ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਕਰਨਾ ਪੈ ਰਿਹੈ ਪ੍ਰੇਸ਼ਾਨੀਆਂ ਦਾ ਸਾਹਮਣਾ
ਸ੍ਰੀ ਮੁਕਤਸਰ ਸਾਹਿਬ 24 ਫਰਵਰੀ ( ਘੁਮਾਣ ) ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਤੋਂ ਬਾਹਰ ਨੂੰ ਜਾਣ ਵਾਲੀਆਂ ਜ਼ਿਆਦਾਤਰ ਸੜਕਾਂ ਰੋਡ ਸੇਫ਼ਟੀ ਸਾਈਨ ਬੋਰਡ ਤੋਂ ਸੱਖਣੀਆਂ ਹਨ। ਜਿਸ ਕਾਰਨ ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲਾਂਕਿ ਟਰੈਫਿਕ ਨਿਯਮਾਂ ਦੇ ਅਨਸਾਰੁ ਰੋਡ ਸੇਫਟੀ ਸਾਇਨ ਬੋਰਡ ਇਕ ਮਹੱਤਵਪੂਰਨ ਪਾਰਟ ਅਦਾ ਕਰ ਸਕਦੇ ਹਨ ਜੋ ਕਿ ਸੜਕ ਤੇ ਚੱਲਣ ਵਾਲੇ ਰਾਹਗੀਰਾਂ/ ਵਾਹਨ ਚਾਲਕਾਂ ਦਾ ਮਾਰਗ ਦਰਸ਼ਨ ਕਰਦੇ ਹਨ। ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੀਆਂ ਸੜਕਾਂ ਨਗਰ ਕੌਸਲ, ਲੋਕ ਨਿਰਮਾਣ ਵਿਭਾਗ ਭਵਨ ਅਤੇ ਮਾਰਗ ਸ਼ਾਖਾ ਅਤੇ ਪੰਜਾਬ ਮੰਡੀ ਬੋਰਡ ਅਧੀਨ ਆਉਦੀਆਂ ਹਨ। ਸ੍ਰੀ ਮੁਕਤਸਰ ਸਾਹਿਬ ਸ਼ਹਿਰ ਤੋ ਕਾਫੀ ਸੜਕਾਂ ਪਿੰਡਾਂ ਨੂੰ ਜਾਦੀਆਂ ਹਨ ਜੋ ਸ਼ਹਿਰ ਵਿਚੋ ਹੀ ਸ਼ੁਰੂ ਹੁੰਦੀਆ ਹਨ, ਇਹਨਾਂ ਉਪਰ ਸ਼ਹਿਰ ਵਿਚ ਦਾਖਲ ਹੋਣ ਲਈ ਅਤੇ ਸ਼ਹਿਰ ਤੋਂ ਬਾਹਰ ਜਾਣ ਲਈ ਦੂਰੋ ਆਉਣ ਵਾਲੇ ਰਾਹਗੀਰਾਂ/ ਵਾਹਨ ਚਾਲਕਾਂ ਨੂੰ ਕਿਤੇ ਵੀ ਸੜਕ ਦਾ ਰੋਡ ਸੇਫਟੀ ਸਾਈਨ ਬੋਰਡ ਨਾ ਹੋਣ ਕਰਕੇ ਕਾਫੀ ਮੁਸ਼ਕਲ ਆਉਦੀ ਹੈ ਅਤੇ ਰਾਹਗੀਰ/ ਵਾਹਨ ਚਾਲਕ ਦੁਚਿੱਤੀ ਵਿਚ ਰਹਿੰਦੇ ਹਨ। ਅਜਿਹਾ ਹੋਣ ਕਾਰਨ ਹਾਦਸਿਆਂ ਦਾ ਵੀ ਡਰ ਬਣਿਆ ਰਹਿੰਦਾ ਹੈ। ਇੰਨ੍ਹਾਂ ਵਿਚੋਂ ਮੁੱਖ ਰੋਡ ਮੋੜ ਰੋਡ, ਬਲਮਗੜ ਰੋਡ, ਭਾਗਸਰ ਰੋਡ, ਗੋਨਿਆਣਾ ਰੋਡ , ਡੇਰਾ ਮਸਤਾਨ ਸਿੰਘ ਰੋਡ, ਅਬੋਹਰ ਰੋਡ , ਦਰਬਾਰ ਸਾਹਿਬ ਨਾਕਾ ਨੰਬਰ 1, ਸ਼ੇਰ ਸਿੰਘ ਚੌਂਕ ਆਦਿ ਮੁੱਖ ਹਨ। ਜਿੰਨ੍ਹਾਂ ਤੋਂ ਸ਼ਹਿਰ ਤੋਂ ਬਾਹਰ ਜਾਣ ਨੂੰ ਜ਼ਿਆਦਾਤਰ ਸੜਕਾਂ ਨਿਕਲਦੀਆਂ ਹਨ। ਇਹ ਸਾਰੀਆਂ ਸੜਕਾ ਸੰਘਣੀ ਅਬਾਦੀ / ਬਜਾਰਾਂ ਤੋਂ ਨਿਕਲਦੀਆਂ ਹਨ ਜਿਨਾਂ ਦਾ ਸ਼ਹਿਰ ਵਿਚ ਕੋਈ ਵੀ ਰੋਡ ਸੇਫਟੀ ਸਾਈਨ ਬੋਰਡ ਨਹੀ ਹੈ ਅਤੇ ਨਾ ਹੀ ਬਾਈਪਾਸ ਤੇ ਕੋਈ ਸੜਕਾਂ ਦਾ ਸਾਈਨ ਬੋਰਡ ਹੈ। ਆਮ ਨਾਗਰਿਕਾਂ ਦੀ ਇਹ ਇੱਕ ਮੁੱਖ ਸਮੱਸਿਆ ਹੈ। ਟਰੈਫਿਕ ਨਿਯਮਾਂ ਅਧੀਨ ਇਹ ਬੋਰਡ ਲੱਗਣੇ ਜਰੂਰੀ ਹਨ ਜਿਵੇਂ ਕਿ ਬਾਹਰ ਤੋਂ ਆਉਣ ਵਾਲੇ ਰਾਹਗੀਰਾਂ/ ਵਾਹਨ ਚਾਲਕਾਂ ਨੂੰ ਮੁਸ਼ਕਲ ਪੇਸ਼ ਨਾ ਆਵੇ। ਨੈਸ਼ਨਲ ਕੰਜਿਊਮਰ ਅਵੇਰਨੈਸ ਗਰੁੱਪ ਦੇ ਜ਼ਿਲਾ ਪ੍ਰਧਾਨ ਸ਼ਾਮ ਲਾਲ ਗੋਇਲ, ਬਲਦੇਵ ਸਿੰਘ ਬੇਦੀ, ਗੋਬਿੰਦ ਸਿੰਘ ਦਾਬੜਾ, ਭੰਵਰ ਲਾਲ ਸ਼ਰਮਾ, ਬਲਜੀਤ ਸਿੰਘ, ਜਸਵੰਤ ਸਿੰਘ ਬਰਾੜ, ਸੁਭਾਸ਼ ਚਗਤੀ, ਕਾਲਾ ਸਿੰਘ ਬੇਦੀ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਾਰੇ ਵਿਭਾਗਾਂ ਦੇ ਸਬੰਧਿਤ ਅਧਿਕਾਰੀਆ ਨੂੰ ਹਦਾਇਤ ਕੀਤੀ ਜਾਵੇ ਕਿ ਲੋੜੀਦੇ ਚੌਰਾਹੇ ਤਿਕੋਣੀਆਂ ਸੜਕਾਂ ਤੇ ਰੋਡ ਸੇਫਟੀ ਸਾਇਨ ਬੋਰਡ ਜਲਦੀ ਲਾਏ ਜਾਣ।