ਨਿਊਜੀਲੈਂਡ ‘ਚ ਮ੍ਰਿਤਕਾਂ ਦੇ ਲਈ ਸ਼ਰਧਾਂਜਲੀਆਂ -ਪ੍ਰਧਾਨ ਮੰਤਰੀ ਕਾਲੇ ਰੰਗ ਦੇ ਕੱਪੜੇ ਪਹਿਨ ਸੋਗ ‘ਚ ਹੋਈ ਸ਼ਾਮਿਲ

ਔਕਲੈਂਡ 16 ਮਾਰਚ (ਹਰਜਿੰਦਰ ਸਿੰਘ ਬਸਿਆਲਾ)-ਦੁਨੀਆ ਦੀ ਸ਼ਾਂਤੀ ਦੇ ਵੈਰੀ 28 ਸਾਲਾ ਆਸਟਰੇਲੀਅਨ ਨਾਗਰਿਕ ਬ੍ਰੈਨਟਨ ਹੈਰੀਸਨ ਟਾਰੈਂਟ ਨੇ ਨਿਹੱਥੇ ਨਮਾਜ਼ੀਆਂ ਉਤੇ ਜ਼ੁਲਮੀ ਹਮਲਾ ਕਰਦਿਆਂ 49 ਲੋਕਾਂ ਨੂੰ ਮਾਰ ਮੁਕਾਇਆ ਅਤੇ ਦਰਜਨਾਂ ਫੱਟੜ ਕਰ ਦਿੱਤੇ। ਗ੍ਰਿਫਤਾਰ ਕੀਤੇ ਗਏ ਇਸ ਅੱਤਵਾਦੀ ਨੂੰ ਪੁਲਿਸ ਨੇ ਅੱਜ ਮਾਣਯੋਗ ਅਦਾਲਤ ਦੇ ਵਿਚ ਪੇਸ਼ ਕੀਤਾ ਜਿਸਦਾ 5 ਅਪ੍ਰੈਲ ਤੱਕ ਰਿਮਾਂਡ ਲਿਆ ਗਿਆ। ਅੱਜ ਨਿਊਜ਼ੀਲੈਂਡ ਦੇ ਹਰ ਸ਼ਹਿਰ ਦੇ ਵਿਚ ਹਰ ਧਾਰਮਿਕ ਦੁਆਰ ਅਤੇ ਜਨਤਕ ਥਾਵਾਂ ਉਤੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕਰਨ ਲਈ ਬਿਨਾਂ ਕਿਸੇ ਭੇਦ-ਭਾਵ ਦੇ ਲੋਕ ਸੈਂਕੜਿਆਂ ਦੀ ਗਿਣਤੀ ਵਿਚ ਸ਼ਾਮਿਲ ਹੋਏ। ਹਰ ਦਰ ਉਤੇ ਦੁਆਵਾਂ-ਦੁਆਵਾਂ ਹੀ ਲੋਕਾਂ ਦੇ ਮੂੰਹੋ ਨਿਕਲੀਆਂ। ਜਿੱਥੇ ਭਾਰਤੀ ਲੋਕ ਅਜਿਹੇ ਮੌਕਿਆਂ ਦੇ ਉਤੇ ਆਪਣੇ ਬੱਚਿਆਂ ਨੂੰ ਦੂਰ ਹੀ ਰੱਖਦੇ ਹਨ ਉਥੇ ਸਥਾਨਕ ਲੋਕ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਨਾਲ ਲੈ ਕੇ ਗਏ, ਉਨ੍ਹਾਂ ਦੇ ਹੱਥਾਂ ਵਿਚ ਸ਼ਰਧਾਂਜਲੀ ਵਾਲੇ ਫੁੱਲ ਦਿੱਤੇ ਮਨੁੱਖਤਾ ਦੇ ਉਤੇ ਹੋਏ ਹਮਲੇ ਬਾਰੇ ਜਾਣਕਾਰੀ ਦਿੱਤੀ। ਬੱਚਿਆਂ ਦੀ ਮਾਨਸਿਕਤਾ ਨੂੰ ਸ਼ਕਤੀਸ਼ਾਲੀ ਕਰਨ ਵਾਸਤੇ ਛੋਟੇ ਉਮਰੇ ਸਬਕ ਦੇਣ ਦੀ ਕੋਸ਼ਿਸ਼ ਕੀਤੀ ਗਈ। ਮਸਜਿਦ ਦੇ ਬਾਹਰ ਫੁੱਲਾਂ ਦੇ ਗੁਲਦਸਤੇ ਹੀ ਗੁਲਦਸਤੇ ਪੀੜ੍ਹਤ ਪਰਿਵਾਰਾਂ ਲਈ ਸਤਿਕਾਰ ਦੀ ਨਿਸ਼ਾਨੀ ਵਜੋਂ ਸਮਰਪਿਤ ਕੀਤੇ ਗਏ।
ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਜੈਸਿੰਡਾ ਆਰਡਨ ਨੇ ਸਵੇਰੇ ਪਹਿਲਾਂ ਮੀਡੀਆ ਕਾਨਫਰੰਸ ਦੇ ਵਿਚ ਇਹ ਐਲਾਨ ਕੀਤਾ ਕਿ ਦੇਸ਼ ਦਾ ਅਸਲਾ ਕਾਨੂੰਨ ਬਦਲੇਗਾ। ਪ੍ਰਧਾਨ ਮੰਤਰੀ ਦਲ ਦੇ ਨਾਲ ਉਪ ਪ੍ਰਧਾਨ ਮੰਤਰੀ, ਵਿਰੋਧੀ ਧਿਰ ਦੇ ਨੇਤਾ, ਏਥਨਿੰਕ ਮੰਤਰੀ ਜੈਨੀ ਸਾਲੀਸਾ ਅਤੇ ਹੋਰ ਸੰਸਦੀ ਦਲ ਦੇ ਲੋਕ ਇਕ ਕਾਫਲੇ ਦੇ ਰੂਪ ਵਿਚ ਰਿਫਊਜ਼ੀ ਸੈਂਟਰ ਪਹੁੰਚੇ। ਪ੍ਰਧਾਨ ਮੰਤਰੀ ਨੇ ਸੋਗ ਵਜੋਂ ਅੱਜ ਕਾਲੇ ਕੱਪੜੇ ਪਾ ਕੇ ਅਤੇ ਸਿਰ ਉਤੇ ਦੁਪੱਟਾ ਲੈ ਕੇ ਪੀੜ੍ਹਤ ਪਰਿਵਾਰਾਂ ਨੂੰ ਮਿਲੀ ਅਤੇ ਸ਼ਰਧਾਂਜਲੀ ਭੇਟ ਕੀਤੀ। ਮਾਣਯੋਗ ਪ੍ਰਧਾਨ ਮੰਤਰੀ ਦੇ ਚਿਹਰੇ ਉਤੇ ਉਦਾਸੀ ਅਤੇ ਗਹਿਰਾ ਦੁੱਖ ਪ੍ਰਤੱਖ ਰੂਪ ਵਿਚ ਵੇਖੀ ਗਈ। ਮ੍ਰਿਤਕਾਂ ਦੇ ਨਾਵਾਂ ਨੂੰ ਹੁਣ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਜਿਹੜੇ 9 ਭਾਰਤੀ ਲੋਕ ਇਥੇ ਇਸ ਹਮਲੇ ਦੇ ਵਿਚ ਸ਼ਾਮਿਲ ਦੱਸੇ ਜਾਂਦੇ ਸਨ ਉਨਾਂ ਦੇ ਵਿਚੋਂ 5 ਦੇ ਮਾਰੇ ਜਾਣ ਦਾ ਡਰ ਹੈ।
ਔਕਲੈਂਡ ਸਿਟੀ ਦੇ ਏਓਟੀਆ ਸੁਕੇਅਰ ਵਿਖੇ ਅੱਜ ਸ਼ਰਧਾਂਜਲੀ ਸਮਾਰੋਹ ਕੀਤਾ ਗਿਆ ਜਿੱਥੇ ਸੈਂਕੜੇ ਲੋਕਾਂ ਨੇ ਨਮ ਅੱਖਾਂ ਨਾਲ ਮਾਰੇ ਗਏ ਲੋਕਾਂ ਲਈ ਸ਼ੋਕ ਪ੍ਰਗਟ ਕੀਤਾ। ਇਹ ਇਕ ਸਾਂਝਾ ਸ਼ਰਧਾਂਜਲੀ ਸਮਾਗਮ ਸੀ ਜਿਸ ਦੇ ਵਿਚ ਹਰ ਵਰਗ ਦੇ ਲੋਕ ਸ਼ਾਮਿਲ ਹੋਏ। ਐਕਲੈਂਡ ਦੇ ਵਿਚ ਭਾਰਤੀ ਆਨਰੇਰੀ ਕੌਂਸਿਲ ਸ੍ਰੀ ਭਵਦੀਪ ਸਿੰਘ ਢਿੱਲੋਂ ਨੇ ਇਸ ਕਾਇਰਤਾ ਭਰੀ ਘਟਨਾ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਨਿਊਜ਼ੀਲੈਂਡ ਨੂੰ ਕਦੇ ਵੀ ਅਜਿਹੀ ਘਟਨਾ ਦੇ ਨਾਲ ਪਰਿਭਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਵਰਗੇ ਦੇਸ਼ ਦੇ ਵਿਚ ਅਜਿਹੇ ਵਰਤਾਰੇ ਦੀ ਕੋਈ ਥਾਂ ਨਹੀਂ ਹੈ। ਨਸਲੀ ਈਰਖਾ ਭਰਿਆ ਇਹ ਕਾਰਾ ਇਸ ਬਹੁ ਸਭਿਆਚਾਰਕ ਮੁਲਕ ਦੇ ਵਿਚ ਕਦੇ ਵੀ ਲੋਕ ਸਹਿਣ ਨਹੀਂ ਕਰਨਗੇ। ਔਕਲੈਂਡ ਦੇ ਮੇਅਰ ਸ੍ਰੀ ਫਿਲ ਗੌਫ ਨੇ ਵੀ ਬਹੁਤ ਹੀ ਕਮਾਲ ਦਾ ਸੰਬੋਧਨ ਕੀਤਾ। ਇਸ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਸ। ਕੰਵਲਜੀਤ ਸਿੰਘ ਬਖਸ਼ੀ, ਸਾਂਸਦ ਪ੍ਰਿਅੰਕਾ ਰਾਧਾਕ੍ਰਿਸ਼ਨਨ ਨੇ ਸ਼ੋਕ ਪ੍ਰਗਟ ਕੀਤਾ ਅਤੇ ਇਸ ਘਟਨਾ ਦੀ ਨਿਖੇਧੀ। ਫੈਡਰੇਸ਼ਨ ਆਫ ਇਸਲਾਮਿਕ ਐਸੋਸੀਏਸ਼ੇਨ ਆਫ ਨਿਊਜ਼ੀਲੈਂਡ ਦੇ ਬੁਲਾਰਿਆਂ ਨੇ ਵੀ ਇਸ ਘਟਨਾ ਦਾ ਵਿਰੋਧ ਕੀਤਾ। ਇਜ਼ਰਾਈਲ ਫਾਈਚਾਰੇ ਤੋਂ ਵੀ ਕਾਫੀ ਲੋਕ ਪਹੁੰਚੇ ਸਨ।
ਹੇਸਟਿੰਗਜ਼ ਸ਼ਹਿਰ ਤੋਂ ਸਿੱਖ ਭਾਈਚਾਰ ਪੁੱਜਿਆ ਮੁਸਲਿਮ ਭਾਈਚਾਰੇ ਕੋਲ: ਹੇਸਟਿੰਗਜ਼ ਵਸਦੇ ਭਾਰਤੀ ਖਾਸ ਕਰ ਸਿੱਖ ਭਾਈਚਾਰੇ ਨੇ ਮੁਸਲਿਮ ਭਾਈਚਾਰੇ ਨੂੰ ਮਿਲ ਕੇ ਹਮਦਰਦੀ ਪ੍ਰਗਟ ਕੀਤੀ ਅਤੇ ਗਹਿਰਾ ਸੋਗ ਜਿਤਾਇਆ। ਧਾਰਮਿਕ ਅਸਥਾਨ ਉਤੇ ਅਤਵਾਦੀ ਹਮਲੇ ਨੂੰ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਤੇ ਨਿੰਦਣਯੋਗ ਕਾਰਵਾਈ ਆਖਿਆ ਗਿਆ। ਅੱਜ ਹੇਸਟਿੰਗਜ਼ ਦੇ ਹਸਪਤਾਲ ਨੂੰ ਵੀ ਇਕ ਧਮਕੀ ਬਾਅਦ ਬੰਦ ਕੀਤਾ ਗਿਆ ਤੇ ਤਿੰਨ ਘੰਟੇ ਬਾਅਦ ਖੋਲ੍ਹਿਆ ਗਿਆ।
