈ। ਲਡ਼ਕੀਆਂ ਦੀ ਯੋਨ ਕੁੰਜੀ ਦੀ ਬਣਤਰ ਵੀ ਲਡ਼ਕਿਆਂ ਦੇ ਲਿੰਗ ਵਰਗੀ ਹੀ ਹੁੰਦੀ ਹੈ ਪਰ ਇਸ ਦਾ ਆਕਾਰ ਬਹੁਤ ਹੀ ਛੋਟਾ ਹੋਣ ਕਰਕੇ ਇਸ ਦੇ ਤਨਾਅ ਵਿਚ ਆਉਣ ਤੇ ਇਸ ਦਾ ਅਹਿਸਾਸ ਹੀ ਹੁੰਦਾ ਹੈ ਪਰ ਵਿਖਾਈ ਨਹੀਂ ਦਿੰਦਾ। ਗੁਪਤ-ਅੰਗ ਵਿਚ ਅਕਡ਼ਾਅ ਆਉਣਾ ਵੀ ਤੰਦਰੁਸਤੀ ਦੀ ਨਿਸ਼ਾਨੀ ਹੈ। ਇਹ ਜਿਆਦਾਤਰ ਜਵਾਨੀ ਵਿਚ ਸੈਕਸ ਸਬੰਧੀ (ਜਾਂ ਕਾਮ-ਉੱਤੇਜਕ) ਗੱਲਾਂ ਸੁਣ ਕੇ ਜਾਂ ਵਿਚਾਰ ਆਉਣ ਤੇ ਜਾਂ ਗੁਪਤ-ਅੰਗਾਂ ਨੂੰ ਛੋਹਣ ਤੇ ਆ ਜਾਂਦਾ ਹੈ, ਪਰ ਇਹ ਜਰੂਰੀ ਵੀ ਨਹੀਂ, ਕਈ ਵਾਰ ਬਿਨੇ ਕਿਸੇ ਕਾਰਨ ਵੀ ਇਸ ਤਰ੍ਹਾਂ ਹੋ ਸਕਦਾ ਹੈ। ਅਜਿਹੇ ਵੇਲੇ ਜੇਕਰ ਆਪਣੇ ਹਾਣੀਆਂ ਜਾਂ ਘਰ-ਪਰਿਵਾਰ ਵਾਲਿਆਂ ਦੀ ਮੋਜੂਦਗੀ ਵਿਚ ਇੰਝ ਹੋ ਜਾਵੇ ਤਾਂ ਬਹੁਤ ਸ਼ਰਮ ਮਹਿਸੂਸ ਹੁੰਦੀ ਹੈ। ਪਰ ਇਹ ਅਕਸਰ ਹੋ ਜਾਂਦਾ ਹੈ।
11.  ਸ਼ਕਰਾਣੂਆਂ ਦਾ ਬਣਨਾ ਅਤੇ ਵੀਰਜ ਦਾ ਖਾਰਜ ਹੋਣਾ (ਲਡ਼ਕਿਆਂ ਵਿਚ) – ਸ਼ਕਰਾਣੂ ਬਹੁਤ ਹੀ ਛੋਟੇ ਸੈਲਾਂ (ਕੋਸ਼ਿਕਾਵਾਂ) ਨੂੰ ਕਹਿੰਦੇ ਹਨ। ਇੰਨ੍ਹਾਂ ਨਾਲ ਇਕ ਔਰਤ ਗਰਭਵਤੀ (ਮਾਂ ਬਨਣ ਦੀ ਪ੍ਰਕਿਰਿਆ) ਹੋ ਸਕਦੀ ਹੈ, ਜਦੋਂ ਸ਼ਕਰਾਣੂ ਔਰਤ ਦੇ ਅੰਡੇ ਨਾਲ ਮਿਲਦੇ ਹਨ। ਜਦੋਂ ਸ਼ਕਰਾਣੂ ਲਿੰਗ ਵਿੱਚੋਂ ਵੀਰਜ ਵਿਚ ਰਲ ਕੇ ਬਾਹਰ ਆਉਂਦੇ ਹਨ ਇਸ ਨੂੰ ਵੀਰਜ ਖਾਰਜ ਹੋਣਾ ਕਹਿੰਦੇ ਹਨ। ਇਕ ਮਰਦ ਵੀਰਜ ਦਾ ਖਾਰਜ ਆਪਣੀ ਮਰਜੀ ਨਾਲ ਹੱਥਰੱਸੀ ਜਾਂ ਸੰਭੋਗ ਰਾਹੀਂ ਕਰ ਸਕਦਾ ਹੈ, ਪਰ ਵੀਰਜ ਦਾ ਖਾਰਜ ਸੁੱਤੇ ਪਏ, ਜਾਂ ਸੰਵੇਦਨਸ਼ੀਲ ਛੋਹ ਨਾਲ ਜਾਗਦੇ ਸਮੇਂ ਵੀ ਹੋ ਸਕਦਾ ਹੈ। ਜਦੋਂ ਮਰਦ ਵੀਰਜ ਦਾ ਖਾਰਜ ਕਰਨ ਦੇ ਕਾਬਿਲ ਹੋ ਜਾਂਦਾ ਹੈ, ਉਸੇ ਸਮੇਂ ਤੋਂ ਹੀ ਉਹ ਔਰਤ ਦੇ ਗਰਭ ਧਾਰਨ ਕਰਨ (ਠਹਿਰਾਉਣ) ਵਿਚ ਸਹਾਇਤਾ ਕਰ ਸਕਦਾ ਹੈ। ਇਹ ਜਰੂਰੀ ਨਹੀਂ ਕਿ ਉਹ ਅੱਗੇ ਚੱਲ ਕੇ ਇਕ ਜਿੰਮੇਵਾਰ ਪਿਤਾ ਸਾਬਤ ਹੋ ਸਕਦਾ ਹੈ, ਪਰ ਉਹ ਬੱਚਾ ਜਣਨ ਦੇ ਕਾਬਲ ਜ਼ਰੂਰ ਹੋ ਜਾਂਦਾ ਹੈ।
  12.    ਸੁਪਨਦੋਸ਼ (ਲਡ਼ਕਿਆਂ ਵਿਚ) – ਕਈ ਵਾਰ ਸੁਪਨੇ ਵਿਚ ਵੀਰਜ ਖਾਰਜ ਹੋ ਜਾਂਦਾ ਹੈ, ਇਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਇਸ ਘਟਨਾ ਲਈ ਇਹ ਜ਼ਰੂਰੀ ਨਹੀਂ ਕਿ ਉਹ ਕੋਈ ਕਾਮ-ਉੱਤੇਜਕ ਸੁਪਨਾ ਵੇਖ ਰਿਹਾ ਹੋਵੇ। ਇਸ ਤਰਾਂ ਦੇ ਹਾਲਾਤ ਚਡ਼੍ਹਦੀ ਜਵਾਨੀ ਵਿਚ ਖੂਨ ਵਿਚ ਮੋਜ਼ੂਦ ਹਾਰਮੋਨ ਦੇ ਅਚਾਨਕ ਵਾਧੇ ਕਾਰਨ ਹੋ ਜਾਂਦਾ ਹੈ। ਲਡ਼ਕਿਆਂ ਨੂੰ ਇਸ ਬਾਰੇ ਚੇਤੰਨ ਰਹਿਣਾ ਜ਼ਰੂਰੀ ਹੈ ਕਿ ਇਹ ਕੋਈ ਬੀਮਾਰੀ ਨਹੀਂ, ਇਹ ਸਭ ਨਾਲ ਹੋ ਜਾਂਦਾ ਹੈ ਅਤੇ ਕੁਦਰਤੀ ਹੀ ਹੁੰਦਾ ਹੈ।
  13. ਅੰਡੇ ਦਾ ਵਿਕਾਸ ਅਤੇ ਮਾਹਵਾਰੀ ਹੋਣਾ (ਲਡ਼ਕੀਆਂ ਵਿਚ) – ਇਸ ਕਿਰਿਆ ਵਿਚ ਔਰਤ ਦੇ ਸਰੀਰ ਅੰਦਰ ਅੰਡੇ ਦਾ ਵਿਕਾਸ ਹੁੰਦਾ ਹੈ ਅਤੇ ਇਸ ਦੇ ਅੰਕੁਰਿਤ ਨਾ ਕੀਤੇ ਜਾ ਸਕਨ ਦੇ ਹਾਲਾਤ ਵਿਚ ਇਹ ਨਿਸ਼ਕ੍ਰਿਅ ਹੋ ਕੇ ਮਾਹਵਾਰੀ (ਹਰ ਮਹੀਨੇ) ਦੇ ਰੂਪ ਵਿਚ ਯੋਨੀ ਮਾਰਗ ਰਾਹੀਂ ਬਾਹਰ ਆ ਜਾਂਦਾ ਹੈ। ਇੱਕ ਤੰਦਰੁਸਤ ਔਰਤ ਦੇ ਅੰਡੇ ਦਾ ਵਿਕਾਸ ਮਾਹਵਾਰੀ ਦੇ ਪਹਿਲੇ ਦਿਨ ਤੋਂ ਸ਼ੁਰੂ ਹੋ ਜਾਂਦਾ ਹੈ ਅਤੇ ਦੋ-ਕੁ ਹਫਤਿਆਂ ਵਿਚ ਪੂਰਨ ਤੌਰ ਤੇ ਵਿਕਸਿਤ ਹੋ ਕੇ ਗਰਭ ਨਲੀਆਂ (ਫੈਲੋਪੀਅਨ ਟਿਯੂਬ) ਕੋਲ ਪਹੁੰਚ ਜਾਂਦਾ ਹੈ ਨਾਲ ਹੀ ਬੱਚੇਦਾਨੀ ਅੰਦਰ ਮੋਟੀ ਅਤੇ ਨਰਮ ਚਮਡ਼ੀ ਦੀ ਇਕ ਥੈਲੀ ਬਣਨੀ ਸ਼ੁਰੂ ਹੋ ਜਾਂਦੀ ਹੈ। ਇਸ ਸਮੇਂ ਦੌਰਾਨ ਜੇਕਰ ਸ਼ਕਰਾਣੂ ਇਸ ਤੱਕ ਪਹੁੰਚ ਜਾਣ ਅਤੇ ਇਸ ਨਾਲ ਮੇਲ (ਅੰਕੁਰਿਤ ਹੋ ਜਾਣਾ) ਕਰ ਲੈਣ ਤਾਂ ਅੰਡਾ ਬੱਚੇਦਾਨੀ ਵੱਲ ਤੁਰ ਪੈਂਦਾ ਹੈ, ਜਿੱਥੇ ਅੰਡੇ ਦਾ 9 ਮਹੀਨੇ ਤੱਕ ਇਕ ਬੱਚੇ ਦੇ ਰੂਪ ਵਿਚ ਵਿਕਾਸ ਹੁੰਦਾ ਹੈ। ਇਸ ਜਗ੍ਹਾ 24 ਘੰਟੇ ਤੱਕ ਅੰਕੁਰਿਤ ਨਾਂ ਹੋਣ ਪਿੱਛੋਂ  ਇਹ ਖੁਰਨਾ ਸ਼ੁਰੂ ਹੋ ਜਾਂਦਾ ਹੈ ਅਤੇ ਸਰੀਰ ਇਸ ਨੂੰ ਜਜ਼ਬ ਕਰ ਲੈਂਦਾ ਹੈ। ਬੱਚੇਦਾਨੀ (ਯੂਟਰਸ) ਦੋ-ਕੁ ਹਫਤੇ ਇਸ ਦਾ ਇੰਤਜਾਰ ਕਰਦਾ ਹੈ, ਜੇਕਰ ਅੰਡਾ ਅੰਕੁਰਿਤ ਹੋ ਕੇ ਇਸ ਕੋਲ ਨਾ ਪਹੁੰਚ ਸਕੇ ਤਾਂ ਇਥੇ ਹਾਰਮੋਨਾਂ ਦਾ ਪੱਧਰ ਘਟ ਜਾਂਦਾ ਹੈ ਅਤੇ ਬੱਚੇਦਾਨੀ ਇਸ ਮਹੀਨੇ ਗਰਭ ਧਾਰਨ ਕਰਨ ਦੀ ਆਸ ਛੱਡ ਦਿੰਦੀ ਹੈ ਅਤੇ ਮੋਟੀ ਅਤੇ ਨਰਮ ਚਮਡ਼ੀ ਦੀ ਪਰਤ ਮਾਸ ਅਤੇ ਖੂਨ ਦੇ ਛੋਟੇ-ਛੋਟੇ ਟੁਕਡ਼ਿਆਂ ਵਿਚ ਤਬਦੀਲ ਹੋ ਕੇ ਯੋਨੀ ਮਾਰਗ ਰਾਹੀਂ ਬਾਹਰ ਆਉਣ ਲੱਗ ਪੈਂਦੀ ਹੈ। ਇਹ ਇਸ ਲਈ ਹੁੰਦਾ ਹੈ ਤਾਂਕਿ ਸਰੀਰ ਵਲੋਂ ਅਗਲੇ ਮਹੀਨੇ ਨਵੇਂ ਅੰਡੇ ਦਾ ਵਿਕਾਸ ਕੀਤਾ ਜਾ ਸਕੇ ਜੇ ਔਰਤ ਅਗਲੀ ਵਾਰ ਗਰਭ ਧਾਰਨ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੀ ਹੋਵੇ। ਮਾਹਵਾਰੀ ਦਾ ਸਮਾਂ 2 ਦਿਨਾਂ ਤੋਂ ਲੈ ਕੇ 10 ਦਿਨ ਤੱਕ ਚੱਲ ਸਕਦਾ ਹੈ। ਇਕ ਔਰਤ ਦੀ ਬੱਚੇਦਾਨੀ ਤੋਂ ਬੱਚੇਦਾਨੀ ਦੇ ਮੂੰਹ ਤੱਕ ਅਜਿਹੀਆਂ ਮਾਸਪੇਸ਼ੀਆਂ ਨਹੀਂ ਹੁੰਦੀਆਂ ਜਿਹਡ਼ੀਆਂ ਮਾਹਵਾਰੀ ਦੇ ਸਮੇਂ ਆਉਣ ਵਾਲੇ ਤਰਲ ਪਦਾਰਥ ਨੂੰ ਰੋਕ ਸਕਣ (ਜਿਵੇਂ ਕਿ ਪਿਸ਼ਾਬ ਰੋਕਿਆ ਜਾਂਦਾ ਹੈ), ਇਸ ਲਈ ਔਰਤ ਨੂੰ ਯੋਨੀ ਦੁਆਰ ਅੱਗੇ ਕੱਪਡ਼ਾ (ਪੈਡ) ਰੱਖਣਾ ਪੈਂਦਾ ਹੈ।
