ਅਸੀਂ ਸ਼੍ਰੀ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਇੰਝ ਮਨਾਈ!

ਬਟਾਲਾ -ਪ੍ਰੋ ਸੁਖਵੰਤ ਸਿੰਘ ਗਿੱਲ

ਸਿਟੀਜ਼ਨਜ਼ ਸੋਸ਼ਲ ਵੈਲਫੇਅਰ ਫੋਰਮ (ਰਜਿ) ਬਟਾਲਾ ਵੱਲੋਂ 5 ਮਈ 2024 ਦਿਨ ਐਤਵਾਰ ਸ਼ਾਮ ਨੂੰ 4:30 ਵਜੇ ਤੋਂ 6:30 ਤੱਕ ਸਥਾਨਕ ਅਰਬਨ ਅਸਟੇਟ ਵਿੱਚ ਪੰਜਾਬੀ ਜਗਤ ਦੇ ਲਾਡਲੇ ਸ਼ਾਇਰ ਸ਼੍ਰੀ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਵਿੱਚ ਇੱਕ ਸਾਹਿਤਕ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਇਸ ਸਾਹਿਤਕ ਗੋਸ਼ਟੀ ਦੀ ਸ਼ੁਰੂਆਤ ਕਰਦਿਆਂ ਫੋਰਮ ਦੇ ਸੀਨੀਅਰ ਸਿਟੀਜ਼ਨਜ਼ ਵਿੰਗ ਦੇ ਕਨਵੀਨਰ ਅਤੇ ਵਰਕਿੰਗ ਪ੍ਰਧਾਨ ਪ੍ਰਿੰਸੀਪਲ ਹਰਭਜਨ ਸਿੰਘ ਭਾਗੋਵਾਲੀਆ ਨੇ ਦੱਸਿਆ ਕਿ ਜੋਬਨ ਰੁੱਤੇ, ਸਦੀਵੀ ਤੌਰ ਤੇ ਸਾਡੇ ਬਟਾਲੇ ਸ਼ਹਿਰ ਦੇ ਅਲਬੇਲੇ ਸ਼ਾਇਰ ਸ਼੍ਰੀ ਸ਼ਿਵ ਕੁਮਾਰ ਬਟਾਲਵੀ ਦਾ ਜਨਮ 1936 ਵਿੱਚ ਬੜਾ ਪਿੰਡ ਲੋਹਟੀਆਂ, ਤਹਿਸੀਲ ਸ਼ਕਰਗੜ੍ਹ, ਜ਼ਿਲਾ ਸਿਆਲਕੋਟ ਦੇ ਇੱਕ ਬ੍ਰਾਹਮਣ ਘਰਾਣੇ ਵਿੱਚ ਹੋਇਆ । ਉਨ੍ਹਾਂ ਦੇ ਪਿਤਾ ਪੰਡਿਤ ਕ੍ਰਿਸ਼ਨ ਗੋਪਾਲ ਪਿੰਡ ਦੇ ਤਹਿਸੀਲਦਾਰ ਅਤੇ ਮਾਤਾ ਸ਼ਾਂਤੀ ਦੇਵੀ ਜੀ ਘਰੇਲੂ ਔਰਤ ਸਨ । ਵੰਡ ਤੋਂ ਬਾਦ 1947 ਵਿਚ ਉਹ ਬਟਾਲੇ ਆ ਗਏ । ਇੱਥੇ ਹੀ ਸ਼ਿਵ ਨੇ ਆਪਣੀ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ। ਉਨ੍ਹਾਂ ਦੀ ਸੁਰੀਲੀ ਆਵਾਜ਼ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਕਵਿਤਾ ਨੂੰ ਬਹੁਤ ਹੀ ਹਰਮਨ ਪਿਆਰਾ ਬਣਾ ਦਿੱਤਾ। ਉਹਨਾਂ ਦੀਆਂ ਪ੍ਰਮੁੱਖ ਕਾਵਿ ਰਚਨਾਵਾਂ ਵਿੱਚ ਪੀੜਾਂ ਦਾ ਪਰਾਗਾ, ਲਾਜਵੰਤੀ, ਆਟੇ ਦੀਆਂ ਚਿੜੀਆਂ, ਮੈਨੂੰ ਵਿਦਾ ਕਰੋ, ਦਰਦਮੰਦਾਂ ਦੀਆਂ ਆਹੀਂ, ਲੂਣਾਂ, ਮੈਂ ਤੇ ਮੈਂ, ਆਰਤੀ ਅਤੇ ਬਿਰਹਾ ਤੂੰ ਸੁਲਤਾਨ ਆਦਿ ਸ਼ਾਮਲ ਹਨ। ਉਨ੍ਹਾਂ ਨੂੰ 1967 ਵਿਚ ਉਨ੍ਹਾਂ ਦੇ ਕਾਵਿ ਨਾਟ ਲੂਣਾਂ ਉੱਪਰ ਸਾਹਿਤ ਅਕਾਦਮੀ ਇਨਾਮ ਮਿਲਿਆ ਅਤੇ 6 ਮਈ 1973 ਨੂੰ ਉਹਨਾਂ ਦੀ ਮੌਤ ਹੋ ਗਈ ਸੀ, ਅਤੇ ਇਸ ਕਰਕੇ ਹੀ ਅੱਜ ਉਹਨਾਂ ਦੀ ਯਾਦ ਵਿੱਚ ਇਸ ਸਾਹਿਤਕ ਗੋਸ਼ਟੀ ਦਾ ਆਯੋਜਨ ਕੀਤਾ ਗਿਆ ਹੈ। ਸਾਫ਼ ਸੁਥਰੀ ਗਾਇਕੀ ਅਤੇ ਲੋਕ ਹਿਤਾਂ ਨੂੰ ਪ੍ਰਣਾਏ ਪ੍ਰਸਿੱਧ ਲੋਕ ਗਾਇਕ ਅਤੇ ਫ਼ੋਰਮ ਦੇ ਸਰਪ੍ਰਸਤ ਸ੍ਰ ਸਵਿੰਦਰ ਸਿੰਘ ਭਾਗੋਵਾਲੀਆ ਨੇ ਸ਼ਿਵ ਕੁਮਾਰ ਬਟਾਲਵੀ ਨਾਲ ਬਿਤਾਏ ਪਲਾਂ ਦਾ ਜ਼ਿਕਰ ਕੀਤਾ। ਇਸ ਮੌਕੇ ਉਹਨਾਂ ਨੇ ਬਟਾਲਵੀ ਜੀ ਦੀ ਰਚਨਾ:

ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਰੰਗ ਗੋਰ ਗੁਲਾਬ ਲੈ ਬੈਠਾ
ਦਿਲ ਦਾ ਡਰ ਸੀ ਕਿਤੇ ਨਾ ਲੈ ਬੈਠੇ
ਲੈ ਹੀ ਬੈਠਾ ਜਨਾਬ ਲੈ ਬੈਠਾ
ਵਿਹਲ ਜਦ ਵੀ ਮਿਲੀ ਹੈ ਫ਼ਰਜ਼ਾਂ ਤੋਂ
ਤੇਰੇ ਮੁੱਖ ਦੀ ਕਿਤਾਬ ਲੈ ਬੈਠਾ
ਕਿੰਨੀ ਬੀਤੀ ਤੇ ਕਿੰਨੀ ਬਾਕੀ ਹੈ
ਮੈਨੁੰ ਇਹੋ ਹਿਸਾਬ ਲੈ ਬੈਠਾ
ਸ਼ਿਵ ਨੂੰ ਇਕ ਗਮ ਤੇ ਹੀ ਭਰੋਸਾ ਸੀ
ਗਮ ਤੋਂ ਕੋਰਾ ਜਵਾਬ ਲੈ ਬੈਠਾ
ਗਾ ਕੇ ਸ਼ਿਵ ਕੁਮਾਰ ਬਟਾਲਵੀ ਜੀ ਨੂੰ ਯਾਦ ਕੀਤਾ।

ਇਸ ਮੌਕੇ ਫ਼ੋਰਮ ਦੇ ਪ੍ਰਧਾਨ ਪ੍ਰੋ ਸੁਖਵੰਤ ਸਿੰਘ ਗਿੱਲ ਨੇ ਦੱਸਿਆ ਕਿ ਸ਼੍ਰੀ ਸ਼ਿਵ ਕੁਮਾਰ ਬਟਾਲਵੀ ਬਹੁਤ ਹੀ “ਸੰਵੇਦਨਸ਼ੀਲ” ਵਿਅਕਤੀਤੱਵ ਦੀ ਇੱਕ ਸਾਕਾਰ ਮੂਰਤ ਸੀ। ਇਸ ਸਬੰਧੀ ਉਹਨਾਂ ਨੇ ਸ਼ਿਵ ਕੁਮਾਰ ਬਟਾਲਵੀ ਦੀ ਪ੍ਰਸਿੱਧ ਰਚਨਾ “ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾਂ” ਲਿਖਣ ਬਾਰੇ ਮਿਸਾਲ ਦੇ ਕੇ ਦੱਸਿਆ ਕਿ ਜਦੋਂ ਸ਼ਿਵ ਦੀ ਉਮਰ 20 ਤੋਂ 24 ਸਾਲ ਵਿਚਕਾਰ ਸੀ, ਤਾਂ ਉਸ ਸਮੇਂ ਉਹ 1960 ਤੋਂ ਪਹਿਲਾਂ ਜ਼ਿਲ੍ਹਾ ਗੁਰਦਾਸਪੁਰ ਦੇ ਇੱਕ ਪਿੰਡ ਗਾਜ਼ੀਨੰਗਲ ਅੰਦਰ ਸਥਿਤ ਇੱਟਾਂ ਵਾਲੇ ਭੱਠੇ ‘ਤੇ ਮੁਣਸ਼ੀ ਵੱਜੋਂ ਕੰਮ ਕਰਦਾ ਸੀ। ਉਸ ਵੇਲੇ ਉਹ ਇੱਟਾਂ ਦਾ ਭੱਠਾ ਜੱਥੇਦਾਰ ਗੁਰਦਿੱਤ ਸਿੰਘ ਉਦੋਵਾਲੀ ਪਿੰਡ ਉਦੋਵਾਲੀ ਖੁਰਦ ਨੇ ਠੇਕੇ ਉੱਪਰ ਲਿਆ ਹੋਇਆ ਸੀ। ਇਹ ਇੱਟਾਂ ਦਾ ਭੱਠਾ ਨਖਾਸੂ ਦੇ ਕੰਢੇ ਇਕ ਉਜਾੜ ਥਾਂ ਉੱਪਰ ਅੱਜ ਵੀ ਸਥਿਤ ਹੈ ਅਤੇ ਉਸ ਸਮੇਂ ਧਿਆਨ ਪੁਰ ਦਾ ਇਹ ਸਾਰਾ ਇਲਾਕਾ ਕੰਡਿਆਲੀ ਥੋਰ੍ਹ ਅਤੇ ਪੋਹਲੀ ਨਾਲ਼ ਭਰਿਆ ਪਿਆ ਹੁੰਦਾ ਸੀ। ਹੁਣ ਇਸ ਕੰਡਿਆਲੀ ਥੋਰ੍ਹ ਅਤੇ ਪੋਹਲੀ ਨਾਲ਼ ਭਰਪੂਰ ਬੀਆਬਾਨ ਮਾਹੌਲ ਅੰਦਰ ਸ਼ਿਵ ਕੁਮਾਰ ਬਟਾਲਵੀ ਵਰਗੇ ਸੰਵੇਦਨਸ਼ੀਲ ਵਿਅਕਤੀ ਦਾ ਪ੍ਰਭਾਵਿਤ ਹੋ ਜਾਣਾ ਲਾਜ਼ਮੀ ਸੀ। ਸੋ, ਇਸ ਕਰਕੇ ਹੀ ਉਸ ਮਾਹੌਲ ਦੀ ਸੰਵੇਦਨਾ, ਉਸ ਕੋਲੋਂ “ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾਂ ਉੱਗੀ ਵਿੱਚ ਉਜਾੜਾਂ” ਦੀ ਰਚਨਾ ਕਰਵਾ ਲੈਂਦੀ ਹੈ। ਇਸ ਮਾਹੌਲ ਵਿੱਚ ਹੀ ਉਹਨਾਂ ਇਹ ਕਵਿਤਾ ਲਿਖੀ ਸੀ ਅਤੇ ਆਪਣੀ ਨਿੱਜੀ ਜ਼ਿੰਦਗੀ ਦੀ ਤੁਲਨਾ ਕੰਡਿਆਲੀ ਥੋਰ੍ਹ ਨਾਲ਼ ਕੀਤੀ ਹੈ। ਉਹਨਾਂ ਦੱਸਿਆ ਕਿ ਇਸ ਰਚਨਾ ਦੀ ਸਿਰਜਣ ਪ੍ਰਕਿਰਿਆ ਦੀ ਇਹ ਗੱਲ, ਜੱਥੇਦਾਰ ਗੁਰਦਿੱਤ ਸਿੰਘ ਉਦੋਵਾਲੀ ਦੇ ਸਭ ਤੋਂ ਛੋਟੇ ਬੇਟੇ ਅਤੇ ਸਾਬਕਾ ਚੇਅਰਮੈਨ ਮਿਲਕਫ਼ੈਡ ਪੰਜਾਬ ਮਰਹੂਮ ਸ੍ਰ ਸਤਵੰਤ ਸਿੰਘ ਰੰਧਾਵਾ ਨੇ ਮੈਨੂੰ ਖ਼ੁਦ ਦੱਸੀ ਸੀ। ਉਹਨਾਂ ਨੇ ਦੱਸਿਆ ਸੀ ਕਿ ਉਹ ਸ਼ਿਵ ਕੁਮਾਰ ਬਟਾਲਵੀ ਤੋਂ ਥੋੜ੍ਹੇ ਛੋਟੇ ਸਨ ਅਤੇ ਪੜ੍ਹਾਈ ਲਿਖਾਈ ਵਿੱਚ ਬਹੁਤੀ ਦਿਲਚਸਪੀ ਨਾ ਹੋਣ ਕਾਰਨ ਅਕਸਰ ਇਸ ਇੱਟਾਂ ਦੇ ਭੱਠੇ ਉੱਪਰ ਹੀ ਦਿਨ ਵੇਲੇ ਰਹਿੰਦੇ ਸਨ ਅਤੇ ਉਨ੍ਹਾਂ ਦੇ ਦੱਸਣ ਮੁਤਾਬਿਕ ਸ਼ਿਵ ਕੁਮਾਰ ਬਟਾਲਵੀ ਕੋਲੋਂ ਇਹ ਰਚਨਾ ਸੁਣਨ ਵਾਲੇ ਉਹ ਪਹਿਲੇ ਸਰੋਤੇ ਸਨ। ਉਹਨਾਂ ਉਸ ਸਮੇਂ ਲਿਖਿਆ ਕਿ:

“ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾ
ਉੱਗੀ ਵਿਚ ਉਜਾੜਾਂ ।
ਜਾਂ ਉਡਦੀ ਬਦਲੋਟੀ ਕੋਈ
ਵਰ੍ਹ ਗਈ ਵਿਚ ਪਹਾੜਾਂ ।
ਜਾਂ ਉਹ ਦੀਵਾ ਜਿਹੜਾ ਬਲਦਾ
ਪੀਰਾਂ ਦੀ ਦੇਹਰੀ ‘ਤੇ,
ਜਾਂ ਕੋਈ ਕੋਇਲ ਕੰਠ ਜਿਦ੍ਹੇ ਦੀਆਂ
ਸੂਤੀਆਂ ਜਾਵਣ ਨਾੜਾਂ ।
ਜਾਂ ਚੰਬੇ ਦੀ ਡਾਲੀ ਕੋਈ
ਜੋ ਬਾਲਣ ਬਣ ਜਾਏ,
ਜਾਂ ਮਰੂਏ ਦਾ ਫੁੱਲ ਬਸੰਤੀ
ਜੋ ਠੁੰਗ ਜਾਣ ਗੁਟਾਰਾਂ ।
ਜਾਂ ਕੋਈ ਬੋਟ ਕਿ ਜਿਸ ਦੇ ਹਾਲੇ
ਨੈਣ ਨਹੀਂ ਸਨ ਖੁੱਲ੍ਹੇ,
ਮਾਰਿਆ ਮਾਲੀ ਕੱਸ ਗੁਲੇਲਾ
ਲੈ ਦਾਖਾਂ ਦੀਆਂ ਆੜਾਂ ।

ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾ
ਉੱਗੀ ਕਿਤੇ ਕੁਰਾਹੇ,
ਨਾ ਕਿਸੇ ਮਾਲੀ ਸਿੰਜਿਆ ਮੈਨੂੰ
ਨਾ ਕੋਈ ਸਿੰਜਣਾ ਚਾਹੇ ।
ਯਾਦ ਤੇਰੀ ਦੇ ਉੱਚੇ ਮਹਿਲੀਂ
ਮੈਂ ਬੈਠੀ ਪਈ ਰੋਵਾਂ,
ਹਰ ਦਰਵਾਜ਼ੇ ਲੱਗਾ ਪਹਿਰਾ
ਆਵਾਂ ਕਿਹੜੇ ਰਾਹੇ ?
ਮੈਂ ਉਹ ਚੰਦਰੀ ਜਿਸ ਦੀ ਡੋਲੀ
ਲੁੱਟ ਲਈ ਆਪ ਕਹਾਰਾਂ,
ਬੰਨ੍ਹਣ ਦੀ ਥਾਂ ਬਾਬਲ ਜਿਸ ਦੇ
ਆਪ ਕਲੀਰੇ ਲਾਹੇ ।
ਕੂਲੀ ਪੱਟ ਉਮਰ ਦੀ ਚਾਦਰ
ਹੋ ਗਈ ਲੀਰਾਂ ਲੀਰਾਂ,
ਤਿੜਕ ਗਏ ਵੇ ਢੋਵਾਂ ਵਾਲੇ
ਪਲੰਘ ਵਸਲ ਲਈ ਡਾਹੇ ।

ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾ
ਉੱਗੀ ਵਿਚ ਜੋ ਬੇਲੇ,
ਨਾ ਕੋਈ ਮੇਰੀ ਛਾਵੇਂ ਬੈਠੇ
ਨਾ ਪੱਤ ਖਾਵਣ ਲੇਲੇ ।
ਮੈਂ ਰਾਜੇ ਦੀ ਬਰਦੀ ਅੜਿਆ
ਤੂੰ ਰਾਜੇ ਦਾ ਜਾਇਆ,
ਤੂਹੀਓਂ ਦੱਸ ਵੇ ਮੋਹਰਾਂ ਸਾਹਵੇਂ
ਮੁੱਲ ਕੀ ਖੋਵਣ ਧੇਲੇ ?
ਸਿਖਰ ਦੁਪਹਿਰਾਂ ਜੇਠ ਦੀਆਂ ਨੂੰ
ਸਾਉਣ ਕਿਵੇਂ ਮੈਂ ਆਖਾਂ,
ਚੌਹੀਂ ਕੂਟੀਂ ਭਾਵੇਂ ਲੱਗਣ
ਲੱਖ ਤੀਆਂ ਦੇ ਮੇਲੇ ।
ਤੇਰੀ ਮੇਰੀ ਪ੍ਰੀਤ ਦਾ ਅੜਿਆ
ਉਹੀਓ ਹਾਲ ਸੂ ਹੋਇਆ,
ਜਿਉਂ ਚਕਵੀ ਪਹਿਚਾਣ ਨਾ ਸੱਕੇ
ਚੰਨ ਚੜ੍ਹਿਆ ਦਿਹੁੰ ਵੇਲੇ ।

ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾ
ਉੱਗੀ ਵਿਚ ਜੋ ਬਾਗ਼ਾਂ,
ਮੇਰੇ ਮੁੱਢ ਬਣਾਈ ਵਰਮੀ
ਕਾਲੇ ਫ਼ਨੀਅਰ ਨਾਗਾਂ ।
ਮੈਂ ਮੁਰਗਾਈ ਮਾਨਸਰਾਂ ਦੀ
ਜੋ ਫੜ ਲਈ ਕਿਸੇ ਸ਼ਿਕਰੇ,
ਜਾਂ ਕੋਈ ਲਾਲ੍ਹੀ ਪਰ ਸੰਧੂਰੀ
ਨੋਚ ਲਏ ਜਿਦ੍ਹੇ ਕਾਗਾਂ ।
ਜਾਂ ਸੱਸੀ ਦੀ ਭੈਣ ਵੇ ਦੂਜੀ
ਕੰਮ ਜਿਦ੍ਹਾ ਬਸ ਰੋਣਾ,
ਲੁੱਟ ਖੜਿਆ ਜਿਦ੍ਹਾ ਪੁਨੂੰ ਹੋਤਾਂ
ਪਰ ਆਈਆਂ ਨਾ ਜਾਗਾਂ ।
ਬਾਗ਼ਾਂ ਵਾਲਿਆ ਤੇਰੇ ਬਾਗ਼ੀਂ
ਹੁਣ ਜੀ ਨਹੀਓਂ ਲੱਗਦਾ,
ਖਲੀ-ਖਲੋਤੀ ਮੈਂ ਵਾੜਾਂ ਵਿਚ
ਸੌ-ਸੌ ਦੁਖੜੇ ਝਾਗਾਂ।”
ਇਸ ਤੋਂ ਬਾਅਦ ਸ਼੍ਰੀ ਸ਼ਿਵ ਕੁਮਾਰ ਬਟਾਲਵੀ ਜੀ ਨੇ ਆਪਣੀ ਇਸ ਰਚਨਾ ਨੂੰ 1960 ਵਿੱਚ ਪ੍ਰਕਾਸ਼ਿਤ ਆਪਣੀ ਪਲੇਠੀ ਪੁਸਤਕ “ਪੀੜਾਂ ਦਾ ਪਰਾਗਾ” ਵਿੱਚ ਸ਼ਾਮਲ ਕੀਤਾ ਸੀ।

