10 ਲੱਖ ਵਾਲਾ ਇਲਾਜ 50 ਹਜ਼ਾਰ ‘ਚ ਹੋਇਆ । ਏਮਸ

ਪਿਛਲੇ ਐਤਵਾਰ ਦੀ ਗੱਲ ਆ , ਸਾਡੇ ਇੱਕ ਰਿਸ਼ਤੇਦਾਰ ਨੂੰ ਅਟੈਕ ਆਇਆ , ਪਹਿਲਾਂ ਬਰਨਾਲੇ ਤੇ ਫਿਰ ਲੁਧਿਆਣਾ ਭੇਜਤਾ , ਜਦੋਂ ਫੋਨ ਕੀਤਾ ਤਾਂ ਪਤਾ ਲੱਗਿਆ ਕਿ ਡਾਕਟਰ ਇਲਾਜ ਕਰ ਰਹੇ, ਆਥਣੇ ਫੋਨ ਆਇਆ , ਕਿ ਡਾਕਟਰ ਅਰੋੜਾ ਕਹਿੰਦਾ ‘ਦਿਮਾਗ ‘ਚ ਰਸੌਲੀ ਆ, ਅਪਰੇਸ਼ਨ ਕਰਨਾ ਪੈਣਾ, ਡੇਢ ਲੱਖ ਅਪਰੇਸ਼ਨ ਦਾ, ਨਿੱਤ 18 ਹਜ਼ਾਰ ਵੈਟੀਲੇਟਰ ਦਾ , 15-16 ਹਜ਼ਾਰ ਦੀਆਂ ਰੋਜ਼ਾਨਾ ਦਵਾਈਆਂ ਲੱਗਣੀਆਂ, ਘੱਟੋ ਘੱਟ ਮਹੀਨਾ ਰਹਿਣਾ ਪਊ, ਮਰੀਜ਼ ਦੀ ਗਰੰਟੀ ਕੋਈ ਨਹੀਂ ।’
ਮੈਂ ਸਲਾਹ ਦਿੱਤੀ ਕਿ ਪ੍ਰਾਈਵੇਟ ਡਾਕਟਰ ਕੋਲੋਂ ਛਿੱਲ ਪਟਾਉਣ ਨਾਲੋਂ ਪੀਜੀਆਈ ਜਾਂ ਏਮਸ ਜਾਓ।
ਪਰਿਵਾਰ ਵਾਲੇ ਡਾਕਟਰ ਤੋਂ ਛੁੱਟੀ ਮੰਗਣ ਕਿ ਸਾਡੇ ਕੋਲ ਲਾਜ ਨੂੰ ਐਨੇ ਪੈਸੇ ਹੈਨੀ , ਅਸੀਂ ਤਾਂ ਗਰੀਬ ਜੇ ਬੰਦੇ ਆਂ, 4 ਬਿਸਵਿਆਂ ‘ਚ ਘਰ ਹੈ ਸਾਡੇ ਕੋਲ ।
ਡਾਕਟਰ ਕਹਿੰਦਾ ‘ਵੇਚ ਦਿਓ, ਹੁਣ ਜੇ ਬਾਪ ਦੀ ਜਿੰਦਗੀ ਨਹੀਂ ਬਚਾ ਸਕਦੇ ਫਿਰ ਕੀ ਫਾਇਦਾ ?
