ਪੰਜਾਬ ਦੀ ਸਿਆਸਤ ਦਾ ਬਾਬਾ ਬੋਹੜ ੯੫ ਸਾਲ ਦੀ ਉਮਰ ਭੋਗ ਕੇ ਡਿਗਿਆ

ਇਸ ਬੋਹੜ ਹੇਠ ਸਭ ਹਰਿਆਵਲੇ ਬੂਟੇ ਸੁੱਕ ਗਏ ਪੰਜਾਬ ਬੰਜਰ ਹੁੰਦਾ ਗਿਆ

ਉਸ ਨੇ ਹਮਾਰੇ ਜ਼ਖਮ ਕਾ ਯੂੰ ਕੀਆ ਇਲਾਜ, ਮਰ੍ਹਮ ਵੀ ਲਗਾਇਆ ਤੋ ਕਾਂਟੋ ਕੀ ਨੋਕ ਸੇ।

ਲੇਖਕ: ਕੁਲਵੰਤ ਸਿੰਘ ‘ਢੇਸੀ’

ਮੰਗਲਵਾਰ ੨੫ ਅਪ੍ਰੈਲ ਦੇਰ ਰਾਤ ਸ: ਪ੍ਰਕਾਸ਼ ਸਿੰਘ ਬਾਦਲ ੯੫ ਸਾਲ ਦੀ ਲੰਬੀ ਉਮਰ ਹੰਢਾ ਕੇ ਮੁਹਾਲੀ ਦੇ ਫੋਰਟਸ ਹਸਪਤਾਲ ਵਿਚ
ਆਖਰੀ ਦਮ ਲੈ ਕੇ ਰੱਬ ਨੂੰ ਪਿਆਰੇ ਹੋ ਗਏ। ਉਹਨਾ ਦੇ ਜਾਣ ਸਾਰ ਉਹਨਾ ਦੇ ਚਹੇਤਿਆਂ ਨੇ ਜਿਥੇ ਉਹਨਾ ਦੀ ਉਪਮਾ ਵਿਚ ਪੁਲ ਬਨ੍ਹਣੇ
ਸ਼ੁਰੂ ਕਰ ਦਿੱਤੇ ਉਥੇ ਉਹਨਾ ਦੇ ਨਿੰਦਕਾਂ ਨੇ ਸਮੇ, ਸਿਸ਼ਟਾਚਾਰ ਅਤੇ ਇਖਲਾਕੀ ਕਦਰਾਂ ਕੀਮਤਾਂ ਨੂੰ ਛਿੱਕੇ ਟੰਗ ਕੇ ਮਾੜੀ ਤੋਂ ਮਾੜੀ
ਸ਼ਬਦਾਵਲੀ ਵਿਚ ਉਹਨਾ ਨੂੰ ਭੰਡਣਾ ਸ਼ੁਰੂ ਕਰ ਦਿੱਤਾ। ਇਸ ਲੇਖ ਵਿਚ ਅਸੀਂ ਉਹਨਾ ਦੇ ਰਾਜਸੀ ਜੀਵਨ ‘ਤੇ ਸੰਖੇਪ ਜਹੀ ਝਾਤ ਮਾਰਨ ਦੀ
ਕੋਸ਼ਿਸ਼ ਕਰ ਰਹੇ ਹਾਂ। ਸਾਡਾ ਮਕਸਦ ਨਾ ਤਾਂ ਉਹਨਾ ਦੀ ਅੰਧਾਧੁੰਦ ਉਸਤਤ ਕਰਨਾ ਹੈ ਅਤੇ ਨਾ ਹੀ ਅੰਧਾਧੁੰਦ ਨਿੰਦਾ ਕਰਨੀ ਹੈ। ਕਿਸੇ ਵੀ
ਖਿੱਤੇ ਦੀ ਤਰੱਕੀ ਦਾ ਮੁਖ ਅਧਾਰ ਉਸ ਖਿੱਤੇ ਦੇ ਆਗੂਆਂ ਤੇ ਨਿਰਭਰ ਹੁੰਦਾ ਹੈ ਖਾਸ ਤੌਰ ‘ਤੇ ਰਾਜਨੀਤਕ ਆਗੂਆਂ ‘ਤੇ। ਅੱਜ ਪੰਜਾਬ ਦੇ
ਬਜਟ ਦਾ ੨੨,੦੦੦ ਕਰੋੜ ਰੁਪਿਆ ਕਰਜ਼ੇ ਦੇ ਵਿਆਜ ਦੀ ਕਿਸ਼ਤ ਵਿਚ ਜਾ ਰਿਹਾ ਹੈ ਜੋ ਕਿ ਪੰਜਾਬ ਦੀ ਜੀ ਡੀ ਪੀ ਦਾ ੪੮.੬%
ਦੱਸਿਆ ਜਾ ਰਿਹਾ ਹੈ। ਜੋ ਪੰਜਾਬ ਭਾਰਤ ਭਰ ਦੀਆਂ ਮੋਹਰਲੀਆਂ ਸਫਾਂ ਦਾ ਸੂਬਾ ਸੀ ਅੱਜ ਉਸ ਦੀ ਪਰ ਕੈਪਿਟਾ ਇਨਕਮ ਡਿਗਦੀ ਡਿਗਦੀ ਭਾਰਤੀ ਸੂਬਿਆਂ ਦੀ ਰੈਂਕਿੰਗ ਦੇ ੧੭ਵੇਂ ਸਥਾਨ ‘ਤੇ ਜਾ ਪਹੁੰਚੀ ਹੈ। ਨੈਕਸਲਾਈਟ ਮੂਵਮੈਂਟ ਅਤੇ ਚੁਰਾਸੀ ਦੇ ਹਮਲੇ ਸਮੇਂ ਪੰਜਾਬ ਦੀ ਨੌਜਵਾਨੀ ਦੀ ਵੱਡੀ ਨਸਲਕੁਸ਼ੀ ਹੋਈ। ਪੰਜਾਬ ਦੀ ਨੌਜਵਾਨੀ ਦਾ ਵੱਡਾ ਹਿੱਸਾ ਚਿੱਟੇ ਨੇ ਖਾ ਲਿਆ ਜਦ ਕਿ ਬਲੈਕੀਆਂ ਵਿਚ ਬਾਦਲਾਂ ਦੇ ਨੇੜਲੇ ਰਿਸ਼ਤੇਦਾਰਾਂ ਦੇ ਨਾਮ ਬੋਲਦੇ ਰਹੇ ਹਨ। ਇਹਨਾ ਹਾਲਤਾਂ ਵਿਚ ਅਸੀਂ ਉਸ ਵਿਅਕਤੀ ਨੂੰ ਜਾਂ ਉਸ ਰਾਜਨੀਤਕ ਦਲ ਨੂੰ ਅਣਗੌਲਿਆ ਨਹੀਂ ਕਰ ਸਕਦੇ ਜਿਹਨਾ ਨੇ ਲੰਬਾ ਸਮਾਂ ਪੰਜਾਬ ‘ਤੇ ਰਾਜ ਕੀਤਾ ਹੈ। ਅਕਾਲੀ ਦਲ ਨੇ ਹੀ ਅਨੰਦਪੁਰ ਸਾਹਿਬ ਦਾ ਮਤਾ ਪਾਸ ਕੀਤਾ ਸੀ, ਜਿਸ ਦੀ ਪ੍ਰਾਪਤੀ ਲਈ ਅਕਾਲੀ ਦਲ ਨੇ ਹੀ ਧਰਮ ਯੁੱਧ ਮੋਰਚਾ ਲਾਇਆ ਸੀ। ਏਨਾ ਲੰਬਾ ਸਮਾਂ ਰਾਜ ਕਰਕੇ ਵੀ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੀਆਂ ਹੱਕੀ ਮੰਗਾਂ ਵਿਚੋਂ ਕੋਈ ਇੱਕ ਵੀ ਕੇਂਦਰ ਤੋਂ ਨਹੀਂ ਮਨਵਾ ਸਕੇ, ਖਾਸ ਕਰਕੇ ਉਸ ਹਾਲਤ ਵਿਚ ਜਦੋਂ ਕੇਂਦਰ ਵਿਚ ਰਾਜ ਕਰ ਰਹੀ ਭਾਜਪਾ ਨਾਲ ਅਕਾਲੀ ਦਲ ਦਾ ਰਾਜਨੀਤਕ ਗੱਠਜੋੜ ਸੀ। ਪੰਜਾਬ ਦਾ ਵਾਰਸ ਅਖਵਾਉਣ ਵਾਲਾ ਅਕਾਲੀ ਦਲ ਅੱਜ ਆਪਣੇ ੧੦੦ ਸਾਲਾਂ ਦੇ ਇਤਹਾਸ ਵਿਚ ਰਾਜਨੀਤਕ ਨਿਘਾਰ ਦੇ ਪਤਾਲ ‘ਤੇ ਜਾ ਡਿੱਗਿਆ ਹੈ ਜਿਸ ਦਾ ਮੁੜ ਸੁਰਜੀਤ ਹੋਣਾ ਇੱਕ ਗੰਭੀਰ ਮੁੱਦਾ ਬਣਿਆ ਹੋਇਆ ਹੈ।
ਇਸ ਵਿਚ ਛੱਕ ਨਹੀਂ ਕਿ ਪ੍ਰਕਾਸ਼ ਸਿੰਘ ਬਾਦਲ 1970 ਵਿੱਚ 43 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਕਿਸੇ ਭਾਰਤੀ ਸੂਬੇ ਦੇ ਮੁੱਖ ਮੰਤਰੀ
ਬਣਨ ਵਾਲੇ ਸਭ ਤੋਂ ਛੋਟੀ ਉਮਰ ਦੇ ਆਗੂ ਸਨ। ੨੦੧੭ ਨੂੰ ਮੁਖਮੰਤਰੀ ਬਣਨ ਵੇਲੇ ਉਹਨਾ ਦੀ ਉਮਰ ੯੦ ਸਾਲ ਦੀ ਜੋ ਭਾਰਤ ਦੇ ਕਿਸੇ
ਵੀ ਸੂਬੇ ਦੇ ਮੁਖ ਮੰਤਰੀ ਦੇ ਮੁਕਾਬਲੇ ਵੱਡੀ ਉਮਰ ਦੇ ਮੁਖ ਮੰਤਰੀ ਸਨ। ਉਹਨਾ ਦੀਆਂ ਪ੍ਰਾਪਤੀਆਂ ਵਿਚ ਮੰਡੀਆਂ ਨੂੰ ਸ਼ਹਿਰਾਂ ਤੋਂ ਪਿੰਡਾਂ ਦੇ
ਫੋਕਲ ਪੁਆਇੰਟਾਂ ਵਿਚ ਲਿਆਉਣਾ, ਲਿੰਕ ਸੜਕਾਂ ਦਾ ਜਾਲ ਵਿਛਾਉਣਾ, ਕਿਸਾਨਾ ਦੇ ਬਿਜਲੀ ਦੇ ਬਿੱਲ ਮਾਫ ਕਰਨੇ ਅਤੇ ਆਟਾ ਦਾਲ
ਸਕੀਮ ਤੋਂ ਇਲਾਵਾ ਕੇਂਦਰ ਦੇ ਦਮਨ ਤੋਂ ਨਿਰਾਸ਼ ਸਿੱਖ ਲੀਡਰਸ਼ਿਪ ਨੂੰ ਮੁੜ ਕੌਮੀ ਮੁਖਧਾਰਾ ਵਿਚ ਲਿਆਉਣਾ ਅਤੇ ਸਿੱਖ ਹਿੰਦੂ ਸਾਂਝ ਨੂੰ
ਕਾਇਮ ਰੱਖਣਾ ਮੰਨਿਆਂ ਜਾਂਦਾ ਹੈ। ਜਦ ਕਿ ਇਹਨਾ ਪ੍ਰਾਪਤੀਆਂ ਪ੍ਰਤੀ ਕੁਝ ਸੰਜੀਦਾ ਸਵਾਲ ਜਵਾਬ ਮੰਗਦੇ ਹਨ ਜਿਵੇਂ ਕਿ ਬਿਜਲੀ ਦੇ ਬਿੱਲ
ਮੁਫਤ ਕਰਨ ਨਾਲ ਪੰਜਾਬ ਦੇ ਜ਼ਮੀਨ ਦੋਜ਼ ਪਾਣੀ ਦਾ ਸੰਕਟ ਸਗੋਂ ਹੋਰ ਗੰਭੀਰ ਹੋਇਆ ਹੈ ਅਤੇ ਪੰਜਾਬ ਦੀਆਂ ਮੰਡੀਆਂ ‘ਤੇ ਹੁਣ ਤਕ ਮੌਸਮ ਦੀ ਕਰੋਪੀ ਤੋਂ ਬਚਣ ਲਈ ਛੱਤਾਂ ਨਾ ਪੈ ਸਕੀਆਂ ਜਦ ਕਿ ਭਾਜਪਾ ਨਾਲ ਗੱਠਜੋੜ ਵਿਚ ਤਾਂ ਭਾਜਪਾ ਦੇ ਪੈਰ ਪੰਜਾਬ ਵਿਚ ਪੱਕੇ ਹੋਏ ਤੇ ਪੰਜਾਬ ਦੀਆਂ ਹੱਕੀ ਮੰਗਾਂ ‘ਤੇ ਭਾਜਪਾ ਦੀ ਸਦਾ ਹੀ ਬੇਰੁਖੀ ਰਹੀ ਹੈ।
ਸ: ਬਾਦਲ ੫ ਵਾਰ ਪੰਜਾਬ ਦੇ ਮੁਖ ਮੰਤਰੀ ਬਣੇ ਪਰ ਸਵਾਲ ਪੈਦਾ ਹੁੰਦਾ ਹੈ ਕਿ ਉਹਨਾ ਨੇ ਪੰਜਾਬ ਦੇ ਪੱਲੇ ਕੀ ਪਾਇਆ ।
ਪਿੰਡ ਦੀ ਸਰਪੰਚੀ ਤੋਂ ਸ: ਬਾਦਲ ਦੇ ਸਿਆਸੀ ਜੀਵਨ ਦੀ ਸ਼ੁਰੂਆਤ

