ਬੱਸ ‘ਚ ਸਵਾਰੀ ਦੀ ਮਹਿਬੂਬ ਨਾਲ ਲੜਾਈ

ਵਿਸ਼ਾਲ ਦੀਪ 

ਅੱਜ ਸਵੇਰ ਤੋਂ ਸਫ਼ਰ ਚ ਆਂ, ਜਦੋਂ ਦੀ ਬੱਸ ਬੈਠੀ ਤਾਂ ਮੇਰੇ ਨਾਲ ਦੀ ਸਵਾਰੀ ਲਗਾਤਾਰ ਫੋਨ ਤੇ ਲੱਗੀ, ਪਹਿਲਾਂ ਉੱਚੀ-ਉੱਚੀ ਬੋਲੀ ਗਈ, ਲੜ੍ਹੀ ਗਈ,ਗੱਲਾਂ ਤੋਂ ਤਾਂ ਇੱਦਾਂ ਈ ਲੱਗਦਾ ਸੀ ਕਿ ਜਿਸ ਬੰਦੇ ਨਾਲ ਲੜ੍ਹ ਰਹੀ ਐ ਓਹਦਾ ਮਹਿਬੂਬ ਐ… ਓਹ ਲਗਾਤਾਰ ਮਿੰਨਤਾਂ ਕਰੀ ਗਿਆ ਤੇ ਇਹ ਲਗਾਤਾਰ ਰਾਸ਼ਨ ਪਾਣੀ ਲੈ ਕੇ ਸੱਤਵੇਂ ਅਸਮਾਨ ‘ਤੇ ਚੜ੍ਹੀ ਰਹੀ… ਮੈਂ ਆਪਣਾ ਧਿਆਨ ਓਹਨਾਂ ਦੀ ਨਿੱਜੀ ਗੱਲਬਾਤ ਵੱਲੋਂ ਹਟਾ ਕੇ ਦੂਜੀ ਸੀਟ ‘ਤੇ ਬੈਠੇ ਬੱਚੇ ਨਾਲ ਖੇਡਣ ਲੱਗ ਪਈ, ਥੋੜਾ ਈ ਸਮਾਂ ਬੀਤਿਆ ਤੇ ਬੀਬੀ ਰਾਣੀ ਨੇ ਗੁੱਸੇ ਨਾਲ ਬੋਲਦੇ ਹੋਏ ਫੋਨ ਕੱਟ ਕੇ ਨਾਲ ਦੀ ਨਾਲ ਬੰਦ (switch off) ਕਰਤਾ… ਦੋਵੇਂ ਹੱਥ ਕੱਛਾਂ ‘ਚ ਦੇ ਕੇ ਮੂੰਹ ਚੜ੍ਹਾ ਕੇ ਮੇਰੇ ਵੱਲ ਦੇਖਦੀ ਹੋਈ ਬੋਲੀ,” ਵੱਡਾ ਆਇਆ ਗੱਲ ਕਰਨ ਵਾਲਾ,ਨੱਕ ਨਾਲ ਲਕੀਰਾਂ ਨਾ ਕਢਾਈਆਂ ਤਾਂ ਮੈਂ ਵੀ ਪਿਓ ਦੀ ਧੀ ਨਹੀਂ!”
ਮੈਂ smile ਕਰਕੇ ਪਾਸੇ ਮੂੰਹ ਕਰ ਲਿਆ, ਫੇਰ ਮੈਨੂੰ ਕਹਿੰਦੀ,” ਇਹ ਮੁੰਡੇ ਆਪਣੇ-ਆਪ ਨੂੰ ਸਮਝਦੇ ਪਤਾ ਨਹੀਂ ਕੀ ਨੇ! ਹੈ ਕੀ ਨੇ! ਹੁੰਦੇ ਕੀ ਨੇ! ਇਹਨਾਂ ਨੂੰ ਕੀ ਲੱਗਦਾ ਅਸੀਂ ਉਈਂ ਤੁਰੀਆਂ ਫਿਰਦੀਆਂ!! ਮੇਰੀ ਜਾਣਦੀ ਐ ਜੁੱਤੀ, ਮੇਰੇ ‘ਤੇ ਹਵਾ ਕਰਦਾ ਇਹਨੂੰ ਮੈਂ ਦੱਸਦੀ ਆਂ!”
ਮੈਂ ਫੇਰ ਓਹਦੀ ਗੱਲ ਦਾ ਜਵਾਬ ਦਿੰਦੇ ਹੋਏ ਬੋਲੀ,”ਲੱਗਦਾ ਕਾਫੀ ਵੱਡਾ ਵੈਰੀ ਐ ਤੁਹਾਡਾ ਜਿਹਨੂੰ ਵੱਡਾ ਸਬਕ ਸਿਖਾਉਣਾ ਤੁਸੀਂ!”
ਕਹਿੰਦੀ,”ਕਾਹਨੂੰ ਦੀਦੀ! ਮੇਰਾ boyfriend ਐ, ਲੜਾਈ ਹੋਈ ਐ ਸਾਡੀ, ਮੈਂ ਵੀ ਹੁਣ ਫ਼ੋਨ ਨਹੀਂ ਓਨ ਕਰਨਾ, ਲਵੇ ਨਜਾਰੇ ਇਹ, ਰਹੇ ਮੇਰੇ ਬਿਨਾਂ ਪਤਾ ਲੱਗੂ ਕਿਹੜੇ ਭਾਅ ਵਿਕਦੀ ਐ।”
ਮੈਂ ਕਾਫੀ ਚੁੱਪ ਰਹੀ ਪਰ ਫੇਰ ਓਹ ਗੱਲ ਅੱਗੇ ਤੋਰਦੀ ਰਹੀ….
ਮੈਂ ਕਿਹਾ,”ਰਾਜੇ, ਇਹ ਰਿਸ਼ਤੇ ਤਾਂ ਇੱਦਾਂ ਈ ਚੱਲਦੇ ਨੇ ਪਰ ਇਹਦੇ ‘ਚ ਦੂਜੇ ਨੂੰ ਨੀਚਾ ਦਿਖਾਉਣ ਵਰਗਾ ਕੁਝ ਨਹੀਂ ਹੁੰਦਾ… ਮੈਨੂੰ ਨੀ ਪਤਾ ਤੁਹਾਡੇ ਦੋਨਾਂ ‘ਚ ਹੋਇਆ ਕੀ ਐ ਨਾ ਈ ਮੈਂ ਜਾਣਨਾ ਚਾਹੁੰਦੀ ਆਂ ਪਰ ਰਾਬਤਾ ਤੋੜ ਦੇਣਾ ਤੇ ਇਹ ਸਮਝਣਾ ਕਿ ਉਹ ਮੈਨੂੰ ਇਹ ਗੱਲ ਨਹੀਂ ਕਹਿ ਸਕਦਾ, ਇਹਨਾਂ ਗੱਲਾਂ ਦਾ ਮਤਲਬ ਇਹ ਐ ਕਿ ਤੁਸੀ ਓਹਨੂੰ ਪਿਆਰ ਨਹੀਂ ਕਰਦੇ, ਪਿਆਰ ‘ਚ ਸਭ ਤੋਂ ਪਹਿਲਾਂ ਦੋਸਤੀ ਹੁੰਦੀ ਐ ਤੇ ਦੋਸਤਾਂ ਚ ਸਭ ਕੁਝ ਚੱਲਦਾ ਹੁੰਦੈ, ਮੈਨੂੰ ਇਕ ਗੱਲ ਦੱਸੋ, ਤੁਸੀਂ ਕਾਲਜ ਜਾਨੇ ਓ ਨਾ, ਤੁਹਾਡੇ ਦੋਸਤ ਮਿੱਤਰ ਹੈਗੇ ਨੇ ਨਾ…. ਓਹਨੇ ਹਾਂ ਚ ਸਿਰ ਹਿਲਾਇਆ… ਇਕ ਦੂਜੇ ਨੂੰ ਕਿੰਨਾ ਕੁਝ ਕਹਿ ਦਿੰਨੇ ਓ ਤੁਸੀਂ… ਓਹ ਹੱਸਣ ਲੱਗ ਗਈ ਕਹਿੰਦੀ ਮੈਂ ਤਾਂ ਸਾਰਿਆਂ ਨੂੰ ਗਾਲ਼ਾਂ ਕੱਢ ਕੇ ਬੁਲਾਉਂਦੀ ਆਂ… ਮੈਂ ਕਿਹਾ ਬਸ ਇਹੀ ਫਰਕ ਐ, ਆਪਾਂ ਆਪਣੇ ਪਾਰਟਨਰ ਨੂੰ ਦੋਸਤ ਨਹੀਂ ਬਣਾਉਂਦੇ ਜਾਂ ਸਮਝਦੇ, ਅਸੀਂ ਓਹੀ typical husband-wife, girl-friend- boyfriend ਦੇ ਚੱਕਰ ਚ ਫੱਸ ਜਾਨੇ ਆਂ… ਪਹਿਲ ਦੋਸਤੀ ਹੁੰਦੀ ਐ ਤੇ ਰਿਸ਼ਤਾ ਬਰਾਬਰੀ ਦਾ ਈ ਸੋਹਣਾ ਹੁੰਦੈ ਤੇ ਮਸਲਾ ਗੱਲ ਕਰਨ ਨਾਲ ਹੱਲ ਹੁੰਦੈ…. ਥੋੜੀ ਦੇਰ ਚੁੱਪ ਕਰਗੀ ਤੇ ਪਰਲੇ ਪਾਸੇ ਮੂੰਹ ਕਰਕੇ ਬਹਿ ਗਈ… ਮੈਨੂੰ ਲੱਗਿਆ ਕਿ ਅਜੇ ਗੁੱਸੇ ਚ ਐ ਤੇ ਮੈਨੂੰ ਜਾਣਦੀ ਵੀ ਨਹੀਂ ਤਾਂ ਹੋ ਸਕਦਾ ਮੇਰੀ ਗੱਲ ਲੈਕਚਰ ਲੱਗੀ ਹੋਏ… ਮੈਂ ਚੁੱਪ ਕਰਕੇ ਆਪਣਾ ਫੋਨ ਚਲਾਉਣ ਲੱਗ ਪਈ… ਕੁਝ ਕ ਮਿੰਟ ਈ ਲੰਘੇ ਓਹਨੇ ਆਪਣਾ ਫੋਨ ਚਲਾਇਆ ਤੇ ਵੀਡਿਓ call ਲਾ ਲਈ… ਤੇ ਮੈਂ ਸਾਹਮਣੇ ਦੇਖਿਆ ਓਹ ਮੁੰਡਾ ਜਿਹਦੇ ਨਾਲ ਲੜ੍ਹ ਰਹੀ ਸੀ ਓਹ, ਓਹ ਬੁਰੀ ਤਰ੍ਹਾਂ ਰੋ ਰਿਹਾ ਸੀ… ਕੁੜੀ ਨੇ ਜਿੱਦਾਂ ਈ ਪਿਆਰ ਨਾਲ ਬੁਲਾਇਆ ਤਾਂ ਹੋਰ ਰੋ ਪਿਆ… ਓਹਨੂੰ ਦੇਖ ਕੇ ਮੈਂ ਬੜੀ ਭਾਵੁਕ ਹੋਈ, ਮਨ ਭਰਿਆ… ਓਹ ਕੁੜੀ ਨੇ ਕੈਮਰਾ ਮੇਰੇ ਵੱਲ ਕਰਕੇ ਕਿਹਾ ਆਹ ਦੀਦੀ ਨੂੰ ਦੇਖ ਓਏ, ਇਹਨਾਂ ਨੇ ਮੈਨੂੰ ਸਮਝਾਇਆ ਤਾਂ ਤੈਨੂੰ call ਕੀਤੀ ਮੈਂ ਨਹੀਂ ਨੀ ਸੀ ਕਰਦੀ… ਨਾਲੇ ਗੱਲ ਸੁਣ ਤੂੰ ਸਭ ਤੋਂ ਪਹਿਲਾਂ ਮੇਰਾ ਦੋਸਤ ਐਂ ਇਸਲਈ ਤੈਨੂੰ ਮਾਫ਼ ਕੀਤਾ… ਓਹ ਮੁੰਡੇ ਨੇ ਮੈਨੂੰ ਦੇਖ ਕੇ ਹੱਥ ਨਾਲ ਇੱਦਾਂ ਇਸ਼ਾਰਾ ਕੀਤਾ ਕਿ ਪੈਰੀਂ ਪੈਨਾ… ਮੈਂ ਓਹਨੂੰ ਦੋਨੋ ਹੱਥ ਜੋੜ ਕੇ ਸਤਿਕਾਰ ਦਿੱਤਾ… ਓਹ ਕੁੜੀ headphones ਲਾ ਕੇ ਓਹਦੇ ਨਾਲ ਗੱਲਾਂ ਕਰਨ ਲੱਗ ਪਈ ਤੇ ਮੈਂ ਆਪਣੇ ਫੋਨ ਤੇ ਫੋਟੋ click ਕਰਨ ਲੱਗ ਗਈ… ਮੇਰੇ ਮਮਾ ਦੀ ਗੱਲ ਜ਼ਹਿਨ ਚ ਗੂੰਜ ਰਹੀ ਐ ਕਿ ਰੱਬ ਲੜਨ ਰਾਤ ਦੇਵੇ ਵਿਛੜਨ ਰਾਤ ਕਦੀ ਨਾ ਦੇਵੇ।

Total Views: 365 ,
Real Estate