ਸਮੇਂ ਦੀਆਂ ਪਰਿਵਾਰਕ ਅਤੇ ਸਮਾਜਿਕ ਦੁਸ਼ਵਾਰੀਆਂ ‘ਚੋਂ ਨਿਕਲਣ ਲਈ ਤੁੰਗਵਾਲੀ ਵਿਖੇ ਕਰਵਾਏ ਗਏ ਮੰਥਨ ਦੌਰਾਨ ਵਗਿਆ ਵਿਚਾਰਾਂ ਦਾ ਪ੍ਰਵਾਹ

ਅਗਾਂਹਵਧੂ ਕਿਸਾਨ ਹਰਦੀਪ ਜਟਾਣਾ ਅਤੇ ਉੱਘੇ ਸਮਾਜ ਸੇਵੀ ਕੈਪਟਨ ਧਰਮ ਸਿੰਘ ਗਿੱਲ ਦਾ ਨਗਰ ਵਾਸੀਆਂ ਵਲੋਂ ਵਿਸ਼ੇਸ਼ ਸਨਮਾਨ
ਭੁੱਚੋ ਮੰਡੀ, 31 ਮਾਰਚ (ਪਰਵਿੰਦਰ ਸਿੰਘ ਜੌੜਾ)-ਅਜੋਕੇ ਸਮੇਂ ਦੀਆਂ ਪਰਿਵਾਰਕ ਅਤੇ ਸਮਾਜਿਕ ਦੁਸ਼ਵਾਰੀਆਂ ‘ਚੋਂ ਨਿਕਲਣ ਲਈ ਤੁੰਗਵਾਲੀ ਵਿਖੇ ਕਰਵਾਏ ਗਏ ਮੰਥਨ ਸਮਾਗਮ ਦੌਰਾਨ ਵਿਚਾਰਾਂ ਦਾ ਪ੍ਰਵਾਹ ਵਗਿਆ। ਭਰਵੇਂ ਸਮਾਗਮ ਵਿਚ ਨਗਰ ਵਾਸੀਆਂ ਵਲੋਂ ਉੱਘੇ ਸਮਾਜ ਸੇਵੀ ਕੈਪਟਨ ਧਰਮ ਸਿੰਘ ਗਿੱਲ ਅਤੇ ਅਗਾਂਹਵਧੂ ਕਿਸਾਨ ਹਰਦੀਪ ਜਟਾਣਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਗ਼ਦਰੀ ਬਾਬਿਆਂ ਦੇ ਪਿੰਡ ਵਜੋਂ ਜਾਣੇ ਜਾਂਦੇ ਤੁੰਗਵਾਲੀ ਵਿਖੇ ਆਜ਼ਾਦੀ ਤੋਂ ਬਾਅਦ ਸ਼ਾਇਦ ਅਜਿਹਾ ਇਹ ਪਹਿਲਾ ਸਮਾਗਮ ਸੀ, ਜਿਸ ਵਿਚ ਅਜੋਕੇ ਸਮੇਂ ਵਿਚ ਸਮਾਜ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਖੁੱਲ੍ਹ ਕੇ ਮੰਥਨ ਕੀਤਾ ਗਿਆ ਅਤੇ ਇਸ ਸਮੇਂ ਦੌਰਾਨ ਸਰੋਤਿਆਂ ਨੇ ਸਾਹ ਰੋਕ ਕੇ ਨਾ ਸਿਰਫ ਸੰਜੀਦਗੀ ਨਾਲ ਸੁਣਿਆ, ਸਗੋਂ ਭਵਿੱਖ ਵਿਚ ਅਜਿਹੇ ਹੋਰ ਮੰਥਨ ਕਰਨ ਦੀ ਪ੍ਰੇਰਨਾ ਅਤੇ ਸਹਿਮਤੀ ਦਿੱਤੀ। ਇਹ ਵੀ ਕਿ ਇਸ ਮੌਕੇ ਬੀਬੀਆਂ ਦੀ ਸੰਜੀਦਗੀ ਵਧੇਰੇ ਦੇਖਣ ਨੂੰ ਮਿਲੀ। ਤੁੰਗਵਾਲੀ ਦੇ ਸਮਾਜ ਸੇਵੀ ਪਰਿਵਾਰ ਬਲਵਿੰਦਰ ਸਿੰਘ ਮਾਨ ਉਰਫ ਡਾਕਟਰ ਕਾਂਬਲੀ ਵਲੋਂ ਕੀਤਾ ਗਿਆ ਉਪਰਾਲਾ ਸ਼ਾਨਦਾਰ ਅਤੇ ਯਾਦਗਾਰ ਰਿਹਾ। ਮਾਨ ਬੱਕਰੀ ਮੰਡੀ ਦੇ ਖੁੱਲ੍ਹੇ ਮੈਦਾਨ ਵਿਖੇ ਸਵੇਰ ਸਮੇਂ ਗੁਰੂ ਗ੍ਰੰਥ ਸਾਹਿਬ ਦੇ ਆਖੰਡ ਪਾਠ ਦੇ ਭੋਗ ਪਾਉਣ ਉਪਰੰਤ ਰਾਗੀ ਸਿੰਘਾਂ ਵਲੋਂ ਰਸਮਈ ਕੀਰਤਨ ਕੀਤਾ ਗਿਆ। ਪਿੰਡ ਅਤੇ ਇਲਾਕਾ ਨਿਵਾਸੀਆਂ ਦੇ ਠਾਠਾਂ ਮਾਰਦੇ ਇਕੱਠ ਵਿਚ ਸਟੇਜ ਦੀ ਸ਼ੁਰੂਆਤ ਉੱਘੇ ਰੇਡੀਓ ਐਂਕਰ ਸੁਖਨੈਬ ਸਿੱਧੂ ਵਲੋਂ ਕੀਤੀ ਗਈ। ਲੰਗਰ ਮਾਤਾ ਖੀਵੀ ਜੀ ਟਰਸਟ ਫਰੀਦਕੋਟ ਦੇ ਮੁੱਖ ਸੰਚਾਲਕ ਕੈਪਟਨ ਧਰਮ ਸਿੰਘ ਗਿੱਲ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਇਕ ਕੱਦੂ ਤੋਂ ਕੈਂਸਰ ਦੇ ਮਰੀਜ਼ਾਂ ਲਈ ਲੰਗਰ ਦੀ ਸ਼ੁਰੂਆਤ ਕੀਤੀ ਅਤੇ ਅੱਜ ਹਜ਼ਾਰਾਂ ਲੋਕ ਰੋਜ਼ਾਨਾ ਲੰਗਰ ਛਕਦੇ ਹਨ। ਉਨ੍ਹਾਂ ਜੀਵਨ ਵਿਚ ਸਾਦਗੀ, ਨਿਮਰਤਾ ਅਤੇ ਸੰਜੀਦਗੀ ਲਿਆਉਣ ਲਈ ਪ੍ਰੇਰਿਆ। ਪ੍ਰਧਾਨਗੀ ਭਾਸ਼ਨ ਵਿਚ ਅਗਾਂਹਵਧੂ ਕਿਸਾਨ ਹਰਦੀਪ ਜਟਾਣਾ ਨੇ ਜ਼ਿੰਦਗੀ ਦੇ ਫਲਸਫ਼ੇ ਦਾ ਕਰੀਬ ਹਰ ਵਰਕਾ ਫੋਲਦਿਆਂ ਨਾ ਸਿਰਫ ਅਜੋਕੇ ਦੌਰ ਦੀ ਮਨੁੱਖੀ ਸੋਚ ਦੇ ਕਪਾਟ ਖੋਲ੍ਹੇ, ਸਗੋਂ ਜੀਵਨ ਦੀਆਂ ਮੁਸ਼ਕਿਲ ਗੁੰਝਲਾਂ ਦੇ ਹੱਲ ਵੀ ਸੁਝਾਏ। ਉਨ੍ਹਾਂ ਬਾਬੇ ਨਾਨਕ ਦੇ ਫਲਸਫ਼ੇ ਤੋਂ ਪ੍ਰੇਰਨਾ ਲੈ ਕੇ ਪੁਰਾਣੇ ਪੰਜਾਬੀ ਸੱਭਿਆਚਾਰ ਵੱਲ ਮੁੜਨ ਅਤੇ ਖੇਤੀ ਵਿਭਿੰਨਤਾ ਅਪਨਾਉਣ ਦੀ ਬਾਤ ਪਾਈ। ਨਹਿਰੂ ਯੁਵਾ ਕੇਂਦਰ ਦੇ ਸਾਬਕਾ ਸਟੇਟ ਡਾਇਰੈਕਟਰ ਜਗਜੀਤ ਸਿੰਘ ਮਾਨ ਅਤੇ ਪੰਜਾਬੀ ਮਾਂ ਬੋਲੀ ਦੇ ਸ਼ੁਦਾਈ ਭਜਨ ਰੰਗਸਾਜ਼ ਸਮੇਤ ਵੱਖ-ਵੱਖ ਖੇਤਰਾਂ ਵਿਚ ਉੱਘਾ ਯੋਗਦਾਨ ਪਾਉਣ ਵਾਲੀਆਂ ਹੋਰਨਾਂ ਮਾਣਮੱਤੀਆਂ ਸ਼ਖ਼ਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮਾਗਮ ਨੂੰ ਸਿਆਸੀ ਪ੍ਰਛਾਵੇਂ ਤੋਂ ਦੂਰ ਰੱਖਿਆ ਗਿਆ।

Total Views: 364 ,
Real Estate