ਇਸ ਤੋਂ ਬਾਅਦ ਸ਼੍ਰੀਮਤੀ ਰਾਜਵਿੰਦਰ ਕੌਰ ਭੱਟੀ ਨੇ ਸ਼ਿਵ ਬਟਾਲਵੀ ਦੁਆਰਾ ਹੇਠ ਲਿਖਿਆ ਗੀਤ ਗਾ ਕੇ ਸੁਣਾਇਆ:

ਵਾਸਤਾ ਈ ਮੇਰਾ
ਮੇਰੇ ਦਿਲ ਦਿਆ ਮਹਿਰਮਾ ਵੇ
ਫੁੱਲੀਆਂ ਕਨੇਰਾਂ ਘਰ ਆ
ਲੱਗੀ ਤੇਰੀ ਦੀਦ ਦੀ
ਵੇ ਤੇਹ ਸਾਡੇ ਦੀਦਿਆਂ ਨੂੰ
ਇਕ ਘੁੱਟ ਚਾਨਣੀ ਪਿਆ ।
ਵਾਸਤਾ ਈ ਮੇਰਾ………

ਕਾਲੇ ਕਾਲੇ ਬਾਗ਼ਾਂ ਵਿਚੋਂ
ਚੰਨਣ ਮੰਗਾਨੀ ਆਂ ਵੇ
ਦੇਨੀ ਆਂ ਮੈਂ ਚੌਕੀਆਂ ਘੜਾ
ਵਾਸਤਾ ਈ ਮੇਰਾ………

ਸੋਨੇ ਦਾ ਮੈਂ ਗੜਵਾ
ਤੇ ਗੰਗਾ ਜਲ ਦੇਨੀ ਆਂ ਵੇ
ਮਲ ਮਲ ਵਟਣਾ ਨਹਾ ।
ਵਾਸਤਾ ਈ ਮੇਰਾ………

ਸੂਹਾ ਰੰਗ ਆਥਣਾ
ਲਲਾਰਨਾਂ ਤੋਂ ਮੰਗ ਕੇ ਵੇ
ਦੇਨੀ ਆਂ ਮੈਂ ਚੀਰਾ ਵੀ ਰੰਗਾ
ਵਾਸਤਾ ਈ ਮੇਰਾ………

ਸ਼ੀਸ਼ਾ ਬਣ ਬਹਿਨੀ ਆਂ
ਮੈਂ ਤੇਰੇ ਸਾਹਵੇਂ ਢੋਲਣਾ ਵੇ
ਇਕ ਤੰਦ ਸੁਰਮੇ ਦੀ ਪਾ ।
ਵਾਸਤਾ ਈ ਮੇਰਾ………

ਨਿੱਤ ਤੇਰੇ ਬਿਰਹੇ ਨੂੰ
ਛਿਛੜੇ ਵੇ ਆਦਰਾਂ ਦੇ
ਹੁੰਦੇ ਨਹੀਓਂ ਸਾਡੇ ਤੋਂ ਖੁਆ
ਵਾਸਤਾ ਈ ਮੇਰਾ………

ਟੁੱਕ ਚੱਲੇ ਬੇਰੀਆਂ ਵੇ
ਰਾ-ਤੋਤੇ ਰੂਪ ਦੀਆਂ
ਮਾਲੀਆ ਵੇ ਆਣ ਕੇ ਉਡਾ ।
ਵਾਸਤਾ ਈ ਮੇਰਾ………

ਰੁੱਖਾਂ ਸੰਗ ਰੁੱਸ ਕੇ
ਹੈ ਟੁਰ ਗਈ ਪੇਕੜੇ ਵੇ
ਸਾਵੀ ਸਾਵੀ ਪੱਤਿਆਂ ਦੀ ਭਾ
ਵਾਸਤਾ ਈ ਮੇਰਾ………

ਰੁੱਤਾਂ ਦਾ ਸਪੇਰਾ ਅੱਜ
ਭੌਰਿਆਂ ਦੀ ਜੀਭ ਉੱਤੇ
ਗਿਆ ਈ ਸਪੋਲੀਆ ਲੜਾ ।
ਵਾਸਤਾ ਈ ਮੇਰਾ………

ਥੱਕੀ ਥੱਕੀ ਯਾਦ ਤੇਰੀ
ਆਈ ਸਾਡੇ ਵਿਹੜੇ ਵੇ
ਦਿੱਤੇ ਅਸਾਂ ਪਲੰਘ ਵਿਛਾ
ਵਾਸਤਾ ਈ ਮੇਰਾ………

ਮਿੱਠੀ ਮਿੱਠੀ ਮਹਿਕ
ਚੰਬੇਲੀਆਂ ਦੀ ਪਹਿਰਾ ਦੇਂਦੀ
ਅੱਧੀ ਰਾਤੀਂ ਗਈ ਊ ਜਗਾ ।
ਵਾਸਤਾ ਈ ਮੇਰਾ………

ਮਾੜੀ ਮਾੜੀ ਹੋਵੇ ਵੇ
ਕਲੇਜੜੇ ‘ਚ ਪੀੜ ਜੇਹੀ
ਠੰਡੀ ਠੰਡੀ ਵਗਦੀ ਊ ਵਾ
ਵਾਸਤਾ ਈ ਮੇਰਾ………

ਪੈਣ ਪਈਆਂ ਦੰਦਲਾਂ ਵੇ
ਨਦੀ ਦਿਆਂ ਪਾਣੀਆਂ ਨੂੰ
ਨ੍ਹਾਉਂਦੀ ਕੋਈ ਵੇਖ ਕੇ ਸ਼ੁਆ ।
ਵਾਸਤਾ ਈ ਮੇਰਾ………

