‘ਰੂਹ ਦਾ ਸਾਕ’ ( ਕਹਾਣੀ )

ਅੰਮ੍ਰਿਤਪਾਲ ਕਲੇਰ ਚੀਦਾ

ਅੰਮ੍ਰਿਤਪਾਲ ਕਲੇਰ ਚੀਦਾ
ਸੰਪ.9915780980
ਪੱਛਮ ਵਿੱਚ ਛਿਪ ਚੁੱਕੇ ਸੂਰਜ ਦੀ ਲਾਲੀ ਅਜੇ ਵੀ ਭਾਅ ਮਾਰ ਰਹੀ ਸੀ। ਚਿੜੀਆਂ ਦਾ ਚਿਕਚੋਲਰ ਨਿੰਮ ਉੱਤੇ ਉੱਚੀ ਅਵਾਜ਼ ਵਿੱਚ ਪੈ ਰਿਹਾ ਸੀ। ਕੂੰਜਾਂ ਦੀਆਂ ਡਾਰਾਂ ਆਪਣੇ ਆਸ਼ਿਆਨੇ ਵੱਲ ਅਸਮਾਨ ਵਿਚ ਜਾ ਰਹੀਆਂ ਸਨ। ਵਿਸਾਖ ਮਹੀਨੇ ਦੇ ਪਿਛਲੇ ਪਹਿਰ ਵਗ ਰਹੀ ਤੱਤੀ ਲੂਅ ਅਜੇ ਵੀ ਪਿੰਡੇ ਨੂੰ ਲੂੰਹਦੀ ਸੀ। ਦੂਰ ਖੇਤਾਂ ਵਿੱਚ ਕਣਕ ਦੀ ਰਹਿੰਦ- ਖੂਹੰਦ ਟਾਂਗਰ ਨੂੰ ਲਾਈ ਅੱਗ ਤਾਂਡਵ ਕਰ ਰਹੀ ਸੀ। ਉੱਚੇ ਉੱਠ ਰਹੇ ਭਾਂਬੜਾਂ ਨੂੰ ਵੇਖ ਉਸ ਨੂੰ ਬੁਰੇ ਤੇ ਡਰਾਉਣੇ ਖ਼ਿਆਲ ਆ ਰਹੇ ਸਨ।
“ਰੱਬ ਨਾ ਕਰੇ, ਕਿਤੇ ਸੀਬੋ ਬੱਲੀਆਂ ਚੁਗਦੀ …. ਨਹੀਂ -ਨਹੀਂ”। ਤਾਰੇ ਦਾ ਮੱਥਾ ਮੁੜ੍ਹਕੇ ਨਾਲ਼ ਭਿੱਜ ਗਿਆ।”ਓ -ਹੋ ਡਾਢਿਆ ..”। ਉਹਨੇ ਰੱਬ ਨੂੰ ਹਾਉਕੇ ਵਰਗਾ ਉਲਾਂਭਾ ਦਿੱਤਾ। ਉਹਨੂੰ ਚੱਕਰ ਜਿਹਾ ਆਇਆ ਅਤੇ ਸਿਰੋਂ ਡੱਬੀਆਂ ਵਾਲਾ ਮੈਲਾ਼ ਸਾਫ਼ਾ ਲਾਹ ਕੇ ਮੱਥਾ ਪੂੰਝਿਆ। ਮੋਢੇ ਤੋਂ ਕਹੀ ਉਤਾਰ ਕੇ ਮਲਕੜੇ ਜਿਹੇ ਖਾਲ਼ ਦੀ ਦੀ ਵੱਟ ਉੱਤੇ ਬੈਠ ਗਿਆ । ਸੱਠੀ ਮੂੰਗੀ ਬੀਜਣ ਲਈ ਅੱਜ ਉਸ ਨੇ ਖੇਤ ਨੂੰ ਰਵਾਂਅ ਕਰਨਾ ਸੀ। ਅੱਜ ਪਾਣੀ ਦੀ ਵਾਰੀ ਹੋਣ ਕਰਕੇ ਮੋਘੇ ਵਿੱਚੋਂ ਛੱਡਿਆ ਹੋਇਆ ਪਾਣੀ ਖਾਲ਼ ਵਿੱਚ ਹੌਲ਼ੀ ਹੌਲ਼ੀ ਤੁਰਿਆ ਆ ਰਿਹਾ ਸੀ। ਹੱਥ ਨਾਲ਼ ਫੂਸ ਨੂੰ ਪਰ੍ਹੇ ਕਰ ਉਹਨੇ ਖਾਲ਼ ਵਿੱਚੋਂ ਹੀ ਪਾਣੀ ਦਾ ਬੁੱਕ ਭਰਿਆ ਅਤੇ ਮੂੰਹ ਨੂੰ ਲਾਉਣ ਹੀ ਲੱਗਾ ਸੀ ਕਿ ਕਰਮੋ ਤੇ ਉਹਦੀ ਭਾਬੀ ਬੱਲੀਆਂ ਦੀਆਂ ਪੰਡਾਂ ਸਿਰ ਤੇ ਧਰੀ ਆਉਂਦੀਆਂ ਦਿਸੀਆਂ ।ਕਰਮੋ ਦੀ ਭਾਬੀ ਬੰਸੋ ਦੀ ਪਹਿਲਾਂ ਤਾਂ ਤਾਰੇ ਨੂੰ ਸਿਆਣ ਨਾ ਆਈ , ਜਦੋਂ ਕੋਲ਼ ਦੀ ਲੰਘਣ ਲੱਗੀ ਤਾਂ ਨੱਕ ਜਾ ਚੜ੍ਹਾਅ ਕੇ ਬੋਲੀ,
“ਕਰਮੋ, ਬਾਹਲ਼ਾ ਈ ਮੁਸ਼ਕ ਮਾਰਦਾ ਐਥੋਂ ਤਾਂ, ਪਤਾ ਨੀ ਜਿਵੇਂ ਕੋਈ ਕੁੱਤਾ ਮਰਿਆ ਹੁੰਦਾ “।
ਉਹਨੇ ਤਾਰੇ ਦੇ ਬਰਾਬਰ ਆ ਕੇ ਜ਼ੋਰ ਦੀ ਥੁੱਕਿਆ।
“ਕਾਹਨੂੰ ਭਾਬੀ ,ਖੜ੍ਹੇ ਪਾਣੀ ਚੋਂ ਸੜਾਂਦ ਮਾਰਦੀ ਆ “। ਕਰਮੋ ਨੇ ਤੁਰੀ ਜਾਂਦੀ ਨੇ ਸਹਿਜੇ ਹੀ ਕਹਿ ਦਿੱਤਾ ।
ਤਾਰੇ ਦਾ ਦਿਲ ਕੀਤਾ ਕਿ ਕਰਮੋ ਦੀ ਭਰਜਾਈ ਬੰਸੋ ਨੂੰ ਗੁੱਤੋਂ ਫੜ ਪੁੱਛੇ ,”ਕਿ ਦੱਸ ਕਿੰਨੇ ਪੈਸੇ ਖਾਧੇ ਨੇ”? ਪਰ ਤਾਰਾ ਮਿੱਟੀ ਦਾ ਮਾਧੋ ਬਣਿਆ ਖੜ੍ਹਾ ਰਿਹਾ।
“ਨੀ ਖੜ੍ਹੇ ਪਾਣੀਆਂ ਚੋਂ ਸੜਾਂਦ ਹੀ ਮਾਰੂ, ਹੋਰ ਕੋਈ ਗੁੱਲ ਖਿੜਨਗੇ “?
