ਰਾਜਸਥਾਨ ’ਚ ਕਈ ਮਸ਼ਹੂਰ ਕੰਪਨੀਆਂ ਦੇ ਮਸਾਲੇ ‘ਅਸੁਰੱਖਿਅਤ’ ਮਿਲੇ

ਰਾਜਸਥਾਨ ’ਚ ਖਾਣ-ਪੀਣ ਦੀਆਂ ਚੀਜ਼ਾਂ ’ਚ ਮਿਲਾਵਟਖੋਰੀ ਵਿਰੁਧ ਚਲਾਈ ਗਈ ਮੁਹਿੰਮ ’ਚ ਦੇਸ਼ ਦੀਆਂ ਕਈ ਮਸ਼ਹੂਰ ਮਸਾਲੇ ਕੰਪਨੀਆਂ ਦੇ ਉਤਪਾਦ ‘ਅਸੁਰੱਖਿਅਤ’ ਪਾਏ ਗਏ ਹਨ। ਅਧਿਕਾਰੀਆਂ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ ।
ਅਧਿਕਾਰੀਆਂ ਨੇ ਦਸਿਆ ਕਿ ਮੈਡੀਕਲ ਅਤੇ ਸਿਹਤ ਮੰਤਰੀ ਗਜੇਂਦਰ ਸਿੰਘ ਖਿੰਵਸਰ ਨੇ ਇਨ੍ਹਾਂ ਕੰਪਨੀਆਂ ਵਿਰੁਧ ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਐਕਟ ਤਹਿਤ ਸਖਤ ਕਾਰਵਾਈ ਯਕੀਨੀ ਬਣਾਉਣ ਅਤੇ ਇਨ੍ਹਾਂ ‘ਅਸੁਰੱਖਿਅਤ’ ਮਸਾਲਿਆਂ ਨੂੰ ਤੁਰਤ ਪ੍ਰਭਾਵ ਨਾਲ ਜ਼ਬਤ ਕਰਨ ਦੇ ਹੁਕਮ ਦਿਤੇ ਹਨ। ਮੈਡੀਕਲ ਤੇ ਸਿਹਤ ਵਿਭਾਗ ਦੀ ਵਧੀਕ ਮੁੱਖ ਸਕੱਤਰ ਸ਼ੁਭਰਾ ਸਿੰਘ ਨੇ ਦਸਿਆ ਕਿ ਇਸ ਮੁਹਿੰਮ ਤਹਿਤ ਨਾਮਵਰ ਕੰਪਨੀਆਂ ਸਮੇਤ ਵੱਖ-ਵੱਖ ਕੰਪਨੀਆਂ ਦੇ ਮਸਾਲਿਆਂ ਦੇ ਕੁਲ 93 ਨਮੂਨੇ ਲਏ ਗਏ। ਸਟੇਟ ਸੈਂਟਰਲ ਪਬਲਿਕ ਹੈਲਥ ਲੈਬਾਰਟਰੀ ਦੀ ਟੈਸਟ ਰੀਪੋਰਟ ਅਨੁਸਾਰ ਕੁੱਝ ਨਮੂਨਿਆਂ ’ਚ ਕੀਟਨਾਸ਼ਕਾਂ ਦੀ ਉੱਚ ਮਾਤਰਾ ਪਾਈ ਗਈ।ਸ਼ੁਭਰਾ ਸਿੰਘ ਨੇ ਕਿਹਾ ਕਿ ਸੂਬੇ ਦੇ ਸਾਰੇ ਅਧਿਕਾਰੀਆਂ ਅਤੇ ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀਆਂ ਨੂੰ ਇਕ ਚਿੱਠੀ ਲਿਖੀ ਗਈ ਹੈ ਜਿਸ ’ਚ ਉਨ੍ਹਾਂ ਨੂੰ ਅਸੁਰੱਖਿਅਤ ਪਾਏ ਗਏ ਮਸਾਲਿਆਂ ਨੂੰ ਜ਼ਬਤ ਕਰਨ ਦੇ ਹੁਕਮ ਦਿਤੇ ਗਏ ਹਨ। ਇਸ ਤੋਂ ਇਲਾਵਾ, ਕਿਉਂਕਿ ‘ਐਮ.