14.  ਦੂਸਰੇ ਲਿੰਗ ਪ੍ਰਤੀ ਆਕਰਸ਼ਨ (ਲਡ਼ਕੇ ਅਤੇ ਲਡ਼ਕੀਆਂ ਦੋਹਾਂ ਵਿਚ) – ਇਹ ਠੀਕ ਹੈ ਕਿ ਬਚਪਨ ਵਿਚ ਵੀ ਦੂਸਰੇ ਇਨਸਾਨ ਪ੍ਰਤੀ ਆਕਰਸ਼ਨ ਮਹਿਸੂਸ ਕੀਤਾ ਜਾਂਦਾ ਹੈ ਪਰ ਇਸ ਦਾ ਅਸਰ ਜਵਾਨੀ ਵਿਚ ਕੁਝ ਵੱਖਰਾ ਹੁੰਦਾ ਹੈ। ਇਸ ਉਮਰ ਵਿਚ ਦੂਸਰੇ ਲਿੰਗ ਪ੍ਰਤੀ ਆਕਰਸ਼ਨ ਵਧਣਾ ਸ਼ੁਰੂ ਹੋ ਜਾਂਦਾ ਹੈ।
  15. ਆਪਣੇ ਪ੍ਰਤੀ ਕੇਂਦਰਿਤ ਹੋਣਾ (ਲਡ਼ਕੇ ਅਤੇ ਲਡ਼ਕੀਆਂ ਦੋਹਾਂ ਵਿਚ)-  ਹਰ ਇਨਸਾਨ ਇਹ ਮਹਿਸੂਸ ਕਰਦਾ ਹੈ ਕਿ ਦੂਸਰੇ ਲੋਕ ਉਸ ਬਾਰੇ ਕੀ ਸੋਚਦੇ ਹਨ। ਅਜਿਹੀ ਸੋਚ ਤਨਾਅ ਪੈਦਾ ਕਰ ਸਕਦੀ ਹੈ। ਇਸ ਉਮਰ ਵਿਚ ਇਨਸਾਨ ਸ਼ੀਸ਼ੇ ਅੱਗੇ ਜਿਆਦਾ ਸਮਾਂ ਬਤੀਤ ਕਰਦਾ ਹੈ। ਆਪਣੇ ਕੱਪਡ਼ਿਆਂ, ਦਿੱਖ ਸਵਾਰਨ ਵਿਚ ਕਾਫੀ ਸਮਾਂ ਲਗਾਉਂਦਾ ਹੈ।
  16. ਦੂਜਿਆਂ ਪ੍ਰਤੀ ਸੰਵੇਦਨਸ਼ੀਲ ਹੋਣਾ (ਲਡ਼ਕੇ ਅਤੇ ਲਡ਼ਕੀਆਂ ਦੋਹਾਂ ਵਿਚ) – ਤੁਸੀਂ ਹੋਰ ਲੋਕਾਂ ਦੀਆਂ ਭਾਵਨਾਵਾਂ ਅਤੇ ਜਰੂਰਤਾਂ ਬਾਰੇ ਸੰਵੇਦਨਸ਼ੀਲ ਹੋ ਜਾਂਦੇ ਹੋ ਅਤੇ ਅਜਿਹਾ ਹੀ ਆਪਣੇ ਬਾਰੇ ਵਿਚ ਵੀ ਸੋਚਦੇ ਹੋ।
  17.ਅਚਾਨਕ ਸੁਭਾਅ ਵਿਚ ਤਬਦੀਲੀ ਆਉਣੀ (ਲਡ਼ਕੇ ਅਤੇ ਲਡ਼ਕੀਆਂ ਦੋਹਾਂ ਵਿਚ) – ਉਮਰ ਦੇ ਇਸ ਪਡ਼ਾਅ ਦੌਰਾਨ ਸੁਭਾਅ ਵਿਚ ਅਚਾਨਕ ਤਬਦੀਲੀਆਂ ਆਉਂਦੀਆਂ ਹਨ, ਜਿਵੇਂ ਕਿ ਇਕਦਮ ਖੁਸ਼ ਹੋ ਜਾਣਾ, ਜਾਂ ਉਦਾਸ ਹੋ ਜਾਣਾ। ਅਜਿਹੀਆਂ ਹਰਕਤਾਂ ਲਈ ਕੋਈ ਖਾਸ ਕਾਰਨ ਵੀ ਨਹੀਂ ਹੁੰਦਾ। ਅਸਲ ਵਿਚ ਇਸ ਸਭ ਲਈ ਖੂਨ ਵਿਚ ਮੌਜੂਦ ਹਾਰਮੋਨ ਹੀ ਜਿੰਮੇਵਾਰ ਹਨ।
