ਸਾਂਝੇ ਪੰਜਾਬ ਦੀ ਸ਼ਰ ਜ਼ਮੀਨ ਤੇ ਜਨਮਿਆ ਤੇ ਭਾਰਤ ਦੀ ਅਜ਼ਾਦ ਫ਼ਿਜਾ ਵਿੱਚ ਜਵਾਨ ਹੋਇਆ ਦੀਦਾਰ ਸੰਧੂ ਇੱਕ ਅਜਿਹਾ ਗੀਤਕਾਰ ਤੇ ਗਾਇਕ ਸੀ, ਜਿਸਨੇ ਦੋਹਾਂ ਹੀ ਪੱਖਾਂ ਤੇ ਅੰਬਰਾਂ ਨੂੰ ਛੋਹਿਆ ਹੈ। ਉਸਦੀ ਲੇਖਣੀ ਵਿੱਚ ਠੇਠ ਪੰਜਾਬੀ, ਨਵੀਂ ਸ਼ਬਦਾਵਲੀ, ਪੇਂਡੂ ਸੱਭਿਆਚਾਰ, ਬਾਗੀ ਸੁਰ, ਮਜਾਜ਼ੀ ਇਸ਼ਕ ਆਦਿ ਦੀ ਖੂਬਸੂਰਤੀ ਝਲਕ ਮਿਲਦੀ ਹੈ। 3 ਜੁਲਾਈ 1942 ਨੂੰ ਚੱਕ ਨੰਬਰ 133 ਜਿਲ੍ਹਾ ਸਰਗੋਧਾ ਹੁਣ ਪਾਕਿਸਤਾਨ ਵਿੱਚ ਪਿਤਾ ਸਮੁੰਦ ਸਿੰਘ ਦੇ ਘਰ ਮਾਤਾ ਦਾਨ ਕੌਰ ਦੀ ਕੁੱਖੋਂ ਜਨਮ ਲੈਣ ਵਾਲਾ ਪੰਜ ਭਰਾਵਾਂ ਦਾ ਸਭ ਤੋਂ ਛੋਟਾ ਦੀਦਾਰ ਸੰਧੂ ਬਚਪਨ ਹੀ ਹੰਢਾ ਰਿਹਾ ਸੀ, ਕਿ ਦੇਸ਼ ਵੰਡੇ ਜਾਣ ਕਾਰਨ ਉਸਨੂੰ ਆਪਣੇ ਪਰਿਵਾਰ ਸਮੇਤ ਭਾਰਤ ਆਉਣਾ ਪਿਆ। ਉਹਨਾਂ ਦਾ ਪਰਿਵਾਰ ਕੁਝ ਚਿਰ ਬੱਦੋਵਾਲ ਰਿਹਾ ਅਤੇ ਫਿਰ 1956 ਵਿੱਚ ਜਿਲ੍ਹਾ ਲੁਧਿਆਣਾ ਦੇ ਪਿੰਡ ਭਰੋਵਾਲ ਖੁਰਦ ਵਿਖੇ ਪੱਕੇ ਤੌਰ ਤੇ ਰਹਿਣ ਲੱਗ ਪਿਆ। 1966 ’ਚ ਦੀਦਾਰ ਦਾ ਵਿਆਹ ਪਿੰਡ ਗਾਲਿਬ ਕਲਾਂ ਦੇ ਭਾਨ ਸਿੰਘ ਦੀ ਪੁੱਤਰੀ ਅਮਰਜੀਤ ਕੌਰ ਨਾਲ ਹੋਇਆ, ਉਹਨਾਂ ਦੇ ਘਰ ਇੱਕ ਪੁੱਤਰ ਅਤੇ ਇੱਕ ਪੁੱਤਰੀ ਨੇ ਜਨਮ ਲਿਆ।
