ਮੋਦੀ ਸਰਕਾਰ ਨੂੰ ਭਾਰਤ ਦੇ ਲੋਕਾਂ ਨੇ ਉਖੇੜਣ ਦਾ ਫੈਸਲਾ ਕਰ ਲਿਐ-ਪ੍ਰਿਯੰਕਾ ਗਾਂਧੀ

*ਬੇਅਦਬੀ ਘਟਨਾਵਾਂ ਗਿਣੀ ਮਿਥੀ ਸਾਜਿਸ ਦਾ ਹਿੱਸਾ ਸੀ
*ਕਾਂਗਰਸੀ ਉਮੀਦਵਾਰਾਂ ਨੂੰ ਜਿਤਾਉਣ ਦੀ ਕੀਤੀ ਅਪੀਲ

ਬਠਿੰਡਾ / 14 ਮਈ/ ਬਲਵਿੰਦਰ ਸਿੰਘ ਭੁੱਲਰ
ਉਹ ਸਰਕਾਰਾਂ ਬਹੁਤਾ ਸਮਾਂ ਕਾਇਮ ਨਹੀਂ ਰਹਿ ਸਕਦੀਆਂ, ਜੋ ਆਪਣੇ ਚੁਣਨ ਵਾਲਿਆਂ ਦੇ ਵਿਰੋਧ ਵਿੱਚ ਭੁਗਤਣਾ ਸੁਰੂ ਕਰ ਦੇਣ, ਲੋਕਤੰਤਰ ਦੇ ਹਥਿਆਰ ਦਾ ਇਸਤੇਮਾਲ ਕਰਦਿਆਂ ਮੋਦੀ ਸਰਕਾਰ ਨੂੰ ਵੀ ਭਾਰਤ ਦੇ ਲੋਕਾਂ ਨੇ ਉਖੇੜਣ ਦਾ ਫੈਸਲਾ ਕਰ ਲਿਆ ਹੈ, ਜਿਹੜੀ ਧਨਕੁਬੇਰਾਂ ਦੀ ਤਰਜਮਾਨੀ ਕਰ ਰਹੀ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਕਾਂਗਰਸ ਦੀ ਜਨਰਲ ਸਕੱਤਰ ਸ੍ਰੀਮਤੀ ਪ੍ਰਿਯੰਕਾ ਗਾਂਧੀ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਦੇ ਉਮੀਦਵਾਰਾਂ ਨੂੰ ਸਫ਼ਲ ਬਣਾਉਣ ਵਿੱਚ ਸਹਿਯੋਗ ਕਰਨ। ਸਥਾਨਕ ਥਰਮਲ ਪਲਾਂਟ ਦੇ ਸਟੇਡੀਅਮ ਵਿਖੇ ਇੱਕ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਿਯੰਕਾ ਨੇ ਕਿਹਾ ਕਿ ਉਸਦਾ ਪਤੀ ਪੰਜਾਬੀ ਹੋਣ ਦੀ ਵਜਾਹ ਕਾਰਨ ਉਹ ਪੰਜਾਬ ਆ ਕੇ ਅਤਿਅੰਤ ਖੁਸ਼ੀ ਮਹਿਸੂਸ ਕਰ ਰਹੀ ਹੈ। ਬੋਲੇ ਸੋ ਨਿਹਾਲ ਨਾਲ ਆਪਣੇ ਭਾਸ਼ਣ ਦੀ ਸੁਰੂਆਤ ਕਰਦਿਆਂ ਉਸਨੇ ਕਿਹਾ ਕਿ 70 ਸਾਲਾਂ ਦੇ ਮੁਕਾਬਲੇ ਆਪਣੇ ਪੰਜ ਸਾਲ ਦੇ ਕਾਰਜਕਾਲ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਇਉਂ ਪੇਸ ਕਰਦੇ ਹਨ, ਕਿ ਜਿਵੇਂ ਵਿਕਾਸ ਦੇ ਸਾਰੇ ਕੰਮ ਉਹਨਾਂ ਦੇ ਦੌਰ ਵਿੱਚ ਹੀ ਮੁਕੰਮਲ ਹੋਏ ਹੋਣ। ਥਰਮਲ ਤੋਂ ਸੁਰੂ ਹੋ ਕੇ ਰਿਫਾਇਨਰੀ ਤੱਕ ਦੇ ਬਠਿੰਡਾ ਦੇ ਵਿਕਾਸ ਦੇ ਹਵਾਲੇ ਦਿੰਦਿਆਂ ਪ੍ਰਿਯੰਕਾ ਨੇ ਕਿਹਾ ਕਿ ਪੰਜ ਸਾਲ ਪਹਿਲਾਂ ਹੋਈਆਂ ਚੋਣਾਂ ਵੇਲੇ ਮੋਦੀ ਨੇ ਹਰ ਪਰਿਵਾਰ ਨੂੰ 15 ਲੱਖ ਰੁਪਏ ਦੇਣ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ, ਪ੍ਰਤੀ ਸਾਲ ਦੋ ਕਰੋੜ ਰੁਜਗਾਰ ਦੇ ਮੌਕੇ ਪੈਦਾ ਕਰਨ ਦੇ ਜੋ ਸਬਜਬਾਗ ਦਿਖਾਏ ਸਨ, ਉਹਨਾਂ ਦੀ ਹਕੀਕਤ ਇਹ ਹੈ ਕਿ ਜਿੱਥੇ ਨੋਟ ਬੰਦੀ ਲਾਗੂ ਹੋਣ ਨਾਲ ਪੰਜਾਹ ਲੱਖ ਨੌਕਰੀਆਂ ਦਾ ਖਾਤਮਾ ਹੋਇਆ ਉ¤ਥੇ ਇਸ ਦੌਰ ਵਿੱਚ 12 ਹਜ਼ਾਰ ਕਿਸਾਨ ਖੁਦਕਸੀਆਂ ਕਰਨ ਲਈ ਮਜਬੂਰ ਹੋ ਗਏ। ਮੋਦੀ ਸਰਕਾਰ ਦੀ ਕਾਰਗੁਜਾਰੀ ਦਾ ਜਿਕਰ ਕਰਦਿਆਂ ਪ੍ਰਿਯੰਕਾ ਨੇ ਕਿਹਾ ਕਿ ਉਹ ਅਣਗਿਣਤ ਵਿਦੇਸ਼ੀ ਦੌਰੇ ਤਾਂ ਕਰ ਚੁੱਕੇ ਹਨ, ਲੇਕਿਨ ਉਹਨਾਂ ਕਿਸਾਨਾਂ ਨੂੰ ਸੁਣਨ ਲਈ ਪੰਜ ਮਿੰਟ ਦਾ ਸਮਾਂ ਦੇਣ ਤੋਂ ਵੀ ਇਨਕਾਰੀ ਹੋ ਗਏ, ਜੋ ਦੇਸ ਦੇ ਵੱਖ ਵੱਖ ਹਿੱਸਿਆਂ ਤੋਂ ਪੈਦਲ ਤੁਰ ਕੇ ਦਿੱਲੀ ਪੁੱਜੇ ਸਨ। ਨੋਟਬੰਦੀ ਦੀ ਵਜਾਹ ਕਾਰਨ ਆਪਣੇ ਪੈਸੇ ਕਢਵਾਉਣ ਲਈ ਕਤਾਰਾਂ ਵਿੱਚ ਲੱਗੇ ਸੌ ਦੇ ਕਰੀਬ ਵਿਅਕਤੀ ਆਪਣੀਆਂ ਜਾਨਾਂ ਤੋਂ ਹੱਥ ਧੋ ਬੈਠੇ, ਲੇਕਿਨ ਭਾਰਤੀ ਜਨਤਾ ਪਾਰਟੀ ਦਾ ਇੱਕ ਵੀ ਮੈਂਬਰ ਕਿਸੇ ਲਾਈਨ ਵਿੱਚ ਨਹੀਂ ਸੀ ਦਿਸਿਆ, ਜਦ ਕਿ ਉਹਨਾਂ ਨਾਲ ਰਾਹੁਲ ਗਾਂਧੀ ਨੇ ਵੀ ਇੱਕਮੁੱਠਤਾ ਪ੍ਰਗਟ ਕਰਨ ਲਈ ਕਤਾਰ ਵਿੱਚ ਖੜਣ ਨੂੰ ਤਰਜੀਹ ਦਿੱਤੀ।
ਪੰਜਾਬੀਆਂ ਦੀ ਅਗਾਂਹਵਧੂ ਸੋਚ ਦਾ ਜਿਕਰ ਕਰਦਿਆਂ ਪ੍ਰਿਯੰਕਾ ਨੇ ਕਿਹਾ ‘‘ਹਿੰਦੂ ਨਾ ਮੁਸਲਮਾਨ,ਪੰਜਾਬ ਜਿਉਂਦਾ ਗੁਰੂ ਦੇ ਨਾਂ ਤੇ’’ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰੂਆਂ ਦੀ ਦੇਣ ਦਾ ਜ਼ਿਕਰ ਕਰਦਿਆਂ ਕਾਂਗਰਸੀ ਆਗੂ ਨੇ ਕਿਹਾ ਕਿ ਬਾਬੇ ਨਾਨਕ ਦੇ ਤੇਰਾ ਤੇਰਾ ਦੇ ਉਲਟ ਮੋਦੀ ਤੇ ਉਸਦੇ ਜੋਟੀਦਾਰ ਮੇਰਾ ਮੇਰਾ ਤੱਕ ਹੀ ਸੀਮਤ ਨਹੀਂ ਰਹੇ ਸਗੋਂ ਇਸ ਦੇਸ਼ ਦੀ ਦੌਲਤ ਲੁੱਟਣ ਵਾਸਤੇ ਭੂ-ਮਾਫੀਆ, ਸ਼ਰਾਬ ਮਾਫੀਆ ਤੇ ਟਰਾਂਸਪੋਰਟ ਮਾਫੀਆ ਨੂੰ ਖੁਲ੍ਹੀ ਛੁੱਟੀ ਦੇ ਦਿੱਤੀ, ਜਿਸਦਾ ਖਮਿਆਜ਼ਾ ਸਮੁੱਚੇ ਦੇਸ ਨੂੰ ਭੁਗਤਣਾ ਪੈ ਰਿਹਾ ਹੈ।
ਪਿਛਲੇ ਅਰਸੇ ਦੌਰਾਨ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਪ੍ਰਿਯੰਕਾ ਨੇ ਕਿਹਾ ਕਿ ਇਹ ਆਮ ਵਰਤਾਰਾ ਨਹੀਂ, ਬਲਕਿ ਵੋਟ ਬਟੋਰਨ ਦੀ ਇੱਕ ਅਜਿਹੀ ਗਿਣ ਮਿਥੀ ਯੋਜਨਾ ਦਾ ਹਿੱਸਾ ਸੀ, ਜਿਸਨੂੰ ਕੋਈ ਵੀ ਭਾਰਤੀ ਬਰਦਾਸਤ ਨਹੀਂ ਕਰ ਸਕਦਾ। ਚਿੱਟੇ ਦੀ ਬਿਮਾਰੀ ਨੇ ਪੰਜਾਬ ਨੂੰ ਇਸ ਕਦਰ ਆਪਣੀ ਜਕੜ ਵਿੱਚ ਲੈ ਲਿਆ ਹੈ, ਕਿ ਕਰੀਬ ਕਰੀਬ ਹਰ ਪਰਿਵਾਰ ਦੀ ਤੜਪ ਇਸ ਦੀ ਗਵਾਹੀ ਭਰਦੀ ਹੈ, ਜਦ ਆਪਣੇ
