ਸੀਬੀਆਈ ਵੱਲੋਂ ਸਿਸੋਦੀਆ ਖ਼ਿਲਾਫ਼ ਜਾਸੂਸੀ ਦਾ ਕੇਸ ਦਰਜ

ਸੀਬੀਆਈ ਨੇ ਅਧਿਕਾਰਤ ਅਹੁਦੇ ਅਤੇ ਸਿਆਸੀ ਜਾਸੂਸੀ ਲਈ ਸ਼ਹਿਰ ਦੀ ਫੀਡਬੈਕ ਇਕਾਈ (ਐੱਫਬੀਯੂ) ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ ਦਿੱਲੀ ਦੇ ਸਾਬਕਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਖ਼ਿਲਾਫ਼ ਨਵਾਂ ਕੇਸ ਦਰਜ ਕੀਤਾ ਹੈ। ਸਿਸੋਦੀਆ ਨੂੰ ਇਸ ਤੋਂ ਪਹਿਲਾਂ ਸੀਬੀਆਈ ਨੇ ਦਿੱਲੀ ਆਬਕਾਰੀ ਨੀਤੀ ਨਾਲ ਸਬੰਧਤ ਕੇਸ ’ਚ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਦੇ ਇੱਕ ਕੇਸ ’ਚ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਸਿਸੋਦੀਆ ਇਸ ਸਮੇਂ ਜੇਲ੍ਹ ’ਚ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਨੇ ਸਿਸੋਦੀਆ (51) ਅਤੇ ਪੰਜ ਹੋਰਾਂ ਖ਼ਿਲਾਫ਼ ਮੰਗਲਵਾਰ ਨੂੰ ਕੇਸ ਦਰਜ ਕੀਤਾ। ਏਜੰਸੀ ਨੇ ਸਿਸੋਦੀਆ, 1992 ਬੈਚ ਦੇ ਆਈਆਰਐੱਸ ਅਧਿਕਾਰੀ ਸੁਕੇਸ਼ ਕੁਮਾਰ ਜੈਨ (ਤਤਕਾਲੀ ਚੌਕਸੀ ਸਕੱਤਰ), ਸੇਵਾਮੁਕਤ ਸੀਆਈਐੱਸਐੱਫ ਦੇ ਡੀਆਈਜੀ ਰਾਕੇਸ਼ ਕੁਮਾਰ ਸਿਨਹਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸਿਨਹਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵਿਸ਼ੇਸ਼ ਸਲਾਹਕਾਰ ਤੇ ਐੱਫਬੀਯੂ ’ਚ ਸੰਯੁਕਤ ਡਾਇਰੈਕਟਰ ਵਜੋਂ ਕੰਮ ਕਰ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਇੰਟੈਲੀਜੈਂਸ ਬਿਊਰੋ ਦੇ ਸਾਬਕਾ ਜੁਆਇੰਟ ਡਿਪਟੀ ਡਾਇਰੈਕਟਰ ਪ੍ਰਦੀਪ ਕੁਮਾਰ ਪੁੰਜ, ਸੀਆਈਐੱਸਐੱਫ ਦੇ ਸੇਵਾਮੁਕਤ ਸਹਾਇਕ ਕਮਾਂਡੈਂਟ ਸਤੀਸ਼ ਖੇਤਰਪਾਲ ਤੇ ਗੋਪਾਲ ਮੋਹਨ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ।

Total Views: 141 ,
Real Estate