ਰਾਤ ਨੂੰ 9 ਕੁ ਵਜੇ ਮਰੀਜ਼ ਨੂੰ ਬਠਿੰਡੇ ਏਮਸ ‘ਚ ਲੈ ਆਏ। ਘੰਟੇ ਕੁ ਬਾਅਦ ਡਾਕਟਰਾਂ ਨੇ ਰਿਪਰੋਟਾਂ ਚੈੱਕ ਕਰਕੇ ਕਿਹਾ , ‘ ਸਿਰ ‘ਚ ਰਸੌਲੀ ਹੈ, ਇਹ ਟਿਊਮਰ ਵੀ ਹੋ ਸਕਦਾ, ਜੇ ਅਪਰੇਸ਼ਨ ਕਰਵਾਉਣਾ ਤੇ ਦਾਖਿਲ ਹੋ ਜਾਓ।’
ਮਰੀਜ਼ ਦਾਖਿਲ ਕਰਤਾ। ਤਿੰਨ -ਦਿਨਾਂ ਬਾਅਦ ਮੈਂ ਡਾਕਟਰ ਨੂੰ ਪੁੱਛਿਆ ‘ ਕਿਮੇਂ ਸਥਿਤੀ ਜੀ । ‘
ਡਾਕਟਰ ਕਹਿੰਦੇ ਹਾਲੇ ਦਿਮਾਗ ‘ਚ ਸੋਜਾ , ਦਵਾਈ ਦੇ ਕੇ ਉਤਾਰਦੇ ਹਾਂ। ਸ਼ਾਇਦ ਸੁਕਰਵਾਰ ਤੱਕ ਅਪਰੇਸ਼ਨ ਕਰਾਂਗੇ।
ਕਹਿੰਦੇ ‘ ਹਾਲਤ ਕਾਫੀ ਨਾਜੁ਼ਕ , ਮਰੀਜ਼ ਨੂੰ ਕਾਫੀ ਦਿਨ ਵੈਟੀਲੇਟਰ ਤੇ ਰਹਿਣਾ ਪੈਣਾ, ਆਈਸੀਯੂ ‘ਚ ਪਤਾ ਨਹੀਂ ਕਿੰਨੇ ਦਿਨ ਲੱਗ ਜਾਣ , ਪਰ ਤੁਸੀਂ ਘਬਰਾਓ ਨਾ।
ਅਸੀਂ ਕਿਹਾ , ਜਦੋਂ ਅਪਰੇਸ਼ਨ ਬਿਨਾ ਕੋਈ ਹੱਲ ਨਹੀਂ , ਫਿਰ ਤੁਸੀਂ ਸਾਡੇ ਨਾਲ ਬਿਹਤਰ ਜਾਣਦੇ ਕੀ ਕਰਨਾ।
ਸ਼ਨੀਵਾਰ ਨੂੰ ਅਪਰੇਸ਼ਨ ਸੁਰੂ ਹੋਇਆ। ਮੇਰੇ ਮਨ ‘ਚ ਸਹਿਮ ਸੀ ਕਿਉਂਕਿ ਡਾਕਟਰਾਂ ਨੇ ਮੈਨੂੰ ਸਾਰੀ ਗੱਲ ਦੱਸੀ ਹੋਈ ਸੀ ਕਿ ਕਿੰਨਾ ਖਤਰਾ ਹੈ, ਟਿਊਮਰ ਕਾਫੀ ਵੱਡਾ ਸੀ , ਅਪਰੇਸ਼ਨ ਕਰਕੇ ਇੱਕੋ ਵਾਰੀ ਸਾਰਾ ਨਹੀਂ ਕੱਢ ਸਕਦੇ। ਪਰ ਮੈਂ ਮਰੀਜ਼ ਦੇ ਪਰਿਵਾਰ ਨੂੰ ਜਿ਼ਆਦਾ ਨਹੀਂ ਦੱਸਿਆ ਸੀ ।
ਦੁਪਹਿਰ ਤੱਕ ਅਪਰੇਸ਼ਨਂ ਹੋ ਗਿਆ। ਸ਼ਾਮ ਨੂੰ ਜਦੋਂ ਮੈਂ ਆਈਸੀਯੂ ‘ਚ ਗਿਆ ਤਾਂ ਡਾਕਟਰ ਸਾਹਿਬ ਨੂੰ ਪੁੱਛਿਆ, ‘ ਸਰ ਵੈਟੀਲੇਟਰ ਸਪੋਰਟ ਦੀ ਜਰੂਰਤ ਨਹੀਂ ਪਈ ?’