ਡੀ.ਐਚ.’ ਮਸਾਲਿਆਂ ਦੀ ਨਿਰਮਾਣ ਇਕਾਈ ਹਰਿਆਣਾ ’ਚ ਹੈ, ‘ਐਵਰੈਸਟ’ ਅਤੇ ‘ਗਜਨੰਦ’ ਮਸਾਲਿਆਂ ਦੀ ਨਿਰਮਾਣ ਇਕਾਈ ਗੁਜਰਾਤ ’ਚ ਹੈ, ਇਸ ਲਈ ਕਾਰਵਾਈ ਲਈ ਉਥੋਂ ਦੇ ਭੋਜਨ ਸੁਰਖਿਆ ਕਮਿਸ਼ਨਰਾਂ ਨੂੰ ਚਿੱਠੀ ਲਿਖੀ ਗਈ ਹੈ। ਇਸ ਤੋਂ ਇਲਾਵਾ ਇਨ੍ਹਾਂ ਮਾਮਲਿਆਂ ’ਚ ਕਾਰਵਾਈ ਲਈ ਫ਼ੂਡ ਸੇਫ਼ਟੀ ਐਂਡ ਸਟੈਂਡਰਡ ਅਥਾਰਟੀ ਆਫ਼ ਇੰਡੀਆ, ਨਵੀਂ ਦਿੱਲੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੂੰ ਵੀ ਚਿੱਠੀ ਲਿਖੀ ਗਈ ਹੈ। ਭੋਜਨ ਸੁਰਖਿਆ ਕਮਿਸ਼ਨਰ ਇਕਬਾਲ ਖ਼ਾਨ ਨੇ ਕਿਹਾ ਕਿ ਜਾਂਚ ਦੌਰਾਨ ਐਮ.ਡੀ.ਐਚ., ਐਵਰੈਸਟ, ਗਜਨੰਦ, ਸ਼ਿਆਮ, ਸ਼ੀਬਾ ਤਾਜ਼ਾ ਵਰਗੀਆਂ ਮਸ਼ਹੂਰ ਕੰਪਨੀਆਂ ਦੇ ਮਸਾਲੇ ‘ਅਸੁਰੱਖਿਅਤ’ ਪਾਏ ਗਏ ਹਨ। ਉਨ੍ਹਾਂ ਦਸਿਆ ਕਿ ਜਾਂਚ ਅਨੁਸਾਰ ਐਮ.ਡੀ.ਐਚ. ਕੰਪਨੀ ਦੇ ਗਰਮ ਮਸਾਲੇ ’ਚ ‘ਐਸੀਟਾਮਿਪ੍ਰਿਡ’, ‘ਥਿਆਮੇਥਾਕਸਮ’, ‘ਇਮਿਡਾਕਲੋਪ੍ਰਿਡ’, ਸਬਜ਼ੀ ਮਸਾਲੇ ਅਤੇ ਚਨਾ ਮਸਾਲੇ ’ਚ ‘ਟ?ਰਾਈਸਾਈਕਲ’, ਸ਼ਿਆਮ ਕੰਪਨੀ ਦੇ ਗਰਮ ਮਸਾਲੇ ’ਚ ‘ਐਸੀਟਾਮਿਪ੍ਰਿਡ’, ਸ਼ੀਬਾ ਤਾਜ਼ਾ ਕੰਪਨੀ ਦੇ ਰਾਇਤਾ ਮਸਾਲੇ ’ਚ ‘ਥਿਆਮੇਥਾਕਸਮ’ ਅਤੇ ‘ਐਸੀਟਾਮਿਪ੍ਰਿਡ’, ਸ਼ੀਬਾ ਤਾਜ਼ਾ ਕੰਪਨੀ ਦੇ ਰਾਈਤਾ ਮਸਾਲੇ ’ਚ ‘ਐਥਿਓਨ’ ਅਤੇ ‘ਈਥੌਕਸੀਸਟ?ਰੋਫਿਨ’ ਕੀਟਨਾਸ਼ਕ ਦੀ ਮਾਤਰਾ ਨਿਰਧਾਰਤ ਸੀਮਾ ਤੋਂ ਕਿਤੇ ਵੱਧ ਪਾਈ ਗਈ ਹੈ। ਜੋ ਸਿਹਤ ਲਈ ਬਹੁਤ ਨੁਕਸਾਨਦੇਹ ਹੋ ਸਕਦਾ ਹੈ।

Total Views: 37 ,
Real Estate