ਕਰਮੋ ਦੀ ਭਾਬੀ ਬੰਸੋ , ਤਾਰੇ ਵੱਲ ਮੂੰਹ ਕਰਕੇ ਉੱਚੀ ਦੇਣੇ ਕਹਿੰਦੀ ਹੋਈ ਲੱਕ ਨੂੰ ਹਲੋਰੇ ਮਾਰਦੀ ਕੱਚੀ ਪਹੀ ਤੇ ਜਾ ਚੜ੍ਹੀ।
“ਸਾਲੀ ਝੜੰਮ, ਕਿਵੇਂ ਮੱਛਰੀ ਜਾਂਦੀ ਆ , ਉਦੋਂ ਪੁੱਛੂਂ ਜਦੋਂ ਜ਼ਿਮੀਂਦਾਰਾਂ ਦੇ ਸਰਦਾਰੇ ਕੀ ਮੋਟਰ ਤੋਂ … ਸਾਲ਼ੀ “। ਤਾਰੇ ਨੇ ਮੂੰਹ ਵਿੱਚ ਹੀ ਬੁੜ ਬੁੜ ਕੀਤੀ। ਕਰਮੋ ਤੇ ਉਹਦੀ ਭਰਜਾਈ ਬੰਸੋ ਪਹੀ ਤੇ ਦੂਰ ਤੁਰੀਆਂ ਜਾਂਦੀਆਂ ਵੀ ਹਿਬੜ ਹਿਬੜ ਕਰ ਉੱਚੀ ਉੱਚੀ ਹੱਸ ਰਹੀਆਂ ਸਨ। ਉਹਨਾਂ ਦੀ ਮੱਧਮ ਜਿਹੀ ਹਾਸੀ ਬੇਬੱਸ ਤਾਰੇ ਨੂੰ ਬੁਰੀ ਤਰਾਂ ਚਿੜ੍ਹਾਅ ਰਹੀ ਸੀ।
ਦੋ ਕੁ ਓਰੇ ਇਸ ਵਾਰ ਤਾਰੇ ਨੇ ਸਰਦਾਰ ਬਿੱਕਰ ਸਿਉਂ ਨੂੰ ਪੁੱਛ ਮਿਰਚਾਂ ਦੀ ਪਨੀਰੀ ਦੇ ਝੋਰਿਆਂ ਵਾਲੇ ਖੇਤ ਬੀਜੇ ਸਨ। ਮਨ ਤਾਂ ਕਰਦਾ ਸੀ ਕਿ ਤੋਰੀਆਂ ਅਤੇ ਕੱਦੂਆਂ ਦੀਆਂ ਬੱਲਾਂ ਵੀ ਲਾ ਦੇਵੇ ਪਰ ਮੋਘੇ ਦਾ ਪਾਣੀ ਬੇਪਰਤੀਤਾ ਸੀ,ਕੋਈ ਵਸ੍ਹਾ ਨਹੀਂ ਸੀ, ਆਵੇ ਨਾ ਆਵੇ ਦੋ ਮਹੀਨੇ ਹੀ ਨਾ ਆਵੇ।
“ਕਿਵੇਂ ਉਏ ਤਾਰਿਆ ,ਅਜੇ ਭਰਿਆ ਨਹੀਂ ਕਿਆਰਾ”?