ਪੰਜਾਬ ਦੌਰੇ ਦੌਰਾਨ ਰਾਹੁਲ ਗਾਂਧੀ ਨੇ ਇਸਤੇ ਚਿੰਤਾ ਪ੍ਰਗਟ ਕੀਤੀ ਤਾਂ ਮਨੁੱਖਤਾ ਵਿਰੋਧੀ ਇਸ ਕਾਰੋਬਾਰ ਚੋਂ ਦੌਲਤ ਕਮਾਉਣ ਵਾਲਿਆਂ ਨੇ ਉਸਦੀ ਖਿਲੀ ਉਡਾਉਣੀ ਸੁਰੂ ਕਰ ਦਿੱਤੀ ਸੀ। ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸੀ
ਉਮੀਦਵਾਰ ਰਾਜਾ ਵੜਿੰਗ ਨੂੰ ਸਫ਼ਲ ਬਣਾਉਣ ਦੀ ਅਪੀਲ ਕਰਦਿਆਂ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਅਜਿਹਾ ਮੈਨੀਫੈਸਟੋ ਤਿਆਰ ਕੀਤਾ ਹੈ, ਜੋ ਭਾਰਤ ਦੇ ਸਾਰੇ ਲੋਕਾਂ ਦੇ ਹਿਤਾਂ ਦੀ ਪੂਰਤੀ ਕਰੇਗਾ।
ਇਸ ਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦਿਆਂ ਆਪਣੇ ਸੰਖੇਪ ਭਾਸਣ ਰਾਹੀਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕੇਂਦਰ ’ਚ ਅਗਾਂਹਵਧੂ ਸਰਕਾਰ ਬਣਾਉਣ ਅਤੇ ਪੰਜਾਬ ਚੋਂ ਲੋਕ ਵਿਰੋਧੀ ਤਾਕਤਾਂ ਦੇ ਖਾਤਮੇ ਲਈ ਉਹ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਭਾਰੀ ਤਾਦਾਦ ਵਿੱਚ ਵੋਟਾਂ ਪਾ ਕੇ ਸਫ਼ਲ ਬਣਾਉਣ।
ਆਪਣੇ ਵੱਖਰੇ ਅੰਦਾਜ਼ ਰਾਹੀਂ ਰੈਲੀ ਨੂੰ ਸੰਬੋਧਨ ਹੁੰਦਿਆਂ ਪੰਜਾਬ ਦੇ ਚਰਚਿਤ ਵਜ਼ੀਰ ਸ੍ਰੀ ਨਵਜੋਤ ਸਿੱਧੂ ਨੇ ਐਲਾਨ ਕੀਤਾ ਕਿ ਚੋਣ ਪ੍ਰਚਾਰ ਦੇ ਖਤਮ ਹੋਣ ਵਾਲੇ ਦਿਨ 17 ਮਈ ਨੂੰ ਉਹ ਆਪਣਾ ਸਾਰਾ ਦਿਨ ਲੋਕ ਸਭਾ ਹਲਕਾ ਬਠਿੰਡਾ ਨੂੰ ਸਮਰਪਿਤ ਕਰਨਗੇ, ਤਾਂ ਜੋ ਦੌਲਤ ਤੇ ਹੰਕਾਰ ਦੇ ਪ੍ਰਤੀਕ ਬਾਦਲ ਪਰਿਵਾਰ ਦੀ ਮੈਂਬਰ ਹਰਸਿਮਰਤ ਬਾਦਲ ਨੂੰ ਬੁਰੀ ਤਰ੍ਹਾਂ ਹਰਾਇਆ ਜਾ ਸਕੇ। ਆਪਣੇ ਨਿਵੇਕਲੇ ਅੰਦਾਜ਼ ਵਿੱਚ ਇਹ ਐਲਾਨ ਕਰਦਿਆਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਤੇ ਕਰਵਾਉਣ ਵਾਲਿਆਂ ਨੂੰ ਜੇਕਰ ਉਹ ਸਜ਼ਾ ਨਾ ਦਿਵਾ ਸਕਿਆ ਤਾਂ ਸਿਆਸਤ ਤੋਂ ਹਮੇਸਾਂ ਲਈ ਸਨਿਆਸ ਲੈ ਲਵੇਗਾ। ਭਾਵੁਕ ਅੰਦਾਜ਼ ਵਿੱਚ ਸੰਬੋਧਨ ਹੁੰਦਿਆਂ ਲੋਕ ਸਭਾ ਦੇ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਨੇ ਕਿਹਾ ਕਿ ਉਸਦੀ ਆਖ਼ਰੀ ਤਮੰਨਾ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਨੂੰ ਚੋਣ ਹਰਾ ਕੇ ਇਹ ਸਾਬਤ ਕਰਨਾ ਹੈ, ਕਿ ਕਾਲੀ ਕਮਾਈ ਨਾਲ ਜਮ੍ਹਾਂ ਕੀਤੀ ਹੋਈ ਦੌਲਤ ਲੋਕਤੰਤਰ ਨੂੰ ਹਥਿਆਉਣ ਵਿੱਚ ਸਫ਼ਲ ਨਹੀਂ ਹੁੰਦੀ, ਅੰਤ ਵਿੱਚ ਜਿੱਤ ਜਮਹੂਰੀਅਤ ਤੇ ਸੱਚਾਈ ਨੂੰ ਹੀ ਨਸੀਬ ਹੁੰਦੀ ਹੈ। ਮਨਪ੍ਰੀਤ ਸਿੰਘ ਬਾਦਲ, ਰਾਣਾ ਗੁਰਮੀਤ ਸਿੰਘ ਸੋਢੀ, ਗੁਰਪ੍ਰੀਤ ਸਿੰਘ ਕਾਂਗੜ, ਖੁਸ਼ਬਾਜ ਸਿੰਘ ਜਟਾਣਾ, ਹਰਚਰਨ ਸਿੰਘ ਸੋਥਾ, ਮਨੋਜ ਬਾਲਾ ਅਤੇ ਅਰੁਣ ਜੀਤ ਮੱਲ ਨੇ ਵੀ ਸੰਬੋਧਨ ਕੀਤਾ। ਮੰਚ ਸੰਚਾਲਨ ਦੀ ਜੁਮੇਵਾਰੀ ਰਾਜਸਥਾਨ ਦੇ ਮੰਤਰੀ ਤੇ ਪ੍ਰਦੇਸ਼ ਕਾਂਗਰਸ ਪੰਜਾਬ ਦੇ ਸਾਬਕਾ ਸਹਿ ਇੰਚਾਰਜ ਸ੍ਰੀ ਹਰੀਸ ਚੌਧਰੀ ਨੇ ਕੀਤੀ। ਇਸ ਮੌਕੇ ਰਣਇੰਦਰ ਸਿੰਘ, ਗੁਰਮੀਤ ਸਿੰਘ ਖੁੱਡੀਆਂ, ਨਾਜਰ ਸਿੰਘ ਮਾਨਸਾਹੀਆ, ਅਜੀਤਇੰਦਰ ਸਿੰਘ ਮੋਫਰ, ਚਿਰੰਜੀ ਲਾਲ ਗਰਗ, ਹਰਵਿੰਦਰ ਸਿੰਘ ਲਾਡੀ ਤੇ ਹੋਰ ਕਈ ਕਾਂਗਰਸੀ ਲੀਡਰ ਹਾਜਰ ਸਨ।

Total Views: 101 ,
Real Estate