ਮੌਤ ‘ਤੇ ਜਿੰਦਗੀ ‘ਚ ਰਤਾ ਕੁ ਤਾਂ ਫਾਸਲਾ ਸੀ -ਕਮਲਜੀਤ

ਸੁਖਨੈਬ ਸਿੰਘ ਸਿੱਧੂ
ਮੈਂ ਘਰੋਂ ਕਾਰ ‘ਤੇ ਸਬਜ਼ੀ ਮੰਡੀ ਲਈ ਨਿਕਲਿਆ ਸੀ , ਬੱਸ ਅੱਡੇ ਵਾਲੇ ਪਾਸਿਓ ਸਬਜ਼ੀ ਮੰਡੀ ਵੱਲ ਜਾਂਦੇ ਹੀ ਤਿੰਨ ਫੌਜੀ ਵਰਦੀ ਵਾਲਿਆਂ ਨੇ ਮੇਰੇ ਤੇ ਗੋਲੀਆਂ ਚਲਾਉਣੀਆਂ ਸੁਰੂ ਕਰਤੀਆਂ , ਪਹਿਲਾਂ ਮੈਨੂੰ ਸਮਝ ਨਾ ਲੱਗੀ , ਫਿਰ ਲੱਗਾ ਇਹ ਦੁਸ਼ਮਣ ਨੇ ਫੌਜ ਦੇ ਭੇਸ਼ ‘ਚ , ਇੱਕ ਗੋਲੀ ਮੇਰੀ ਖੱਬੀ ਬਾਂਹ ‘ਤੇ ਲੱਗੀ , ਦੂਜੀ ਛਾਤੀ ‘ਤੇ ਦਿਲ ਦੇ ਉਤੇ ਉਦੋਂ ਤੱਕ ਮੈਂ ਕਾਰ ਡਿਵਾਈਡਰ ਤੋਂ ਮੋੜਤੀ ਸੀ , ਹੋਰ ਨੇੜੇ ਹੋ ਕੇ ਉਹਨਾਂ ਨੇ ਬਰੱਸਟ ਮਾਰਿਆ ਅਤੇ ਮੇਰੀ ਸੱਜੀ ਬਾਂਹ ਵੀ ਗੋਲੀਆਂ ਨਾਲ ਛਾਨਣੀ ਹੋਗੀ , ਮੈਂ ਸਾਹ ਘੱਟ ਕੇ ਕਾਰ ‘ਚ ਡਿੱਗ ਪਿਆ । ਉਹਨਾਂ ਨੇ ਮੈਨੂੰ ਕਾਲਰ ਫੜਕੇ ਕਾਰ ਵਿੱਚੋਂ ਬਾਹਰ ਸਿੱਟਿਆ ਤੇ ਬਿਨਾ ਕੋਈ ਗੱਲ ਕੀਤੇ , ਕਾਰ ਲੈ ਕੇ ਗੋਲੀਆਂ ਵਰਾਉਂਦੇ ਠਾਣੇ ਅੱਲ ਨੂੰ ਹੋ ਤੁਰੇ। ਜਦੋਂ ਉਹ ਦੂਰ ਨਿਕਲ ਗਏ ਮੈਂ ਆਪਣੇ ਆਪ ਨੂੰ ਸੰਭਾਲਿਆ , ਮੈਂ ਲਹੁ ਲੁਹਾਣ ਸੀ , ਮੱਥੇ ‘ਤੇ ਕੱਚ ਹੀ ਕੱਚ ਲੱਗਿਆ ਪਿਆ , ਉਠ ਕੇ ਹਸਪਤਾਲ ਗਿਆ ।’ ਇਉਂ ਮਹਿਸੂਸ ਹੁੰਦਾ ਜਿਵੇਂ ਕਮਲਜੀਤ ਸਿੰਘ ਕਿਸੇ ਫਿਲਮ ਦੀ ਕਹਾਣੀ ਸੁਣਾ ਰਿਹਾ ਹੋਵੇ ।
ਤੁਸੀ ਪੁੱਛੋਗੇ ਕਮਲਜੀਤ ਕੌਣ , ਇਹ ਕਹਾਣੀ ਮਨਘੜਤ ਲੱਗਦੀ ਹੈ । ਆਜੋ ਥੋੜੇ ਪਿੱਛੇ ਚੱਲੀਏ , ਸਾਡਾ ਚੇਤਾ ਸਿਆਸੀ ਲੀਡਰਾਂ ਅਤੇ ਸਰਕਾਰਾਂ ਵਰਗਾ ਭੁੱਲ ਛੇਤੀ ਜਾਂਦੇ । ਇਹ ਮਾਮਲਾ 27 ਜੁਲਾਈ 2015 ਦਾ । ਜਦੋਂ ਤਿੰਨ ਵਰਦੀਧਾਰੀ ਅਤਿਵਾਦੀਆਂ ਨੇ ਦੀਨਾਨਗਰ ‘ਚ ਹਮਲਾ ਕੀਤਾ । ਕਮਲਜੀਤ, ਉਸ ਮਾਮਲੇ ਦਾ ਪੀੜਤ ਹੈ। ਇਹਦੀ ਖੱਬੀ ਬਾਂਹ ਕੱਟਣੀ ਪਈ । ਛਾਤੀ ‘ਚ ਗੋਲੀ ਲੱਗੀ ਅਤੇ ਸੱਜੀ ਬਾਂਹ ਦੀਆਂ ਤਿੰਨ ਉਂਗਲਾਂ ਕੰਮ ਨਹੀਂ ਕਰਦੀਆਂ । ਉਹ 78 ਪ੍ਰਤੀਸ਼ਤ ਨਕਾਰਾ ਹੋ ਚੁੱਕਾ । ਜੇ ਕੁਝ ਚੱਲਦਾ ਤਾਂ ਉਹਦੇ ਸਾਹ , ਕਦਮ ਅਤੇ ਬੋਲ ਚੱਲਦੇ ਹਨ।
ਲੋਕ ਸਭਾ ਚੋਣਾਂ ‘ਚ ਜਦੋਂ ਮੀਡੀਆ ਦੇ ਕੈਮਰੇ ਵੱਡੇ ਲੀਡਰਾਂ ਦੇ ਬਿਨਾ ਸਿਰ ਪੈਰ ਦੇ ਬਿਆਨ / ਭਾਸ਼ਣ ਰਿਕਾਰਡ ਕਰਨ ‘ਤੇ ਲੱਗੇ ਹੋਏ ਨੇ ਤਾਂ ਪੰਜ -ਆਬ ਟੀਵੀ ਦੀ ਹਰੇਕ ਲੋਕ ਸਭਾ ਹਲਕੇ ‘ਚ ਜਾ ਕੇ ਸਥਾਨਕ ਮੁੱਦਿਆਂ ‘ਤੇ ਗੱਲ ਕਰਕੇ ਪਰਤਾਂ ਫਰੋਲ ਰਹੀ ਹੈ। ਗੁਰਦਾਸਪੁਰ ਲੋਕ ਸਭਾ ਹਲਕੇ ਵਿੱਚੋਂ ਲੰਘਦੇ ਅਸੀ ਦੀਨਾ ਨਗਰ ਪਹੁੰਚਦੇ ਹਾਂ । ਅਤਿਵਾਦੀ ਹਮਲਾ ਯਾਦ ਆ ਜਾਂਦਾ । ਬੱਸ ਸਟੈਂਡ ‘ਦੇ ਤਾਸ਼ ਖੇਡਦੇ ਲੋਕਾਂ ਨਾਲ ਗੱਲ ਕਰਦੇ ਕਰਦੇ ਅਸੀਂ ਕਮਲਜੀਤ ਸਿੰਘ ਨੂੰ ਲੱਭ ਲੈਂਦੇ ਹਾਂ ।
ਕਮਲਜੀਤ, ਛੋਟਾ ਜਿਹਾ ਢਾਬਾ ਚਲਾ ਕੇ ਟੱਬਰ ਪਾਲਦਾ ਸੀ । ਉਹਦਾ ਜਵਾਨ ਪੁੱਤ ਮੁੰਦਬੁੱਧੀ ਹੈ । ਉਹ ਆਪਣੀ ਮਾਰੂਤੀ 800 ਤੇ ਘਰੋਂ ਸਬਜ਼ੀ ਮੰਡੀ ਲਈ ਨਿਕਲਦਾ । ਅਤਿਵਾਦੀਆਂ ਦੀ ਨਿਸ਼ਾਨਾ ਬਣ ਕੇ ਤੁਰੀ ਫਿਰਦੀ ਲਾਸ਼ ਬਣ ਜਾਂਦਾ । ਅਤਿਵਾਦੀ ਤਾਂ ਮਰਿਆ ਸਮਝ ਕੇ ਛੱਡ ਗਏ ਸੀ ਪਰ ਹੁਣ ਉਹ ਤਿਲ-ਤਿਲ ਮਰ ਰਿਹਾ । ਸ਼ਰੀਰ ਦੇ ਕਿੰਨੇ ਅੰਗ ਨਕਾਰਾ ਹੋ ਗਏ । ਉਦੋਂ ਤਿੰਨ ਲੱਖ ਰੁਪਏ ਸਹਾਇਤਾ ਦਿੱਤੀ ਅਤੇ ਹੁਣ 5 ਹਜ਼ਾਰ ਮਹੀਨਾ ਪੈਨਸ਼ਨ ਉਸਨੂੰ ਮਿਲਦੀ ਹੈ। ਕੰਮ ਕੋਈ ਕਰ ਸਕਦਾ । ਢਾਬੇ ਦਾ ਕੰਮ ਵੀ ਬਾਈਪਾਸ ਨਿਕਲਣ ਕਰਕੇ ਮੰਦਾ ਹੈ।