ਬਿੱਕਰ ਸਿਉਂ ਦੇ ਮੁੰਡੇ ਗੁਰਦੀਪ ਨੇ ਪਿੱਛੋਂ ਆ ਕੇ ਤਾਰੇ ਨੂੰ ਪੁੱਛਿਆ , ਜੋ ਹੁਣੇ ਹੀ ਮੋਟਰ ਤੋਂ ਆਇਆ ਸੀ। ਮੁੱਛਾਂ ਨੂੰ ਦਿੱਤਾ ਹੋਇਆ ਤਾਅ ਅਤੇ ਚਿਹਰੇ ਦੀ ਲਾਲੀ, ਉਸ ਨੂੰ ਪੰਤਾਲੀ਼ਆਂ ਤੋਂ ਪੈਂਤੀਆਂ ਦਾ ਦਰਸਾ ਰਹੇ ਸਨ।
“ਬਾਈ ਪਾਣੀ ਪਿੱਛੋਂ ਹੀ ਲੇਟ ਆਇਆ”। ਤਾਰੇ ਨੇ ਨਾ ਚਾਹੁੰਦੇ ਹੋਏ ਵੀ ਜਵਾਬ ਦਿੱਤਾ।
“ਕਿਵੇਂ ਆਹ ਸੋਡੇ ਵਿਹੜੇ ਆਲ਼ੀਆਂ ਅੱਜ ਮੂੰਹ ਨੇਰ੍ਹਾ ਜਾ ਕਰੀ ਫਿਰਦੀਆਂ ਸੀ? “ਗੁਰਦੀਪ ਨੇ ਤਾਰੇ ਨੂੰ ਟਟੋਲਣਾ ਚਾਹਿਆ ਕਿ ਕਿਤੇ…।
“ਮੈਨੂੰ ਤਾਂ ਨੀ ਪਤਾ ਲੱਗਿਆ ਬਾਈ ਕੌਣ ਸੀ”? ਤਾਰਾ ਜਾਣ-ਬੁੱਝ ਕੇ ਮੁੱਕਰ ਗਿਆ।
“ਤੇਰੇ ਕੋਲ਼ ਦੀ ਤਾਂ ਲੰਘੀਆਂ ਹੁਣੇ”।
“ਬਾਈ ਮੇਰਾ ਧਿਆਨ ਨੀ ਸੀ , ਸੌ ਤੁਰੀ ਫ਼ਿਰਦੀ ਐ ਏਥੇ ਲੰਡੀ ਬੁੱਚੀ”। ਤਾਰੇ ਤੋਂ ਮਨੋਂ-ਮਨ ਰੋਕਦਿਆਂ ਹੋਇਆ ਵੀ ਇਹ ਸ਼ਬਦ ਉਹਦੇ ਮੂੰਹੋਂ ਬਦੋਬਦੀ ਨਿਕਲ ਗਏ। ਗੁਰਦੀਪ ਨੇ ਮੁੱਛਾਂ ਵਿਚ ਹੱਸ ਕੇ ਮੋਟਰਸਾਈਕਲ ਦੀ ਕਿੱਕ ਮਾਰੀ ਅਤੇ ਕੱਚੀ ਪਹੀ ਤੇ ਧੂੜ ਉਡਾਉਂਦਾ ਪਿੰਡ ਵੱਲ ਨੂੰ ਤੁਰ ਗਿਆ ।
ਪਾਣੀ ਹੁਣ ਮਿਰਚਾਂ ਦੇ ਕਿਆਰੇ ਬੰਨੇ ਪਹੁੰਚ ਗਿਆ ਸੀ। ਆਥਣ ਦੇ ਘੁਸਮੁਸੇ ਨੂੰ ਛੱਡ ਰਾਤ ਨੇ ਆਪਣੀਆਂ ਬਾਹਾਂ ਪਸਾਰ ਲਈਆਂ ਸਨ। ਅਸਮਾਨ ਤੇ ਤਾਰਿਆਂ ਦੀ ਸਪਤਰਿਸ਼ੀ ਉਹਨੂੰ ਚੰਗੀ ਚੰਗੀ ਲੱਗੀ। ਤਾਰੇ ਨੂੰ ਯਾਦ ਆਇਆ ਕਿ ਉਸ ਨੇ ਕਈ ਵਾਰ ਰਾਤ ਨੂੰ ਤਾਰਿਆਂ ਦੇ ਇਨ੍ਹਾਂ ਝੁੰਡ ਨੂੰ ਵੇਖ ਕੇ ਸੀਬੋ ਨੂੰ ਕਹਿਣਾ ,