ਉਹ ਕਹਿੰਦੇ ਨਹੀਂ ਆਕਸੀਜਨ ਨਾਲ ਹੀ ਸਹੀ ਚੱਲ ਰਹੇ ਹਨ।
ਦੋ ਦਿਨਾਂ ਬਾਅਦ ਆਈਸੀਯੂ ਵਿੱਚੋਂ ਵਾਰਡ ‘ਚ ਸਿਫ਼ਟ ਕਰਤਾ। ਇੱਥੇ ਬੈੱਡ ਦਾ ਕਿਰਾਇਆ 35 ਰੁਪਏ ਹੈ ਅਤੇ ਲੁਧਿਆਣੇ ਡਾ਼ : ਅਰੋੜਾ 18000 ਮੰਗਦਾ ਸੀ ।
50-60 ਹਜ਼ਾਰ ‘ਚ ਦਿਮਾਗ ਦੀ ਮੇਜਰ ਸਰਜਰੀ ਹੋਗੀ । ਜੇ ਇਹੀ ਲੁਧਿਆਣੇ ਤੋਂ ਕਰਵਾਉਂਦੇ ਤਾਂ ਘੱਟੋ -ਘੱਟ 10 ਲੱਖ ਲੱਗਣਾ ਸੀ । ਨਾਲੇ ਏਮਸ ‘ਚ ਜਿੰਨੇ ਕਾਬਲ ਡਾਕਟਰ ਅਤੇ ਵਧੀਆ ਸਾਜੋ ਸਮਾਨ ਹੈ ਕਿਸੇ ਨਿੱਜੀ ਹਸਪਤਲਾ ਕੋਲ ਨਹੀਂ ਹੋ ਸਕਦਾ ।
ਇਹੀ ਗੱਲ ਮੈਂ ਜਦੋਂ ਕਿਸੇ ਜਾਣਕਾਰ ਨੂੰ ਦੱਸੀ ਉਹ ਕਹਿੰਦਾ ਤੁਹਾਡੀ ਤਾਂ ਉੱਥੇ ਪਹੁੰਚ ਸੀ , ਕੰਮ ਹੋ ਗਿਆ, ਆਪ ਲੋਕਾਂ ਨੂੰ ਕੌਣ ਪੁੱਛਦਾ। ਪਰ ਸੱਚ ਜਾਣਿਓ ਇੱਥੇ ਅੱਜ ਤੱਕ ਆਪ ਲੋਕਾਂ ਅਤੇ ਸਥਿਤੀ ਦੀ ਗੰਭੀਰਤਾ ਨੂੰ ਦੇਖ ਕੇ ਇਲਾਜ ਕੀਤਾ ਜਾਂਦਾ ਹੈ। ‘ਆਹ ਪਹੁੰਚ’ ਵਾਲਿਆਂ ਦਾ ਮੈਨੂੰ ਪਤਾ ਨਹੀਂ ਕੰਮ ਕਿਵੇ ਹੁੰਦੇ , ਅਸੀਂ ਕੋਈ ਸਿਫ਼ਾਰਸ ਨਹੀਂ ਲਾਈ ਸੀ, ਨਾਲ ਕੋਈ ਹੈਗੀ ਸੀ ।
ਹਸਪਤਾਲ ‘ਚ ਦੇ ਪ੍ਰਬੰਧ ਦੀ ਜਦੋਂ ਗੱਲ ਚੱਲਦੀ ਤਾਂ ਲੋਕ ਅਕਸਰ ਕਹਿੰਦੇ ‘ਬਾਦਲਾਂ ਨੇ ਆਹ ਕੰਮ ਤਾਂ ਚੰਗਾ ਕਰਤਾ’
ਇਹ ਲੇਖ ਲਿਖਣ ਦਾ ਮਤਲਬ ਐਨਾ ਹੀ ਹੈ ਕਿ ਏਮਸ ਅਤੇ ਪੀਜੀਆਈ ਵਰਗੀਆਂ ਸੰਸਥਾਵਾਂ ਸਾਨੂੰ ਆਰਥਿਕ ਅਤੇ ਸਰੀਰਕ ਪੱਖੋਂ ਬਚਾ ਸਕਦੀਆਂ ਹਨ, ਸਾਡੇ ਲੀਡਰਾਂ ਤੋਂ ਅਜਿਹੇ ਹਸਪਤਾਲਾਂ ਦੀ ਮੰਗ ਕਰੀਏ ਅਤੇ ਜਿੱਥੇ ਸਭ ਲਈ ਸਿਹਤ ਸਹੂਲਤਾਂ ਜਰੂਰੀ ਵੀ ਹੋਣ , ਮਹੁੱਲਾ ਕਲੀਨਿਕਾਂ ਵਾਲੀ ਸੋਸ਼ੇਬਾਜ਼ੀ ਨਾਲ ਕਿਸੇ ਦਾ ਕੁਝ ਨਹੀਂ ਸੰਵਰ ਸਕਦਾ।
Total Views: 79 ,
Real Estate