‘ਮੈਂ ਕੋਈ ਰਾਜਨੀਤਕ ਗੱਲ ਨਈ ਕਰਨੀ , ਜੋ ਉਸ ਦਿਨ ਹੋਇਆ , ਉਹ ਇੰਨਬਿੰਨ ਦੱਸਦਾਂ ,’ ਕਮਲਜੀਤ ਆਪਣੀ ਪੀੜ ਫਰੋਲਦਾ ਕਹਿੰਦਾ, “ ਬਾਕੀ ਤਾਂ ਕੀ ਹੋਣਾ ਸੀ , ਮੇਰੀ ਤਾਂ ਕਾਰ ਵੀ ਠਾਣੇ ‘ਚ ਖੜੀ ਉਹ ਨਹੀਂ ਮਿਲ ਰਹੀ , ਮੈਂ ਕਿਹੜਾ ਪਾਕਿਸਤਾਨੀ ਨਾਗਰਿਕ ਹਾਂ ।
ਉਦੋਂ ਅਕਾਲੀ ਸਰਕਾਰ ਸੀ , ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦੀ ਗੱਲ ਬਾਦਲ ਸਾਹਿਬ ਨੇ ਹਸਪਤਾਲ ‘ਚ ਜਾ ਕੇ ਆਖੀ ਸੀ । ਹੁਣ ਕੈਪਟਨ ਸਰਕਾਰ ਨੇ ਵੀ ਕੁਝ ਨਹੀਂ ਕੀਤਾ । ਸਾਨੂੰ ਇਹ ਦੱਸੋ ਸਾਡਾ ਕੀ ਕਸੂਰ ਸੀ ।
ਧੀ ਦਾ ਰਲ ਮਿਲ ਕੇ ਵਿਆਹ ਕਰ ਦਿੱਤਾ , ਮੈਂ ਡੀਸੀ ਸਾਹਿਬ ਨੂੰ ਕਾਰਡ ਦੇ ਕੇ ਆਇਆ ਸੀ , ਖੌਰੇ ਕੋਈ ਸਹਿਯੋਗ ਦੇ ਦੇਣ ਪਰ ਉਹ ਤਾਂ ਵਿਆਹ ਤੇ ਵੀ ਨਹੀਂ ਆਏ ।”

ਇਹੀ ਕੁਝ ਮੌੜ ਮੰਡੀ ਦੇ ਬੰਬ ਬਲਾਸਟ ਦੇ ਪੀੜਤਾਂ ਨਾਲ ਹੋਇਆ , ਅੰਮ੍ਰਿਤਸਰ ਦੇ ਪੀੜਤਾਂ ਦੀ ਗੱਲ ਵੀ ਇਸਤੋਂ ਵੱਖਰੀ ਨਹੀਂ ਹੋਣੀ ਅਤੇ ਦੀਨਾਨਗਰ ਦੀ ਮਿਸਾਲ ਤੁਹਾਡੇ ਸਾਹਮਣੇ ਹੈ । ਸਿਆਸੀ ਲੋਕ ਉਦੋਂ ਹੀ ਨਜ਼ਰ ਮਾਰਦੇ ਜਦੋਂ ਕਿਸੇ ਮਸਲੇ ਵਿੱਚੋਂ ਕੁਝ ਹਾਸਲ ਹੁੰਦਾ ਹੋਵੇ ਨਹੀਂ ਤਾਂ ਕਿਸੇ ਅਸੀਂ ਸਾਰੇ ਕੀੜੇ ਮਕੌੜੇ ਹਾਂ ।

Total Views: 238 ,
Real Estate