੧੯੫੭ ਨੂੰ ਬਾਦਲ ਪਹਿਲੀ ਵਿਧਾਨ ਸਭਾ ਚੋਣਾ ਵਿਚ ਅਕਾਲੀਆਂ ਦੇ ਉਮੀਦਵਾਰ ਹੁੰਦੇ ਹੋਏ ਕਾਂਗਰਸ ਦੇ ‘ਬਲਦਾਂ ਦੀ ਜੋੜੀ’ ਚੋਣ ਨਿਸ਼ਾਨ
ਹੇਠ ਚੋਣ ਲੜੇ ਤੇ ਕਾਮਰੇਡ ਚਰੰਜੀ ਲਾਲ ਨੂੰ ੧੧੦੦ ਵੋਟ ‘ਤੇ ਹਰਾ ਕੇ ਜਿੱਤ ਪ੍ਰਾਪਤ ਕੀਤੀ। ੧੯੬੨ ਦੀ ਚੋਣ ਲੜੀ ਨਾ ਅਤੇ ੧੯੬੭ ਦੀ
ਚੋਣ ਵਿਚ ਜਿੱਤ ਪ੍ਰਾਪਤ ਨਾ ਹੋਈ। ਜਨਸੰਘ ਦੇ ਸਹਿਯੋਗ ਨਾਲ ਬਣੀ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਵਿਚ ੧੯੬੯ ਨੂੰ ਚੋਣ ਜਿੱਤ ਕੇ
ਕਾਮਯਾਬ ਹੋਏ ਅਤੇ ਵਿਕਾਸ ਵਿਭਾਗ ਦੇ ਮੰਤਰੀ ਬਣੇ। ੧੯੭੦ ਵਿਚ ਫਤਹਿ ਸਿੰਘ ਨੇ ਜਸਟਿਸ ਗੁਰਨਾਮ ਸਿੰਘ ਦੀ ਛੁੱਟੀ ਕਰਕੇ ਪ੍ਰਕਾਸ਼
ਸਿੰਘ ਬਾਦਲ ਨੂੰ ਮੁਖ ਮੰਤਰੀ ਬਣਾ ਦਿੱਤਾ। ੧੯੭੭ ਵਿਚ ਮੁੜ ਜਨਤਾ ਪਾਰਟੀ ਨਾਲ ਗਠਜੋੜ ਸਰਕਾਰ ਵਿਚ ਮੁਖ ਮੰਤਰੀ ਬਣੇ ਅਤੇ
੧੯੮੦ ਤਕ ਰਹੇ। । ੧੯੯੭ ਤੋਂ ੨੦੦੨ ਤਕ ਤੀਜੀ ਵਾਰ ਮੁਖ ਮੰਤਰੀ ਬਣ ਕੇ ਪੂਰੀ ਟਰਮ ਰਾਜ ਕੀਤਾ। ਚੌਥੀ ਵਾਰ ੨੦੦੭ ਤੋਂ ੨੦੧੨੧
ਤਕ ਅਤੇ ਪੰਜਵੀਂ ਵਾਰ ੨੦੧੨ ਤੋਂ ੨੦੧੭ ਤਕ ਮੁਖ ਮੰਤਰੀ ਰਹੇ। ੧੯੬੯ ਤੋਂ ੨੦੧੭ ਤਕ ਸ: ਬਾਦਲ ਲੰਬੀ ਤੋਂ ਲਗਾਤਾਰ ਜਿੱਤਦੇ ਰਹੇ ।
੨੦੨੨ ਨੂੰ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਖੁੱਡੀਆਂ ਤੋਂ ਹਾਰੇ ਜੋ ਕਿ ਉਹਨਾ ਦੀ ਆਖਰੀ ਚੋਣ ਸੀ।
ਸੱਤਰਵਿਆਂ ਤੋਂ ਬਾਅਦ ਹੌਲੀ ਹੌਲੀ ਅਕਾਲੀ ਦਲ ਦੀ ਸਿਆਸਤ ਬਾਦਲ ਸਿਆਸਤ ਬਣ ਗਈ ਅਤੇ ਬਾਦਲ ਸਿਆਸਤ ਦਾ ਅਧਾਰ ਇਹ ਸੀ ਕਿ ਜੇਕਰ ਰਾਜਨੀਤਕ ਸਤਾ ਹਾਸਲ ਹੋ ਜਾਂਦੀ ਹੈ ਤਾਂ ਪੰਜਾਬ ਦੀਆਂ ਹੱਕੀ ਮੰਗਾਂ ਨੂੰ ਠੰਢੇ ਬਸਤੇ ਵਿਚ ਪਾ ਦਿੱਤਾ ਜਾਂਦਾ ਅਤੇ ਜੇਕਰ ਉਹ ਸੱਤਾ ਤੋਂ ਲਾਂਭੇ ਹੋ ਜਾਂਦੇ ਤਾਂ ਪੰਜਾਬ ਦੀਆਂ ਮੰਗਾਂ ਦੇ ਮੁੱਦੇ ਮੁੜ ਉਠਾ ਲਏ ਜਾਂਦੇ ਅਤੇ ਪੰਥ ਖਤਰੇ ਵਿਚ ਦੇ ਨਾਅਰੇ ਵੀ ਲੱਗਣੇ ਸ਼ੁਰੂ ਹੋ ਜਾਂਦੇ। ਸੋਚਣ ਵਾਲੀ ਗੱਲ ਹੈ ਕਿ ੧੯੭੩ ਨੂੰ ਅਰੰਭ ਕੀਤਾ ਅਨੰਦਪੁਰ ਸਾਹਿਬ ਦਾ ਮਤਾ ਸੰਨ ੧੯੭੮ ਵਿਚ ਅਲੋਪ ਕਿਓਂ ਹੋ ਜਾਂਦਾ ਹੈ। ਜਦ ਕਿ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸੰਨ ੧੯੭੫ ਨੂੰ ਐਮਰਜੈਂਸੀ ਦੇ ਖਿਲਾਫ ਅਕਾਲੀ ਦਲ ਵਲੋਂ ਮੋਰਚਾ ਲਉਣ ਸਮੇਂ ਸ: ਬਾਦਲ ਦਾ ਇੰਦਰਾਂ ਖਾਂਗਰਸ ਖਿਲਾਫ ਦ੍ਰਿੜ ਸਟੈਂਡ ਸੀ, ਉਸ ਸਮੇਂ ਜੇ ਸ: ਬਾਦਲ ਚਹੁੰਦੇ ਤਾਂ ਇੰਦਰਾਂ ਨਾਲ ਲੈਣ ਦੇਣ ਕਰ ਸਕਦੇ ਸਨ ਪਰ ਉਹਨਾ ਨੇ
ਐਮਰਜੈਂਸੀ ਦੇ ਖਿਲਾਫ ਜਥੇ ਸਮੇਤ ਗ੍ਰਿਫਤਾਰੀ ਦੇ ਕੇ ੧੯ ਮਹੀਨੇ ਜਿਹਲ ਕੱਟੀ। ਸ: ਬਾਦਲ ਵਲੋਂ ਅਕਸਰ ਇਹ ਕਿਹਾ ਜਾਂਦਾ ਰਿਹਾ ਹੈ ਕਿ
ਉਹਨਾ ਨੇ ਕੁਲ ਮਿਲਾ ਕੇ ੧੭ ਸਾਲ ਜਿਹਲ ਕੱਟੀ ਸ਼ਾਇਦ ਇਸੇ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾ ਨੂੰ ਭਾਰਤ ਦਾ ਨੈਲਸਨ
ਮੰਡੇਲਾ ਕਿਹਾ ਸੀ ਪਰ ਪੱਤਰਕਾਰ ਜਗਤਾਰ ਸਿੰਘ ਨੇ ਆਰ ਟੀ ਆਈ ਰਾਹੀਂ ਜਦੋਂ ਸ: ਬਾਦਲ ਦੇ ਜਿਹਲ ਜਾਣ ਦੇ ਆਂਕੜੇ ਇੱਕਠੇ ਕੀਤੇ ਤਾਂ ਇਹ ਸਮਾਂ ਕੁਲ ਮਿਲਾ ਕੇ ੫ ਸਾਲ ਬਣਦਾ ਹੈ।
ਕੁਲ ਮਿਲਾ ਕੇ ਸ: ਬਾਦਲ ਨੇ ੧੧ ਵਿਧਾਨ ਸਭਾ ਚੋਣਾ ਜਿੱਤੀਆਂ। ੧੯੭੭ ਵਿਚ ਇੱਕ ਪਾਰਲੀਮੈਂਟ ਦੀ ਸੀਟ ਵੀ ਜਿੱਤੀ। ਸੰਨ ੧੯੭੯ ਨੂੰ
ਚੌਧਰੀ ਚਰਨ ਸਿੰਘ ਦੀ ਸਰਕਾਰ ਵੇਲੇ ਸ: ਬਾਦਲ ਸੈਂਟਰ ਵਿਚ ਖੇਤੀਬਾੜੀ ਮੰਤਰੀ ਰਹੇ। ਇਹ ਸਰਕਾਰ ਇੱਕ ਸਾਲ ਹੀ ਚੱਲੀ ਸੀ।

