ਹਰਿਆਣਾ ਚੋਣਾਂ: ‘ਆਪ’ ਤੇ ਕਾਂਗਰਸ ਵਿਚਾਲੇ ਸੀਟ ਵੰਡ ’ਤੇ ਪੇਚ ਫਸਿਆ

ਹਰਿਆਣਾ ’ਚ ਆਮ ਆਦਮੀ ਪਾਰਟੀ ਤੇ ਸਮਾਜਵਾਦੀ ਪਾਰਟੀ ਵਿਚਾਲੇ ਗੱਠਜੋੜ ਨੂੰ ਲੈ ਕੇ ਅੱਜ ਨਵੀਂ ਦਿੱਲੀ ’ਚ ਸਾਰਾ ਦਿਨ ਮੀਟਿੰਗਾਂ ਦਾ ਦੌਰ ਚੱਲਿਆ। ਕਾਂਗਰਸ ਤੇ ‘ਆਪ’ ਵਿਚਾਲੇ ਸੀਟ ਵੰਡ ’ਤੇ ਹਾਲੇ ਸਹਿਮਤੀ ਨਹੀਂ ਬਣੀ ਹੈ। ਕਾਂਗਰਸ ਵੱਲੋਂ ਗਠਿਤ ਕਮੇਟੀ 5 ਸਤੰਬਰ ਨੂੰ ਮੁੜ ‘ਆਪ’ ਆਗੂਆਂ ਨਾਲ ਮੀਟਿੰਗ ਕਰਕੇ ਗੱਲਬਾਤ ਅੱਗੇ ਵਧਾਉਣ ਦੀ ਕੋਸ਼ਿਸ਼ ਕਰੇਗੀ। ਮੰਨਿਆ ਜਾ ਰਿਹਾ ਹੈ ਕਿ ਭਲਕੇ ਗੱਠਜੋੜ ਸਬੰਧੀ ਕੋਈ ਆਖਰੀ ਫ਼ੈਸਲਾ ਹੋ ਸਕਦਾ ਹੈ।ਕਾਂਗਰਸ ਦੇ ਕੌਮੀ ਜਥੇਬੰਦਕ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਦੀ ਪ੍ਰਧਾਨਗੀ ਹੇਠ ਗੱਠਜੋੜ ਬਾਰੇ ਗੱਲਬਾਤ ਲਈ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕਮੇਟੀ ’ਚ ਸਕਰੀਨਿੰਗ ਕਮੇਟੀ ਦੇ ਚੇਅਰਮੈਨ ਅਜੈ ਮਾਕਨ, ਹਰਿਆਣਾ ਮਾਮਲਿਆਂ ਦੇ ਇੰਚਾਰਜ ਦੀਪਕ ਬਾਬਰੀਆ ਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਸ਼ਾਮਲ ਹਨ। ਲੰਘੀ ਰਾਤ ਵੀ ‘ਆਪ’ ਆਗੂਆਂ ਨਾਲ ਗੱਲਬਾਤ ਹੋਈ ਸੀ। ਇਸ ਮਗਰੋਂ ਅੱਜ ‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨਾਲ ਸੀਟ ਵੰਡ ਨੂੰ ਲੈ ਕੇ ਗੱਲਬਾਤ ਹੋਈ ਹੈ। ਕੇਸੀ ਵੇਣੂਗੋਪਾਲ ਤੋਂ ਬਾਅਦ ਬਾਬਰੀਆ ਦੀ ਵੱਖਰੇ ਤੌਰ ’ਤੇ ਰਾਘਵ ਚੱਢਾ ਨਾਲ ਗੱਲਬਾਤ ਹੋਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ‘ਆਪ’ ਹਰਿਆਣਾ ’ਚ ਵਿਧਾਨ ਸਭਾ ਦੀਆਂ 90 ’ਚੋਂ 10 ਸੀਟਾਂ ਦੀ ਮੰਗ ਕਰ ਰਹੀ ਹੈ, ਜਦਕਿ ਕਾਂਗਰਸ ਵੱਲੋਂ ਪੰਜ ਸੀਟਾਂ ਦੀ ਪੇਸ਼ਕਸ਼ ਕੀਤੇ ਜਾਣ ਦੀ ਸੂਚਨਾ ਹੈ। ਸਮਾਜਵਾਦੀ ਪਾਰਟੀ ਵੱਲੋਂ ਜੁਲਾਨਾ ਸੀਟ ਦੀ ਮੰਗ ਕੀਤੇ ਜਾਣ ਦੀ ਖ਼ਬਰ ਹੈ। ਐੱਨਸੀਪੀ ਨੇ ਹਰਿਆਣਾ ’ਚ ਕਾਂਗਰਸ ਨਾਲ ਗੱਠਜੋੜ ਤਹਿਤ ਇੱਕ ਸੀਟ ਦੀ ਮੰਗ ਕੀਤੀ ਹੈ। ਕਾਂਗਰਸ ਗੱਠਜੋੜ ਤਹਿਤ ਚੋਣ ਲੜੇਗੀ ਜਾਂ ਨਹੀਂ, ਇਸ ਦਾ ਫ਼ੈਸਲਾ ‘ਆਪ’ ਨਾਲ ਗੱਲਬਾਤ ਤੋਂ ਬਾਅਦ ਹੀ ਹੋਵੇਗਾ। ਅੱਜ ਹੋਈ ਗੱਲਬਾਤ ਬਾਰੇ ਦੀਪਕ ਬਾਬਰੀਆ ਨੇ ਸੰਕੇਤ ਦਿੱਤੇ ਕਿ 10 ਤੋਂ ਘੱਟ ਸੀਟਾਂ ’ਤੇ ਸਹਿਮਤੀ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇ ਆਮ ਆਦਮੀ ਪਾਰਟੀ ਇਸ ’ਤੇ ਰਾਜ਼ੀ ਹੁੰਦੀ ਹੈ ਤਾਂ ਠੀਕ ਹੈ। ਨਹੀਂ ਤਾਂ ਉਹ ਗੱਲਬਾਤ ਬੰਦ ਕਰ ਦੇਣਗੇ। ਰਾਜ ਸਭਾ ਮੈਂਬਰ ਤੇ ਸੀਨੀਅਰ ‘ਆਪ’ ਆਗੂ ਸੰਜੈ ਸਿੰਘ ਵੀ ਗੱਠਜੋੜ ਨੂੰ ਸਿਰੇ ਚਾੜ੍ਹਨ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ। ਬਾਬਰੀਆ ਨੇ ਕਿਹਾ ਕਿ ਗੱਲਬਾਤ ਚੱਲ ਰਹੀ ਹੈ। ਮੁੱਖ ਮਕਸਦ ਭਾਜਪਾ ਨੂੰ ਸੱਤਾ ’ਚ ਆਉਣ ਦੇਣ ਤੋਂ ਰੋਕਣਾ ਹੈ। ਮੀਟਿੰਗ ਮਗਰੋਂ ਰਾਘਵ ਚੱਢਾ ਨੇ ਮੀਡੀਆ ਸਾਹਮਣੇ ਕੋਈ ਟਿੱਪਣੀ ਨਹੀਂ ਕੀਤੀ। ਕਾਂਗਰਸ ਆਗੂ ਅਜੈ ਮਾਕਨ ਦੀ ਅਗਵਾਈ ਹੇਠ ਕੇਂਦਰੀ ਚੋਣ ਕਮੇਟੀ ਬਣਾਈ ਗਈ ਹੈ। ਮਾਕਨ ਨੇ ‘ਆਪ’ ਆਗੂਆਂ ਨਾਲ ਗੱਲਬਾਤ ਦੀ ਜ਼ਿੰਮੇਵਾਰੀ ਦੀਪਕ ਬਾਬਰੀਆ ਨੂੰ ਦਿੱਤੀ ਹੈ। ਬਾਬਰੀਆ ਅੱਜ ਦੀ ਗੱਲਬਾਤ ਦੀ ਰਿਪੋਰਟ ਵੇਣੂਗੋਪਾਲ ਨੂੰ ਦੇ ਚੁੱਕੇ ਹਨ। ਭਲਕੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ। ਇਸ ਮਗਰੋਂ ਆਖਰੀ ਫ਼ੈਸਲਾ ਅਜੈ ਮਾਕਨ ਲੈਣਗੇ। ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੇ ਸੂਬਾਈ ਕਾਂਗਰਸ ਦੇ ਕਈ ਆਗੂ ਬਿਨਾਂ ਗੱਠਜੋੜ ਚੋਣ ਲੜਨ ਦੇ ਹੱਕ ’ਚ ਦੱਸੇ ਜਾ ਰਹੇ ਹਨ।

Total Views: 12 ,
Real Estate