
ਇਕ ਚੋਰ ਨੂੰ ਉਸ ਸਮੇਂ ਪਛਤਾਵਾ ਹੋਇਆ ਜਦੋਂ ਉਸ ਨੂੰ ਪਤਾ ਲੱਗਾ ਕਿ ਜਿਸ ਘਰ ਉਸ ਨੇ ਚੋਰੀ ਕੀਤੀ ਸੀ ਉਹ ਮਰਾਠੀ ਦੇ ਮਸ਼ਹੂਰ ਲੇਖਕ ਦਾ ਘਰ ਹੈ। ਪਛਤਾਵਾ ਕਰਦਿਆਂ, ਚੋਰ ਨੇ ਚੋਰੀ ਕੀਤਾ ਸਾਮਾਨ ਵਾਪਸ ਕਰ ਦਿਤਾ। ਪੁਲਿਸ ਨੇ ਦਸਿਆ ਕਿ ਚੋਰ ਨੇ ਰਾਏਗੜ੍ਹ ਜ਼ਿਲ੍ਹੇ ਦੇ ਨੇਰਲ ’ਚ ਨਾਰਾਇਣ ਸੁਰਵੇ ਦੇ ਘਰ ਤੋਂ ਇਕ ਐਲ.ਈ.ਡੀ. ਟੀ.ਵੀ. ਸਮੇਤ ਕੀਮਤੀ ਸਾਮਾਨ ਚੋਰੀ ਕਰ ਲਿਆ ਸੀ। ਮੁੰਬਈ ’ਚ ਜਨਮੀ ਸੁਰਵੇ ਇਕ ਪ੍ਰਸਿੱਧ ਮਰਾਠੀ ਕਵੀ ਅਤੇ ਸਮਾਜਕ ਕਾਰਕੁਨ ਸਨ। ਸੁਰਵੇ, ਜਿਨ੍ਹਾਂ ਨੇ ਅਪਣੀਆਂ ਕਵਿਤਾਵਾਂ ’ਚ ਸ਼ਹਿਰੀ ਮਜ਼ਦੂਰ ਜਮਾਤ ਦੇ ਸੰਘਰਸ਼ਾਂ ਨੂੰ ਸਪੱਸ਼ਟ ਰੂਪ ’ਚ ਦਰਸਾਇਆ, ਦੀ 16 ਅਗੱਸਤ, 2010 ਨੂੰ 84 ਸਾਲ ਦੀ ਉਮਰ ’ਚ ਮੌਤ ਹੋ ਗਈ। ਸੁਰਵੇ ਦੀ ਧੀ ਸੁਜਾਤਾ ਅਤੇ ਉਸ ਦਾ ਪਤੀ ਗਣੇਸ਼ ਘਾਰੇ ਹੁਣ ਉਨ੍ਹਾਂ ਦੇ ਘਰ ’ਚ ਰਹਿੰਦੇ ਹਨ। ਉਹ ਅਪਣੇ ਬੇਟੇ ਕੋਲ ਰਹਿਣ ਲਈ ਕੁੱਝ ਦਿਨਾਂ ਲਈ ਵਿਰਾਰ ਗਏ ਸਨ ਅਤੇ ਉਨ੍ਹਾਂ ਦੇ ਘਰ ਨੂੰ 10 ਦਿਨਾਂ ਲਈ ਤਾਲਾ ਲੱਗਾ ਹੋਇਆ ਸੀ। ਇਸ ਦੌਰਾਨ ਚੋਰ ਘਰ ’ਚ ਦਾਖਲ ਹੋਇਆ ਅਤੇ ਚੋਰੀ ਕਰ ਲਈ। ਅਗਲੇ ਦਿਨ, ਜਦੋਂ ਉਹ ਕੁੱਝ ਹੋਰ ਚੀਜ਼ਾਂ ਚੋਰੀ ਕਰਨ ਆਇਆ, ਤਾਂ ਉਸ ਨੇ ਇਕ ਕਮਰੇ ’ਚ ਸੁਰਵੇ ਦੀ ਤਸਵੀਰ ਅਤੇ ਉਸ ਨੂੰ ਮਿਲੇ ਸਨਮਾਨਾਂ ਨੂੰ ਵੇਖਿਆ। ਇਹ ਵੇਖਦੇ ਸਾਰ ਚੋਰ ਨੂੰ ਬਹੁਤ ਪਛਤਾਵਾ ਹੋਇਆ। ਪਛਤਾਵਾ ਕਰਦਿਆਂ, ਉਸ ਨੇ ਚੋਰੀ ਕੀਤਾ ਸਾਮਾਨ ਵਾਪਸ ਕਰ ਦਿਤਾ। ਇੰਨਾ ਹੀ ਨਹੀਂ, ਉਸ ਨੇ ਕੰਧ ’ਤੇ ਇਕ ਛੋਟਾ ਜਿਹਾ ‘ਨੋਟ’ ਚਿਪਕਾ ਦਿਤਾ ਜਿਸ ਵਿਚ ਉਸ ਨੇ ਮਹਾਨ ਸਾਹਿਤਕਾਰ ਦੇ ਘਰ ਚੋਰੀ ਕਰਨ ਲਈ ਮਾਲਕ ਤੋਂ ਮੁਆਫੀ ਮੰਗੀ। ਨੇਰਲ ਥਾਣੇ ਦੇ ਇੰਸਪੈਕਟਰ ਸ਼ਿਵਾਜੀ ਧਾਵਲੇ ਨੇ ਕਿਹਾ ਕਿ ਸੁਜਾਤਾ ਅਤੇ ਉਸ ਦੇ ਪਤੀ ਨੂੰ ਇਹ ਨੋਟ ਮਿਲਿਆ ਸੀ ਜਦੋਂ ਉਹ ਐਤਵਾਰ ਨੂੰ ਵਿਰਾਰ ਤੋਂ ਵਾਪਸ ਆਏ ਸਨ। ਉਨ੍ਹਾਂ ਕਿਹਾ ਕਿ ਪੁਲਿਸ ਟੀ.ਵੀ. ਅਤੇ ਹੋਰ ਚੀਜ਼ਾਂ ’ਤੇ ਮਿਲੇ ਉਂਗਲਾਂ ਦੇ ਨਿਸ਼ਾਨਾਂ ਦੇ ਆਧਾਰ ’ਤੇ ਅਗਲੇਰੀ ਜਾਂਚ ਕਰ ਰਹੀ ਹੈ।