ਬਾਦਲ ਨੇ ਭਾਜਪਾ ਨਾਲ ਗਠਜੋੜ ਕਰਕੇ ਪੰਜਾਬ ਵਿਚ ਭਾਜਪਾ ਦੇ ਪੈਰ ਲਾਏ

੧੯੯੭ ਦੀਆਂ ਚੋਣਾ ਵਿਚ ਅਕਾਲੀ ਭਾਜਪਾ ਗਠਜੋੜ ਨੂੰ ੭੫ ਸੀਟਾਂ ਮਿਲੀਆਂ। ਭਾਜਪਾ ਦੇ ੨੩ ਵਿਚੋਂ ੧੮ ਐਮ ਐਲ ਏ ਚੁਣੇ ਗਏ।
ਭਾਜਪਾ ਜਾਂ ਜਨਸੰਘ ਦਾ ਇਹ ਖਾਸਾ ਰਿਹਾ ਹੈ ਕਿ ਇਸ ਨੇ ਹਮੇਸ਼ਾਂ ਹੀ ਪੰਜਾਬੀ ਬੋਲੀ ਦਾ ਡੱਟ ਕੇ ਵਿਰੋਧ ਕੀਤਾ ਅਤੇ ਮਰਦਮ ਸ਼ੁਮਾਰੀ ਵਿਚ
ਪੰਜਾਬੀ ਹਿੰਦੂਆਂ ਨੂੰ ਆਪਣੀ ਬੋਲੀ ਹਿੰਦੀ ਲਿਖਵਾਉਣ ਲਈ ਪ੍ਰੇਰਤ ਕੀਤਾ। ਸੰਨ ਚੁਰਾਸੀ ਦੇ ਹਮਲੇ ਸਮੇਂ ਵੀ ਅਡਵਾਨੀ ਵਰਗੇ ਕੱਟੜ
ਭਾਜਪਾਈ ਲੋਕਾਂ ਦਾ ਇਹ ਹੀ ਕਹਿਣਾ ਸੀ ਕਿ ਇੰਦਰਾਂ ਤਾਂ ਦਰਬਾਰ ਸਾਹਿਬ ‘ਤੇ ਹਮਲਾ ਕਰਨਾ ਨਹੀਂ ਸੀ ਚਹੁੰਦੀ ਪਰ ਅਸੀਂ ਉਸ ਨੂੰ
ਮਜ਼ਬੂਰ ਕੀਤਾ ਇਹ ਹੀ ਕਾਰਨ ਸੀ ਕਿ ਦਰਬਾਰ ਸਾਹਿਬ ‘ਤੇ ਹਮਲਾ ਕਰਨ ਮਗਰੋਂ ਵਾਜਪਾਈ ਨੇ ਇੰਦ੍ਰਾਂ ਨੂੰ ਦੁਰਗਾ ਦਾ ਰੂਪ ਕਿਹਾ ਸੀ। ਆਰ ਐਸ ਐਸ ਦੇ ਕੱਟੜ ਆਗੂ ਟੰਡਨ ਵਰਗਿਆਂ ਵਲੋਂ ਤਾਂ ਗੁਰੂ ਨਾਨਕ ਦਾਸ ਯੂਨੀਵਰਸਿਟੀ ਦਾ ਵੀ ਰੱਜ ਕੇ ਵਿਰੋਧ ਕੀਤਾ ਗਿਆ ਸੀ।
ਭਾਜਪਾ ਨਾਲ ਗੱਠਜੋੜ ਕਰਨ ਸਮੇਂ ਜੋ ਸਭ ਤੋਂ ਗੰਭੀਰ ਭੁੱਲ ਸ: ਬਾਦਲ ਨੇ ਕੀਤੀ ਉਹ ਸੀ ਭਾਜਪਾ ਨੂੰ ਬਿਨਾ ਸ਼ਰਤ ਹਿਮਾਇਤ ਦੇਣੀ।
ਰਾਜਨੀਤੀ ਵਿਚ ਬਿਨਾ ਸ਼ਰਤ ਹਿਮਾਇਤਾ ਦਾ ਮਤਲਬ ਹੀ ਰਾਜਨਤੀਕ ਖੁਦਕੁਸ਼ੀ ਹੁੰਦਾ ਹੈ। ਇਸ ਨਜ਼ਰੀਏ ਤੋਂ ਬਾਦਲ ਬਾਰੇ ਇਹ ਕਹਿਣਾ
ਬਣਦਾ ਹੈ ਕਿ ਬਾਦਲ ਰਾਜਨੀਤੀ ਦਾ ਬੋਹੜ ਤਾਂ ਸੀ ਪਰ ਬਾਬਾ ਨਹੀਂ ਸੀ ।
ਸਬਜ਼ਬਾਗ ਦਿਖਾਉਣ ਵਾਲਾ ਆਗੂ

ਸ: ਬਾਦਲ ਪੰਜਾਬ ਨੂੰ ਕੈਲੇਫੋਰਨੀਆਂ ਬਨਾਉਣ ਦੇ ਲੰਬੇ ਸਮੇਂ ਤੋਂ ਸਬਜ਼ ਬਾਗ ਦਿਖਾਉਂਦਾ ਰਿਹਾ। ਪੰਜਾਬ ਦੇ ਭੋਲੇ ਭਾਲੇ ਲੋਕ ਹਰ ਵੇਰ ਇਸ ਦੇ ਲਾਰਿਆਂ ਵਿਚ ਪਰਚਦੇ ਰਹੇ। ਬਾਦਲ ਨੇ ਲੋਕਾਂ ਨੂੰ ਮੁਫਤ ਖੋਰੀ ਦੀ ਆਦਤ ਪਾਈ ਅਤੇ ਉਹ ਮੁਫਤਖੋਰੀ ਪੰਜਾਬ ਨੂੰ ਕਿਸ ਭਾਅ ਪਈ ਇਸ ਦਾ ਅਜੇ ਤਕ ਕੋਈ ਅੰਦਾਜ਼ਾ ਨਹੀਂ ਸੀ। ਕਿਸਾਨਾਂ ਨੂੰ ਮੁਫਤ ਬਿਜਲੀ ਨੇ ਪੰਜਾਬ ਵਿਚ ਆ ਰਹੇ ਪਾਣੀ ਦੇ ਸੰਕਟ ਵਿਚ ਵਾਧਾ ਕੀਤਾ ਇਸੇ ਤਰਾਂ ਦਾਲ ਆਟਾ ਸਕੀਮ ਸਿਰਫ ਗਰੀਬ ਲੋਕਾਂ ਦੀ ਵੋਟ ਹਥਿਆਉਣ ਲਈ ਸੀ ਜਦ ਕਿ ਲੋਕਾਂ ਦੀ ਲੋੜ ਰੁਜ਼ਗਾਰ ਸੀ ਨਾ ਕਿ ਖੈਰਾਤ ਦੀ।
ਧਰਮ ਯੁੱਧ ਮੋਰਚੇ ਦੀ ਸ਼ੁਰੂਆਤ ਕਪੂਰੀ ਮੋਰਚੇ ਤੋਂ ਹੋਈ ਸੀ ਜਿਸ ਦਾ ਕਾਰਨ ਬਾਦਲ ਹੀ ਸੀ ਜਿਸ ਨੇ ਆਪਣੇ ਮਿੱਤਰ ਦੇਵੀ ਲਾਲ ਨੂੰ ਖੁਸ਼
ਕਰਨ ਲਈ ਸਤਲੁਜ ਯਮਨਾ ਨਹਿਰ ਦੀ ਪਟਾਈ ਲਈ ੨ ਕਰੋੜ ਦਾ ਚੈੱਕ ਲੈ ਕੇ ਟਕਰਾਓ ਦਾ ਵੱਡਾ ਕਾਰਨ ਪੈਦਾ ਕਰ ਦਿੱਤਾ ਸੀ ਅਤੇ ਫਿਰ ਕਾਂਗਰਸ ਦੀ ਸਰਕਾਰ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਇਸ ਨਹਿਰ ਦੀ ਪਟਾਈ ਲਈ ਚਾਂਦੀ ਦੀਆਂ ਕਹੀਆਂ ਨਾਲ ਆਪ ਟੱਕ ਲਵਾਇਆ ਸੀ। ਪੰਜਾਬ ਨੂੰ ਮਿਲਣ ਵਾਲੇ ਪਾਣੀ ਦੀ ਔਸਤ ੭੦ ਫੀਸਦੀ ਹੋਣ ਦੀ ਬਜਾਏ ੩੦ ਫੀਸਦੀ ਹੈ ਅਤੇ ਇਸ ਦਾ ਕਾਰਨ ਬਾਦਲ ਅਤੇ ਬਾਦਲ ਵਰਗੇ ਪੰਜਾਬ ਦੇ ਹੋਰ ਮੁਖ ਮੰਤਰੀ ਹਨ ਜਿਹਨਾ ਨੇ ਆਪਣੀ ਕੁਰਸੀ ਦੀ ਸਲਾਮਤੀ ਲਈ ਪੰਜਾਬ ਦੇ ਹੱਕ ਵੇਚ ਦਿੱਤੇ।
੧੯੮੦ ਵਿਚ ਪੰਜਾਬ ਦਾ ਜਾਨੀ ਅਤੇ ਮਾਲੀ ਤੌਰ ਤੇ ਜੋ ਵੀ ਨੁਕਸਾਨ ਹੋਇਆ ਸੀ ਉਸ ਬਾਰੇ ਖੋਜ ਕਰਨ ਲਈ ਜੋ ਟਰੁਥ ਕਮਿਸ਼ਨ ਕਾਇਮ
ਕੀਤਾ ਗਿਆ ਸੀ ਉਸ ਪ੍ਰਤੀ ਸ: ਬਾਦਲ ਨੇ ਸੱਤਾ ਵਿਚ ਆਉਂਦਿਆਂ ਪਿੱਠ ਫੇਰ ਲਈ ਸੀ।

ਪੰਜਾਬ ਹੀ ਨਹੀਂ ਭਾਰਤ ਦਾ ਸਭ ਤੋਂ ਵੱਡਾ ਕੁਨਬਾ ਪਰਵਰ ਆਗੂ ਸ: ਬਾਦਲ

ਇੱਕ ਵੇਰ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਇਹ ਵਿਅੰਗ ਕੀਤਾ ਸੀ ਕਿ ਬਾਦਲ ਜਦੋਂ ਵੀ ਉਹਨਾ ਨੂੰ ਮਿਲਦੇ ਹਨ ਤਾਂ ਉਹ
ਆਪਣੇ ਨਿੱਜੀ ਕੰਮਾਂ ਜਾਂ ਪਰਿਵਾਰਕ ਮਾਮਲਿਆਂ ਲਈ ਮਿਲਦੇ ਹਨ। ਸ: ਬਾਦਲ ਨੇ ਹੋਰ ਸੀਨੀਅਰ ਅਕਾਲੀ ਆਗੂਆਂ ਨੂੰ ਛੱਡ ਕੇ ਆਪਣੇ
ਪੁੱਤਰ ਸੁਖਬੀਰ ਬਾਦਲ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾ ਦਿੱਤਾ। ਆਪਣੇ ਸਕੇ ਭਤੀਜੇ ਮਨਪ੍ਰੀਤ ਬਾਦਲ ਨੂੰ ਵਿਤ ਮੰਤਰੀ ਦਾ ਅਹੁਦਾ
ਦਿੱਤਾ ਜੋ ਕਿ ਬਾਅਦ ਵਿਚ ਕਾਂਗਰਸ ਵਿਚ ਚਲਾ ਗਿਆ। ਉਹਨਾ ਆਪਣੇ ਜਵਾਈ ਅਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਸਿਵਲ ਸਪਲਾਈ ਦਾ
ਮੰਤਰੀ ਬਣਾ ਦਿੱਤਾ ਅਤੇ ਆਪਣੀ ਨੂੰਹ ਰਾਣੀ ਹਰਸਿਮਰਤ ਕੌਰ ਨੂੰ ਕੇਂਦਰ ਵਿਚ ਮੰਤਰੀ ਬਣਾ ਕੇ ਉਸ ਦੇ ਭਰਾ ਬਿਕਰਮ ਸਿੰਘ ਮਜੀਠੀਆ ਨੂੰ ਲੋਕ ਸੰਪਰਕ ਮੰਤਰੀ ਬਣਾਇਆ। ਇਸ ਕਿਸਮ ਦਾ ਪਰਿਵਾਰਵਾਦ ਅਤੇ ਖੁਦਗਰਜ਼ੀ ਦੇਖ ਕੇ ਜਸਟਿਸ ਕਾਟਜੂ ਵਰਗੇ ਲੋਕਾਂ ਨੇ ਸ: ਬਾਦਲ ‘ਤ ਬੜੇ ਵਿਅੰਗ ਕੀਤੇ ਅਤੇ ਲਾਹਨਤਾਂ ਪਾਈਆਂ ਸਨ।

