ਗੁਰਦਵਾਰਾ ਗੁਰ ਨਾਨਕ ਪ੍ਰਕਾਸ਼ ਫਰਿਜਨੋ ਵੱਲੋ ਪਹਿਲੇ ਸਿੱਖ ਜੱਜ ਰਾਜ ਸਿੰਘ ਬਦੇਸ਼ਾ ਦਾ ਸਨਮਾਨ

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ : ਫਰਿਜਨੋ ( ਕੈਲੀਫੋਰਨੀਆਂ) ਦਮਦਮੀ ਟਕਸਾਲ ਦੀ ਰਹਿਨੁਮਾਈ ਹੇਠ ਸੇਵਾਵਾਂ ਦੇ ਰਹੇ ਗੁਰਦਵਾਰਾ ਗੁਰੂ ਨਾਨਕ ਪ੍ਰਕਾਸ਼ ਫਰਿਜਨੋ ਦੀ ਕਮੇਟੀ ਵੱਲੋਂ ਲੰਘੇ ਐਤਵਾਰ ਦੇ ਵਿਸ਼ੇਸ਼ ਦੀਵਾਨ ਵਿੱਚ ਫਰਿਜਨੋ ਕਾਉਂਟੀ ਸੁਪੀਰੀਅਰ ਕੋਰਟ ਵਿੱਚ ਸਾਬਤ ਸੂਰਤ ਸਿੱਖੀ ਸਰੂਪ ਵਿੱਚ ਜੱਜ ਅਪੌਇਟ ਹੋਏ ਸ. ਰਾਜ ਸਿੰਘ ਬੰਦੇਸ਼ਾ ਅਤੇ ਕੈਲੀਫੋਰਨੀਆਂ ਗੱਤਕਾ ਦਲ ਦੀਆਂ ਟੀਮਾਂ ਨੂੰ ਸਨਮਾਨ ਚਿੰਨ ‘ਤੇ ਸਿਰੋਪਾਓ ਦੇਕੇ ਸਨਮਾਨਿਆ ਗਿਆ। ਇਸ ਮੌਕੇ ਸੈਕਟਰੀ ਜਗਰੂਪ ਸਿੰਘ ਨੇ ਬੋਲਦਿਆਂ ਕਿਹਾ ਕਿ ਜੱਜ ਬਣੇ ਸ. ਰਾਜ ਸਿੰਘ ਬਦੇਸ਼ਾ ਨੇ ਸਾਡੀ ਨਵੀਂ ਪੀੜ੍ਹੀ ਵਾਸਤੇ ਬੜਾ ਖੂਬਸੂਰਤ ਪੂਰਨਾ ਪਾਇਆ ਕਿ ਸਿੱਖੀ ਸਰੂਪ ਵਿੱਚ ਰਹਿੰਦਿਆਂ ਕੀ ਨਹੀ ਕੀਤਾ ਜਾ ਸਕਦਾ। ਉਹਨਾਂ ਕੈਲੀਫੋਰਨੀਆ ਗੱਤਕਾ ਦਲ ਦੇ ਸਮੂੰਹ ਕੋਚ ਸਹਿਬਾਨਾਂ ਨੂੰ ਵਧਾਈ ਦਿੱਤੀ, ਉਹਨਾ ਸਮੂੰਹ ਮੀਡੀਏ ਵਾਲੇ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਇੰਜਨੀਅਨਰ ਅਤੇ ਗੱਤਕਾ ਕੋਚ ਹਰਪ੍ਰੀਤ ਸਿੰਘ ਨੇ ਵੀ ਕੈਲੀਫੋਰਨੀਆਂ ਗੱਤਕਾ ਦਲ ਦੀਆਂ ਪ੍ਰਾਪਤੀਆਂ ਗਿਣਾਈਆਂ ਅਤੇ ਉਹਨਾਂ ਕਿਹਾ ਕਿ ਸਾਡੀ ਮਿਹਨਤ ਦਾ ਮੁੱਲ ਮੁੜਿਆ ਕਿ ਕੈਲੈਫੋਰਨੀਆਂ ਗੱਤਕਾ ਦਲ ਦੀਆਂ 9 ਟੀਮਾਂ ਰਿਵਰਸਾਈਡ ਹੋਲੇ ਮਹੱਲੇ ਤੋਂ ਜੇਤੂ ਰਹੀਆਂ, ਉਹਨਾਂ ਕਿਹਾ ਕਿ ਇਹਨਾਂ ਜਿੱਤਾ ਦਾ ਸਿਹਰਾ ਕੋਚਾਂ ਅਤੇ ਮਾਪਿਆ ਨੂੰ ਜਾਂਦਾ ਹੈ। ਇਸ ਮੌਕੇ ਜੱਜ ਸ. ਰਾਜ ਸਿੰਘ ਬਦੇਸ਼ਾ ਨੇ ਕਿਹਾ ਕਿ ਇਹ ਜੋ ਮਾਣ ਸਤਿਕਾਰ ਮਿਲ ਰਿਹਾ ਇਹ ਗੁਰੂ ਸਹਿਬ ਦੀ ਕਿਰਪਾ ਸਦਕੇ ਹੀ ਹੈ। ਉਹਨਾਂ ਕਿਹਾ ਕਿ ਸੰਗਤੀ ਰੂਪ ਵਿੱਚ ਕੋਈ ਜੱਜ, ਵਕੀਲ ਨਹੀਂ ਬਲਕਿ ਸਭ ਬਰਾਬਰ ਹੁੰਦੇ ਨੇ। ਉਹਨਾਂ ਕਿਹਾ ਕਿ ਜੋ ਮਾਣ ਸਤਿਕਾਰ ਸੰਗਤ ਵੱਲੋ ਮਿਲਿਆ, ਇਹ ਵੀ ਸਭ ਗੁਰੂ ਦੇ ਸਰੂਪ, ਗੁਰੂ ਦੇ ਬਾਣੇ ਦਾ ਹੀ ਨਤੀਜਾ ਹੈ। ਉਹਨਾਂ ਕਿਹਾ ਕਿ ਕੈਲੀਫੋਰਨੀਆ ਸਟੇਟ ਦਾ ਮੈ ਰਿਣੀ ਹਾਂ ਜਿੰਨਾਂ ਨੇ ਗੁਰੂ ਦੇ ਬਾਣੇ ਤੇ ਬਾਣੀ ਨੂੰ ਸਤਿਕਾਰ ਦਿੰਦਿਆ ਮੈਨੂੰ ਜੱਜ ਨਿਯੁਕਤ ਕੀਤਾ। ਉਹਨਾਂ ਕਿਹਾ ਕਿ ਗੁਰੂ ਚੜਦੀਕਲਾ ਬਖਸ਼ੇ ‘ਤਾਂ ਜੋ ਮੈਂ ਅਮਰੀਕਨ ਲੋਕਾਂ ਦੀ ਸੇਵਾ ਤਨਦੇਹੀ ਨਾਲ ਕਰ ਸਕਾਂ। ਅਖੀਰ ਵਿੱਚ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਦਲਬੀਰ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਉਹਨਾਂ ਜੇਤੂ ਰਹੀਆਂ ਗੱਤਕਾ ਟੀਮਾਂ ਅਤੇ ਜੱਜ ਬਣੇ ਭਾਈ ਰਾਜ ਸਿੰਘ ਬਦੇਸ਼ਾ ਨੂੰ ਵਧਾਈ ਦਿੱਤੀ। ਅਰਦਾਸ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤੇ। ਇਸ ਮੌਕੇ ਢਾਡੀ ਭਈ ਸਿੰਗਾਰਾ ਸਿੰਘ ਬੱਲ ਦੇ ਜੱਥੇ ਨੇ ਢਾਡੀ ਵਾਰਾਂ ਨਾਲ ਖੂਬ ਰੰਗ ਬੰਨਿਆ।

Total Views: 212 ,
Real Estate