ਐਤਵਾਰ ਦਾ ਦੀਵਾਨ ਕੈਂਸਲ ਰਹੇਗਾ: ਗੁਰੂ ਘਰ ਦੇ ਹੈਡ ਗ੍ਰੰਥੀ ਨੂੰ ਪੁਲਿਸ ਪ੍ਰਸ਼ਾਸ਼ਨ ਦੀਆ ਹਦਾਇਤਾ ਅਨੁਸਾਰ ਸੰਗਤ ਦੀ ਸੁਰੱਖਿਆ ਨੂੰ ਮੁਖ ਰੱਖਦਿਆ ਕੱਲ ਐਤਵਾਰ 17-3-19 ਦੇ ਸਮਾਗਮ ਮੁਲਤਵੀ ਕੀਤੇ ਗਏ ਹਨ।
ਗੁਰਦੁਆਰਾ ਸਾਹਿਬ ਟੀ ਪੁੱਕੀ: ਵਿਖੇ ਵੀ ਅੱਜ ਸ਼ਾਮ ਦੇ ਦੀਵਾਨ ਦੇ ਵਿਚ ਮ੍ਰਿਤਕਾਂ ਸ਼ਰਧਾਂਜਲੀ ਭੇਟ ਕੀਤੀ ਗਈ। ਉਨ੍ਹਾਂ ਨਮਿੱਤ ਅਰਦਾਸ ਕੀਤੀ ਗਈ ਅਤੇ ਪਰਿਵਾਰਾਂ ਦੇ ਨਾਲ ਹਮਦਰਦੀ ਪ੍ਰਗਟ ਕੀਤੀ ਗਈ। ਬੇਅ ਆਫ ਪਲੈਂਟੀ ਸਿੱਖ ਸੁਸਾਇਟੀ ਵੱਲੋ ਮੰਗ ਕੀਤੀ ਗਈ ਕਿ ਅਜਿਹੀ ਹਮਲਿਆਂ ਨੂੰ ਰੋਕਣ ਵਾਸਤੇ ਸਰਕਾਰ ਇਕ ਸਖਤ ਕਾਰਵਾਈ ਕਰੇ।
ਮ੍ਰਿਤਕਾਂ ਲਈ ਫੰਡ ਰੇਜਿੰਗ ਅੱਤਵਾਦੀ ਘਾਣ ਮਗਰੋਂ ਮ੍ਰਿਤਕ ਲੋਕਾਂ ਦੇ ਪਰਿਵਾਰਾਂ ਦੀ ਸਥਿਤੀ ਬਹੁਤ ਖਰਾਬ ਹੋ ਗਈ ਹੈ। ਪਰਿਵਾਰਾਂ ਦਾ ਜਿੱਥੇ ਆਰਥਿਕ ਢਾਂਚਾ ਹਿਲ ਕੇ ਰਹਿ ਗਿਆ ਹੈ ਉਥੇ ਪ੍ਰਵਾਸ ਹੰਢਾ ਰਹੇ ਲੋਕਾਂ ਦੇ ਪਰਿਵਾਰਾਂ ਦੇ ਦਿਲਾਂ ਵਿਚ ਵੱਡਾ ਦਹਿਲ ਬੈਠ ਗਿਆ ਹੈ। ਮਾਨਸਿਕ ਤੌਰ ਉਤੇ ਇਹ ਲੋਕ ਆਪਾ ਨਾ ਗਵਾ ਜਾਣ ਬਹੁਤ ਸਾਰੇ ਸਰਕਾਰੀ ਅਤੇ ਅਰਧ ਸਰਕਾਰੀ ਅਦਾਰੇ ਆਪਣਾ ਸਹਿਯੋਗ ਕਰ ਰਹੇ ਹਨ। ‘ਗਿਵ ਏ ਲਿਟਲ’ ਵੈਬਸਾਈਟ ਰਾਹੀਂ ‘ਵਿਕਟਮ ਸੁਪਰੋਟ’ ਵੱਲੋਂ ਫੰਡ ਰੇਜਿੰਗ ਕੀਤੀ ਜਾ ਰਹੀ ਹੈ, ਜਿਸ ਦੇ ਵਿਚ ਹੁਣ ਤੱਕ 36000 ਦੇ ਕਰੀਬ ਲੋਕਾਂ ਨੇ ਦਾਨ ਕਰਕੇ 35 ਲੱਖ ਤੋਂ ਉਪਰ ਡਾਲਰ ਹੁਣ ਤੱਕ ਇਕੱਠੇ ਕੀਤੇ ਹਨ। 49 ਲੋਕਾਂ ਦੀ ਮੌਤ ਹੋ ਚੁੱਕੀ ਹੈ ਜੇਕਰ ਪ੍ਰਤੀ ਜੀਅ ਇਕ ਲੱਖ ਡਾਲਰ ਵੀ ਦਿੱਤਾ ਜਾਵੇਗਾ ਤਾਂ ਅਜੇ ਬਹੁਤ ਦਾਨ ਦੀ ਲੋੜ ਹੈ। ਕੁੱਲ ਟਾਰਗੈਟ ਨੂੰ ਓਪਨ ਗੋਲ ਰੱਖਿਆ ਗਿਆ ਹੈ। ਇਹ ਰਕਮ ਲਗਾਤਾਰ ਵਧ ਰਹੀ ਹੈ।

Total Views: 130 ,
Real Estate