ਪੰਜਾਬ ਵਿਚ ਡੇਰੇਵਾਦ ਨੂੰ ਬੜਾਵਾ ਦੇਣ ਵਾਲਾ ਆਗੂ

ਸੰਨ ੧੯੭੮ ਨਿਰੰਕਾਰੀ ਨੇ ਜੋ ਅੰਮ੍ਰਿਤਸਰ ਵਿਚ ੧੩ ਸਿੰਘਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਤਾਂ ਪੰਜਾਬ ਦੇ ਦੁਖਾਂਤ ਦਾ ਮੁੱਢ ਉਸ
ਸਾਕੇ ਨੇ ਬੰਨ੍ਹਿਆ। ਸਿੱਖ ਸਮੂਹ ਵਿਚ ਵੱਡਾ ਰੋਸ ਸੀ ਕਿ ਨਿਰੰਕਾਰੀ ਜਾਣ ਬੁੱਝ ਕੇ ਗੁਰੂ ਸਾਹਿਬਾਨ ਦੀ ਬੇਅਦਬੀ ਕਰਦੇ ਸਨ। ਉਸ ਵੇਲੇ
ਬਾਦਲ ਮੁੱਖ ਮੰਤਰੀ ਸੀ ਜਿਸ ਨੇ ਏਨੀ ਵੱਡੀ ਕਤਲੋਗਾਰਤ ਹੋਣ ਤੋਂ ਬਾਅਦ ਵੀ ਗੁਰਬਚਨੇ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਦਿੱਲੀ ਤਕ
ਸੁਰੱਖਿਅਤ ਲਾਂਘਾ ਦਿੱਤਾ ਸੀ ਅਤੇ ਫਿਰ ਉਸ ਦਾ ਕੇਸ ਪਜਾਬ ਤੋਂ ਬਾਹਰ ਹਰਿਆਣੇ ਕਰਨਾਲ ਤੋਂ ਚਲਾਇਆ ਜਿਸ ਵਿਚ ਉਹ ਬਰੀ ਹੋ ਗਿਆ ਸੀ।
ਜਦੋਂ ਤੋਂ ਬਾਦਲ ਨੇ ਡੇਰੇਵਾਦੀਆਂ ਦੇ ਜਾ ਕੇ ਮੱਥੇ ਟੇਕਣੇ ਸ਼ੁਰੂ ਕੀਤੇ ਉਦੋਂ ਤੋਂ ਹੀ ਉਹਨਾ ਦਾ ਪੰਜਾਬ ਵਿਚ ਬੋਲ ਬਾਲਾ ਵਧਦਾ ਗਿਆ।
ਨਿਰੰਕਾਰੀਆਂ ਤੋਂ ਬਾਅਦ ਇਸ ਦੀ ਸਭ ਤੋਂ ਭੱਦੀ ਤਸਵੀਰ ਸੌਦੇ ਵਾਲੇ ਦੇ ਪੈਰਾਂ ‘ਤੇ ਡਿਗਣਾ ਸੀ। ਗੁਰਮੀਤ ਸੌਦੇ ਵਾਲੇ ਨੂੰ ਅਕਾਲ ਤਖਤ ਦੇ ਜਥੇਦਾਰ ਗੁਰਬਚਨ ਸਿੰਘ ਕੋਲੋਂ ਕਲੀਨ ਚਿੱਟ ਦਵਾਉਣੀ ਸ: ਬਾਦਲ ਦੀ ਸਭ ਤੋਂ ਖਤਰਨਾਕ ਪੰਥ ਵਿਰੋਧੀ ਹਰਕਤ ਸੀ। ਇਸ ਤੋਂ ਬਾਅਦ
ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਟਕਿਆਂ ਦੀ ਬੇਅਦਬੀ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ। ਬੇਅਦਬੀ ਦੇ ਅੰਦੋਲਨ ਦੌਰਾਨ
ਬਾਦਲ ਵਲੋਂ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਨੇ ਉਸ ਨੂੰ ੨੦੧੭ ਦੀਆਂ ਚੋਣਾਂ ਵਿਚ ਬਾਹਰ ਦਾ ਰਾਹ ਦਿਖਾਇਆ ਸੀ।
ਅਕਾਲੀ ਦਲ ਦੇ ੧੦੦ ਸਾਲਾ ਇਤਹਾਸ ਵਿਚ ਇਸ ਵਾਰ ਦਾ ਸਭ ਤੋਂ ਮਾੜਾ ਪ੍ਰਦਰਸ਼ਨ ਸੀ। ਬਾਦਲ ਨੇ ਨੂਰਮਹਿਲੀਏ ਅਸ਼ੂਤੋਸ਼ ਅਤੇ ਹੋਰ
ਪੰਥ ਵਿਰੋਧੀਆਂ ਨੂੰ ਬੜਾਵਾ ਦਿੱਤਾ। ਆਪ ਉਹ ਪੁੱਛਾਂ ਵਾਲਿਆਂ ਦੇ ਜਾਂਦਾ ਰਿਹਾ। ਪ੍ਰਕਾਸ਼ ਸਿੰਘ ਬਾਦਲ ਅਤੇ ਉਸ ਦੇ ਪੁੱਤਰ ਦੇ ਹੱਥੀਂ ਮੋਟੇ
ਨਗਾਂ ਵਾਲੀਆਂ ਮੁੰਦੀਆਂ ਦਾ ਮਤਲਬ ਪਿਓ ਪੁੱਤਰ ਜੋਤਸ਼ੀਆਂ ਵਿਚ ਯਕੀਨ ਰੱਖਦੇ ਸਨ।

ਦਾਗੀ ਪੁਲਸੀਆਂ ਨੂੰ ਤਰੱਕੀਆਂ ਦੇਣੀਆਂ ਅਤੇ ਆਪਣੀ ਜਾਇਦਾਦ ਵਿਚ ਬੇਅੰਤ ਵਾਧਾ ਕਰਨਾ
ਸ: ਬਾਦਲ ਨੇ ਸੁਮੇਧ ਸੈਣੀ ਅਤੇ ਇਜ਼ਹਾਰ ਆਲਮ ਵਰਗੇ ਉਹਨਾ ਦਾਗੀ ਪੁਲਸੀਆਂ ਨੂੰ ਤਰੱਕੀਆਂ ਦਿੱਤੀਆਂ ਜਿਹਨਾ ਦੇ ਹੱਥ ਸਿੱਖ
ਨੌਜਵਾਨਾ ਦੇ ਲਹੂ ਨਾਲ ਰੰਗੇ ਹੋਏ ਸਨ। ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਖਿਲਾਫ ਬਹਿਬਲ ਗੋਲੀ ਕਾਂਡ ਵਿਜੀਲੈਂਸ ਦੀ ਪੜਤਾਲ
ਜਾਰੀ ਹੈ। ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਸਾਥੀ ਰਹੀ ਨਿਰਪ੍ਰੀਤ ਕੌਰ ਨੇ ਇਲਜ਼ਾਮ ਲਾਇਆ ਸੀ ਕਿ ਸੈਣੀ ਨੇ ਭਾਈ ਜਟਾਣਾ ਦੇ ਪਰਿਵਾਰ ਨੂੰ ਜਿੰਦਾ ਸਾੜਿਆ ਸੀ। ਸਾਬਕਾ ਡੀ ਜੀ ਪੀ ਇਜ਼ਹਾਰ ਆਲਮ ਦੀ ਪਤਨੀ ਫਰਜ਼ਾਨਾ ਆਲਮ ਨੂੰ ਇਸਤਰੀ ਅਕਾਲੀ ਦਲ ਦੀ
ਜਨਰਲ ਸਕੱਤਰ ਬਣਾਇਆ ਗਿਆ ਜਿਸ ਨੇ ਅਕਾਲੀ ਦਲ ਦੀ ਟਿਕਟ ‘ਤੇ ਚੋਣ ਲੜੀ ਸੀ। ਸ: ਬਾਦਲ ‘ਤੇ ਇਹ ਵੀ ਦੋਸ਼ ਰਿਹਾ ਹੈ ਕਿ ਉਸ ਦਾ ਕੇ ਪੀ ਐਸ ਗਿੱਲ ਦੇ ਘਰ ਅਉਣਾ ਜਾਣਾ ਰਿਹਾ ਹੈ ਜਿਸ ਦਾ ਨਾਮ ਸਿੱਖ ਨੌਜਵਾਨਾ ‘ਤੇ ਝੂਠੇ ਪੁਲਿਸ ਮੁਕਾਬਲਿਆਂ ਵਿਚ ਸਿੱਖਰ ‘ਤੇ ਰਿਹਾ ਹੈ।
ਸ: ਬਾਦਲ ਨੇ ਆਪਣੇ ਰਾਜ ਵਿਚ ਆਪਣੀ ਜਾਇਦਾਦ ਵਿਚ ਬੇਹੱਦ ਵਾਧਾ ਕੀਤਾ ਜਦ ਕਿ ਬੀਬੀ ਸੁਰਿੰਦਰ ਕੌਰ ਦਾ ਵਸੂਲੀ ਵਿਚ ਸ਼ਰੇਆਮ
ਨਾਮ ਨਸ਼ਰ ਹੁੰਦਾ ਰਿਹਾ ਸੀ।
ਸੰਨ ੨੦੦੨ ਨੂੰ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੇਲੇ ਬਾਦਲ ਸਰਕਾਰ ਵਲੋਂ ੩੦੦੦ ਕਰੋੜ ਰੁਪਏ ਦੀ ਨਜਾਇਜ ਜਾਇਦਾਦ ਦੇ
ਤਫਤੀਸ਼ ਵਿਜੀਲੈਂਸ ਨੂੰ ਸੌਂਪੀ ਗਈ ਸੀ। ੨੦੦੩ ਵਿਚ ਇਸ ਸਬੰਧੀ ਦੋਵੇਂ ਪਿਓ ਪੁੱਤਰ ਦੀ ਗ੍ਰਿਫਤਾਰੀ ਵੀ ਹੋਈ ਪਰ ਛੇਤੀ ਹੀ ਉਹ ਜ਼ਮਾਨਤ
‘ਤੇ ਛੱਡ ਦਿੱਤੇ ਗਏ। ਇਸ ਕੇਸ ਵਿਚ ਵਿਜੀਲੈਂਸ ਬਿਓਰੋ ਨੇ ੭੮ ਕਰੋੜ ਰੁਪਏ ਦੀ ਚਾਰਜਸ਼ੀਟ ਅਦਾਲਤ ਵਿਚ ਪੇਸ਼ ਕੀਤੀ ਸੀ। ਸੰਨ ੨੦੦੭
ਵਿਚ ਸ: ਬਾਦਲ ਜਦੋਂ ਮੁੜ ਸਤਾ ਵਿਚ ਆਏ ਤਾਂ ਇਸ ਜਾਂਚ ਸਬੰਧੀ ਅਫਸਰ ਅਤੇ ਗਵਾਹ ਮੁੱਕਰ ਗਏ ਸਨ ਜਾਂ ਮੁਕਰਾ ਦਿੱਤੇ ਗਏ ਸਨ ਤੇ
ਸਬੂਤਾਂ ਦੀ ਘਾਟ ਕਾਰਨ ਪਿਓ ਪੁੱਤਰ ਬਰੀ ਹੋ ਗਏ ਸਨ। ਹਰਸਿਮਰਤ ਕੌਰ ਬਾਦਲ ਦੇ ਭਰਾ ਬਿਕਰਮ ਮਜੀਠੀਆ ‘ਤੇ ਡਰੱਗ ਮਾਫੀਆ ਅਤੇ ਮਾਈਨਿੰਗ ਮਾਫੀਆਂ ਦੀ ਪੁਸ਼ਤ ਪਨਾਹੀ ਦੇ ਦੋਸ਼ ਲੱਗੇ ਪਰ ਉਹ ਗ੍ਰਿਫਤਾਰ ਹੋ ਕੇ ਮੁੜ ਰਿਹਾ ਹੋ ਗਿਆ।
ਏਨੇ ਗੰਭੀਰ ਇਲਜ਼ਾਮਾ ਦੇ ਹੁੰਦਿਆਂ ਹੋਇਆਂ ਵੀ ਸ: ਬਾਦਲ ਨੂੰ ਸ੍ਰੀ ਅਕਾਲ ਤਖਤ ਤੋਂ ਪੰਥ ਰਤਨ ਅਤੇ ਫਖਰੇ-ਏ-ਕੌਮ ਦੇ ਖਿਤਾਬ ਦੁਆਏ
ਗਏ। ਭਾਜਪਾ ਦੇ ਪ੍ਰਭਾਵ ਹੇਠ ਸ: ਬਾਦਲ ਨੂੰ ‘ਪਦਮ ਭੂਸ਼ਨ’ ਵੀ ਦਿੱਤਾ ਗਿਆ।
ਅਕਾਲੀ ਦਲ ਦੀ ਹੋਂਦ ਖਤਰੇ ਵਿਚ ਪੈ ਗਈ