18.   ਮਾਤਾਪਿਤਾ ਜਾਂ ਵੱਡਿਆਂ ਨਾਲ ਰੁੱਖਾ ਵਰਤਾਅ ਕਰਨਾ (ਲਡ਼ਕੇ ਅਤੇ ਲਡ਼ਕੀਆਂ ਦੋਹਾਂ ਵਿਚ) – ਇਸ ਸਮੇਂ ਦੌਰਾਨ ਸੁਭਾਅ ਗਰਮ ਵੀ ਹੋ ਜਾਂਦਾ ਹੈ। ਕਈ ਵਾਰ ਬੱਚਿਆਂ ਵਾਲੀ ਜਿੱਦ ਕਰਨਾ ਜਾਂ ਬੱਚਿਆਂ ਵਾਂਗ ਲਾਡ-ਪਿਆਰ ਦੀ ਇੱਛਾ ਹੁੰਦੀ ਹੈ ਅਤੇ ਕਦੇ ਆਪਣੇ ਆਪ ਨੂੰ ਆਜ਼ਾਦ ਇਨਸਾਨ ਦੀ ਤਰ੍ਹਾਂ ਮਹਿਸੂਸ ਹੁੰਦਾ ਹੈ ਜੋ ਆਪਣੇ ਫੈਸਲੇ ਆਪ ਲੈ ਸਕਦਾ ਹੋਵੇ।
  19.  ਆਪਮੁਹਾਰੇ ਹੋਣ ਦੀ ਇੱਛਾ ਜਾਗ੍ਰਿਤ ਹੋਣਾ (ਲਡ਼ਕੇ ਅਤੇ ਲਡ਼ਕੀਆਂ ਦੋਹਾਂ ਵਿਚ)ਮਾਤਾ ਪਿਤਾ ਇਸ ਸਮੇਂ ਦੌਰਾਨ ਆਪਣੇ ਬੱਚੇ ਨੂੰ ਇਸ ਕਾਬਲ ਨਹੀਂ ਸਮਝਦੇ ਪਰ ਬੱਚਾ ਖੁਦ ਆਪਣੇ ਬਾਰੇ ਵਿਚ ਫੈਸਲੇ ਲੈ ਸਕਣ ਦੇ ਸਮਰੱਥ ਹੁੰਦਾ ਹੈ ਅਤੇ ਆਪਣੇ ਆਪ ਨੂੰ ਇਕ ਜਿੰਮੇਵਾਰ ਇਨਸਾਨ ਸਮਝਣ ਲੱਗ ਪੈਂਦਾ ਹੈ।
  20   ਖੁਦ ਨੂੰ ਪਹਿਚਾਨਣ ਦੀ ਸਮਰੱਥਾ (ਲਡ਼ਕੇ ਅਤੇ ਲਡ਼ਕੀਆਂ ਦੋਹਾਂ ਵਿਚ) – ਇਸ ਉਮਰ ਦੌਰਾਨ ਬੱਚੇ ਇਨੇ ਕੁ ਸਮਝਦਾਰ ਹੋ ਵੀ ਜਾਂਦੇ ਹਨ ਕਿ ਖੁਦ ਨੂੰ ਆਪਣੀਆਂ ਇੱਛਾਵਾਂ, ਚੰਗਾ-ਮਾਡ਼ਾ, ਭਾਵਨਾਵਾਂ ਅਤੇ ਜਿੰਮੇਵਾਰੀਆਂ ਨੂੰ ਸਮਝ ਸਕਦੇ ਹਨ।   ਕ੍ਰਿਪਾ ਕਰਕੇ ਆਪਣੇ ਸੁਝਾਅ ਛੇਤੀ ਭੇਜਣਾ

Total Views: 610 ,
Real Estate