ਜਦੋਂ ਸਾਡੇ ਪਿੰਡ ‘ਚ ਸੱਚੀਂ ਸਰਪੰਚੀ ਹੁੰਦੀ ਸੀ

Sukhnaib Sidhu#ਸੁਖਨੈਬ_ਸਿੰਘ_ਸਿੱਧੂ

ਅੱਜ ਸਵੇਰੇ ਸੈਰ ਕਰਦੇ ਵੱਡੇ ਸਕੂਲ ਕੋਲ ਦੀ ਗਰਾਊਂਡ ‘ਚ ਜਾਣ ਲੱਗੇ । ਸਕੂਲ ਦੇ ਸਾਹਮਣੇ ਕਿਸੇ ਛੰਨ ਬਣਾ ਕੇ ਰੁਜ਼ਗਾਰ ਦਾ ਜੁਗਾੜ ਬਣਾਇਆ ਸੀ , ਹੋਰ ਕੀ ਇੱਥੇ ਸ਼ਰਮਾ ਟੀ ਸਟਾਲ ਹੋਣੀ ਸੀ । ਪਰ ਆਥਣੇ ਜੇ ਇੱਥੇ ਰੌਣਕਾਂ ਲੱਗ ਜਾਂਦੀਆਂ , ਬਰੇਕਾਂ ਵੱਜ ਜਾਂਦੀਆਂ , ਗੌਰਮਿੰਟ ਤੋਂ ਨਾ-ਮਨਜੂਰ ਅਹਾਤੇ ਨੇ , ਕੋਈ ਆਂਡੇ ਨਾਲ, ਕੋਈ ਤਰੀ ਨਾਲ ਚਿੱਤ ਕਰਾਰਾ ਕਰ ਲੈਂਦਾ , ਰੋਕਣਾ ਕੀਹਨੇ । ਊਂ ਪਿਛਲੇ ਸਾਲ ਨਸ਼ਾ ਛੁਡਾਊ ਕਮੇਟੀ ਨੇ ਠੱਲ ਪਾਤੀ ਸੀ , ਪਰ ਲੋਕਾਂ ਨੇ ਸਾਥ ਨਹੀਂ ਦਿੱਤਾ।
ਗੱਲ ਯਾਦ ਆ ਗਈ 1987-88 ਦੀ , ਉਦੋਂ ਸਾਡੇ ਪਿੰਡ ਦਾ ਸਰਪੰਚ ਗੁਰਨਾਮ ਸਿੰਘ ਖੜਕੇ ਕਾ ਹੁੰਦਾ ਸੀ । ਸਰਪੰਚ ਨੇ ਸਕੂਲ ਮੂਰ੍ਹੇ ਕੋਈ ਮਿੱਠੀਆਂ ਗੋਲੀਆਂ ਵੇਚਣ ਵਾਲੇ ਵੀ ਬੈਠਣ ਨਹੀਂ ਦਿੱਤੇ ਸੀ ,ਲੱਲੀ -ਛੱਲੀ ਤਾਂ ਕੀ ਖੜਜੂ । ਵਿਹੜੇ ‘ਚੋਂ ਮੋਦਨ, ਨਿੱਕੇ ਸਕੂਲ ਮੂਹਰੇ ਸੰਤਰਿਆਂ ਦੀ ਕੇਰ, ਮਰੂਦ , ਇਮਲੀ ਤੇ ਮਿੱਠੀਆਂ ਗੋਲੀਆਂ ਵੇਚਿਆ ਕਰੇ । ਸਰਪੰਚ ਨੇ ਉਹਨੂੰ ਕਿਹਾ ਸਕੂਲ ਕੋਲ ਨਈਂ ਵੇਚਣਾ, ਪਰਾਂ ਲੈਜਾ । ਮੋਦਨ ਨਾ ਹਟਿਆ ਤਾਂ ਸਰਪੰਚ ਨੇ ਬੋਰੀ ਜੀ ਵਗਾਹ ਕੇ ਮਾਰੀ ਤੇ ਗੋਲੀਆਂ -ਟਾਫੀਆਂ ਸੜਕ ਦੇ ਰੁੜੀਆਂ ਫਿਰਨ । ਵੱਡੇ ਸਕੂਲ ਵਾਲੇ ਮਾਲੀ ਮੁੰਡਾ ਵੀ ਇਹੀ ਰੁਜ਼ਗਾਰ ਸੁਰੂ ਕਰਦਾ ਸੀ ਉਹਦਾ ਵੀ ਕਾਰੋਬਾਰ ਉਹਨੇ ਸੜਕ ਤੇ ਲਿਆ ਦਿੱਤਾ। ਪੰਜਮੀ ਛੀਵੀਂ ‘ਚ ਸੀ ਅਸੀਂ , ਸਾਨੂੰ ਸਰਪੰਚ ਦਾ ਵਤੀਰਾ ਵਾਅਲਾ ਮਾੜਾ ਲੱਗਿਆ, ਗੁੱਸਾ ਤਾਂ ਆਵੇ ਪਰ ਕਰ ਕੀ ਸਕਦੇ ਸੀ , ਨਿੱਕੇ ਨਿੱਕੇ ਜਵਾਕ ਸੀ ਅਸੀਂ । ਸਰਪੰਚ ਊਂ ਵੀ ਮੈਨੂੰ ਚੰਗਾ ਨਾ ਲੱਗਿਆ ਕਰੇ , ਅਸੀਂ ਬਾਬੇ ਕੇ ਘਰਾਂ ‘ਚੋਂ ਸੀ , ਸਾਡੇ ਗਵਾੜ ਦੇ ‘ਬਾਬੇ’ ਨੂੰ ਹਰਾ ਕੇ ਇਹ ਜਿੱਤਿਆ ਸੀ।
ਪਿੰਡ ‘ਚ ਕੋਈ ਰੇਡਆਂ ਲਾ ਕੇ ਸਬਜ਼ੀ ਵੇਚਣ ਆਇਆ ਕਰੇ ਤਾਂ ਉਹਨੂੰ ਰੋਕ ਦਿਆ ਕਰੇ , ਉਹਨੇ ਦੇ ਮਾਈਕ ਖੋਹ ਲਿਆ ਕਰੇ, ਸਪੀਕਰ ਬੰਨ ਦਿਆ ਕਰੇ ।
ਪਿੰਡ ‘ਚ ਚਾਰ ਗੁਰਦੁਆਰੇ ਅਤੇ ਇੱਕ ਡੇਰਾ , ਸਾਰਿਆਂ ਨੇ ਤੜਕੇ -ਆਥਣੇ ਧਰਮ ਪ੍ਰਚਾਰ ਵਾਲਾ ਪੂਰਾ ਜੋ਼ਰ ਲਾਇਆ ਹੁੰਦਾ ਕਿ ਕੋਈ ਰਚਨਾ ਵਾਂਜੀ ਨਾ ਰਹਿਜੇ , ਸਾਰੇ ਪਾਸੇ ਕਾਵਾਂ ਰੌਲੀ ਤਾਂ ਸੁਣਦੀ ਗੱਲ ਕਿਸੇ ਵੀ ਪੱਲੇ ਨੀ ਪੈਂਦੀ , ਉਦੋਂ ਤਾਂ ਸਾਰਿਆਂ ਦਾ ਟੈਮ ਬੰਨ੍ਹਿਆ ਸੀ ਕਿਹੜਾ ਕਿੰਨੇ ਵਜੇ ਬੋਲੂ।
ਕੇਰਾਂ ਮੇਰੇ ਯਾਦ ਆ, ਸਰਪੰਚ ਨੇ ਦੋਧੀਆਂ ਨੂੰ ਘੇਰ ਲਿਆ, ਜੀਹਦਾ ਲੀਟਰ ਚੈੱਕ ਕਰੇ , 1000 ਮਿਲੀਲੀਟਰ ਦੀ ਥਾਂ 1100 ਤੋਲੇ , ਦੋਧੀਆਂ ਨੇ ਲੀਟਰ ਦਾ ਥੱਲਾ ਕੁੱਟ ਵਧਾਇਆ ਸੀ, ਨਾਲੇ ਪਾਸਿਆਂ ਤੋ ਚੌੜਾ ਕੀਤਾ, ਜਦੋਂ ਕਿਸੇ ਘਰੋਂ ਦੁੱਧ ਲੈਂਦੇ ਤਾਂ ਵੱਡੇ ਲੀਟਰ ਨਾਲ , ਜਦੋਂ ਕਿਸੇ ਨੂੰ ਵੇਚਣਾ ਹੁੰਦਾ ਤਾਂ ਹੋਰ ਲੀਟਰ ਹੁੰਦਾ ਉਹਦਾ ਥੱਲਾ ਵਿੱਚ ਨੂੰ ਵਾੜਿਆ ਹੁੰਦਾ ਜਿਵੇਂ ਰਿਟਜ ਕਾਰ ਪਿੱਛਿਓ ਚਿੱਬੀ ਜੀ ਹੁੰਦੀ ।
