ਮਰਾਠਾ ਰਾਖਵੇਂਕਰਨ ਦਾ ਸੇਕ ਵਿਧਾਇਕਾਂ ਦੇ ਘਰਾਂ ਅਤੇ ਦਫ਼ਤਰਾਂ ਤੱਕ ਪੁੱਜਾ

ਮਰਾਠਾ ਭਾਈਚਾਰੇ ਲਈ ਸਰਕਾਰੀ ਨੌਕਰੀਆਂ ਅਤੇ ਵਿਦਿਅਕ ਅਦਾਰਿਆਂ ’ਚ ਰਾਖਵੇਂਕਰਨ ਦੀ ਮੰਗ ਕਰ ਰਹੇ ਲੋਕਾਂ ਨੇ ਮਹਾਰਾਸ਼ਟਰ ਦੇ ਬੀੜ ਅਤੇ ਛੱਤਰਪਤੀ ਸੰਭਾਜੀਨਗਰ ਜ਼ਿਲ੍ਹਿਆਂ ਦੇ ਦੋ ਵਿਧਾਇਕਾਂ ਦੇ ਘਰ ਅਤੇ ਦਫ਼ਤਰ ਨੂੰ ਅੱਗ ਲਗਾ ਦਿੱਤੀ। ਦੇਰ ਸ਼ਾਮ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਰਾਜਪਾਲ ਰਮੇਸ਼ ਬਾਇਸ ਨਾਲ ਮੁਲਾਕਾਤ ਕਰਕੇ ਮਰਾਠਾ ਰਾਖਵੇਂਕਰਨ ਅੰਦੋਲਨ ਕਾਰਨ ਸੂਬੇ ’ਚ ਵਾਪਰੇ ਘਟਨਾਕ੍ਰਮ ਬਾਰੇ ਜਾਣਕਾਰੀ ਦਿੱਤੀ। ਉਹ ਕਰੀਬ 45 ਮਿੰਟ ਤੱਕ ਰਾਜ ਭਵਨ ’ਚ ਰਹੇ। ਇਸ ਮਗਰੋਂ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਮੁੱਖ ਮੰਤਰੀ ਨਾਲ ਸਰਕਾਰੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਇਸ ਦੌਰਾਨ ਸ਼ਿਵ ਸੈਨਾ ਦੇ ਸੰਸਦ ਮੈਂਬਰ ਹੇਮੰਤ ਗੋਡਸੇ ਅਤੇ ਸੰਸਦ ਮੈਂਬਰ ਹੇਮੰਤ ਪਾਟਿਲ ਨੇ ਰਾਖਵੇਂਕਰਨ ਦੀ ਮੰਗ ਕਰਦਿਆਂ ਅਸਤੀਫ਼ਾ ਦੇ ਦਿੱਤਾ ਹੈ। ਬੀੜ ਜ਼ਿਲ੍ਹੇ ਦੇ ਐੱਨਸੀਪੀ ਦੇ ਵਿਧਾਇਕ ਪ੍ਰਕਾਸ਼ ਸੋਲਾਂਕੇ ਦੇ ਘਰ ਅੱਗ ਲਗਾਉਣ ਤੋਂ ਬਾਅਦ ਭੀੜ ਨੇ ਮਾਜਲਗਾਓਂ ਮਿਉਂਸਿਪਲ ਕੌਂਸਲ ਇਮਾਰਤ ’ਚ ਦਾਖ਼ਲ ਹੋ ਕੇ ਭੰਨ-ਤੋੜ ਕੀਤੀ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਪੱਥਰਾਂ ਅਤੇ ਲਾਠੀਆਂ ਨਾਲ ਲੈਸ ਵਿਅਕਤੀਆਂ ਨੇ ਇਮਾਰਤ ਦੀਆਂ ਖਿੜਕੀਆਂ ਤੋੜ ਦਿੱਤੀਆਂ। ਉਹ ਇਮਾਰਤ ਦੀ ਪਹਿਲੀ ਮੰਜ਼ਿਲ ’ਤੇ ਗਏ ਅਤੇ ਉਥੇ ਫਰਨੀਚਰ ਨੂੰ ਅੱਗ ਲਗਾ ਦਿੱਤੀ। ਇਸ ਮਗਰੋਂ ਫਾਇਰ ਬ੍ਰਿਗੇਡ ਸੱਦੀ ਗਈ ਜਿਸ ਨੇ ਅੱਗ ’ਤੇ ਕਾਬੂ ਪਾਇਆ। ਪੁਲੀਸ ਨੇ ਸੀਸੀਟੀਵੀ ਫੁਟੇਜ ਦੀ ਘੋਖ ਕਰਕੇ ਮੁਲਜ਼ਮਾਂ ਦੀ ਪਛਾਣ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਕਿਹਾ ਕਿ ਉਨ੍ਹਾਂ ਇਸ ਮਾਮਲੇ ’ਚ ਦੋ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਹੈ।

Total Views: 75 ,
Real Estate