“ਮਾਂ” –‘ਕਾਰਿਆ’ ਪ੍ਰਭਜੋਤ ਕੌਰ-

ਕਾਰਿਆ’ ਪ੍ਰਭਜੋਤ ਕੌਰ

ਹੈ ਨਿੱਕਾ ਜਿਹਾ ਸ਼ਬਦ
ਪਰ ਅਰਥ ਵਿਸ਼ਾਲ।

ਅੱਖ ਖੁੱਲਣ ਤੋਂ
ਆਖਰੀ ਸਾਹ ਤਕ
ਨਾਲ-ਨਾਲ ਹੈ ਤੁਰਦਾ
ਇਕੋ-ਇਕ ਅਹਿਸਾਸ
ਹਰ ਸੁੱਖ-ਦੁੱਖ ‘ਚ।

ਹਰ ਪਲ ਹੁੰਦੀ ਮੇਰੇ ਨਾਲ
ਉਸ ਦੀ ਆਵਾਜ਼,
ਉਸ ਹੀ ਸਿੱਖਾਈ
ਜੀਵਨ ਦੀ ਜਾਚ।

ਮੇਰੀ ਜ਼ਿੰਦਗੀ ‘ਚ
ਜੋ ਵੀ ਹਾਸਲ
ਸਭ ਉਸੇ ਦਾ-
ਉਸੇ ਤਾਂ ਦਿੱਤੀ ਸੀ
ਹਰ ਸਾਹ ਨਾਲ
ਇਹ ਆਵਾਜ਼..
ਇਹ ਰੰਗ…
ਇਹ ਢੰਗ…
ਸਭ ਉਸੇ ਦਾ ਦਿੱਤਾ ।

ਮੇਰੀ ਮਾਂ…
ਜਿਸ ‘ਚੋਂ ਸਿਖੀ ਮੈਂ ਭਾਸ਼ਾ,
ਮੈਨੂੰ ਲੋਰੀਆਂ ਸੁਣਾ
ਇਸੇ ਸਵਾਇਆ
ਇਸੇ ਹਸਾਇਆ।

ਮੇਰੀ ਮਿੱਟੀ ਵੀ ਹੈ ਗੁੰਨ੍ਹੀ
ਇਸੇ ਗੁਰਬਾਣੀ ਨਾਲ।
ਤੇ ਅੱਜ…
ਸਾਂਭ ਰੱਖਣ ਦੀ ਹੈ ਬਾਤ
ਉਸੀ ਭਾਸ਼ਾ ਉਸੀ ਬੋਲੀ ਨੂੰ।
ਜਿਸ ‘ਚ ਕੀਤੀਆਂ ਸਨ
ਮਾਂ ਮੇਰੀ ਨੇ ਬਾਤਾਂ,
ਮੇਰੇ ਨਾਲ…
ਮੈਂ ਜਨਮ ਤੋਂ ਵੀ ਪਹਿਲਾਂ।

ਮੇਰੇ ਵਿਵੇਕ ਦੀ ਖੁਰਾਕ
ਮੇਰੀ ਆਵਾਜ਼
ਮੇਰੀ ਪਛਾਣ
ਮਾਂ-ਬੋਲੀ ਹੀ ਤਾਂ ਹੈ,
ਮੇਰੀ ਸੋਚ…
ਮੇਰੇ ਬੋਲ…
ਸਭ ਕੁਝ…
ਉਸੇ ਦਾ ਦਿੱਤਾ।

ਜਦ ਕਦੇ ਵੀ
ਅੱਖਾਂ ਬੰਦ ਕਰ ਸੋਚਾ
ਜਾਂ ਕਰਾਂ ਬਾਤ
ਆਪਣੇ ਹੀ ਨਾਲ
ਮਾਂ-ਬੋਲੀ ‘ਚ ਮੈਨੂੰ ਮਿਲਦਾ
ਦਿਲ ਦੀਆਂ ਬਾਤਾਂ ਦਾ ਜਵਾਬ।
ਇਹ ਸੋਚ ਦੀ ਭਾਸ਼ਾ
ਮੇਰੀ ਹੋਸ਼ ਦੀ ਭਾਸ਼ਾ
ਮੇਰੀ ਆਪਣੀ “ਪੰਜਾਬੀ”
ਮੇਰੀ ਮੌਜ ਦੀ ਭਾਸ਼ਾ।
ਰੂਹ ਵੀ ਇਸੇ ‘ਚ
ਗੱਲਾਂ ਹੈ ਕਰਦੀ
ਲੈਂਦੀ ਕਲਾਵੇ ‘ਚ
ਕਰਦੀ ਨਾ ਕੋਈ ਸਵਾਲ।

Total Views: 255 ,
Real Estate