ਦੀਦਾਰ ਪੇਂਡੂ ਖੇਤਰ ਵਿੱਚ ਵਿਚਰਿਆ, ਉਸਨੇ ਅਮੀਰਜ਼ਾਦਿਆਂ ਵੱਲੋਂ ਗਰੀਬ ਲੜਕੀਆਂ ਵੱਲ ਚਲਦੀ ਕੈਰੀ ਨਜ਼ਰ, ਲੁਕ ਛਿਪ ਕੇ ਹੁੰਦੀਆਂ ਨੌਜਵਾਨ ਮੁੰਡੇ ਕੁੜੀਆਂ ਦੇ ਪਿਆਰ ਦੀਆਂ ਅਠਖੇਲੀਆਂ, ਜਵਾਨੀ ਦੇ ਉਬਾਲ ਨਾਲ ਉੱਭਰਦੇ ਸੁਹੱਪਣ, ਜੱਟਾਂ ਦੇ ਖਾਣ ਪੀਣ ਦੇ ਸ਼ੌਂਕ ਆਦਿ ਨੂੰ ਨੇੜਿਉਂ ਤੱਕਿਆ, ਉਸਨੇ ਖ਼ੁਦ ਅਜਿਹੇ ਮਹੌਲ ਤੋਂ ਦੂਰ ਰਹਿ ਕੇ ਸੱਭਿਆਚਾਰਕ ਸਦਾਚਾਰ ਦੀ ਸੀਮਾਂ ਟੱਪਣ ਤੋਂ ਗੁਰੇਜ ਕੀਤਾ, ਪਰ ਉਸਨੇ ਇਹ ਸਭ ਕੁਝ ਅੱਖਰ ਰੂਪੀ ਮੋਤੀਆਂ ’ਚ ਪਰੋ੍ਹ ਕੇ ਪੰਜਾਬੀ ਸੱਭਿਆਚਾਰ ਮੂਹਰੇ ਪੇਸ਼ ਕਰਨ ਦਾ ਹੌਂਸਲਾ ਕਰ ਵਿਖਾਇਆ। ਉਸਨੇ ਗੀਤਾਂ ਰਾਹੀਂ ਖੁਸ਼ਬੋਆਂ ਵੰਡੀਆਂ, ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕੀਤਾ, ਮਹਿਕਾਂ ਖਿਲਾਰੀਆਂ, ਸਰੋਤਿਆਂ ਦਾ ਮਨੋਰੰਜਨ ਵੀ ਕੀਤਾ ਤੇ ਉਹਨਾਂ ਦੀ ਜ਼ਮੀਰ ਨੂੰ ਵੀ ਟੁੰਬਿਆ।
ਦੀਦਾਰ ਦੇ ਵਾਕਾਂ ਦਾ ਚਿਤਰਨ ਬਹੁਤ ਖੂਬਸੂਰਤੀ ਭਰਿਆ ਹੁੰਦਾ, ਉਹ ਖ਼ੁਦ ਲਿਖਕੇ ਖ਼ੁਦ ਵੀ ਗਾਉਂਦਾ ਅਤੇ ਉਸਦੇ ਗੀਤ ਹੋਰ ਗਾਇਕ ਵੀ ਗਾਉਂਦੇ। ਉਸਦਾ ਰਚਿਆ ਪਹਿਲਾ ਗੀਤ ‘ਜੱਟ ਬੜਾ ਬੇਦਰਦੀ’ ਉਸ ਸਮੇਂ ਦੀ ਸਟਾਰ ਗਾਇਕਾ ਨਰਿੰਦਰ ਬੀਬਾ ਦੀ ਅਵਾਜ਼ ਵਿੱਚ ਰਿਕਾਰਡ ਹੋਇਆ। ਪ੍ਰਸਿੱਧ ਜੋੜੀ ਮੁਹੰਮਦ ਸਦੀਕ ਤੇ ਰਣਜੀਤ ਕੌਰ ਨੇ ਦੀਦਾਰ ਦੇ ਲਿਖੇ ਗੀਤ ‘ਸੁਰਮਾਂ ਪੰਜ ਰੱਤੀਆਂ’ ‘ਕਾਗਜ ਵਰਗੀ ਭਾਬੀ’ ‘ਕੁੜਤੀ ਮਲਮਲ ਦੀ’ ‘ਲੱਡੂ ਵੰਡਦੀ ਕਚਹਿਰੀਉਂ ਆਵਾਂ’ ਸਟੇਜਾਂ ਤੋਂ ਪੇਸ਼ ਕੀਤੇ ਤਾਂ ਹਰ ਬੱਚੇ ਬੁੱਢੇ ਦੀ ਜ਼ੁਬਾਨ ਤੇ ਦੀਦਾਰ ਸੰਧੂ ਦਾ ਨਾਂ ਚੜ੍ਹ ਗਿਆ। ਉਸਨੇ ਕੁਝ ਸਟੇਜਾਂ ਤੇ ਮੁਹੰਮਦ ਸਦੀਕ ਨਾਲ ਵੀ ਕੰਮ ਕੀਤਾ ਅਤੇ ਫੇਰ 1962 ਵਿੱਚ ਲੋਕ ਸੰਪਰਕ ਵਿਭਾਗ ਵਿੱਚ ਨੌਕਰੀ ਕਰ ਲਈ।
