ਗਰਮ ਪਾਣੀ ਨਾਲ ਨੁਕਸਾਨ ਵੀ ਹੋ ਸਕਦੇ ਹਨ

ਡਾ ਬਲਰਾਜ ਬੈਂਸ 9463038229, ਡਾ ਕਰਮਜੀਤ ਕੌਰ ਬੈਂਸ,

ਗਰਮ ਪਾਣੀ ਨਾਲ ਭਾਰ ਘਟਾਉਣ ਜਾਂ ਕਬਜ਼ ਠੀਕ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਗੱਭਰੂਓ ਤੇ ਮੁਟਿਆਰੋ, ਇਹ ਪੋਸਟ ਤੁਹਾਡੇ ਲਈ ਵੀ ਹੈ। ਕੀ ਤੁਸੀਂ ਜਾਣਦੇ ਹੋ ਕਿ ਜ਼ਿਆਦਾ ਹੀ ਗਰਮ ਕੁੱਝ ਵੀ ਖਾਣ ਜਾਂ ਪੀਣ ਨਾਲ ਵਿਅਕਤੀ ਦੀ ਉਮਰ ਘਟਦੀ ਹੈ, ਬੁਢਾਪਾ ਜਲਦੀ ਆਉਂਦਾ ਹੈ ਤੇ ਰੋਗਾਂ ਨਾਲ ਲੜਨ ਦੀ ਸਮਰੱਥਾ ਵੀ ਘਟਦੀ ਹੈ। ਕਿਉਂਕਿ ਗਰਮ ਪਾਣੀ ਵਧੇਰੇ ਖੁਸ਼ਕ ਅਤੇ ਤੇਜ਼ਾਬੀ ਸੁਭਾਅ ਚ ਬਣ ਜਾਂਦਾ ਹੈ। ਜਿਸ ਕਾਰਨ ਪਾਚਣ ਪ੍ਰਣਾਲੀ ਦੇ ਅੰਗਾਂ ਚ ਖੁਸ਼ਕੀ ਵਧਣ ਲਗਦੀ ਹੈ ਤੇ ਕੁਦਰਤੀ ਚਿਕਨਾਹਟ ਖਤਮ ਹੋਣ ਲਗਦੀ ਹੈ। ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦੇਈਏ ਕਿ ਇਸ ਵਕਤ ਸੰਸਾਰ ਵਿੱਚ ਲੱਖਾਂ ਕਿਸਮਾਂ ਦੇ ਜੀਵਾਂ ਵਿੱਚੋੰ ਸਿਰਫ ਮਨੁੱਖ ਹੀ ਹੈ ਜੋ ਬਹੁਤੀਆਂ ਚੀਜ਼ਾਂ ਨੂੰ ਗਰਮ ਕਰਕੇ ਖਾਂਦਾ ਪੀਂਦਾ ਹੈ। ਜਦੋਂ ਕਿ ਬਾਕੀ ਸਭ ਜੀਵ ਹਮੇਸ਼ਾ ਠੰਢਾ ਹੀ ਖਾਂਦੇ ਪੀਂਦੇ ਹਨ। ਅਸਲ ਵਿੱਚ ਇੱਕ ਦਿਨ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚੋਂ ਇਹ ਮਹਾਂਵਾਕ ਸੁਣਿਆ,”ਰੁਖੀ ਸੁਖੀ ਖਾਇ ਕੈ, ਠੰਢਾ ਪਾਣੀ ਪੀਉ ॥” ਫਿਰ ਕੀ ਸੀ ਅਸੀਂ ਇਸ ਤੇ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ। ਲੇਕਿਨ ਅਨੇਕਾਂ ਪੁਰਾਤਨ ਮੈਡੀਕਲ ਕਿਤਾਬਾਂ ਚ ਗਰਮ ਪਾਣੀ ਹੀ ਪੀਣ ਅਤੇ ਖਾਣੇ ਤੋਂ ਅੱਧਾ ਘੰਟਾ ਬਾਅਦ ਚ ਪਾਣੀ ਪੀਣ ਲਈ ਲਿਖਿਆ ਹੋਇਆ ਸੀ। ਅਸੀਂ ਆਖਿਰ ਇਸ ਦੀ ਤਹਿ ਤੱਕ ਜਾਣ ਲਈ ਵੱਖ ਵੱਖ ਮਾਹਿਰਾਂ ਤੇ ਫੂਡ ਐਂਡ ਨਿਉਟਰੀਸ਼ਨ ਨਾਲ ਸੰਬੰਧਿਤ ਯੂਨੀਵਰਸਿਟੀਜ਼ ਨਾਲ ਸੰਪਰਕ ਕਰਨਾ ਸ਼ੁਰੂ ਕੀਤਾ। ਇਤਿਹਾਸ ਦੀ ਵੀ ਫਰੋਲਾ ਫਰਾਲੀ ਕੀਤੀ। ਆਖਿਰ ਅਸੀਂ ਇਸ ਨਤੀਜੇ ਤੇ ਪਹੁੰਚ ਹੀ ਗਏ ਕਿ ਸਾਨੂੰ ਕੁੱਝ ਵੀ ਬਹੁਤਾ ਗਰਮ ਨਹੀਂ ਖਾਣਾ ਚਾਹੀਦਾ। ਬਲਕਿ ਠੰਢਾ ਹੀ ਖਾਣਾ ਪੀਣਾ ਚਾਹੀਦਾ ਹੈ। ਪੁਰਾਣੇ ਜ਼ਮਾਨੇ ਵਿੱਚ ਪਾਣੀ ਤਾਂ ਕਦੇ ਵੀ ਗਰਮ ਕਰਕੇ ਨਹੀਂ ਪੀਤਾ ਜਾਂਦਾ ਸੀ ਤੇ ਨਾਂ ਹੀ ਖਾਲੀ ਪੇਟ ਐਨਾ ਅੱਜ ਵਾਂਗ ਪਾਣੀ ਪੀਤਾ ਜਾਂਦਾ ਸੀ। ਉਦੋਂ ਪਾਣੀ ਹੀ ਬਹੁਤ ਘੱਟ ਹੁੰਦਾ ਸੀ ਤੇ ਮਸਾਂ ਹੀ ਬੜੀ ਦੂਰ ਤੋਂ ਪਾਣੀ ਲਿਆਂਦਾ ਜਾਂਦਾ ਸੀ। ਕਿਉਂਕਿ ਅੱਜ ਵਾਂਗ ਨਲਕੇ, ਟਿਊਬਵੈਲ, ਨਹਿਰਾਂ, ਕੱਸੀਆਂ, ਸਰੋਵਰ ਆਦਿ ਨਹੀਂ ਸੀ। ਉਦੋਂ ਕਿਸੇ ਪਿੰਡ ਚ ਹੀ ਇੱਕ ਦੋ ਖੂਹ ਹੁੰਦੇ ਸੀ। ਖੇਤੀ ਵੀ ਬਰਾਨੀ ਯਾਨੀ ਕਿ ਬਾਰਿਸ਼ ਨਾਲ ਹੀ ਹੁੰਦੀ ਸੀ। ਪਾਣੀ ਨੂੰ ਬੜਾ ਈ ਕੀਮਤੀ ਮੰਨਿਆ ਜਾਂਦਾ ਸੀ। ਇਸੇ ਲਈ ਪਾਣੀ ਨੂੰ ਦੇਵਤੇ ਦਾ ਦਰਜਾ ਸੀ। ਨਦੀਆਂ ਦੇ ਨੇੜੇ ਹੀ ਆਮਤੌਰ ਤੇ ਵੱਸੋਂ ਜ਼ਿਆਦਾ ਸੀ। ਜਾਂ ਜਿਹੜੇ ਏਰੀਆ ਚ ਬਾਰਿਸ਼ਾਂ ਹੁੰਦੀਆਂ ਸੀ ਉਥੇ ਮਨੁੱਖੀ ਵਸੋਂ ਜ਼ਿਆਦਾ ਸੀ। ਉਥੇ ਬਾਰਿਸ਼ਾਂ ਦਾ ਪਾਣੀ ਜ਼ਮਾ ਕਰ ਲਿਆ ਜਾਂਦਾ ਸੀ। ਪੁਰਾਣੇ ਸਮਿਆਂ ਵਿੱਚ ਬਾਰਿਸ਼ਾਂ ਵੀ ਘੱਟ ਸੀ। ਉਦੋੰ ਅਕਾਲ ਪੈ ਜਾਇਆ ਕਰਦੇ ਸਨ। ਇਸੇ ਲਈ ਮਨੁੱਖ ਨੂੰ ਕਈ ਵਾਰ ਕੁੱਝ ਇਲਾਕੇ ਪਾਣੀ ਦੀ ਘਾਟ ਕਾਰਨ ਛੱਡਣੇ ਵੀ ਪੈਂਦੇ ਸਨ। ਇਸੇ ਲਈ ਵੀ ਪਾਣੀ ਬੜੇ ਹੀ ਸੰਕੋਚ ਨਾਲ ਪੀਣ ਦਿੱਤਾ ਜਾਂਦਾ ਸੀ। ਜਿਵੇਂ ਅੱਜ ਲੱਸੀ, ਦਹੀਂ, ਦੁੱਧ ਮਹਿੰਗਾ ਹੋਣ ਕਰਕੇ ਵਾਰ ਵਾਰ ਪੀਣ ਨਹੀਂ ਦਿੱਤਾ ਜਾਂਦਾ ਲੇਕਿਨ ਪਾਣੀ ਜਿੰਨਾ ਮਰਜ਼ੀ ਪੀ ਸਕਦੇ ਹੋ। ਉਵੇਂ ਹੀ ਉਦੋਂ ਲੱਸੀ, ਦਹੀਂ, ਦੁੱਧ ਜਿੰਨਾ ਮਰਜ਼ੀ ਪੀ ਸਕਦੇ ਸੀ ਪਰ ਪਾਣੀ ਵਾਰ ਵਾਰ ਪੀਣਾ ਮਨਾ ਸੀ। ਵੈਸੇ ਉਦੋਂ ਖਾਣੇ ਨਾਲ ਦਹੀਂ ਦਾ ਛੰਨਾ ਤੇ ਵੱਡਾ ਗਿਲਾਸ ਲੱਸੀ ਦਾ ਹਰ ਇੱਕ ਨੂੰ ਪੀਣ ਲਈ ਦਿੱਤਾ ਜਾਂਦਾ ਸੀ। ਇਸਲਈ ਪਾਣੀ ਦੀ ਐਨੀ ਲੋੜ ਹੀ ਨਹੀਂ ਰਹਿ ਜਾਂਦੀ ਸੀ ਕਿਉਂਕਿ ਦੁੱਧ, ਦਹੀਂ, ਲੱਸੀ ਆਦਿ ਚ ਖੂਬ ਪਾਣੀ ਹੁੰਦਾ ਹੈ। ਇਸੇ ਤਰ੍ਹਾਂ ਉਦੋਂ ਅੱਜ ਵਾਂਗ ਤੇਜ਼ ਮਸਾਲੇ, ਤੇਜ਼ ਨਮਕ ਮਿਰਚ ਆਦਿ ਨਹੀਂ ਵਰਤੇ ਜਾਂਦੇ ਸੀ ਤੇ ਨਾਂ ਹੀ ਉਹ ਲੋਕ ਜ਼ਿਆਦਾ ਤਲ ਤੜਕ ਕੇ ਕੁੱਝ ਵੀ ਖਾਂਦੇ ਸੀ। ਉਦੋਂ ਨਮਕ ਵੀ ਸੇੰਧਾ ਹੁੰਦਾ ਸੀ ਅੱਜ ਵਾਂਗ ਤੇਜ਼ ਜਲਣ ਪੈਦਾ ਕਰਨ ਵਾਲਾ ਸਮੁੰਦਰੀ ਨਮਕ ਨਹੀਂ ਖਾਂਦੇ ਸੀ। ਇਸੇ ਕਾਰਨ ਉਹਨਾਂ ਲੋਕਾਂ ਦੇ ਤੇਜ਼ਾਬੀਪਨ, ਸੰਗ੍ਰਹਿਣੀ, ਬਵਾਸੀਰ, ਸਟੱਮਕ ਅਲਸਰ, ਅਲਸਰੇਟਿਵ ਕੌਲਾਇਟਿਸ ਆਦਿ ਰੋਗ ਨਹੀਂ ਸਨ। ਲੇਕਿਨ ਜਿਹੜੇ ਲੋਕ ਖਾਣੇ ਨਾਲ ਪਾਣੀ ਨਹੀਂ ਪੀਂਦੇ ਉਹਨਾਂ ਦੇ ਅਜਿਹੀਆਂ ਬੀਮਾਰੀਆਂ ਜ਼ਿਆਦਾ ਬਣਦੀਆਂ ਹਨ। ਅਸਲ ਵਿੱਚ ਐਨੇ ਤੇਜ਼ ਮਸਾਲੇਦਾਰ ਖਾਣਿਆਂ ਨਾਲ ਜੇ ਕੋਈ ਪਾਣੀ ਨਹੀਂ ਪੀਵੇਗਾ ਤਾਂ ਉਸਦੇ ਜਲਣ ਹੀ ਪੈਦਾ ਹੋਵੇਗੀ। ਜਿਹਨਾਂ ਲੋਕਾਂ ਦੇ ਖਾਣੇ ਤੋਂ ਬਾਅਦ ਤੇਜ਼ਾਬੀਪਨ ਬਣਦਾ ਸੀ, ਉਹਨਾਂ ਨੂੰ ਖਾਣੇ ਨਾਲ ਕੱਚੀ ਲੱਸੀ ਜਾਂ ਠੰਢਾ ਦੁੱਧ ਅਸੀਂ ਘੁੱਟ ਘੁੱਟ ਕਰਕੇ ਦੋ ਤਿੰਨ ਵਾਰ ਪੀਣ ਲਈ ਕਿਹਾ ਤਾਂ ਉਹਨਾਂ ਦੇ ਬਹੁਤ ਪੁਰਾਣਾ ਤੇਜ਼ਾਬੀਪਨ ਠੀਕ ਹੋ ਗਿਆ। ਪਿਛਲੇ ਕੁੱਝ ਕੁ ਦਹਾਕਿਆਂ ਤੋਂ ਅਜੀਬ ਕਿਸਮ ਦੇ ਪਾਚਣ ਪ੍ਰਣਾਲੀ ਨਾਲ ਸੰਬੰਧਤ ਰੋਗ ਵਧ ਗਏ ਹਨ। ਅਸਲ ਵਿੱਚ ਹੁਣ ਬਹੁਤੇ ਲੋਕ ਹਰ ਚੀਜ਼ ਗਰਮ ਗਰਮ ਈ ਖਾ ਪੀ ਰਹੇ ਹਨ। ਇਸੇ ਕਾਰਨ ਉਹਨਾਂ ਦੀ ਪਾਚਣ ਪ੍ਰਣਾਲੀ ਦੇ ਅੰਦਰੂਨੀ ਅੰਗਾਂ ਦੀ ਝਿੱਲੀ ਖੁਸ਼ਕ ਤੇ ਕਮਜ਼ੋਰ ਹੋ ਗਈ ਹੈ। ਨਤੀਜੇ ਵਜੋਂ ਉਹਨਾਂ ਦੇ ਪੇਟ ਭਾਰੀਪਨ, ਪੇਟ ਗੈਸ, ਪੇਟ ਸੋਜ਼, ਜਲਣ, ਖੱਟੇ ਡਕਾਰ ਆਦਿ ਬਣਨ ਲੱਗ ਪੈਂਦੇ ਹਨ। ਜ਼ਿਆਦਾ ਗਰਮ ਗਰਮ ਖਾਣੇ ਖਾਣ ਦੀ ਆਦਤ ਕਾਰਨ ਫੂਡ ਪਾਈਪ ਅਤੇ ਮੂੰਹ ਵਿਚਲੇ ਸੈਂਸਰਜ਼ ਖਰਾਬ ਹੋ ਜਾਂਦੇ ਹਨ। ਜਿਸ ਕਾਰਨ ਵਿਅਕਤੀ ਨੂੰ ਹਰ ਖਾਣਾ ਬੇਸੁਆਦਾ ਲੱਗਣ ਲੱਗ ਪੈਂਦਾ ਹੈ ਤੇ ਉਹ ਹਮੇਸ਼ਾ ਗਰਮ ਖਾਣ ਦਾ ਆਦੀ ਹੋ ਜਾਂਦਾ ਹੈ। ਇਉਂ ਉਸਨੂੰ ਕੈਲੋਰੀਜ਼ ਵੀ ਜ਼ਿਆਦਾ ਮਿਲਦੀਆਂ ਹਨ ਤੇ ਖਾਣਾ ਜਲਦੀ ਵੀ ਹਜ਼ਮ ਹੁੰਦਾ ਹੈ। ਨਤੀਜੇ ਵਜੋਂ ਪੇਟ ਆਦਿ ਥਾਵਾਂ ਤੇ ਮੋਟਾਪਾ ਜ਼ਿਆਦਾ ਤੇ ਜਲਦੀ ਹੁੰਦਾ ਹੈ। ਖੂਨ ਚ ਜਲਦੀ ਬਲੱਡ ਗੁਲੂਕੋਜ਼ ਵਧਣ ਕਾਰਨ ਸ਼ੂਗਰ ਆਦਿ ਰੋਗਾਂ ਦਾ ਖਤਰਾ ਵਧ ਜਾਂਦਾ ਹੈ। ਇਵੇਂ ਹੀ ਤੇਜ਼ ਮਸਾਲੇ ਤੇ ਤੇਜ਼ ਨਮਕ ਮਿਰਚ ਖਾਣ ਕਾਰਨ ਬੀਪੀ, ਕੋਲੈਸਟਰੋਲ, ਯੂਰਿਕ ਐਸਿਡ ਆਦਿ ਵਧਣ ਲੱਗ ਪੈਂਦੇ ਹਨ। ਅਸਲ ਵਿੱਚ ਜੋ ਲੋਕ ਇਕ ਵਾਰ ਗਰਮ ਗਰਮ ਚਾਹ, ਦੁੱਧ, ਗਰਮ ਸਬਜ਼ੀ, ਗਰਮ ਰੋਟੀ ਆਦਿ ਖਾਣ ਦੇ ਆਦੀ ਹੋ ਜਾਂਦੇ ਹਨ ਉਹਨਾਂ ਨੂੰ ਚਾਹ, ਦੁੱਧ ਵਿਚ ਮਿੱਠਾ ਵੀ ਵੱਧ ਪੀਣ ਦੀ ਆਦਤ ਪੈ ਜਾਂਦੀ ਹੈ ਤੇ ਗਰਮ ਦਾਲ, ਸਬਜ਼ੀ ਚ ਨਮਕ ਮਿਰਚ ਮਸਾਲੇ ਵੀ ਤੇਜ਼ ਖਾਣ ਦੀ ਆਦਤ ਪੈ ਜਾਂਦੀ ਹੈ। ਇਥੋਂ ਤੱਕ ਕਿ ਉਹ ਦਹੀਂ ਵਿੱਚ ਵੀ ਮਿਰਚਾਂ ਪਾਏ ਬਗੈਰ ਨਹੀਂ ਖਾ ਸਕਦੇ ਤੇ ਸਲਾਦ, ਫਲਾਂ ਤੇ ਵੀ ਨਮਕ ਲਾ ਕੇ ਹੀ ਖਾਂਦੇ ਹਨ। ਇਉਂ ਉਹ ਸਾਦਾ ਜਾਂ ਫਿੱਕਾ ਖਾ ਹੀ ਨਹੀਂ ਸਕਦੇ। ਅਜੇਹੇ ਵਿਅਕਤੀ ਅਪਣੇ ਹੱਥੀਂ ਅਪਣਾ ਸਤਿਆਨਾਸ ਕਰ ਲੈਂਦੇ ਹਨ। ਉਹਨਾਂ ਦੇ ਬਹੁਤ ਜਲਦੀ ਦੰਦ, ਜਾੜਾਂ, ਮਸੂੜੇ ਖਰਾਬ ਹੋ ਜਾਂਦੇ ਹਨ। ਊਟਪਟਾਂਗ ਖਾ ਖਾ ਕੇ ਸਰੀਰ ਦਾ ਭਾਰੀ ਨੁਕਸਾਨ ਕਰਕੇ ਫਿਰ ਯੂਟਿਉਬੀਏ ਵੈਦਾਂ ਦੇ ਇੱਕਦਮ ਊਟਪਟਾਂਗ ਨੁਸਖਿਆਂ ਨੂੰ ਅਜ਼ਮਾਉਂਦਿਆਂ ਰਹਿੰਦੀ ਖੂੰਹਦੀ ਕਸਰ ਵੀ ਕੱਢ ਲੈਂਦੇ ਹਨ। ਅਸਲ ਵਿੱਚ ਯੂਟਿਉਬ ਤੇ ਬਹੁਤੇ ਲੋਕ ਇਸ ਕਰਕੇ ਅਜੀਬੋ ਗਰੀਬ ਸ਼ਰਤੀਆ ਨੁਸਖੇ ਪਾਉਂਦੇ ਹਨ ਤਾਂ ਕਿ ਲੋਕ ਉਹਨਾਂ ਦੇ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਪਸੰਦ ਕਰਨ। ਅਸਲ ਵਿੱਚ ਉਹਨਾਂ ਨੂੰ ਆਪਣੇ ਚੈਨਲ ਤੋਂ ਮਸ਼ਹੂਰੀਆਂ ਤੋਂ ਆਮਦਨ ਹੁੰਦੀ ਹੈ। ਉਹਨਾਂ ਚ ਬਹੁਤਿਆਂ ਨੂੰ ਤਾਂ ਸਿਹਤ ਸੰਬੰਧੀ ਮੁਢਲੀ ਜਾਣਕਾਰੀ ਵੀ ਨਹੀਂ ਹੈ। ਉਹਨਾਂ ਦੇ ਬਹੁਤਿਆਂ ਦੇ ਅਪਣੇ ਜਾਂ ਉਹਨਾਂ ਦੇ ਬੱਚਿਆਂ ਦੀਆਂ ਸਿਹਤਾਂ ਦਾ ਜਲੂਸ ਨਿਕਲਿਆ ਪਿਆ ਹੁੰਦਾ ਹੈ ਤੇ ਲੋਕਾਂ ਨੂੰ ਸ਼ਰਤੀਆ ਮੋਟਾਪਾ ਘਟਾਉਣ, ਸ਼ਰਤੀਆ ਵਾਲ ਲੰਬੇ ਕਰਨ, ਸ਼ਰਤੀਆ ਐਣਕ ਉਤਾਰਨ ਆਦਿ ਦੇ ਨੁਸਖੇ ਦੱਸ ਰਹੇ ਹੁੰਦੇ ਹਨ। ਇਸ ਬਾਰੇ ਵੀ ਕਿਤੇ ਫਿਰ ਪੋਸਟ ਪਾਵਾਂਗੇ। ਹੁਣ ਸਿਰਫ ਗਰਮ ਪਾਣੀ ਪੀਣ ਜਾਂ ਖਾਣੇ ਨਾਲ ਪੀਣ ਬਾਰੇ ਗੱਲ ਕਰਦੇ ਹਾਂ। ਆਉ ਸਭ ਤੋਂ ਪਹਿਲਾਂ ਸਿੱਖ ਧਰਮ ਦੀ ਗੱਲ ਕਰਦੇ ਹਾਂ ਜੋ ਕਿ ਇੱਕਦਮ ਨਵੀਨ ਧਰਮ ਹੈ। ਸਿੱਖ ਧਰਮ ਵਿੱਚ ਸ਼ੁਰੂ ਤੋਂ ਹੀ ਠੰਢਾ ਲੰਗਰ ਛਕਣ ਦੀ ਪ੍ਰਥਾ ਹੈ। ਇਥੋਂ ਤੱਕ ਕਿ ਖਾਣਾ ਤਿਆਰ ਕਰਕੇ ਹਰ ਗੁਰਸਿੱਖ ਪਰਿਵਾਰ ਵਿੱਚ ਵੀ ਗੁਰੂ ਘਰ ਦੇ ਲੰਗਰ ਵਾਂਗ ਹੀ ਪਹਿਲਾਂ ਅਰਦਾਸ ਕੀਤੀ ਜਾਂਦੀ ਸੀ ਤੇ ਫਿਰ ਭੁੰਜੇ ਬੈਠਕੇ ਚੌਕੜੀ ਮਾਰਕੇ ਠੰਢਾ ਖਾਣਾ ਹੀ ਖਾਧਾ ਜਾਂਦਾ ਸੀ। ਘਰ ਵਾਂਗ ਹੀ ਲੰਗਰ ਵਿੱਚ ਵੀ ਨਾਲੋ ਨਾਲ ਹੀ ਪਾਣੀ ਵੀ ਵਰਤਾਇਆ ਜਾਂਦਾ ਸੀ। ਉਹ ਪਾਣੀ ਵੀ ਸਾਦਾ ਤੇ ਠੰਢਾ ਹੀ ਹੋਇਆ ਕਰਦਾ ਸੀ। ਇਵੇਂ ਹੀ ਹਿੰਦੂ ਧਰਮ ਦੇ ਜਿੰਨੇ ਵੀ ਦੇਵੀ ਦੇਵਤੇ ਜਾਂ ਸੂਰਬੀਰ ਯੋਧੇ ਹੋਏ ਹਨ ਉਹਨਾਂ ਬਾਰੇ ਪੜਨ ਤੇ ਪਤਾ ਲਗਦਾ ਹੈ ਕਿ ਉਹ ਵੀ ਹਮੇਸ਼ਾ ਠੰਢਾ ਤੇ ਸਾਦਾ ਹੀ ਖਾਂਦੇ ਸੀ। ਹੁਣ ਗੱਲ ਕਰਦੇ ਹਾਂ ਸਾਇੰਸ ਦੀ। ਸਾਇੰਸ ਮੁਤਾਬਿਕ ਸਾਨੂੰ ਅਪਣੀ ਬਾਡੀ ਟੈਂਪਰੇਚਰ ਤੋਂ ਘੱਟ ਤਾਪਮਾਨ ਵਾਲਾ ਖਾਣਾ ਖਾਣ ਜਾਂ ਪਾਣੀ ਪੀਣ ਤੇ ਸਰੀਰ ਨੂੰ ਦੁਬਾਰਾ ਤਾਪਮਾਨ ਬਣਾਈ ਰੱਖਣ ਲਈ ਕਾਫੀ ਕੈਲੋਰੀਜ਼ ਖਰਚ ਕਰਨੀਆਂ ਪੈਂਦੀਆਂ ਹਨ। ਲੇਕਿਨ ਗਰਮ ਜਾਂ ਕੋਸਾ ਪਾਣੀ ਪੀਣ ਨਾਲ ਘੱਟ ਕੈਲੋਰੀਜ਼ ਖਰਚ ਹੁੰਦੀਆਂ ਹਨ ਬਲਕਿ ਗਰਮਾਇਸ਼ ਕਾਰਨ ਕੁੱਝ ਊਰਜਾ ਵੱਧ ਮਿਲਦੀ ਹੈ। ਕਾਫੀ ਲੋਕਾਂ ਦਾ ਮੰਨਣਾ ਹੈ ਕਿ ਗਰਮ ਪਾਣੀ ਪੀਣ ਨਾਲ ਪਸੀਨਾ ਆ ਕੇ ਮੋਟਾਪਾ ਘਟਦਾ ਹੈ ਜੋ ਕਿ ਗਲਤ ਹੈ ਤੇ ਕੁੱਝ ਵਿਚਾਰੇ ਤਾਂ ਸੋਚਦੇ ਹਨ ਕਿ ਗਰਮ ਪਾਣੀ ਨਾਲ ਚਰਬੀ ਖੁਰ ਜਾਂਦੀ ਹੈ। ਅਸਲ ਵਿੱਚ ਮਨੁੱਖੀ ਸਰੀਰ ਅੰਦਰ ਜ਼ਮਾਂ ਚਰਬੀ ਤੱਕ ਗਰਮ ਪਾਣੀ ਪਹੁੰਚ ਹੀ ਨਹੀਂ ਸਕਦਾ। ਬਹੁਤ ਲੋਕ ਖਾਲੀ ਪਾਣੀ ਪੀ ਪੀ ਕੇ ਵੀ ਮੋਟਾਪਾ ਘਟਾਉਣ ਦੀ ਕੋਸ਼ਿਸ਼ ਕਰਦੇ ਹਨ। ਜਦੋਂ ਕਿ ਇਹ ਸਿਹਤ ਲਈ ਤੇ ਗੁਰਦਿਆਂ ਲਈ ਵੀ ਬਹੁਤ ਖਤਰਨਾਕ ਹੋ ਸਕਦਾ ਹੈ। ਕਿਉਂਕਿ ਜ਼ਿਆਦਾ ਹੀ ਪਾਣੀ ਪੀਣ ਕਾਰਨ ਖੂਨ ਦੀ ਪੀ ਐੱਚ ਵੈਲਿਊ ਅਤੇ ਮਿਨਰਲਜ਼ ਆਦਿ ਦਾ ਬੈਲੰਸ ਵਿਗੜ ਜਾਂਦਾ ਹੈ। ਨਤੀਜੇ ਵਜੋਂ ਸਰੀਰ ਅੰਦਰ ਪਾਣੀ ਜ਼ਿਆਦਾ ਜ਼ਮਾਂ ਕਰਨ ਦੀ ਪ੍ਰਵਿਰਤੀ ਪੈਦਾ ਹੋ ਸਕਦੀ ਹੈ। ਜੇ ਕੋਈ ਖਾਣਾ ਘਟਾਅ ਕੇ ਗਰਮ ਪਾਣੀ ਜ਼ਰੂਰਤ ਤੋਂ ਜ਼ਿਆਦਾ ਪੀਂਦਾ ਹੈ ਤਾਂ ਉਸਦਾ ਸਰੀਰ ਕਰਾਇਸਿਸ ਚ ਚਲਾ ਜਾਂਦਾ ਹੈ। ਉਸਨੂੰ ਖੁਰਾਕੀ ਤੱਤਾਂ ਦੀ ਘਾਟ ਹੋ ਜਾਂਦੀ ਹੈ। ਇਉਂ ਉਹਦੀ ਚਮੜੀ ਢਿਲਕ ਜਾਂਦੀ ਹੈ। ਹਾਰਮੋਨਜ਼ ਵਿਗੜ ਜਾਂਦੇ ਹਨ। ਐਂਜ਼ਾਇਮਜ਼ ਵੀ ਘੱਟ ਬਣਨ ਲਗਦੇ ਹਨ। ਅਜਿਹੇ ਵਿਅਕਤੀ ਨੂੰ ਬੁਢਾਪਾ ਜਲਦੀ ਘੇਰਦਾ ਹੈ ਤੇ ਇਨਫੈਕਸ਼ਨਜ਼ ਵਿਗੜਨ ਲੱਗ ਪੈਂਦੀਆਂ ਹਨ। ਇਵੇਂ ਹੀ ਖਾਣੇ ਤੋਂ ਵਿੱਥ ਤੇ ਪਾਣੀ ਪੀਣ ਦਾ ਤਰਕ ਦੇਣ ਵਾਲੇ ਲੋਕਾਂ ਨੂੰ ਇੱਕ ਹੋਰ ਜਾਣਕਾਰੀ ਹੋਣੀ ਜ਼ਰੂਰੀ ਹੈ। ਹਰ ਵਿਅਕਤੀ ਦੀ ਪਾਚਣ ਪ੍ਰਣਾਲੀ ਵੱਖਰੀ ਹੈ। ਕਿਸੇ ਦੇ ਖਾਣੇ ਨਾਲ ਮੂੰਹ ਦਾ ਪਾਣੀ ਜ਼ਿਆਦਾ ਬਣਦਾ ਹੈ ਤੇ ਕਿਸੇ ਦੇ ਘੱਟ। ਇਵੇਂ ਹੀ ਕਿਸੇ ਨੂੰ ਘੱਟ ਪਾਣੀ ਪੀਣ ਨਾਲ ਪ੍ਰਾਬਲਮ ਹੋ ਸਕਦੀ ਹੈ ਤੇ ਕਿਸੇ ਨੂੰ ਵੱਧ ਪੀਣ ਨਾਲ। ਯਾਨਿ ਕਿ ਕਿਸੇ ਦੇ ਕਬਜ਼ ਵਾਲਾ ਜੁੱਸਾ ਹੁੰਦਾ ਹੈ ਤੇ ਕਿਸੇ ਦੇ ਇਸਦੇ ਉਲਟ। ਮਤਲਬ ਕਿ ਸੰਸਾਰ ਦਾ ਕੋਈ ਵੀ ਡਾਕਟਰ ਇਹ ਨਿਰਧਾਰਤ ਨਹੀਂ ਕਰ ਸਕਦਾ ਕਿ ਕਿਸਨੂੰ ਕੀ ਕਿੰਨਾ ਤੇ ਕਦੋਂ ਖਾਣਾ ਚਾਹੀਦਾ ਹੈ। ਲੇਕਿਨ ਹਰ ਇੱਕ ਦਾ ਸਰੀਰ ਬਿਲਕੁਲ ਸਹੀ ਦੱਸ ਸਕਦਾ ਹੈ ਕਿ ਉਸਨੂੰ ਕਿਸ ਤਰ੍ਹਾਂ ਦਾ ਖਾਣਾ ਜਾਂ ਪੀਣਾ ਚਾਹੀਦਾ ਹੈ। ਇਸ ਲਈ ਜੇ ਖਾਣਾ ਖਾਂਦਿਆਂ ਪਿਆਸ ਲੱਗੇ ਤਾਂ ਜ਼ਰੂਰ ਪੀਉ ਜੇ ਸਰ ਸਕਦਾ ਹੈ ਤਾਂ ਧੱਕੇ ਨਾਲ ਨਾਂ ਪੀਉ। ਸਵੇਰ ਜਾਗਣ ਵੇਲੇ ਤੋਂ ਸ਼ਾਮ ਪੰਜ ਛੇ ਵਜੇ ਤੱਕ ਹਰ ਘੰਟੇ ਕੁ ਬਾਅਦ ਇਕ ਗਿਲਾਸ ਜਾਂ ਇਕ ਕੱਪ ਕੁ ਸਾਦਾ ਪਾਣੀ ਹੀ ਪੀਣਾ ਚਾਹੀਦਾ ਹੈ ਲੇਕਿਨ ਇਕ ਗਿਲਾਸ ਤੋਂ ਵੱਧ ਕਦੇ ਵੀ ਨਹੀਂ ਪੀਣਾ ਚਾਹੀਦਾ ਹੈ ਤਾਂ ਕਿ ਗੁਰਦਿਆਂ ਤੇ ਬੁਰਾ ਅਸਰ ਨਾ ਪਵੇ। ਉਂਜ ਲੋਕ ਸਰੀਰ ਨੂੰ ਗਲਤ ਆਦਤਾਂ ਪਾਕੇ ਆਪ ਹੀ ਫਸ ਜਾਂਦੇ ਹਨ। ਗਰਮ ਖਾਣ ਜਾਂ ਪੀਣ ਜਾਂ ਵਧੇਰੇ ਖਾਣ ਪੀਣ ਦੀ ਵੀ ਇੱਕ ਖਰਾਬ ਆਦਤ ਹੀ ਹੈ ਹੋਰ ਕੁੱਝ ਨਹੀਂ ਹੈ। ਗਰੀਬ ਤੇ ਭਿਖਾਰੀ ਲੋਕ ਹਮੇਸ਼ਾ ਠੰਢਾ ਤੇ ਥੋੜਾ ਖਾਂਦੇ ਹਨ। ਉਹ ਉਹਨਾਂ ਅਮੀਰਾਂ ਤੋਂ ਕਿਤੇ ਜ਼ਿਆਦਾ ਤੰਦਰੁਸਤ ਹਨ ਜੋ ਹਰ ਚੀਜ਼ ਗਰਮ ਹੀ ਖਾਂਦੇ ਹਨ ਤੇ ਖੂਬ ਪੇਟ ਭਰਕੇ ਖਾਂਦੇ ਹਨ। ਅਸੀਂ ਬਹੁਤ ਸਾਲਾਂ ਤੋਂ ਠੰਢਾ ਖਾਣ ਦੀ ਆਦਤ ਪਾਈ ਹੋਈ ਹੈ। ਅਸੀਂ ਤਾਂ ਕਿਧਰੇ ਪਹਾੜੀ ਇਲਾਕਿਆਂ ਚ ਘੁੰਮਣ ਜਾਈਏ ਤਾਂ ਉਥੇ ਕਦੇ ਵੀ ਬੋਤਲ ਬੰਦ ਪਾਣੀ ਨਹੀਂ ਪੀਂਦਾ। ਜਿੱਥੇ ਵੀ ਕਿਤੇ ਝਰਨੇ, ਝੀਲ, ਨਦੀ, ਦਰਿਆ ਜਾਂ ਚੋਅ ਦਾ ਸਾਫ ਪਾਣੀ ਮਿਲੇ ਅਸੀਂ ਉਥੋਂ ਹੀ ਪੀ ਲੈਂਦੇ ਹਾਂ। ਇਵੇਂ ਹੀ ਘਰ ਵਿੱਚ ਅਸੀਂ ਦੁੱਧ, ਘਿਉ, ਮੱਖਣ, ਮਲਾਈ, ਡਰਾਈ ਫਰੂਟਸ ਆਦਿ ਵੀ ਬਹੁਤ ਖਾਂਦੇ ਹਾਂ ਲੇਕਿਨ ਫਿਰ ਵੀ ਸਲਿੱਮ ਟਰਿੱਮ ਤੇ ਤੰਦਰੁਸਤ ਹਾਂ। ਅਸਲ ਵਿੱਚ ਠੰਢਾ ਖਾਣ ਜਾਂ ਠੰਢਾ ਪੀਣ ਕਾਰਨ ਅਪਣਾ ਹਾਜ਼ਮਾ ਥੋੜਾ ਕਮਜ਼ੋਰ ਜਾਂ ਸਲੋਅ ਹੋ ਜਾਂਦਾ ਹੈ। ਨਤੀਜੇ ਵਜੋਂ ਮੋਟਾਪਾ ਨਹੀਂ ਆਉਂਦਾ। ਲੇਕਿਨ ਕੁੱਝ ਵੀ ਗਰਮ ਖਾਣ ਪੀਣ ਨਾਲ ਹਾਜ਼ਮਾ ਤੇਜ਼ ਹੋ ਜਾਂਦਾ ਹੈ। ਨਤੀਜੇ ਵਜੋਂ ਵਿਅਕਤੀ ਤੇ ਜਲਦੀ ਮੋਟਾਪਾ ਹੋਣ ਲਗਦਾ ਹੈ। ਇਵੇਂ ਹੀ ਅਸੀਂ ਬਹੁਤ ਠੰਢੇ ਪਾਣੀ ਨਾਲ ਨਹਾਅ ਵੀ ਲੈਂਦੇ ਹਾਂ। ਇਹ ਵੀ ਸਿਹਤਵਰਧਕ ਹੁੰਦਾ ਹੈ ਤੇ ਮੋਟਾਪਾ ਘਟਾਉਣ ਚ ਮਦਦ ਕਰਦਾ ਹੈ। ਉਂਜ ਸਾਰੇ ਸੰਸਾਰ ਵਿੱਚ ਹੀ ਹਮੇਸ਼ਾ ਹੀ ਕੁਦਰਤੀ ਜਾਂ ਨਦੀਆਂ ਦੇ ਪਾਣੀ ਨਾਲ ਹੀ ਨਹਾਇਆ ਜਾਂਦਾ ਸੀ। ਭਾਰਤ, ਪਾਕਿਸਤਾਨ, ਨਿਪਾਲ, ਚੀਨ, ਥਾਈਲੈਂਡ, ਮਲੇਸ਼ੀਆ, ਅਫਗਾਨਿਸਤਾਨ ਆਦਿ ਵਿੱਚ ਤਾਂ ਅਜੇ ਵੀ ਬਹੁਤੇ ਇਲਾਕਿਆਂ ਵਿੱਚ ਠੰਢੇ ਪਾਣੀ ਨਾਲ ਹੀ ਨਹਾਤਾ ਜਾਂਦਾ ਹੈ। ਉਂਜ ਜਿਹਨਾਂ ਲੋਕਾਂ ਦੇ ਸਰੀਰ ਦਰਦ, ਗਠੀਆ, ਅਨੀਮੀਆ, ਕਮਜ਼ੋਰੀ, ਸ਼ੂਗਰ, ਗਲਾ ਖਰਾਬੀ, ਖੰਘ, ਰੇਸ਼ਾ, ਬੀਪੀ ਘਟਣਾ ਆਦਿ ਤਕਲੀਫਾਂ ਰਹਿੰਦੀਆਂ ਹੋਣ ਉਹਨਾਂ ਨੂੰ ਕੋਸੇ ਪਾਣੀ ਨਾਲ ਹੀ ਨਹਾਉਣਾ ਚਾਹੀਦਾ ਹੈ। ਲੇਕਿਨ ਬਹੁਤੇ ਗਰਮ ਪਾਣੀ ਨਾਲ ਵੀ ਨਹੀਂ ਨਹਾਉਣਾ ਚਾਹੀਦਾ ਹੈ।

 

# ਨੈਚਰੋਪੈਥੀ ਕਲੀਨਿਕ,

ਰਾਮਾ ਕਲੋਨੀ, ਅਕਾਲਸਰ ਰੋਡ, ਪੱਠਿਆਂ ਵਾਲੀ ਮੰਡੀ ਦੇ ਸਾਹਮਣੇ,

ਆਰਾ ਰੋਡ ਦੇ ਨਾਲ ਵਾਲੀ ਗਲੀ, ਮੋਗਾ।

Total Views: 496 ,
Real Estate