” ਅੱਕੀ ਦੀ ਮਾਂ, ਤੈਨੂੰ ਪਤਾ,ਇਹ ਕੀ ਏ?ਇਹ ਚਾਰੇ ਤਾਰੇ ਰਾਜੇ ਦਾ ਮਹਿਲ ਨੇ, ਇਹ ਮਹਿਲ ਸੋਨੇ ਦਾ ਬਣਿਆ , ਔਹ ਜਿਹੜੇ ਤਿੰਨ ਥੋੜ੍ਹੀ ਦੂਰ ਤਾਰੇ ਨੇ , ਉਹ ਰਾਜੇ ਦੇ ਮਹਿਲ ਵਿਚ ਰਾਣੀ ਤੇ ਰਾਜੇ ਦੀ ਰਾਖੀ ਕਰਦੇ ਨੇ। ਰਾਜੇ ਤੇ ਰਾਣੀ ਦੇ ਪਲੰਘ ਹੇਠ ਸੋਨੇ ਦੀਆਂ ਚਾਰ ਇੱਟਾਂ ਵੀ ਨੇ। ਰਾਜਾ ਆਪਣੀ ਰਾਣੀ ਨਾਲ਼ ਬਹੁਤ ਮੁਹੱਬਤ ਕਰਦਾ ਹੈ । ਚੜ੍ਹਦੇ ਤੋਂ ਉਤਾਂਹ ਵੱਲ ਧਰੂ ਤਾਰਾ , ਜੋ ਡਾਕੂ ਆ ਉਹ, ਮਹਾਰਾਜੇ ਦੀ ਬੇਗਮ ਨੂੰ ਗਹਿਰੀ ਅੱਖ ਨਾਲ ਵੇਖਦਾ ਹੈ।”
ਸੀਬੋ ਅੰਦਰੇ-ਅੰਦਰ ਨਿਉਲੀ਼ਆਂ ਜਿਹੀਆਂ ਵੱਟ ਉਸ ਨੂੰ ਅੱਧ ਵਿਚਾਲਿਉਂ ਟੋਕਦਿਆਂ ਕਹਿੰਦੀ,
“ਇਹ ਤੇ ਜਣੀ ਰਾਜੇ ਰਾਣੀ ਦਾ ਵਿਚੋਲਾ ਸੀ,ਚੱਲ ਸੌਂ ਜਾ ਹੁਣ , ਤੜਕੇ ਦੇ ਹੰਭੇ ਥੱਕੇ ਆਂ,ਦੋ ਘੜੀ ਰਾਮ ਕਰਨ ਦੇ”।
ਕਈ ਵਾਰ ਗੱਲਾਂ ਕਰਦਿਆਂ ਤਾਰੇ ਨੂੰ ਦਿਨ ਦੀ ਥਕਾਵਟ ਦਾ ਅਹਿਸਾਸ ਵੀ ਨਾ ਹੁੰਦਾ। ਉਹ ਸੀਬੋ ਦੀ ਹਰ ਗੱਲ ਤੇ ਫੁੱਲ ਚੜ੍ਹਾਉਂਦਾ ਤੇ ਉਸ ਨੂੰ ਮੂੰਹ ਨਾ ਫਿਟਕਾਰਦਾ। ਉਸ ਦਾ ਵਿਆਹ ਵੀ ਵੱਡੀ ਉਮਰ ਵਿੱਚ ਹੀ ਹੋਇਆ ਸੀ। ਉਮਰ ਲੰਘਣ ਕਰਕੇ ਉਸ ਨੇ ਵਿਆਹ ਦੀ ਆਸ ਹੀ ਮੁਕਾ ਦਿੱਤੀ ਸੀ। ਮਾਂ ਨੇ ਗੁਆਂਢਣ ਤੇਜੋ ਦੀਆਂ ਮਿੰਨਤਾਂ ਕਰਕੇ ਉਸਨੂੰ ਸਾਕ ਕਰਾਉਣ ਤੇ ਜੋ਼ਰ ਪਾਇਆ ਸੀ। ਤੇਜੋ ਨੇ ਆਪਣੇ ਪੇਕਿਆਂ ਤੋਂ ਸੀਬੋ ਦਾ ਰਿਸ਼ਤਾ ਤਾਰੇ ਨੂੰ ਕਰਾਇਆ ਸੀ। ਉਸ ਦਿਨ ਤਾਰੇ ਦਾ ਧਰਤੀ ਪੱਬ ਨਹੀਂ ਸੀ ਲੱਗਿਆ। ਜਿਸ ਦਿਨ ਸੀਬੋ ਦਾ ਪਿਓ ਤਾਰੇ ਦੇ ਹੱਥ ਤੇ ਰੁਪਈਆ ਧਰ ਗਿਆ ਸੀ। ਮਾਂ ਨੇ ਸਾਰੇ ਵਿਹੜੇ ਵਿਚ ਪਤਾਸਿਆਂ ਦੀ ਲੱਪ ਲੱਪ ਵੰਡੀ ਸੀ। ਮਾਂ ਨੂੰ ਸਾਰੇ ਸ਼ਰੀਕੇ ਕਬੀਲੇ ਚੋਂ ਵਧਾਈਆਂ ਮਿਲ ਰਹੀਆਂ ਸਨ।
“ਆਹ ਤਾਂ ਤਾਰੇ ਦੇ ਰਿਸ਼ਤੇ ਵਾਲ਼ਾ ਬਾਹਲ਼ਾ ਈ ਸੋਹਣਾ ਹੋਇਆ
ਭੈਣੇ”। ਤਾਈ ਸੰਤੀ ਨੇ ਵੀ ਮਾਂ ਨੂੰ ਵਧਾਈਆਂ ਦੇ ਕੇ ਦੇਹਲੀ਼ ਵਧਣ ਦੀ ਅਸੀਸ ਦਿੱਤੀ।
ਸੀਬੋ ,ਤਾਰੇ ਤੋਂ ਘੱਟੋ-ਘੱਟ ਅੱਠ ਸੱਤ ਸਾਲ ਛੋਟੀ ਸੀ। ਕਣਕ ਭਿੰਨਾ ਰੰਗ ,ਤਿੱਖੇ ਨੈਣ ਨਕਸ਼ ਅਤੇ ਮੋਟੀਆਂ ਮੋਟੀਆਂ ਅੱਖਾਂ, ਸਰੂ ਜਿੱਡਾ ਕੱਦ ਛਮਕ ਜਿਹੀ ਸੀ। ਤਾਰਾ ਉਸ ਨੂੰ ਵੇਖ ਵੇਖ ਨਾ ਰੱਜਦਾ। ਵਿਹੜੇ ਵਿੱਚ ਸੂਹੇ ਸੂਟ ਵਿੱਚ ਸਜੀ ਫਿਰਦੀ ਸੀਬੋ ਉਸ ਨੂੰ ਸ਼ਹਿਜ਼ਾਦੀ ਲੱਗਦੀ। ਉਸ ਨੂੰ ਸਰੂਰ ਜਿਹਾ ਚੜ੍ਹ ਜਾਂਦਾ। ਤੰਗੀਆਂ ਤੁਰਸ਼ੀਆਂ ਦੇ ਝੰਬੇ ਹੋਏ ਤਾਰੇ ਨੂੰ ਸੀਬੋ ਦੇ ਚਾਅ ਵਿੱਚ ਇਹ ਵੀ ਤੁੱਛ ਲੱਗਦੀਆਂ। ਉਹ ਸੀਬੋ ਦਾ ਵਿੱਤ ਅਨੁਸਾਰ ਹਰ ਚਾਅ ਪੂਰਾ ਕਰਦਾ । ਤਾਰੇ ਨੂੰ ਲੱਗਦਾ ਜਿਵੇਂ ਉਹ ਕਿਸੇ ਹੋਰ ਰੰਗਲੀ ਦੁਨੀਆਂ ਦਾ ਵਾਸੀ ਹੋ ਗਿਆ ਹੋਵੇ। ਜਿੱਥੇ ਉਹ ਮਹਾਰਾਜਾ ਤੇ ਸੀਬੋ ਮਹਾਰਾਣੀ ਹੋਵੇ। ਸਾਲ ਬਾਦ ਉਨ੍ਹਾਂ ਦੇ ਘਰ ਇਕ ਬੱਚੀ ਨੇ ਜਨਮ ਲਿਆ। ਤਾਰੇ ਦੀ ਮਾਂ ਨੇ ਉਹਦਾ ਨਾਂ ਅੱਕੀ ਰੱਖਿਆ। ਉਹ ਸਾਰਾ ਪਰਿਵਾਰ ਬੱਚੀ ਨਾਲ ਖੇਡਦਾ ਨਾ ਥੱਕਦਾ।
ਮਾਂ, ਹੁਣ ਬਿਰਧ ਹੋ ਚੁੱਕੀ ਸੀ। ਮਾਂ ,ਦੇ ਗੋਹਾ-ਕੂੜਾ ਵਾਲੇ ਘਰਾਂ ਦਾ ਕੰਮ ਹੁਣ ਸੀਬੋ ਨੇ ਸਾਂਭ ਲਿਆ ਸੀ। ਜਦੋਂ ਸੀਬੋ ਘਰਾਂ ਵਿਚ ਗੋਹਾ ਕੂੜਾ ਕਰਨ ਜਾਂਦੀ ਤਾਂ ਉਸ ਦਾ ਕਣਕ ਭਿੰਨਾ ਰੰਗ ਤੇ ਤਿੱਖੇ ਨੈਣ ਨਕਸ਼ ਸਾਹਮਣੇ ਵਾਲੇ ਨੂੰ ਬੰਨ੍ਹ ਲੈਂਦੇ। ਉਹ ਚੰਗੇ ਸਰਦੇ- ਪੁੱਜਦੇ ਘਰਾਂ ਵਿਚ ਕੰਮ ਕਰਦੀ । ਗੁਆਂਢ ਰਹਿੰਦੀ ਬੰਸੋਂ ਨਾਲ ਹੁਣ ਉਸ ਦਾ ਮੇਲ-ਮਿਲਾਪ ਚੋਖਾ ਵਧ ਗਿਆ ਸੀ। ਬੰਸੋਂ ਕਰਾਅ ਲਾਉਣ ਤੇ ਕਰਾਅ ਤੋਰਨ ਵਿੱਚ ਵਿਹੜੇ ‘ਚੋਂ ਮੋਹਰੀ ਸੀ। ਸੀਬੋ ਹੁਣ ਬਹੁਤਾ ਸਮਾਂ ਬੰਸੋ ਨਾਲ਼ ਹੀ ਗੁਜ਼ਾਰਦੀ। ਤਾਰਾ ਆਥਣੇ ਦਿਹਾੜੀ ਤੋਂ ਆਉਂਦਾ ਤਾਂ ਸੀਬੋ ਦੇ ਅੱਗੇ-ਪਿੱਛੇ ਫਿਰਦਾ ਰਹਿੰਦਾ, ਪਰ ਸੀਬੋ ਦੇ ਹੁਣ ਰੰਗ-ਢੰਗ ਬਦਲ ਗਏ ਸਨ। ਉਹ ਪਾਣੀ ਮੰਗਦਾ ਤਾਂ ਸੀਬੋ ਉਸ ਨੂੰ ਅੱਗੋਂ ਸੂਈ ਬਘਿਆੜੀ ਵਾਂਗੂੰ ਪੈਂਦੀ। ਉਹ ਜ਼ਹਿਰ ਦਾ ਘੁੱਟ ਭਰ ਚੁੱਪ ਹੋ ਜਾਂਦਾ। ਤਾਰਾ ਉਸ ਅੱਗੇ ਲੇਲੜੀਆਂ ਕੱਢਦਾ,ਪਰ ਸੀਬੋ ਸੱਤਵੇਂ ਆਸਮਾਨ ਤੇ ਚੜ੍ਹੀ ਹੁੰਦੀ।
“ਕੀ ਆ ਤੇਰੇ ਘਰੇ, ਖਾਣ ਨੂੰ ਭੁੱਬਲ ਵੀ ਨਹੀਂ।”
