ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਤੋਂ

ਪੰਜਾਬ ਦੀ 16ਵੀਂ ਵਿਧਾਨ ਸਭਾ ਦਾ ਬਜਟ ਇਜਲਾਸ ਸਿਆਸੀ ਤਲਖ਼ ਮਾਹੌਲ ਦੌਰਾਨ ਸ਼ੁਰੂ ਹੋ ਰਿਹਾ ਹੈ ਜਿਹੜਾ 24 ਮਾਰਚ ਤੱਕ ਚੱਲੇਗਾ। ਇਸ ਵਾਰ ਬਜਟ ਸੈਸ਼ਨ ਹੰਗਾਮਾਖੇਜ਼ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਐਤਕੀਂ ਇਜਲਾਸ ਮੁੱਖ ਮੰਤਰੀ ਅਤੇ ਰਾਜਪਾਲ ਦੇ ਸਬੰਧਾਂ ’ਚ ਬਣੀ ਸਿਆਸੀ ਖਟਾਸ ਦਰਮਿਆਨ ਹੋ ਰਿਹਾ ਹੈ। ਇਸ ਵਾਰ ਪੰਜਾਬ ਸਰਕਾਰ ਨੂੰ ਬਜਟ ਸੈਸ਼ਨ ਬੁਲਾਏ ਜਾਣ ਦੇ ਮੁੱਦੇ ’ਤੇ ਸੁਪਰੀਮ ਕੋਰਟ ਦਾ ਰੁਖ਼ ਕਰਨਾ ਪਿਆ। ਇਹ ਵੱਖਰੀ ਗੱਲ ਹੈ ਕਿ ਰਾਜਪਾਲ ਨੇ ਆਪਣੇ ਪਹਿਲੇ ਸਟੈਂਡ ਤੋਂ ਮੋੜਾ ਕੱਟਦਿਆਂ 28 ਫਰਵਰੀ ਨੂੰ ਬਜਟ ਇਜਲਾਸ ਸੱਦੇ ਜਾਣ ਦੀ ਪ੍ਰਵਾਨਗੀ ਦੇ ਦਿੱਤੀ। ਬਜਟ ਇਜਲਾਸ ਅੱਜ ਰਾਜਪਾਲ ਦੇ ਭਾਸ਼ਨ ਨਾਲ ਸਵੇਰ 10 ਵਜੇ ਸ਼ੁਰੂ ਹੋਵੇਗਾ ਅਤੇ ਬਾਅਦ ਦੁਪਹਿਰ ਦੋ ਵਜੇ ਵਿੱਛੜੀਆਂ ਹਸਤੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਜੀ-20 ਸੰਮੇਲਨ ਦੇ ਸਮਾਗਮਾਂ ਕਰਕੇ ਬਜਟ ਸੈਸ਼ਨ ਦੋ ਪੜਾਵਾਂ ਵਿੱਚ ਹੋਵੇਗਾ। ਪਹਿਲੇ ਪੜਾਅ ’ਚ 3 ਮਾਰਚ ਤੋਂ 11 ਮਾਰਚ ਤੱਕ ਸੈਸ਼ਨ ਚੱਲੇਗਾ ਅਤੇ ਮੁੜ 22 ਮਾਰਚ ਨੂੰ ਸਦਨ ਜੁੜੇਗਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ 2023-24 ਵਰ੍ਹੇ ਦਾ ਬਜਟ 10 ਮਾਰਚ ਨੂੰ ਪੇਸ਼ ਕਰਨਗੇ। ਬਜਟ ਇਜਲਾਸ ਦਾ ਪਹਿਲਾ ਦਿਨ ਦਿਲਚਸਪ ਰਹਿਣ ਦੀ ਸੰਭਾਵਨਾ ਹੈ। ਅੱਜ ਰਾਜਪਾਲ ਦੇ ਭਾਸ਼ਨ ’ਤੇ ਸਾਰਿਆਂ ਦੀ ਨਜ਼ਰ ਟਿਕੀ ਹੋਈ ਹੈ। ਪਿਛਲੇ ਦਿਨਾਂ ਵਿੱਚ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਕਈ ਮਾਮਲੇ ਉਠਾਏ ਗਏ ਸਨ। ਇਨ੍ਹਾਂ ਨੁਕਤਿਆਂ ਨੂੰ ਰਾਜਪਾਲ ਦੇ ਭਾਸ਼ਨ ਵਿੱਚ ਸ਼ਾਮਲ ਕੀਤੇ ਜਾਣ ਦਾ ਅਨੁਮਾਨ ਹੈ। ਹਾਲਾਂਕਿ ਸੰਵਿਧਾਨਿਕ ਤੌਰ ’ਤੇ ਰਾਜਪਾਲ ਲਈ ਸਰਕਾਰ ਵੱਲੋਂ ਪ੍ਰਵਾਨ ਭਾਸ਼ਨ ਪੜ੍ਹਨਾ ਲਾਜ਼ਮੀ ਹੈ। ਬਜਟ ਸੈਸ਼ਨ ਦੇ 6 ਮਾਰਚ ਵਾਲੇ ਦਿਨ ਰਾਜਪਾਲ ਦੇ ਭਾਸ਼ਨ ’ਤੇ ਧੰਨਵਾਦ ਮਤੇ ਅਤੇ ਰਾਜਪਾਲ ਦੇ ਭਾਸ਼ਨ ’ਤੇ ਬਹਿਸ ਹੋਵੇਗੀ। ਸੱਤ ਮਾਰਚ ਨੂੰ ਆਡਿਟ ਰਿਪੋਰਟਾਂ ਅਤੇ ਵਿੱਤੀ ਲੇਖਿਆਂ ਤੋਂ ਇਲਾਵਾ ਵਿਧਾਨਿਕ ਕੰਮ-ਕਾਰ ਹੋਵੇਗਾ। ਵਿੱਤ ਮੰਤਰੀ ਹਰਪਾਲ ਚੀਮਾ 10 ਮਾਰਚ ਨੂੰ ਬਜਟ ਪੇਸ਼ ਕਰਨਗੇ ਅਤੇ 11 ਮਾਰਚ ਨੂੰ ਬਜਟ ’ਤੇ ਬਹਿਸ ਹੋਵੇਗੀ।

Total Views: 162 ,
Real Estate