ਪਿੰਡ ਦੀਆਂ ਢੱਕੀਆਂ ‘ਤੇ
ਲੱਕ ਲੱਕ ਉੱਗਿਆ ਵੇ
ਪੀਲਾ ਪੀਲਾ ਕਿਰਨਾਂ ਦਾ ਘਾਹ
ਵਾਸਤਾ ਈ ਮੇਰਾ………

ਰੁਕ ਰੁਕ ਹੋਈਆਂ
ਤਰਕਾਲਾਂ ਸਾਨੂੰ ਚੰਨਣਾ ਵੇ
ਹੋਰ ਸਾਥੋਂ ਰੁਕਿਆ ਨਾ ਜਾ ।
ਵਾਸਤਾ ਈ ਮੇਰਾ………

ਖੇਡੇ ਤੇਰਾ ਦੁਖੜਾ
ਅੰਞਾਣਾ ਸਾਡੇ ਆਂਙਣੇ ਜੇ
ਦੇਨੀ ਆਂ ਤੜਾਗੀਆਂ ਬਣਾ
ਵਾਸਤਾ ਈ ਮੇਰਾ………

ਮਾਰ-ਮਾਰ ਅੱਡੀਆਂ
ਜੇ ਨੱਚੇ ਤੇਰੀ ਵੇਦਨਾ ਵੇ
ਦੇਨੀ ਆਂ ਮੈਂ ਝਾਂਜਰਾਂ ਘੜਾ ।
ਵਾਸਤਾ ਈ ਮੇਰਾ………

ਉੱਡੀ ਉੱਡੀ ਰੋਹੀਆਂ ਵੱਲੋਂ
ਆਈ ਡਾਰ ਲਾਲੀਆਂ ਦੀ
ਦਿਲ ਦਾ ਗਈ ਬੂਟੜਾ ਹਿਲਾ
ਵਾਸਤਾ ਈ ਮੇਰਾ………

ਥੱਕ ਗਈ ਚੁਬਾਰਿਆਂ ‘ਤੇ
ਕੰਙਣੀ ਖਿਲਾਰਦੀ ਮੈਂ
ਬੈਠ ਗਈ ਊ ਝੰਗੀਆਂ ‘ਚ ਜਾ ।
ਵਾਸਤਾ ਈ ਮੇਰਾ………

ਸੋਹਣਿਆਂ ਦੁਮੇਲਾਂ ਦੀ
ਬਲੌਰੀ ਜਿਹੀ ਅੱਖ ਉੱਤੇ
ਬੱਦਲਾਂ ਦਾ ਮਹਿਲ ਪੁਆ
ਵਾਸਤਾ ਈ ਮੇਰਾ………

ਸੂਰਜੇ ਤੇ ਚੰਨ ਦੀਆਂ
ਬਾਰੀਆਂ ਰਖਾ ਦੇ ਵਿਚ
ਤਾਰਿਆਂ ਦਾ ਮੋਤੀਆ ਲੁਆ ।
ਵਾਸਤਾ ਈ ਮੇਰਾ
ਮੇਰੇ ਦਿਲ ਦਿਆ ਮਹਿਰਮਾ ਵੇ
ਫੁੱਲੀਆਂ ਕਨੇਰਾਂ ਘਰ ਆ
ਲੱਗੀ ਤੇਰੀ ਦੀਦ ਦੀ
ਵੇ ਤੇਹ ਸਾਡੇ ਦੀਦਿਆਂ ਨੂੰ
ਇਕ ਘੁੱਟ ਚਾਨਣੀ ਪਿਆ ।

ਸ਼੍ਰੀਮਤੀ ਰਾਜਵਿੰਦਰ ਕੌਰ ਭੱਟੀ ਦੀ ਪੇਸ਼ਕਾਰੀ ਦੇ ਬਰਾਬਰ ਹੀ ਬਟਾਲੇ ਦੇ ਨਾਮਵਰ ਗਾਇਕ ਸ੍ਰੀ ਰਿੰਕੂ ਬਟਾਲਵੀ ਨੇ ਸ੍ਰੀ ਸ਼ਿਵ ਕੁਮਾਰ ਬਟਾਲਵੀ ਦੀ ਹੇਠ ਲਿਖੀ ਰਚਨਾ ਨੂੰ ਆਪਣੀ ਸੁਰੀਲੀ ਆਵਾਜ਼ ਵਿੱਚ ਜਦੋਂ:

ਤੈਨੂੰ ਦਿਆਂ ਹੰਝੂਆਂ ਦਾ ਭਾੜਾ,
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।

ਭੱਠੀ ਵਾਲੀਏ ਚੰਬੇ ਦੀਏ ਡਾਲੀਏ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।

ਹੋ ਗਿਆ ਕੁਵੇਲਾ ਮੈਨੂੰ
ਢਲ ਗਈਆਂ ਛਾਵਾਂ ਨੀ
ਬੇਲਿਆਂ ‘ਚੋਂ ਮੁੜ ਗਈਆਂ
ਮੱਝੀਆਂ ਤੇ ਗਾਵਾਂ ਨੀ
ਪਾਇਆ ਚਿੜੀਆਂ ਨੇ ਚੀਕ-ਚਿਹਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।
ਤੈਨੂੰ ਦਿਆਂ ਹੰਝੂਆਂ ਦਾ ਭਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।

ਛੇਤੀ ਛੇਤੀ ਕਰੀਂ
ਮੈਂ ਤੇ ਜਾਣਾ ਬੜੀ ਦੂਰ ਨੀ
ਜਿਥੇ ਮੇਰੇ ਹਾਣੀਆਂ ਦਾ
ਟੁਰ ਗਿਆ ਪੂਰ ਨੀ
ਓਸ ਪਿੰਡ ਦਾ ਸੁਣੀਂਦੈ ਰਾਹ ਮਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।
ਤੈਨੂੰ ਦਿਆਂ ਹੰਝੂਆਂ ਦਾ ਭਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।

ਮੇਰੀ ਵਾਰੀ ਪੱਤਿਆਂ ਦੀ
ਪੰਡ ਸਿੱਲ੍ਹੀ ਹੋ ਗਈ
ਮਿੱਟੀ ਦੀ ਕੜਾਹੀ ਤੇਰੀ
ਕਾਹਨੂੰ ਪਿੱਲੀ ਹੋ ਗਈ
ਤੇਰੇ ਸੇਕ ਨੂੰ ਕੀਹ ਵੱਜਿਆ ਦੁਗਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।
ਤੈਨੂੰ ਦਿਆਂ ਹੰਝੂਆਂ ਦਾ ਭਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।

ਲੱਪ ਕੁ ਏ ਚੁੰਗ ਮੇਰੀ
ਮੈਨੂੰ ਪਹਿਲਾਂ ਟੋਰ ਨੀ
ਕੱਚੇ ਕੱਚੇ ਰੱਖ ਨਾ ਨੀ
ਰੋੜ੍ਹ ਥੋੜ੍ਹੇ ਹੋਰ ਨੀ
ਕਰਾਂ ਮਿੰਨਤਾਂ ਮੁਕਾ ਦੇ ਨੀ ਪੁਆੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।
ਤੈਨੂੰ ਦਿਆਂ ਹੰਝੂਆਂ ਦਾ ਭਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।

ਸੌਂ ਗਈਆਂ ਹਵਾਵਾਂ ਰੋ ਰੋ
ਕਰ ਵਿਰਲਾਪ ਨੀ
ਤਾਰਿਆਂ ਨੂੰ ਚੜ੍ਹ ਗਿਆ
ਮੱਠਾ ਮੱਠਾ ਤਾਪ ਨੀ
ਜੰਞ ਸਾਹਵਾਂ ਦੀ ਦਾ ਰੁੱਸ ਗਿਆ ਲਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।
ਤੈਨੂੰ ਦਿਆਂ ਹੰਝੂਆਂ ਦਾ ਭਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।

ਹਰਮਨਪਿਆਰਾ ਗੀਤ ਗਾਇਆ, ਤਾਂ ਉਸ ਸਮੇਂ ਮੈਨੂੰ ਇੰਝ ਲੱਗਣ ਲੱਗ ਪਿਆ ਸੀ, ਜਿਵੇਂ ਸ਼ਿਵ ਕੁਮਾਰ ਬਟਾਲਵੀ “ਭੱਠੀ ਵਾਲੀ” ਨੂੰ ਆਪਣੀਆਂ “ਪੀੜਾਂ ਦਾ ਪਰਾਗਾ” ਛੇਤੀ ਭੁੰਨ ਕੇ ਦੇਣ ਨੂੰ ਅਰਜ਼ੋਈਆਂ ਕਰ ਰਿਹਾ ਹੋਵੇ।

ਇਸ ਸਾਹਿਤਕ ਗੋਸ਼ਟੀ ਅੰਦਰ ਸ਼ਿਵ ਕੁਮਾਰ ਬਟਾਲਵੀ ਦੀਆਂ ਰਚਨਾਵਾਂ ਦੇ ਗਾਇਨ ਤੋਂ ਬਾਅਦ ਬਟਾਲੇ ਅਤੇ ਆਸ ਪਾਸ ਦੇ ਇਲਾਕਿਆਂ ਤੋਂ ਆਏ ਸ਼ਾਇਰਾਂ ਨੇ ਆਪਣੀਆਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਦੌਰ ਵਿੱਚ ਸਭ ਤੋਂ ਪਹਿਲਾਂ ਪ੍ਰਸਿੱਧ ਸ਼ਾਇਰ ਸ਼੍ਰੀ ਅਜੀਤ ਕਮਲ ਜੀ ਨੇ ਆਪਣੀ ਹੇਠ ਲਿਖੀ ਰਚਨਾ ਪੇਸ਼ ਕੀਤੀ:

ਅਸੀਂ ਜਿੰਨਾ ਕਿਸੇ ਦਾ
ਮਰਨ ਪਿਛੋਂ ਮਾਣ ਕਰਦੇ ਹਾਂ,
ਜੇ ਓਨਾ ਜਿਉੰਦਿਆਂ ਕਰੀਏ,
ਤਾਂ ਜਲਦੀ ਕੌਣ ਮਰਦਾ ਹੈ।

ਜਦੋਂ ਦਾ ਸ਼ਿਵ ਦੇ ਨਾਂ ਉੱਤੇ,
ਹੈ ਆਡੀਟੋਰੀਅਮ ਬਣਿਆਂ,
ਉਹਨੂੰ ਅਪਨਾਉਂਣ ਲਈ,
ਹਰ ਮੰਚ ਸ਼ਿਵ ਦਾ ਜਾਪ ਕਰਦਾ ਹੈ।

“ਕਮਲ” ਜੇ ਡਿਗਰੀਆਂ ਵਾਲ਼ੇ,
ਹੀ ਚੰਗਾ ਕਾਵਿ ਰਚਦੇ ਨੇ,
ਜ਼ਮਾਨਾ ਕਿਉਂ ਭਲਾ,
ਵਾਰਸ ਤੇ ਸ਼ਿਵ ਨੂੰ ਯਾਦ ਕਰਦਾ ਹੈ।

ਇਸ ਦੌਰ ਵਿੱਚ ਫਿਰ ਵਾਰੀ ਆਈ ਸ੍ਰ ਗੁਰਨਾਮ ਸਿੰਘ ਤੱਖਰ ਬੁੱਢਾ ਕੋਟ ਦੀ। ਉਹਨਾਂ ਨੇ ਆਪਣੀ ਹੇਠ ਲਿਖੀ ਰਚਨਾ ਹਾਜ਼ਰ ਸਰੋਤਿਆਂ ਨਾਲ ਸਾਂਝੀ ਕੀਤੀ:

ਇਨਕਲਾਬ ਉਠਿਆ ਸਦਾ ਕੁਲੀਆਂ ਚੋਂ,
ਮਹਿਲਾਂ ਵਾਲੇ ਨਾ ਕਸ਼ਟ ਸਹਾਰਦੇ ਨੀ।
ਸੁੱਚੀ ਕਿਰਤ ਹੀ , ਕਿਰਤੀ ਦਾ ਧਰਮ ਹੁੰਦਾ ,
ਖਾਂਦੇ ਹੱਕ ਆਪਣਾ, ਨਾ ਕਿਸੇ ਦਾ ਮਾਰਦੇ ਨੀ।
ਦਿੰਦੇ ਟੱਕਰ, ਇਹ ਸਦਾ ਹਕੂਮਤਾਂ ਨੂੰ,,
ਇਹਨਾਂ ਤਾਂਈਂ ਜਦ ਹਾਕਮ ਵੰਗਾਰਦੇ ਨੀ।।
ਹੋ ਜਾਣ ਜਦੋਂ ਇਕੱਠੇ ,ਤਾਂ ਤਖਤ ਕੰਬਣ,,
ਨਾਲੇ ਕੰਬਦੇ ,ਪਿੱਠੂ ਸਰਕਾਰ ਦੇ ਨੀ।।
ਫਿਤਰਤ ਰਾਜੇ ਦੀ ਬੁਤਾਂ ‘ਤੇ ਹਾਰ ਪਾਉਣੇ,,
ਜਿਉਂਦਿਆਂ ਸਿਰਾਂ ‘ਤੇ ਡਾਂਗਾਂ ਮਾਰਦੇ ਨੀ।।
ਤਖਰਾ ਚਲ ਸੰਘਰਸ਼ਾਂ ਦੀ ਬਾਤ ਪਾਈਏ,,
ਓਇ ਜ਼ਾਲਮ ਅਰਜ਼ਾਂ ਨੂੰ ਕਿਥੇ ਵਿਚਾਰਦੇ ਨੀ।

ਇਸ ਸਾਹਿਤਕ ਗੋਸ਼ਟੀ ਵਿੱਚ ਬਟਾਲੇ ਦੇ ਲੋਕ ਸ਼ਾਇਰ ਸ਼੍ਰੀ ਵਿਜੇ ਅਗਨੀਹੋਤਰੀ ਨੇ ਆਪਣਾ ਹੇਠ ਲਿਖਿਆ ਗੀਤ ਗਾ ਕੇ ਵੋਟਰਾਂ ਨੂੰ ਜਾਗ੍ਰਿਤ ਕਰਨ ਦਾ ਜ਼ੋਰਦਾਰ ਯਤਨ ਕੀਤਾ। ਇਸ ਗੀਤ ਦੇ ਬੋਲ ਹਨ:

ਵੋਟਾਂ ਆ ਗਈਆਂ ਨੇ ਨੇੜੇ।
ਨੇਤਾ ਮਾਰਦੇ ਨੇ ਗੇੜੇ।
ਗੇੜੇ ਮਾਰ ਮਾਰ ਗੁੱਡੀਆਂ ਘਸਾਈਆਂ,
ਮੁੜ ਮੁੜ ਗੇੜੇ ਮਾਰਦੇ,
ਪੰਜ ਸਾਲ ਨਹੀਂ ਸੀ ਸ਼ਕਲਾਂ ਵਿਖਾਈਆਂ,
ਮੁੜ ਮੁੜ ਗੇੜੇ ਮਾਰਦੇ।

ਸਿੱਧੇ ਮੂੰਹ ਜੋ ਬੁਲਾਇਆਂ ਨਹੀਂ ਸੀ ਬੋਲਦੇ,
ਬੜੀ ਬੋਲਾਂ ਵਿੱਚ ਮਿਸ਼ਰੀ ਨੇ ਘੋਲਦੇ,
ਘੁੱਟ ਘੁੱਟ ਗਲਵਕੜੀਆਂ ਪਾਈਆਂ,
ਮੁੜ ਮੁੜ ਗੇੜੇ ਮਾਰਦੇ.…….

ਝੰਡੇ ਮੋਢਿਆਂ ‘ਤੇ ਚੁੱਕ ਰੰਗ ਰੰਗ ਦੇ,
ਜਾਤਾਂ ਧਰਮਾਂ ਦੇ ਨਾਂਅ ‘ਤੇ ਵੋਟਾਂ ਮੰਗਦੇ,
ਲੋਕ ਰਾਜ ਦੀਆਂ ਧੱਜੀਆਂ ਉਡਾਈਆਂ,
ਮੁੜ ਮੁੜ ਗੇੜੇ ਮਾਰਦੇ,

ਚੇਤੇ ਰੱਖਣੇ ਸ਼ਹੀਦਾਂ ਦੇ ਵੀ ਖ਼ਾਬ ਨੇ,
ਚਿਹਰੇ ਵੇਖਣੇ ਉਤਾਰ ਕੇ ਨਕ਼ਾਬ ਨੇ,
ਖੱਲਾਂ ਸ਼ੇਰਾਂ ਦੀਆਂ ਗਿੱਦੜਾਂ ਵੀ ਪਾਈਆਂ,
ਮੁੜ ਮੁੜ ਗੇੜੇ ਮਾਰਦੇ,

ਲਾਰੇ ਫੋਕਿਆਂ ‘ਚ ਫੇਰ ਫਸ ਜਾਇਓ ਨਾ,
ਪੰਜ ਸਾਲ ਲਈ ਗੁਲਾਮੀ ਗਲ ਪਾਇਓ ਨਾ,
ਗੱਲਾਂ ਸੱਚੀਆਂ ਇਹ “ਵਿਜੇ” ਨੇ ਸੁਣਾਈਆਂ,
ਮੁੜ ਮੁੜ ਗੇੜੇ ਮਾਰਦੇ,
ਪੰਜ ਸਾਲ ਨਹੀਂ ਸੀ ਸ਼ਕਲਾਂ ਵਿਖਾਈਆਂ,
ਮੁੜ ਮੁੜ ਗੇੜੇ ਮਾਰਦੇ।

ਗ਼ਜ਼ਲ ਸਬੰਧੀ ਪੁਖਤਾ ਜਾਣਕਾਰੀ ਰੱਖਣ ਵਾਲੇ ਬਟਾਲੇ ਦੇ ਪ੍ਰਸਿੱਧ ਗ਼ਜ਼ਲਕਾਰ ਸ੍ਰੀ ਸੁਲਤਾਨ ਭਾਰਤੀ ‌ਜੀ ਨੇ ਆਪਣਾ ਹੇਠ ਲਿਖਿਆ ਕਲਾਮ ਪੇਸ਼ ਕੀਤਾ:

ਆਸਥਾ ਨੂੰ ਚਰਮ ਸੀਮਾਂ ਤੱਕ ਪਹੁੰਚਾਇਆ ਜਾ ਰਿਹਾ।
ਵਸਦੇ ਘਰ ਉਜਾੜ ਕੇ ਮੰਦਰ ਬਣਵਾਇਆ ਜਾ ਰਿਹਾ।
ਮਾਰੂਥਲ ਵਿੱਚ ਰੇਤ ਛਲ ਦਾ ਭਰਮ ਪਾਇਆ ਜਾ ਰਿਹਾ,
ਕਿਸ ਤਰ੍ਹਾਂ ਦਾ ਸਾਨੂੰ ਇਹ ਮੰਜਰ ਦਿਖਾਇਆ ਜਾ ਰਿਹਾ।
ਜਿਸ ਨੂੰ ਬਲੀਦਾਨ ਦੀ ਵੇਦੀ ਤੇ ਹੈ ਕਰਨਾ ਜਿਬਾ,
ਮੌਤ ਦਾ ਕਲਮਾ ਵੀ ਓਸੇ ਤੋਂ ਪੜਾਇਆ ਜਾ ਰਿਹਾ।
ਦਿਲ ਦੇ ਸਭ ਅਰਮਾਨ ਪਹਿਲਾਂ ਕਤਲ ਕਰ ਦਿੱਤੇ ਗਏ,
ਹੁਣ ਜਿਸਮ ਦੇ ਵਾਸਤੇ ਮਕਤਲ ਸਜਾਇਆ ਜਾ ਰਿਹਾ।
ਧੁੱਪਾਂ ਦੇ ਵਿਚ ਸੜ ਰਿਹਾ ਏ ਔੜਾਂ ਦੇ ਨਾਲ ਮਰ ਰਿਹਾ,
ਬਿਰਖ਼ ਹੇਠ ਰਾਗ ਉਂਝ ਮਲਹਾਰ ਗਾਇਆ ਜਾ ਰਿਹਾ।
ਸੱਚ ਨੂੰ ਅਜ਼ਲਾਂ ਤੋਂ ਸੂਲੀ ਤੇ ਚੜ੍ਹਾਇਆ ਜਾ ਰਿਹਾ,
ਸਿਦਕ ਤੱਤੀ ਲੋਹ ਤੇ ਅੱਜ ਵੀ ਬਿਠਾਇਆ ਜਾ ਰਿਹਾ।
ਜਿਉਂਦਾ ਸੀ ਤਾਂ ਜੀਵਨ ਦੇ ਵਿਚ ਸੁੰਨ ਸੀ,ਅੰਧਕਾਰ ਸੀ,
ਮਰ ਗਿਆ ਤਾਂ ਕਬਰ ਤੇ ਦੀਵਾ ਜਗਾਇਆ ਜਾ ਰਿਹਾ।

ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਦੇ ਪ੍ਰੋ ਜਸਬੀਰ ਸਿੰਘ ਨੇ ਆਪਣਾ ਹੇਠ ਲਿਖਿਆ ਕਲਾਮ ਪੇਸ਼ ਕਰ ਕੇ ਆਪਣੀ ਹਾਜ਼ਰੀ ਲਵਾਈ। ਇਸ ਕਲਾਮ ਦੇ ਬੋਲ ਸਨ:

ਚੰਗੇ ਕੱਪੜੇ ਪਾਉਣ ਦਾ
ਯਾਰਾਂ ਨਾਲ ਨੱਚਣ ਗਾਉਣ ਦਾ
ਕਿਤਾਬਾਂ ਪੜ੍ਹਨ ਪੜ੍ਹਾਉਣ ਦਾ
ਹਰ ਵੇਲੇ ਹੱਸਣ ਹਸਾਉਣ ਦਾ
ਸ਼ੌਕ ਹੋਣਾ ਚਾਹੀਦਾ . .

