ਜੇ ਇਨਸਾਫ ਨਾ ਮਿਲਿਆ ਤਾਂ ਕੌਣ ਵਧਾਏਗਾ ਦੇਸ਼ ਦਾ ਮਾਣ…?

ਛੋਟੇ ਹੁੰਦਿਆਂ ਵੱਡੇ ਸੁਪਨੇ ਦੇਖੇ , ਵੱਡੇ ਮੁਕਾਮ ਹਾਸਲ ਕਰਨ ਲਈ ਗਰੀਬੀ ਨੂੰ ਹਰਾਉਂਦਿਆਂ ਅਤੇ ਹੋਰ ਬਹੁਤ ਸਾਰੀਆਂ ਮੁਸਕਿਲਾਂ ਦਾ ਸਾਹਮਣਾ ਕਰਦਿਆਂ ਹੇਠਲੇ ਪੱਧਰ ਤੋਂ ਖੂਨ ਪਸੀਨਾ ਵਹਾਅ ਕੇ , ਉਸਤਾਦਾਂ ਦੀ ਮਾਰ ਖਾਕੇ ਉੱਚ ਪੱਧਰ ਤੱਕ ਦੇਸ਼ ਲਈ ਵਿਦੇਸ਼ਾਂ ਵਿੱਚ ਖੇਡ ਕੇ ਮੈਡਲ ਜਿੱਤ ਕੇ ਦੇਸ ਦਾ ਨਾਮ ਰੌਸ਼ਨ ਕੀਤਾ ।
ਪਰ ਕਿੰਨ੍ਹੇ ਹੀ ਦਿਨਾਂ ਤੋਂ ਦੇਸ਼ ਦੇ ਪਹਿਲਵਾਨ ਇਨਸਾਫ ਲੈਣ ਲਈ ਜੰਤਰ ਮੰਤਰ ‘ਤੇ ਧਰਨੇ ‘ਤੇ ਬੈਠੇ , ਉਹਨਾਂ ਉਪਰ ਤਸੱਦਦ ਵੀ ਕੀਤਾ ਗਿਆ।
ਪਰ ਅੱਜ ਉਸ ਸਮੇ ਬਹੁਤ ਦੁੱਖ ਹੋਇਆ ਜਦ ਅੰਤਰਰਾਸ਼ਟਰੀ ਪੱਧਰ ਦੇ ਮੈਡਲ ਜੇਤੂ ਪਹਿਲਵਾਨਾਂ ਵੱਲੋਂ ਕੇਂਦਰ ਸਰਕਾਰ ਤੋਂ ਦੁਖੀ ਹੋਕੇ ਆਪਣੇ ਮੈਡਲ ਗੰਗਾ ਨਦੀ ਵਿੱਚ ਵਹਾਉਣ ਦਾ ਐਲਾਨ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ,ਜੋ ਕਿ ਬਹੁਤ ਹੀ ਸ਼ਰਮ ਵਾਲੀ ਗੱਲ ਹੈ ।
ਆਪਣੀ ਖੂਨ ਪਸੀਨੇ ਦੀ ਕੀਤੀ ਕਮਾਈ ਨੂੰ ਨਦੀ ਵਿੱਚ ਵਹਾਉਣ ਤੋਂ ਪਹਿਲਾਂ ਫੁੱਟ ਫੁੱਟ ਰੋਏ ਪਹਿਲਵਾਨਾਂ ਦੇ ਦਿਲ ਤੇ ਕੀ ਬੀਤ ਰਹੀ ਹੋਵੇਗੀ,ਉਸ ਸਮੇ ਬੜਾ ਮਨ ਦੁਖੀ ਹੋਇਆ।
ਪਰ ਸਮੇ ਦੀ ਸਰਕਾਰ ਦੇ ਕਿਸੇ ਵੀ ਉੱਚ ਅਧਿਕਾਰੀ ਜਾਂ ਮੰਤਰੀ ਨੇ ਦੇਸ਼ ਦੇ ਮਾਣ ਪਹਿਲਵਾਨਾਂ ਨਾਲ ਗੱਲਬਾਤ ਕਰਨ ਜਾਂ ਉਹਨਾ ਨੂੰ ਰੋਕਣ ਦੀ ਕੋਸ਼ਿਸ਼ ਨਹੀ ਕੀਤੀ ।
ਇੱਕ ਪਾਸੇ ਸਮੇ ਦੀਆਂ ਸਰਕਾਰਾਂ ਦੇਸ਼ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦੇ ਲਈ ਵੱਡੇ ਵੱਡੇ ਬਿਆਨ ਦੇ ਕੇ ਵੱਡੇ ਵੱਡੇ ਦਮਗੱਜੇ ਮਾਰ ਕੇ ਕਹਿ ਰਹੀਆਂ ਹਨ ਕਿ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਅਤੇ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਅਹਿਮ ਓਪਰਾਲੇ ਕੀਤੇ ਜਾ ਰਹੇ ਹਨ, ਫਿਰ ਅੱਜ ਉਹ ਕੀਤੇ ਜਾ ਰਹੇ ਉਪਰਾਲੇ ਕਿੱਧਰ ਗਏ, ਜਾਂ ਫਿਰ ਇਹ ਬਿਆਨ ਅਖਬਾਰਾਂ,ਟੀ ਵੀ ਚੈਨਲਾਂ ਦੀਆਂ ਖਬਰਾਂ ਵਟੋਰਕੇ ਆਮ ਲੋਕਾਂ ਦੀ ਹਮਦਰਦੀ ਲੈਣ ਦੇ ਲਈ ਦਿੱਤੇ ਜਾਂਦੇ ਹਨ। ਅੱਜ ਇਹ ਸਭ ਕੁਝ ਦੇਖਕੇ ਸਾਡੇ ਦੇਸ਼ ਦੇ ਆਉਣ ਵਾਲੇ ਭਵਿੱਖ ਵਿੱਚ ਖਿਡਾਰੀਆਂ ਦੇ ਮਨਾਂ ਤੇ ਕੀ ਅਸਰ ਪਵੇਗਾ, ਕੌਣ ਲਿਆਵੇਗਾ ਦੇਸ਼ ਲਈ ਮੈਡਲ ਕੌਣ ਵਧਾਵੇਗਾ ਦੇਸ਼ ਦਾ ਮਾਣ ?
ਪਰ ਜੇਕਰ ਸਮਾਂ ਰਹਿੰਦੇ ਦੇਸ਼ ਦੇ ਪਹਿਲਵਾਨਾਂ ਦੇ ਹੱਕ ਵਿੱਚ ਅਵਾਜ ਨਾ ਚੁੱਕੀ ਗਈ, ਤਾਂ ਪਹਿਲਵਾਨਾਂ ਵੱਲੋਂ ਇਹ ਆਪਣੇ ਮੈਡਲ ਹੀ ਨਹੀ ਗੰਗਾ ਨਦੀ ਦੇ ਵਿੱਚ ਵਹਾਏ ਜਾਣ ਦੀ ਗੱਲ ਨਹੀਂ ਸਗੋਂ ਸਾਡੇ ਆਉਣ ਵਾਲੇ ਭਵਿੱਖ ਦੀਆ ਅਸਥੀਆਂ ਵਹਾਈਆਂ ਜਾਣਗੀਆਂ।

ਮਨਿੰਦਰ ਸਿੰਘ ਸਿੱਧੂ 98773.55043
Total Views: 110 ,
Real Estate