ਸ: ਬਾਦਲ ਵਲੋਂ ਅਕਾਲੀ ਪਾਰਟੀ ਨੂੰ ‘ਪੰਜਾਬ ਪਾਰਟੀ’ ਐਲਾਨਣ ਨੂੰ ਕੁਝ ਲੋਕ ਤਾਂ ਸਿੱਖ ਰਾਜਨੀਤੀ ਦੇ ਹੱਕ ਵਿਚ ਸਮਝਦੇ ਹਨ ਜਦ ਕਿ
ਕੁਝ ਲੋਕਾਂ ਦਾ ਖਿਆਲ ਹੈ ਕਿ ਇਸ ਨਾਲ ਅਕਾਲੀ ਪਾਰਟੀ ਦੀ ਪਛਾਣ ਨੂੰ ਬਹੁਤ ਵੱਡਾ ਧੱਕਾ ਲੱਗਿਆ। ਸ਼੍ਰੋਮਣੀ ਅਕਾਲੀ ਦਲ ਦਾ ਗਠਨ
੧੪ ਦਸੰਬਰ ੧੯੨੦ ਨੂੰ ਹੋਇਆ ਸੀ ਅਤੇ ਇਹ ਕਾਂਗਰਸ ਤੋਂ ਬਾਅਦ ਭਾਰਤ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਰਹੀ ਹੈ। ਜਿਸ ਗੰਭੀਰ
ਸੰਕਟ ਵਿਚ ਬਾਦਲ ਨੇ ਅਕਾਲੀ ਦਲ ਨੂੰ ਛੱਡਿਆ ਹੈ ਕੀ ਭਵਿੱਖ ਵਿਚ ਅਕਾਲੀ ਦਲ ਇਸ ਸੰਕਟ ਵਿਚੋਂ ਸੁਖਬੀਰ ਸਿੰਘ ਬਾਦਲ ਦੀ
ਅਗਵਾਈ ਵਿਚ ਵਾਪਸ ਪੈਰੀਂ ਆ ਸਕਦਾ ਹੈ ਕਹਿਣਾ ਮੁਸ਼ਕਲ ਹੈ।

ਪ੍ਰਮਖ ਸਿੱਖ ਸੰਸਥਾਵਾਂ ਨੂੰ ਬਾਦਲ ਵਲੋਂ ਨਿੱਜੀ ਕਬਜੇ ਵਿਚ ਲੈਣਾ

ਸ਼੍ਰੋਮਣੀ ਕਮੇਟੀ ਅਤੇ ਉਸ ਦੇ ਪ੍ਰਧਾਨ ਦੀ ਸਾਰੀ ਤਾਕਤ ਅਤੇ ਪ੍ਰਧਾਨ ਥਾਪਣ ਦੇ ਸਾਰੇ ਅਧਿਕਾਰ ਬਾਦਲ ਨੇ ਆਪਣੇ ਹੱਥਾਂ ਹੇਠ ਲੈ ਲਏ ਸਨ। ਇਹ ਗੱਲ ਮਸ਼ਹੂਰ ਹੋ ਗਈ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸ: ਬਾਦਲ ਦੇ ਲਫਾਫੇ ਵਿਚੋਂ ਨਿਕਲਦਾ ਹੈ। ਇਸੇ ਤਰਾਂ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਚੋਣ ਦੇ ਵੀ ਸਾਰੇ ਹੱਕ ਬਾਦਲ ਨੇ ਆਪਣੇ ਹੱਥਾਂ ਵਿਚ ਲੈ ਲਏ ਅਤੇ ਇਹ ਵੀ ਕਿਹਾ ਜਾਣ ਲੱਗ ਪਿਆ ਕਿ ਅਕਾਲ ਤਖਤ ਦਾ ਜਥੇਦਾਰ ਵੀ ਬਾਦਲ ਦੇ ਲਿਫਾਫੇ ਵਿਚੋਂ ਹੀ ਨਿਕਲਦਾ ਹੈ। ਅਕਾਲੀ ਦਲ ਦਾ ਏਕਾ-ਅਧਿਕਾਰ ਵੀ ਬਾਦਲ ਨੇ ਆਪਣੇ ਹੱਥਾਂ ਵਿਚ ਲੈ ਲਿਆ ਅਤੇ ਦਾੜ੍ਹੀ ਬੰਨ੍ਹਦੇ ਆਪਣੇ ਗੈਰ ਅੰਮ੍ਰਿਤਧਾਰੀ ਮੁੰਡੇ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾ ਕੇ ਇਤਹਾਸਕ ਅਕਾਲੀ ਦਲ ਨੂੰ ਦਲ ਦਲ ਵਿਚ ਧੱਕਣ ਦਾ ਰਾਹ ਪੱਧਰਾ ਕਰ ਦਿੱਤਾ।