ਘੁੰਮ ਫਿਰ ਕੇ ਮੰਨ ਪਰਚਾਉਣ ਦਾ
ਖੇਡਾਂ ਨਾਲ ਸਿਹਤ ਬਨਾਉਣ ਦਾ
ਮੇਲੇ ਵਿੱਚ ਭੰਗੜਾ ਪਾਉਣ ਦਾ
ਜਿੰਦਗੀ ਦੇ ਜਸ਼ਨ ਮਨਾਉਣ ਦਾ
ਸ਼ੌਕ ਹੋਣਾ ਚਾਹੀਦਾ . . .

ਅੰਬਰਾਂ ਤੋੰ ਤਾਰੇ ਲਿਆਉਣ ਦਾ
ਜਿੰਦਗੀ ‘ਚ ਕੁਝ ਕਰ ਕੇ ਵਿਖਾਉਣ ਦਾ
ਕੀਤੇ ਵਾਦਿਆਂ ਨੂੰ ਨਿਭਾਉਣ ਦਾ
ਮਿੱਥੀਆਂ ਮੰਜਲਾਂ ਨੂੰ ਪਾਉਣ ਦਾ
ਸ਼ੌਕ ਹੋਣਾ ਚਾਹੀਦਾ . . .

ਮਾੜੇ ਨੂੰ ਗੱਲ ਨਾਲ ਲਾਉਣ ਦਾ
ਹਨੇਰੇ ‘ਚ ਦੀਵਾ ਜਗਾਉਣ ਦਾ
ਜਿਉੰਦੇ ਜੀ ਰੱਬ ਮਨਾਉਣ ਦਾ
ਦੁਨੀਆ ਤੇ ਆਉਣਾ ਸਫਲ ਬਨਾਉਣ ਦਾ
ਸ਼ੌਕ ਹੋਣਾ ਚਾਹੀਦਾ . . .

ਜ਼ਿੰਦਗੀ ਦੇ ਉਤਾਰ ਚੜ੍ਹਾ ਵਿੱਚ
ਸ਼ੌਕ ਬਗੈਰ ਜੀਣਾ ਔਖਾ
ਰੋ ਰੋ ਕੇ ਜਿੰਦਗੀ ਕੱਟਣ ਨਾਲੋਂ
ਖੁਸ਼ ਹੋ ਕੇ ਜਿੰਦਗੀ ਜਿਉਣ ਦਾ
ਸੌਕ ਹੋਣਾ ਚਾਹੀਦਾ
ਸ਼ੌਕ ਹੋਣਾ ਹੀ ਚਾਹੀਦਾ. . .

ਉਪਰੋਕਤ ਤੋਂ ਇਲਾਵਾ ਪ੍ਰਧਾਨ ਵਿਸ਼ਵਾਸ਼ ਫਾਊਂਡੇਸ਼ਨ ਬਟਾਲਾ ਦੇ ਪ੍ਰਧਾਨ ਸ਼੍ਰੀ ਸ਼ੰਮੀ ਕਪੂਰ ਜੀ ਨੇ ਆਪਣੇ ਬੋਲਾਂ ਰਾਹੀਂ, ਸ਼੍ਰੀ ਜੋਗਿੰਦਰ ਬਟਾਲਵੀ ਨੇ ਸ਼ੇਅਰ ਸੁਣਾ ਕੇ, ਸ਼੍ਰੀਮਤੀ ਕਾਂਤਾ ਰਾਣੀ ਨੇ ਭਜਨ ਗਾ ਕੇ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰ ਇੰਦਰਜੀਤ ਸਿੰਘ ਜੀ ਨੇ ਸ਼ਿਵ ਨਾਲ ਜੁੜੀਆਂ ਕੁਝ ਯਾਦਾਂ ਅਤੇ ਪ੍ਰਿੰਸੀਪਲ ਪਿਆਰਾ ਸਿੰਘ ਟਾਂਡਾ ਜੀ ਨੇ ਸ਼ਿਵ ਕੁਮਾਰ ਬਟਾਲਵੀ ਜੀ ਦੀ ਸਮੁੱਚੀ ਸ਼ਾਇਰੀ ਦੀ ਸਮੀਖਿਆ ਰਾਹੀਂ ਇਸ ਸਾਹਿਤਕ ਗੋਸ਼ਟੀ ਵਿੱਚ ਆਪਣੀ ਹਾਜ਼ਰੀ ਲਵਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰ ਸੰਤੋਖ ਸਿੰਘ ਰੰਧਾਵਾ, ਸ਼੍ਰੀ ਤਿਲਕ ਰਾਜ, ਸ੍ਰ ਮਨਜੀਤ ਸਿੰਘ, ਪ੍ਰਿੰਸੀਪਲ ਕੁਲਵੰਤ ਕੌਰ ਗਿੱਲ, ਸ਼੍ਰੀਮਤੀ ਰਜਵੰਤ ਕੌਰ, ਸ਼੍ਰੀਮਤੀ ਰਣਜੀਤ ਕੌਰ ਉਜਾਗਰ ਨਗਰ, ਸ੍ਰ ਬਲਦੇਵ ਸਿੰਘ ਚਾਹਲ, ਸ੍ਰ ਜਸਵੰਤ ਸਿੰਘ ਵੀ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਪ੍ਰਿੰਸੀਪਲ ਹਰਭਜਨ ਸਿੰਘ ਭਾਗੋਵਾਲੀਆ ਜੀ ਨੇ ਬਾਖੂਬੀ ਨਿਭਾਈ। ਫ਼ੋਰਮ ਦੇ ਮੀਤ ਪ੍ਰਧਾਨ ਡਾ ਮਲਕੀਤ ਸਿੰਘ ਜੀ ਨੇ ਇਸ ਗੋਸ਼ਟੀ ਵਿੱਚ ਸਮੂਹ ਸ਼ਾਇਰਾਂ, ਬੁਲਾਰਿਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਸਮੁੱਚੇ ਤੌਰ ਤੇ ਸ਼੍ਰੀ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਵਿੱਚ ਆਯੋਜਿਤ ਇਹ ਸਾਹਿਤਕ ਗੋਸ਼ਟੀ ਇਕ ਯਾਦਗਾਰੀ ਗੋਸ਼ਟੀ ਹੋ ਨਿਬੜੀ।

 

Total Views: 154 ,
Real Estate