ਇਸੇ ਦੌਰਾਨ ਉਸਨੇ ਸਨੇਹ ਲਤਾ ਨਾਲ ਗਾਇਕ ਜੋੜੀ ਬਣਾ ਕੇ ਆਪਣਾ ਪਹਿਲਾ ਗੀਤ ‘ਪਿੰਡ ਦਿਆਂ ਮੁੰਡਿਆਂ ਨੂੰ ਸਾਨੂੰ ਦੇਖ ਕੇ ਨੀਂਦ ਨਾ ਆਵੇ’ ਸਰੋਤਿਆਂ ਦੇ ਰੂਬਰੂ ਕੀਤਾ ਤਾਂ ਜੋੜੀ ਦੀਆਂ ਹਰ ਪਾਸੇ ਧੁੰਮਾਂ ਪੈ ਗਈਆਂ। ਦੀਦਾਰ ਸਨੇਹ ਦੀ ਜੋੜੀ ਦੀ ਅਵਾਜ਼ ਦਾ ਸੁਮੇਲ ਏਨਾ ਪ੍ਰਭਾਵਸ਼ਾਲੀ ਸੀ, ਕਿ ਜਲਦੀ ਹੀ ਇਹ ਜੋੜੀ ਸਦੀਕ ਰਣਜੀਤ ਦੇ ਮੁਕਾਬਲੇ ਤੇ ਆ ਖੜੀ। ਕਰੀਬ ਸੱਤ ਸਾਲ ਇਸ ਜੋੜੀ ਨੇ ਆਪਣੀ ਕਲਾ ਦੇ ਜੌਹਰ ਦਿਖਾਏ। ਇਸ ਉਪਰੰਤ ਸਨੇਹ ਲਤਾ ਦੇ ਵਿਆਹ ਕਾਰਨ ਜੋੜੀ ਟੁੱਟ ਗਈ ਤੇ ਦੀਦਾਰ ਦੀ ਗਾਇਕੀ ਵਿੱਚ ਇੱਕ ਵਾਰ ਖੜੋਤ ਵੀ ਆ ਗਈ। ਪਰ ਉਸਨੇ ਹੌਂਸਲਾ ਕਰਦਿਆਂ ਮੁੜ ਗਾਇਕੀ ਨੂੰ ਲੀਹ ਤੇ ਲਿਆਂਦਾ ਅਤੇ ਹੋਰ ਗਾਇਕਾਵਾਂ ਸੁਰਿੰਦਰ ਕੌਰ, ਅਮਰ ਨੂਰੀ, ਪਰਮਿੰਦਰ ਸੰਧੂ, ਕੁਲਦੀਪ ਕੌਰ, ਬਲਜੀਤ ਬੱਲੀ, ਸੁਸ਼ਮਾ, ਸੁਖਵੰਤ ਕੌਰ ਤੇ ਰਮਾ ਵਿੱਜ ਆਦਿ ਨਾਲ ਸਟੇਜਾਂ ਕੀਤੀਆਂ।
ਇਸਤੋਂ ਇਲਾਵਾ ਉਸਦੇ ਲਿਖੇ ਗੀਤ ਮੁਹੰਮਦ ਸਦੀਕ ਰਣਜੀਤ ਕੌਰ, ਨਰਿੰਦਰ ਬੀਬਾ, ਬੀਰ ਚੰਦ, ਰਣਜੀਤ ਵਿਰਕ, ਪ੍ਰਮਿਲਾ ਪੰਮੀ, ਸਵਰਨ ਲਤਾ, ਸੁਦੇਸ ਕਪੂਰ, ਕਰਨੈਲ ਗਿੱਲ, ਰੇਸ਼ਮ ਰੰਗੀਲਾ, ਪ੍ਰੀਤੀ ਬਾਲਾ, ਕਰਨੈਲ ਸਿੰਘ, ਬੀਰ ਚੰਦ ਗੋਪੀ ਆਦਿ ਨੇ ਵੀ ਗਾਏ।
