ਇੰਡੋ ਅਮੈਰਿਕਨ ਹੈਰੀਟੇਜ਼ ਫੋਰਮ ਵਲੋਂ ਫਰਿਜਨੋ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਦੇ ਸ਼ਹੀਦੀ ਦਿਹਾੜੇ ਤੇ ਪ੍ਰੋਗਰਾਮ

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜਨੋ (ਕੈਲੀਫੋਰਨੀਆਂ)
ਸਥਾਨਿਕ ਗਦਰੀ ਬਾਬਿਆਂ ਦੀ ਸੋਚ ਨੂੰ ਪ੍ਰਣਾਈ ਸੰਸਥਾ ਇੰਡੋ ਅਮੈਰਿਕਨ ਹੈਰੀਟੇਜ ਫੋਰਮ ਵੱਲੋ ਲੰਘੇ ਐਤਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਹਨਾਂ ਦੇ ਛੇ ਹੋਰ ਸਾਥੀਆਂ ਸ੍ਰ ਬਖਸ਼ੀਸ਼ ਸਿੰਘ ਗਿੱਲਵਾਲੀ, ਸ੍ਰੀ ਵਿਸ਼ਣੂ ਗਣੇਸ਼ ਪਿੰਗਲੇ, ਸ੍ਰ ਹਰਨਾਮ ਸਿੰਘ, ਸ੍ਰ ਜਗਤ ਸਿੰਘ ਸੁਰਸਿੰਘਵਾਲਾ, ਸ੍ਰ ਸਰੈਣ ਸਿੰਘ ਵੱਡਾ ਗਿੱਲਵਾਲੀ ਅਤੇ ਸ੍ਰ ਸਰੇਣ ਸਿੰਘ ਛੋਟਾ ਪਿੰਡ ਗਿੱਲਵਾਲੀ ਦਾ 108ਵਾਂ ਸ਼ਹੀਦੀ ਦਿਹਾੜਾ ਫਰਿਜਨੋ ਦੇ ਇੰਡੀਆ ਓਵਨ ਰੈਸਟੋਰੈਂਟ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸਟੇਜ ਦੀ ਸ਼ੁਰੂਆਤ ਸੰਸਥਾ ਵਲੋਂ ਸੁਰਿੰਦਰ ਮੰਡਾਲੀ ਨੇ ਸਭਨਾਂ ਨੂੰ ਨਿੱਘੀ ਜੀ ਆਇਆ ਆਖਕੇ ਕੀਤੀ। ਸੰਸਥਾ ਦੀਆਂ ਇਸਤਰੀ ਵਿੰਗ ਦੀਆਂ ਸਰਗਰਮ ਮੈਂਬਰ ਸ਼ਰਨਜੀਤ ਧਾਲੀਵਾਲ ਅਤੇ ਅਰਸ਼ ਸੰਧੂ ਨੇ ਸਟੇਜ ਦੀ ਕਾਰਵਾਈ ਬਾਖੂਬੀ ਸ਼ਾਇਰਾਨਾਂ ਅੰਦਾਜ਼ ਵਿੱਚ ਇਨਕਲਾਬੀ ਸ਼ੇਅਰਾਂ ਅਤੇ ਕਵਿਤਾਵਾਂ ਨਾਲ ਨਿਭਾਈ। ਰਾਜ ਬਰਾੜ ਨੇ ਇਨਕਲਾਬੀ ਗੀਤਾਂ ਨਾਲ ਚੰਗਾ ਸਮਾਂ ਬੰਨਿਆ, ਉਪਰੰਤ ਬੁਲਾਰਿਆਂ ਵਿੱਚ ਸੰਤੋਖ ਸਿੰਘ ਮਨਿਹਾਸ, ਗੁਰਨਾਮ ਸਿੰਘ, ਹੈਰੀ ਮਾਨ, ਨੀਟਾ ਮਾਛੀਕੇ, ਸਾਧੂ ਸਿੰਘ ਸੰਘਾ, ਪਰਮਪਾਲ ਸਿੰਘ ਅਤੇ ਹਰਜਿੰਦਰ ਢੇਸੀ ਨੇ ਆਪੋ ਆਪਣੇ ਸ਼ਬਦਾਂ ਰਾਹੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।ਬੋਲਣ ਵਾਲੇ ਬੁਲਾਰਿਆਂ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀ ਸਾਡੇ ਸਭਨਾਂ ਲਈ ਅਜ਼ਾਦੀ ਦੇ ਨਾਇਕ ਹਨ ਅਤੇ ਸਾਨੂੰ ਉਨਾਂ ਮਹਾਨ ਸ਼ਹੀਦਾ ਵਲੋਂ ਸਾਂਝੀਵਾਲਤਾ ਦੇ ਰਾਹ ਤੇ ਚੱਲਦਿਆ ਲੋਕਾਂ ਦੇ ਸਾਂਝੇ ਮਸਲਿਆ ਲਈ ਇਕੱਠਿਆਂ ਹੋ ਕੇ ਸਘੰਰਸ਼ ਕਰਨ ਦੀ ਪਿਰਤ ਨੂੰ ਵਿਸਾਰਨਾ ਨਹੀਂ ਚਾਹੀਦਾ ਸਗੋਂ ਆਉਣ ਵਾਲੀ ਪੀੜੀ ਨੂੰ ਉਨਾਂ ਸ਼ਹੀਦਾ ਦੀ ਪੂਰੀ ਮਨੁੱਖਤਾ ਨੂੰ ਕਲਾਵੇ ਵਿਚ ਲੈਣ ਵਾਲੀ ਸੋਚ ਤੋਂ ਜਾਣੂ ਕਰਵਾਉਣ ਲਈ ਇਹੋ ਜਿਹੇ ਸਮਾਗਮਾ ਵਿਚ ਆਪਣੇ ਬੱਚਿਆਂ ਨੂੰ ਨਾਲ ਲੈਕੇ ਆਉਣਾ ਚਾਹੀਦਾ ਹੈ।ਅਖੀਰ ਵਿੱਚ ਸੰਸਥਾ ਦੇ ਮੋਢੀ ਮੈਂਬਰ ਜਸਵੰਤ ਸਿੰਘ ਮਾਨ ਨੇ ਇਸ ਪ੍ਰੌਗਰਾਮ ਵਿਚ ਸ਼ਾਮਲ ਹੋਏ ਸਭਨਾਂ ਲੋਕਾਂ ਦਾ ਧੰਨਵਾਦ ਕੀਤਾ। ਅਖੀਰ ਅਮਿੱਟ ਪੈੜ੍ਹਾਂ ਛੱਡਦਾ ਇਹ ਸਮਾਗਮ ਯਾਦਗਾਰੀ ਹੋ ਨਿੱਬੜਿਆ।

Total Views: 212 ,
Real Estate