ਪੰਜ ਦਿਨਾਂ ਸੀਬੀਆਈ ਰਿਮਾਂਡ ’ਤੇ ਆਪ ਦਾ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ

ਸੀਬੀਆਈ ਦੀ ਅਦਾਲਤ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ 4 ਮਾਰਚ ਤੱਕ ਕੇਂਦਰੀ ਜਾਂਚ ਏਜੰਸੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਸੀਬੀਆਈ ਨੇ ਸਿਸੋਦੀਆ ਨੂੰ ਪੁੱਛ-ਪੜਤਾਲ ਲਈ ਐਤਵਾਰ ਨੂੰ ਆਪਣੇ ਹੈੱਡਕੁਆਰਟਰ ਸੱਦਿਆ ਸੀ ਤੇ ਅੱਠ ਘੰਟਿਆਂ ਤੱਕ ਚੱਲੀ ਪੁੱਛਗਿੱਛ ਮਗਰੋਂ ਦੇਰ ਰਾਤ ਗ੍ਰਿਫ਼ਤਾਰ ਕਰ ਲਿਆ ਸੀ। ਵਿਸ਼ੇਸ਼ ਜੱਜ ਐੱਮ.ਕੇ.ਨਾਗਪਾਲ ਨੇ ਸਿਸੋਦੀਆ ਤੋਂ ਹਿਰਾਸਤੀ ਪੁੱਛ-ਪੜਤਾਲ ਸਬੰਧੀ ਸੀਬੀਆਈ ਦੀ ਅਪੀਲ ਨੂੰ ਸਵੀਕਾਰ ਕਰ ਲਿਆ। ਇਸ ਤੋਂ ਪਹਿਲਾਂ ਕੋਰਟ ਨੇ ਅੱਜ ਸੀਬੀਆਈ ਤੇ ਸਿਸੋਦੀਆ ਦੇ ਵਕੀਲ ਦੀਆਂ ਦਲੀਲਾਂ ਸੁਣਨ ਮਗਰੋਂ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਸੀ। ਸਿਸੋਦੀਆ ਨੂੰ ਸਖ਼ਤ ਸੁਰੱਖਿਆ ਪਹਿਰੇ ਹੇਠ ਵਿਸ਼ੇਸ਼ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ। ਰਾਊਸ ਐਵੇਨਿਊ ਕੋਰਟ ਵਿੱਚ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜੱਜ ਨੇ ਇਹ ਫੈਸਲਾ ਸੁਣਾਇਆ। ਮਨੀਸ਼ ਸਿਸੋਦੀਆ ਹੁਣ 4 ਮਾਰਚ ਤੱਕ ਪੰਜ ਦਿਨਾਂ ਲਈ ਸੀਬੀਆਈ ਦੇ ਰਿਮਾਂਡ ’ਤੇ ਰਹਿਣਗੇ। ਕੇਂਦਰੀ ਜਾਂਚ ਏਜੰਸੀ ਨੇ ਸਿਸੋਦੀਆ ਤੋਂ ਲੰਘੇ ਦਿਨ ਕਰੀਬ 8 ਘੰਟੇ ਪੁੱਛਗਿੱਛ ਕੀਤੀ ਸੀ। ਉਂਜ ਸੁਣਵਾਈ ਦੌਰਾਨ ਸਿਸੋਦੀਆ ਨੇ ਦਾਅਵਾ ਕੀਤਾ ਕਿ ਉਸ ਖਿਲਾਫ਼ ਕੋਈ ਸਬੂਤ ਨਹੀਂ ਤੇ ਉਪ ਮੁੱਖ ਮੰਤਰੀ ਨੇ ਸੀਬੀਆਈ ਵੱਲੋਂ ਉਸ ਦਾ ਰਿਮਾਂਡ ਹਾਸਲ ਕਰਨ ਲਈ ਦਿੱਤੀ ਅਰਜ਼ੀ ਦਾ ਵਿਰੋਧ ਕੀਤਾ। ਉਧਰ ਜਾਂਚ ਏਜੰਸੀ ਵੱਲੋਂ ਪੇਸ਼ ਵਕੀਲ ਨੇ ਦਾਅਵਾ ਕੀਤਾ ਕਿ ਕੇਸ ਦੀ ਵਿਆਪਕ ਤੇ ਕਾਰਗਰ ਜਾਂਚ ਲਈ ਸਿਸੋਦੀਆ ਦੀ ਹਿਰਾਸਤ ਜ਼ਰੂਰੀ ਹੈ। ਸੀਬੀਆਈ ਨੇ ਕਿਹਾ ਕਿ ਸਿਸੋਦੀਆ ਦਾ ਦਾਅਵਾ ਹੈ ਕਿ ਉਸ ਦੀ ਇਸ ਕੇਸ ਵਿਚ ਕੋਈ ਭੂਮਿਕਾ ਨਹੀਂ ਹੈ, ਪਰ ਹੁਣ ਤੱਕ ਦੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਸਿਸੋਦੀਆ ਨੇ ਕੁਝ ਫੈਸਲੇ ਨਿੱਜੀ ਤੌਰ ’ਤੇ ਲਏ। ਏਜੰਸੀ ਨੇ ਕਿਹਾ ਕਿ ਸਿਸੋਦੀਆ ਜਾਂਚ ਵਿੱਚ ਸਹਿਯੋਗ ਨਹੀਂ ਦੇ ਰਿਹਾ ਤੇ ਤੱਥਾਂ ਨੂੰ ਛੁਪਾ ਰਿਹਾ ਹੈ। ਸਿਸੋਦੀਆ ਵੱਲੋਂ ਪੇਸ਼ ਸੀਨੀਅਰ ਵਕੀਲ ਮੋਹਿਤ ਮਾਥੁਰ ਨੇ ਜਾਂਚ ਏਜੰਸੀ ਵੱਲੋਂ ਰਿਮਾਂਡ ਹਾਸਲ ਕਰਨ ਲਈ ਦਾਇਰ ਅਰਜ਼ੀ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਸੀਬੀਆਈ ਦਾ ਇਹ ਕਹਿਣਾ ਹੈ ਕਿ ਉਸ (ਸਿਸੋਦੀਆ) ਨੇ ਆਪਣੇ ਮੋਬਾਈਲ ਫੋਨ ਬਦਲੇ, ਪਰ ਅਜਿਹਾ ਕਰਨਾ ਅਪਰਾਧ ਨਹੀਂ ਹੈ। ਮਾਥੁਰ ਨੇ ਕਿਹਾ ਕਿ ਦਿੱਲੀ ਦੇ ਉਪ ਰਾਜਪਾਲ ਤੋਂ ਸੁਝਾਅ ਲੈ ਕੇ ਹੀ ਪਾਲਿਸੀ ਲਾਗੂ ਕੀਤੀ ਗਈ ਸੀ ਅਤੇ ਕਿਉਂ ਜੋ ਸਲਾਹ ਮਸ਼ਵਰੇ ਦੀ ਲੋੜ ਸੀ, ਲਿਹਾਜ਼ਾ ਸਾਜ਼ਿਸ਼ ਘੜੇ ਜਾਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਮਾਥੁਰ ਨੇ ਕਿਹਾ ਕਿ ਉਪ ਰਾਜਪਾਲ ਨੇ ਹੀ ਪਾਲਿਸੀ ਨੂੰ ਮਨਜ਼ੂਰੀ ਦਿੱਤੀ, ਪਰ ਏਜੰਸੀ ਇਸ ਤੱਥ ’ਤੇ ਗੌਰ ਨਹੀਂ ਕਰ ਰਹੀ ਹੈ। ਉਪ ਰਾਜਪਾਲ ਨੇ ਇਸ ’ਤੇ ਰਾਏ ਵੀ ਦਿੱਤੀ ਸੀ ਅਤੇ ਮਾਹਿਰਾਂ ਤੋਂ ਵੀ ਪੁੱਛਿਆ ਸੀ। ਮਾਥੁਰ ਨੇ ਕਿਹਾ ਕਿ ਜੇਕਰ ਸਿਸੋਦੀਆ ਨੇ ਪਾਲਿਸੀ ਵਿੱਚ ਸਾਜ਼ਿਸ਼ ਰਚੀ ਸੀ ਤਾਂ ਦਿੱਲੀ ਦੇ ਵਿਸ਼ੇਸ਼ ਦਰਜੇ ਦੇ ਤਹਿਤ ਉਪ ਰਾਜਪਾਲ ਨੇ ਇਸ ਨੂੰ ਮਨਜ਼ੂਰੀ ਕਿਉਂ ਦਿੱਤੀ। ਮਾਥੁਰ ਨੇ ਕਿਹਾ ਕਿ ਏਜੰਸੀ ਸਿਰਫ ਨੀਤੀ ਨੂੰ ਲਾਗੂ ਕਰਨ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ, ‘‘ਮੇਰੇ ਮੁਵੱਕਿਲ (ਸਿਸੋਦੀਆ) ਨੇ ਹਰੇਕ ਚੀਜ਼ ਨੂੰ ਪਾਰਦਰਸ਼ੀ ਰੱਖਣ ਦੀ ਕੋਸ਼ਿਸ਼ ਕੀਤੀ।’’ ਇਸ ਤੋਂ ਪਹਿਲਾਂ ਸਿਸੋਦੀਆ ਨੂੰ ਸਖ਼ਤ ਸੁਰੱਖਿਆ ਪਹਿਰੇ ਹੇਠ ਰਾਊਸ ਐਵੇਨਿਊ ਕੋਰਟ ਲਿਆਂਦਾ ਗਿਆ। ਸਿਸੋਦੀਆ ਵੱਲੋਂ ਹੀ ਪੇਸ਼ ਇਕ ਹੋਰ ਸੀਨੀਅਰ ਵਕੀਲ ਦਯਾਨ ਕ੍ਰਿਸ਼ਨਨ ਨੇ ਕਿਹਾ ਕਿ ਮਨੀਸ਼ ਵਿੱਤ ਮੰਤਰੀ ਹਨ। ਆਬਕਾਰੀ ਨੀਤੀ ਦੇ ਮਾਮਲੇ ਨੂੰ ਨੌਕਰਸ਼ਾਹਾਂ ਨੇ ਦੇਖਿਆ ਤੇ ਉਨ੍ਹਾਂ ਦੇ ਮੁਵੱਕਿਲ ਦੀ ਇਸ ਵਿੱਚ ਕੋਈ ਭੂਮਿਕਾ ਨਹੀਂ ਹੈ। ਏਜੰਸੀ ਕੋਲ ਰਿਮਾਂਡ ਲੈਣ ਦਾ ਕੋਈ ਆਧਾਰ ਨਹੀਂ ਹੈ।

Total Views: 83 ,
Real Estate