ਦੀਦਾਰ ਸੰਧੂ ਦੀ ਲੇਖਣੀ ਦੀ ਤੁਕ ਬੰਦੀ ਬਹੁਤ ਕਮਾਲ ਦੀ ਸੀ, ਮਿਸ਼ਾਲ ਵਜੋਂ ‘ਸਾਉਣ ਮਹੀਨਾ ਪੈਣ ਛਰਾਟੇ, ਵਗ ਪਰਨਾਲੇ ਢਾਬ ਭਰੀ’ ‘ਜੀ ਕਰਦਾ ਏ ਝਾਂਜਰ ਪਾ ਕੇ ਉੱਡ ਜਾਂ ਕਬੂਤਰ ਬਣਕੇ’ ‘ਤੇਰੇ ਮਾਨ ਸਰੋਵਰ ਝੀਲ ਜਿਹੇ ਨੈਣਾਂ ਦੇ ਨਜ਼ਰੀਂ ਚੜ੍ਹ ਜਾਵਾਂ’ ‘ਤੇਰਾ ਆਉਣਾ ਨੀ
ਸਮੁੰਦਰਾਂ ਦੀ ਛੱਲ ਵਰਗਾ’ ਆਦਿ। ਜ਼ੁਲਮ ਤਸ਼ੱਦਦ ਵੀ ਉਸਦੀਆਂ ਲਿਖਤਾਂ ਵਿੱਚ ਮਿਲਦਾ ਹੈ ਜਿਵੇਂ ‘ਮੇਰਾ ਉਹ ਮੁਜ਼ਾਰੇ ਵਾਲਾ ਹਾਲ ਜੀਹਤੋਂ ਮਾਲਕਾਂ ਜ਼ਮੀਨ ਖੋਹ ਲਈ’ ‘ਨਾ ਮਾਰ ਜਾਲਮਾਂ ਵੇ ਪੇਕੇ ਤੱਤੜੀ ਦੇ ਦੂਰ’, ਇੱਥੇ ਹੀ ਬੱਸ ਨਹੀਂ ਜਦੋਂ ਪਿੰਡ ਦਾ ਜਗੀਰਦਾਰ ਗਰੀਬੀ ਹੰਢਾ ਰਹੀ ਸੋਹਣੀ ਮੁਟਿਆਰ ਤੇ ਕਟਾਸ ਕਸਦੈ ਤਾਂ ਜੰਗੀਰਦਾਰ ਦੀ ਹੈਂਕੜ ਤੇ ਇੱਜਤਦਾਰ ਮੁਟਿਆਰ ਦੇ ਹੌਂਸਲੇ ਨੂੰ ਉਹ ਇਉਂ ਬਿਆਨ ਕਰਦਾ ਹੈ ‘ਮੰਨਿਆ ਗਰੀਬ ਹੁੰਦੇ ਵੱਡਿਆਂ ਦੇ ਆਸਰੇ ਤੇ, ਇਹ ਤਾਂ ਤੇਰਾ ਬਣਦਾ ਨੀ ਹੱਕ ਵੇ ਜਗੀਰਦਾਰਾ, ਇਹ ਤਾਂ ਤੇਰਾ ਬਣਦਾ ਨੀ ਹੱਕ।’
ਕਿਤੇ ਕਿਤੇ ਥੋੜੀ ਜਿਹੀ ਲੱਚਰਤਾ ਵੀ ਦਿਖਾਈ ਦਿੰਦੀ ਹੈ, ਜਿਵੇਂ ‘ਗਰਮ ਲੈਚੀਆਂ ਗਰਮ ਮਸਾਲਾ ਗਰਮ ਸੁਣੀਂਦੀ ਹਲਦੀ, ਵਿਆਹ ਕਰਵਾਉਣਾ ਸੀ ਲੱਕ ਪਤਲੇ ਤੋਂ ਡਰਦੀ’ ‘ਆਹ ਲੋਕ ਪੁੱਛਣ ਪਏ ਮੈਨੂੰ ਇਹ ਬੀਬੀ ਕਿਵੇਂ ਟਿਕਾਈ ਐ।’ ਵਿਛੋੜੇ ਦੀ ਗੱਲ ਵੀ ਕਰਦੈ ‘ਗਲੀਆਂ ਦੇ ਕੱਖ ਰੋਣਗੇ’ ‘ਨਜਾਇਜ ਅਸਲੇ ਵਾਂਗੂੰ ਯਾਰ ਲਕੋਣਾ ਪੈਜੂਗਾ।’ ਦੀਦਾਰ ਦੀਆਂ ਲਿਖਤਾਂ ਵਿੱਚ ਪੇਂਡੂ ਠੇਠ ਪੰਜਾਬੀ ਸਬਦਾਂ ਦਾ ਵੱਡਾ ਭੰਡਾਰ ਹੈ, ਛਰਾਟੇ, ਢਾਬ, ਮਾਨ ਸਰੋਵਰ, ਲੌਣ, ਘੱਗਰਾ, ਮੁਜ਼ਾਰਾ, ਜਗੀਰਦਾਰਾ, ਤੱਤੜੀ, ਬਟੀਲੂ, ਬੱਚੀਆਂ, ਕੌਡੀਆਂ, ਦੇਸੀ ਦਾਰੂ, ਕਾਲਜਾ, ਗੱਭਰੂ, ਤਵੀਤ, ਹਿੱਕ, ਚਰਾਗ, ਬੋਤਲ ਆਦਿ ਅਨੇਕਾਂ ਸ਼ਬਦ ਹਨ ਜੋ ਪੁਰਾਤਨ ਸੱਭਿਆਚਾਰ ਨੂੰ ਯਾਦ ਕਰਵਾਉਂਦੇ ਹਨ।
‘ਖੱਟੀ ਨੀ ਬਿਨ ਬਦਨਾਮੀ ਤੋਂ ਉਹਨੇ ਵੀ ਕੁਝ ਗਵਾਇਆ ਹੋਊ, ਜਿਸਨੇ ਇਸ ਭਰੀ ਸੁਰਾਹੀ ਚੋਂ ਪਹਿਲਾ ਪੈੱਗ ਭਰਕੇ ਲਾਇਆ ਹੋਊ’ ਸਟੇਜਾਂ ਤੇ ਪੇਸ਼’ ਕਰ ਕਰ ਕੇ ਦੀਦਾਰ ਲੰਬਾ ਸਮਾਂ ਸ਼ਰਾਬ ਤੋਂ ਬਚਣ ਦੇ ਸੁਝਾਅ ਦਿੰਦਾ ਰਿਹਾ। ਪਰ ਇਸ ਨੂੰ ਜੀਵਨ ’ਚ ਉਖੜੇ ਪੈਰ ਹੀ ਕਿਹਾ ਜਾ ਸਕਦਾ ਹੈ ਕਿ 1988 ਵਿੱਚ ਵਿਦੇਸ਼ਾਂ ਦੇ ਦੌਰੇ ਤੇ ਗਏ ਦੀਦਾਰ ਨੇ ਇਸੇ ਪੈੱਗ ਨੂੰ ਆਪਣਾ ਸਾਥੀ ਬਣਾ ਲਿਆ, ਕਈ ਵਰ੍ਹੇ ਉਸਨੇ ਰੱਜ ਕੇ ਸੁਰਾਹੀ ਚੋਂ ਪੈੱਗ ਲਗਾਏ। ਆਖ਼ਰ ਇਸ ਚੰਦਰੀ ਸ਼ਰਾਬ ਨੇ ਗੁਰਦਿਆਂ ਤੇ ਬੁਰਾ ਪ੍ਰਭਾਵ ਪਾ ਦਿੱਤਾ ਅਤੇ ਇਸੇ ਸਦਕਾ ਇਹ ਲੋਕਾਂ ਦਾ ਮਹਾਨ ਗੀਤਕਾਰ ਤੇ ਗਾਇਕ 16 ਫਰਵਰੀ 1991 ਨੂੰ ਦਿਆਨੰਦ ਹਸਪਤਾਲ ਲੁਧਿਆਣਾ ਵਿਖੇ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਿਆ।

ਮੋਬਾ: 098882 75913