ਦਿੱਲੀ ਪੁਲੀਸ ਦੀ ਟੀਮ ਨੇ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਕਥਿਤ ਕੁੱਟਮਾਰ ਮਾਮਲੇ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਤੋਂ ਇੱਕ ਲੈਪਟਾਪ ਅਤੇ ਸੀਸੀਟੀਵੀ ਡਿਜੀਟਲ ਵੀਡੀਓ ਰਿਕਾਰਡਰ (ਡੀਵੀਆਰ) ਜ਼ਬਤ ਕੀਤੇ ਹਨ। ਪੁਲੀਸ ਮੁਤਾਬਕ ਕਬਜ਼ੇ ਵਿਚ ਲਿਆ ਸਾਮਾਨ ਜਾਂਚ ਵਿੱਚ ਸਹਾਈ ਹੋ ਸਕਦਾ ਹੈ। ਇਸ ਦੇ ਨਾਲ ਹੀ ਦਿੱਲੀ ਪੁਲੀਸ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਕੁਝ ਦਸਤਾਵੇਜ਼ ਵੀ ਚੁੱਕ ਕੇ ਲੈ ਗਈ ਹੈ।ਉਧਰ ਦਿੱਲੀ ਦੀ ਅਦਾਲਤ ਨੇ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਕੇਜਰੀਵਾਲ ਦੇ ਨਿੱਜੀ ਸਕੱਤਰ ਵਿਭਵ ਕੁਮਾਰ ਨੂੰ ਪੰਜ ਦਿਨਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਦਿੱਲੀ ਪੁਲੀਸ ਨੇ ਹਾਲਾਂਕਿ ਸੱਤ ਦਿਨਾ ਰਿਮਾਂਡ ਮੰਗਿਆ ਸੀ। ਅਦਾਲਤ ਨੇ ਦਿੱਲੀ ਪੁਲੀਸ ਤੇ ਵਿਭਵ ਦੇ ਵਕੀਲ ਦੀਆਂ ਦਲੀਲਾਂ ਸੁਣਨ ਮਗਰੋਂ ਸ਼ਨਿੱਚਰਵਾਰ ਦੇਰ ਰਾਤ ਫੈਸਲਾ ਰਾਖਵਾਂ ਰੱਖਣ ਮਗਰੋਂ ਪੌਣੇ ਇਕ ਵਜੇ ਦੇ ਕਰੀਬ ਫੈਸਲਾ ਸੁਣਾਇਆ ਸੀ। ਦਿੱਲੀ ਪੁਲੀਸ ਨੇ ਕਿਹਾ ਕਿ ‘ਆਪ’ ਆਗੂ ਸਵਾਤੀ ਮਾਲੀਵਾਲ ’ਤੇ ਕੀਤਾ ਹਮਲਾ ਘਾਤਕ ਹੋ ਸਕਦਾ ਸੀ। ਪੁਲੀਸ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਤੋਂ 13 ਮਈ ਨੂੰ ਹੋਏ ਹਮਲੇ ਸਬੰਧੀ ਕਬਜ਼ੇ ਵਿਚ ਲਈ ਸੀਸੀਟੀਵੀ ਫੁਟੇਜ ਖਾਲੀ ਨਿਕਲੀ ਹੈ। ਪੁਲੀਸ ਨੇ ਰਿਮਾਂਡ ਅਰਜ਼ੀ ਵਿਚ ਇਹ ਗੱਲ ਵੀ ਕਹੀ ਕਿ ਕੁਮਾਰ ਨੇ ਮੰਨਿਆ ਕਿ ਉਸ ਨੇ ਮੁੰਬਈ ਵਿਚ ਆਪਣਾ ਐੱਪਲ ਦਾ ਆਈਫੋਨ 15 ਫਾਰਮੈਟ ਕਰਵਾਇਆ ਹੈ, ਜਿਸ ਦਾ ਡੇਟਾ ਰਿਕਵਰ ਕਰਨ ਲਈ ਮੁਲਜ਼ਮ ਦੇ ਰਿਮਾਂਡ ਦੀ ਲੋੜ ਹੈ।
ਸਵਾਤੀ ਮਾਲੀਵਾਲ ਨਾਲ ਕਥਿਤ ਕੁੱਟਮਾਰ ਮਾਮਲੇ ਵਿਚ ਗ੍ਰਿਫ਼ਤਾਰ ਵਿਭਵ ਕੁਮਾਰ ਪੰਜ ਦਿਨਾ ਪੁਲੀਸ ਰਿਮਾਂਡ ’ਤੇ
Total Views: 102 ,
Real Estate