” ਸੀਬੋ ਮੈਂ ਤਾਂ ਤੇਰੇ ਲਈ ਜਾਨ ਵੀ ਦੇ ਦਿਆਂ ,ਦੇਖ ਆਪਾਂ ਨੂੰ ਰੱਬ ਨੇ ਕਿੰਨੀ ਸੋਹਣੀ ਕੁੜੀ ਦਿੱਤੀ ਆ”। ਤਾਰਾ ਕਈ ਵਾਰ ਭਾਰੇ ਗਲ਼ੇ ਨਾਲ ਇਹ ਸ਼ਬਦ ਬੋਲਦਾ। ਸੀਬੋ ਲੜਨ ਦਾ ਆਨਾ ਬਹਾਨਾ ਲੱਭਦੀ ਰਹਿੰਦੀ। ਹੁਣ ਉਹ ਬੰਸੋ ਨਾਲ ਸ਼ਹਿਰ ਜਾਣਾ ਗਿੱਝ ਗਈ ਸੀ। ਇੱਕ ਦਿਨ ਉਹ ਬੰਸੋ ਨਾਲ ਸ਼ਹਿਰ ਗਈ ਮੁੜ ਕੇ ਘਰੇ ਕਦੇ ਨਾ ਮੁੜੀ।
” ਤਾਰਿਆ, ਉਏ ਤਾਰਿਆ,ਅਜੇ ਕਿੰਨਾ ਕੁਝ ਰਹਿੰਦਾ ਤੇਰਾ ਕਿਆਰਾ?ਭਾਊ ਨੇ ਤਾਰੇ ਨੂੰ ਅਵਾਜ਼ ਮਾਰੀ। ਇਕ ਦਮ ਤ੍ਰਬਕ ਗਿਆ।
“ਬੱਸ ਬਾਈ ਹੋ ਗਿਆ ਪੂਰਾ ,ਵੱਢ ਲਾ ਨੱਕਾ”। ਤਾਰਾ ਸੁੱਕੇ ਗਲ਼ੇ ਵਿੱਚੋਂ ਮਸਾਂ ਹੀ ਬੋਲਿਆ।
ਕਹੀ ਮੋਢੇ ਰੱਖ ਤਾਰਾ ਘਰ ਨੂੰ ਤੁਰ ਪਿਆ।
“ਪਾਪਾ ਆ ਗਏ ,ਪਾਪਾ ਆ ਗਏ” । ਅੱਕੀ ਨੇ ਉੱਚੀ ਉੱਚੀ ਰੌਲ਼ਾ ਪਾਉਣਾ ਸ਼ੁਰੂ ਕਰ ਦਿੱਤਾ।
“ਪੁੱਤ ਰੋਟੀ ਪਾ ਦਿਆਂ “? ਮਾਂ ਨੇ ਕੰਬਦੀ ਆਵਾਜ਼ ਵਿੱਚ ਕਿਹਾ।
“ਰੋਟੀ ਕਾਹਦੇ ਨਾਲ ਹੈ ਮਾਂ?” ਤਾਰੇ ਨੇ ਸਰਸਰੀ ਜਿਹੇ ਪੁੱਛਿਆ।
“ਪੁੱਤ ਕੱਦੂ ਧਰਿਆ “।
“ਓ ,ਹੋ ,”। ਤਾਰੇ ਦੇ ਮਨ ਅੰਦਰ ਝਰਨਾਹਟ ਛਿੜੀ।
” ਸੀਬੋ , ਕੱਦੂ ਬਹੁਤ ਚਾਹ ਕੇ ਖਾਂਦੀ ਸੀ, ਰੋਜ਼ ਹੀ ਕਹਿ ਦਿੰਦੀ ਸੀ, ਅੱਕੀ ਦਾ ਪਿਓ ਕੱਦੂ ਲਿਆ”। ਰੂਹ ਦਾ ਸਾਕ ਸੀ ਸੀਬੋ, ਸੀਬੋ ਮੁੜ ਆ ,ਮੁੜ ਆ ਸੀਬੋ।”

 

Total Views: 387 ,
Real Estate