ਪੁੱਤਰ ਮੋਹ ਵਿਚ ਟਕਸਾਲੀ ਅਕਾਲੀਆਂ ਨੂੰ ਅਲੱਗ ਥਲੱਗ ਕਰ ਦਿੱਤਾ

ਅਕਾਲੀ ਦਲ ਵਿਚ ਆਪਣੇ ਵਿਰੋਧ ਦੀ ਹਰ ਸੰਭਵਨਾ ਨੂੰ ਖਤਮ ਕਰਨ ਲਈ ਬਾਦਲ ਨੇ ਕੱਦਾਵਰ ਆਗੂਆਂ ਨੂੰ ਬਾਹਰ ਦਾ ਰਾਹ ਵਿਖਾਉਣਾ  ਸ਼ੁਰੂ ਕਰ ਦਿੱਤਾ। ਇਹਨਾ ਵਿਚ ਕੁਲਦੀਪ ਸਿੰਘ ਬਡਾਲਾ, ਸ: ਮਨਜੀਤ ਸਿੰਘ ਕਲਕੱਤਾ, ਕੈਪਟਨ ਕੰਵਲਜੀਤ ਸਿੰਘ ਬਰਾੜ, ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੁਖਦੇਵ ਸਿੰਘ ਢੀਂਡਸਾ ਵਰਗੇ ਅਨੇਕਾਂ ਨਾਮ ਲਏ ਜਾ ਸਕਦੇ ਹਨ।
ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਸਰਕਾਰ ਵਿਚ ਬਾਦਲ ਨੇ ਆਪਣੇ ਪੁੱਤਰ ਨੂੰ ਕੇਂਦਰ ਦੀ ਸਤਾ ਵਿਚ ਸਥਾਪਤ ਕੀਤਾ ਅਤੇ
੨੦੧੪ ਦੀ ਸਰਕਾਰ ਵੇਲੇ ਆਪਣੀ ਨੂੰਹ ਹਰਸਿਮਰਤ ਕੌਰ ਬਾਦਲ ਨੂੰ ਕੇਂਦਰ ਵਿਚ ਕੈਬਨਿਟ ਮਨਿਸਟਰ ਬਣਾਇਆ। ਆਪਣੀ ਵਜਾਰਤ
ਵੇਲੇ ਇਹਨਾ ਦੇ ਪਰਿਵਾਰ ਪਸਾਰੇ ਵਿਚੋਂ ਵੀਹ ਤੋਂ ਵੱਧ ਐਮ ਐਲ ਏ ਬਣੇ ਅਤੇ ਕਰੀਬ ਅੱਧੀ ਦਰਜਨ ਬਾਦਲ ਦੇ ਰਿਸ਼ਤੇਦਾਰਾਂ ਕੋਲ ਕੈਬਨਿਟ ਦੇ ਅਹੁਦੇ ਸਨ। ਹੁਣ ਸਿੱਖ ਨਾ ਤਾਂ ਬਾਦਲਾਂ ਦੀ ਪਰਿਵਾਰਕ ਅਗਵਾਈ ਨੂੰ ਮੰਨਣ ਲਈ ਤਿਆਰ ਹਨ ਅਤੇ ਨਾ ਹੀ ਪੰਜਾਬ ਦੇ ਕਿਸੇ ਵੀ ਹੋਰ ਮੁੱਦੇ ‘ਤੇ ਬਾਦਲ ਪਰਿਵਾਰ ਨੂੰ ਵਿਸ਼ਵਾਸ ਪਾਤਰ ਸਮਝਿਆ ਜਾਂਦਾ ਹੈ।
ਬਾਦਲ ਦੇ ਜਾਣ ਬਾਅਦ

ਬਦਲ ਦੀ ਮੌਤ ਤੋਂ ਤਤਕਾਲ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਿੱਲੀ ਤੋਂ ਚੰਡੀਗੜ੍ਹ ਆ ਕੇ ਬਾਦਲ ਦੇ ਪੈਰਾਂ ‘ਤੇ ਮੱਥਾ ਟੇਕਣਾ ਅਤੇ
ਫਿਰ ਭਾਰਤੀ ਮੀਡੀਏ ਵਿਚ ਲੇਖ ਛਾਪ ਕੇ ਬਾਦਲ ਨੂੰ ਪਿਤਾ ਵਜੋਂ ਪੇਸ਼ ਕਰਨ ਵਰਗੀਆਂ ਹਰਕਤਾਂ ਤੋਂ ਜਾਪ ਰਿਹਾ ਹੈ ਕਿ ਬਾਦਲ ਅਕਾਲੀ
ਦਲ ਅਤੇ ਭਾਜਪਾ ਦਾ ਮੁੜ ਗੱਠਜੋੜ ਦੀ ਸੰਭਾਵਨਾ ਹੈ।
ਇਸ ਵੇਲੇ ਅਕਾਲੀ ਦਲ ਦਾ ਗਠਜੋੜ ਬਹੁਜਨ ਸਮਾਜ ਪਾਰਟੀ ਨਾਲ ਹੈ ਅਤੇ ਇਹ ਦੂਜੀ ਵਾਰ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ‘ਬਸਪਾ’ ਨੂੰ
ਠਿੱਬੀ ਲਉਣ ਦੀ ਤਾਕ ਵਿਚ ਹੈ। ਪਹਿਲਾਂ ੧੯੯੬ ਵਿਚ ਲੋਕ ਸਭਾ ਚੋਣਾ ਵੇਲੇ ਅਕਾਲੀ ਦਲ ਦਾ ਬਸਪਾ ਨਾਲ ਗਠਜੋੜ ਸੀ ਜਦੋਂ ਕਿ
ਪੰਜਾਬ ਦੀਆਂ ੧੩ ਵਿਚੋਂ ੧੧ ਸੀਟਾਂ ‘ਤੇ ਜਿੱਤ ਹਾਸਲ ਕੀਤੀ ਸੀ। ਉਸ ਵੇਲੇ ਦੇ ਗਠਜੋੜ ਵਿਚ ੮ ਐਮ ਪੀ ਅਕਾਲੀ ਦਲ ਦੇ ਸਨ ਅਤੇ ੩
ਬੀ ਐਸ ਪੀ ਦੇ। ਪਰ ਕੀ ਬਸਪਾ ਨੂੰ ਛੱਡ ਕੇ ਬੀ ਜੇ ਪੀ ਨਾਲ ਨੇੜਤਾ ਕਰਕੇ ਸੁਖਬੀਰ ਬਾਦਲ ਮੁੜ ਆਪਣੇ ਅਕਾਲੀ ਦਲ ਨੂੰ ਸੁਰਜੀਤ ਕਰ
ਸਕੇਗਾ ਇਹ ਤਾਂ ਸਮਾਂ ਹੀ ਦੱਸੇਗਾ ਜਦ ਕਿ ਹੁਣ ਉਸ ਦੇ ਸਿਰ ‘ਤੇ ਪੰਜਾਬ ਦੀ ਰਾਜਨੀਤੀ ਦੇ ਬਾਬੇ ਬੋਹੜ ਦਾ ਹੱਥ ਨਹੀਂ ਹੈ ਜਿਸ ਦੇ ਪ੍ਰਛਾਵੇਂ
ਹੇਠ ਪੰਜਾਬ ਬੰਜਰ ਹੁੰਦਾ ਚਲਾ ਗਿਆ।

Total Views: 36 ,
Real Estate