ਕਈ ਦਿਨ ਪਿੰਡ ‘ਚ ਦੋਧੀ ਨਾ ਵੜਣ ਦਿੱਤੇ , ਭੁੱਚੋ ਵਾਲਿਆਂ ਦੋਧੀਆਂ ਨੇ ਗੁਰਦੁਆਰੇ ‘ਚ ਪਿੰਡ ਆਲ੍ਹਿਆਂ ਤੋਂ ਮੁਆਫ਼ੀ ਮੰਗੀ ਸੀ ।
ਫਿਰ ਦੋਧੀਆਂ ਦਾ ਆਪਣੇ ਲਿੰਕ ਹੁੰਦੇ ਕਿਸੇ ਨੂੰ ਪੈਸੇ ਦਿੱਤੇ ਹੁੰਦੇ ਕਿਸੇ ਨੂੰ ਕੁਝ ਹੋਰ, ਲੋਕਾਂ ਨੇ ਫਿਰ ਦੁੱਧ ਵੇਚਣਾ ਸੁਰੂ ਕਰਤਾ , ਬੱਸ ਫਰਕ ਇਹ ਪਿਆ ਕੁਝ ਘਰਾਂ ਨੇ ਆਪਣੇ ਲੀਟਰ ਲਿਆਂਦੇ ।
ਮਗਰੋਂ ਕਈ ਸਰਪੰਚ ਆਏ , ਕਈ ਗਏ, ਸਾਡਾ ਪਿੰਡ ਗਾਂਹ ਨਹੀਂ ਗਿਆ , ਕਈਆਂ ਨੂੰ ਦੱਸਣਾ ਪੈਂਦਾ ਸੀ ‘ਤੂੰ ਸਰਪੰਚ ਐਂ ਬਾਈ’।
ਪੰਚਾਇਤ ਸੈਕਟਰੀ , ਸਰਪੰਚਾਂ ਦੇ ਪੈਰ ਨਹੀਂ ਲੱਗਣ ਨਹੀਂ ਦਿੰਦੇ ਪਹਿਲਾਂ ਪੂਹਲੇ ਸੈਕਟਰੀ ਲੱਗਣ ਤੂੰ ਤਿਆਰ ਨਹੀਂ ਹੁੰਦਾ ਸੀ , ਕਿਉਂਕਿ ਸਰਪੰਚ ਪੜਿਆ ਲਿਖਿਆ ਤੇ ਉਤੋਂ ਅੜਬ ਵੀ ਸੀ । ਸੈਕਟਰੀ ਨੂੰ ਆਪਣੀ ਕੁਰਸੀ ਵੀ ਆਪ ਚੁੱਕਣੀ ਪੈਂਦੀ , ਬਾਕੀ ਸਰਪੰਚ , ਸੈਕਟਰੀ ਨੂੰ ਹੱਥਾਂ ‘ਤੇ ਚੱਕੀ ਰੱਖਦੇ ਸੀ।
ਪਰ ਹੁਣ ਕੋਈ ਰਾਜਾ ਬਾਬੂ ਨਹੀਂ , ਸਕੂਲ ਕੋਲੇ ਰੇਹੜੀਆਂ ਲੱਗਦੀਆਂ, ਸਪੀਕਰ ਕੋਈ ਜਿਵੇਂ ਮਰਜ਼ੀ ਲਾਈ ਫਿਰੇ , ਚਿੱਟਾ ਵਿਕੇ ਕੋਈ ਪ੍ਰਵਾਹ ਨਹੀਂ ਹਰੇਕ ਨੂੰ ਲੱਗਦਾ ‘ਆਪਾਂ ਕੀ ਲੈਣਾ’
#ਸੁਖਨੈਬ_ਸਿੰਘ_ਸਿੱਧੂ

Total Views: 300 ,
Real Estate