ਜੋਸ਼ੀਮੱਠ: ਵਿਭਾਗਾਂ ਨੂੰ ਬਿਨਾਂ ਪ੍ਰਵਾਨਗੀ ਕੋਈ ਸੂਚਨਾ ਮੀਡੀਆ ਨਾਲ ਸਾਂਝੀ ਕਰਨ ’ਤੇ ਲਾਈ ਰੋਕ

ਜੋਸ਼ੀਮੱਠ ’ਚ ਜ਼ਮੀਨ ਧਸਣ ਬਾਰੇ ਇਸਰੋ ਦੇ ਡੇਟਾ ਦੀ ਵੱਡੀ ਪੱਧਰ ਉਤੇ ਮੀਡੀਆ ਕਵਰੇਜ਼ ਹੋਣ ਤੋਂ ਬਾਅਦ ਕੌਮੀ ਆਫ਼ਤ ਪ੍ਰਬੰਧਨ ਅਥਾਰਿਟੀ (ਐੱਨਡੀਐਮਏ) ਨੇ ਸਰਕਾਰੀ ਸੰਸਥਾਵਾਂ ਤੇ ਵਿਗਿਆਨਕ ਵਿਭਾਗਾਂ ਨੂੰ ਹੁਕਮ ਜਾਰੀ ਕੀਤਾ ਹੈ ਕਿ ਕੋਈ ਵੀ ਨਤੀਜਾ ਨਿਕਲਣ ਤੋਂ ਪਹਿਲਾਂ ਅਜਿਹੀ ਜਾਣਕਾਰੀ ਸਾਂਝੀ ਨਾ ਕੀਤੀ ਜਾਵੇ। ਅਥਾਰਿਟੀ ਨੇ ਕਿਹਾ ਕਿ ਇਹ ਦੇਖਿਆ ਗਿਆ ਹੈ ਕਿ ਵੱਖ-ਵੱਖ ਸਰਕਾਰੀ ਵਿਭਾਗ ਇਸ ਵਿਸ਼ੇ ਬਾਰੇ ਡੇਟਾ ਰਿਲੀਜ਼ ਕਰ ਰਹੇ ਹਨ ਤੇ ਮੀਡੀਆ ਨਾਲ ਵੀ ਗੱਲਬਾਤ ਕਰ ਰਹੇ ਹਨ। ਉਹ ਵਰਤਮਾਨ ਸਥਿਤੀ ਬਾਰੇ ਆਪਣੇ ਪੱਧਰ ’ਤੇ ਹੀ ਨਤੀਜੇ ਕੱਢ ਰਹੇ ਹਨ। ਇਸ ਨਾਲ ਨਾ ਸਿਰਫ਼ ਸੰਕਟ ਦੀ ਮਾਰ ਹੇਠ ਆਏ ਇਲਾਕਾ ਵਾਸੀਆਂ ਬਲਕਿ ਦੇਸ਼ ਦੇ ਹੋਰਨਾਂ ਨਾਗਰਿਕਾਂ ਦੇ ਮਨਾਂ ਵਿਚ ਵੀ ਉਲਝਣ ਪੈਦਾ ਹੋ ਰਹੀ ਹੈ। ਅਥਾਰਿਟੀ ਨੇ ਕਿਹਾ ਕਿ ਬਿਨਾਂ ਪ੍ਰਵਾਨਗੀ ਤੋਂ ਕੋਈ ਵੀ ਜਾਣਕਾਰੀ ਰਿਲੀਜ਼ ਨਾ ਕੀਤੀ ਜਾਵੇ। ਜੋਸ਼ੀਮੱਠ ਤੋਂ ਪੰਜ ਕਿਲੋਮੀਟਰ ਦੂਰ ਬਦਰੀਨਾਥ ਮਾਰਗ ਉਤੇ ਪੈਂਦੇ ਪਿੰਡ ਸੇਲੰਗ ਦਾ ਹਾਲ ਵੀ ਜੋਸ਼ੀਮੱਠ ਵਰਗਾ ਹੀ ਹੋਣ ਲੱਗਾ ਹੈ। ਐੱਨਟੀਪੀਸੀ ਹਾਈਡਲ ਪ੍ਰਾਜੈਕਟ ਲਈ ਕਈ ਸੁਰੰਗਾਂ ਇਸ ਪਿੰਡ ਦੇ ਹੇਠਾਂ ਪੁੱਟੀਆਂ ਗਈਆਂ ਹਨ। ਇੱਥੇ ਪਿਛਲੇ ਕੁਝ ਮਹੀਨਿਆਂ ਦੌਰਾਨ ਕਈ ਘਰਾਂ ਤੇ ਖੇਤਾਂ ਵਿਚ ਦਰਾਰਾਂ ਆ ਗਈਆਂ ਹਨ। ਇਸ ਪਿੰਡ ਦੇ ਵਾਸੀ ਵੀ ਸੰਕਟ ਲਈ ਐੱਨਟੀਪੀਸੀ ਦੇ ਤਪੋਵਨ-ਵਿਸ਼ਨੂੰਗੜ੍ਹ ਹਾਈਡਲ ਪ੍ਰਾਜੈਕਟ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਜੋਸ਼ੀਮੱਠ ਦਾ ਹਾਲ ਦੇਖ ਕੇ ਹੁਣ ਸੇਲੰਗ ਵਾਸੀ ਵੀ ਸਹਿਮੇ ਹੋਏ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਜੁਲਾਈ 2021 ਵਿਚ ਇਨ੍ਹਾਂ ਵਿਚੋਂ ਇਕ ਸੁਰੰਗ ਦੇ ਮੂੰਹ ਨੇੜੇ ਸਥਿਤ ਇਕ ਹੋਟਲ ਢਹਿ ਗਿਆ ਸੀ ਤੇ ਲਾਗੇ ਪੈਂਦੇ ਪੈਟਰੋਲ ਪੰਪ ਦਾ ਨੁਕਸਾਨ ਹੋਇਆ ਸੀ। ਇਹ ਹੋਟਲ ਤੇ ਪੰਪ ਬਦਰੀਨਾਥ ਕੌਮੀ ਮਾਰਗ ’ਤੇ ਸੀ। ਸੇਲੰਗ ਵਾਸੀਆਂ ਮੁਤਾਬਕ ਢਹਿ ਗਏ ਹੋਟਲ ਨੇੜੇ ਸਥਿਤ ਘਰ ਵੀ ਖ਼ਤਰੇ ਦੇ ਘੇਰੇ ਵਿਚ ਹਨ। ਪਿੰਡ ਦੇ ਹੇਠਾਂ ਐੱਨਟੀਪੀਸੀ ਨੇ ਨੌਂ ਸੁਰੰਗਾਂ ਬਣਾਈਆਂ ਹਨ। ਸੁਰੰਗਾਂ ਬਣਾਉਣ ਲਈ ਧਮਾਕਾਖੇਜ਼ ਸਮੱਗਰੀ ਵਰਤੀ ਗਈ ਹੈ ਜਿਸ ਨਾਲ ਪਿੰਡ ਦੀ ਬੁਨਿਆਦ ਹਿੱਲ ਗਈ ਹੈ। ਪਿੰਡ ਦੇ ਸਰਪੰਚ ਸ਼ਿਸ਼ੂਪਾਲ ਸਿੰਘ ਭੰਡਾਰੀ ਨੇ ਕਿਹਾ ਕਿ ਐੱਨਟੀਪੀਸੀ ਪ੍ਰਾਜੈਕਟਾਂ ਕਾਰਨ ਪਿੰਡ ਵਾਸੀਆਂ ਦੀ ਹਾਲਤ ਖ਼ਰਾਬ ਹੋ ਗਈ ਸੀ। ਉਨ੍ਹਾਂ ਕਿਹਾ ਕਿ ਕਈ ਅਰਜ਼ੀਆਂ ਪ੍ਰਸ਼ਾਸਨ ਨੂੰ ਭੇਜੀਆਂ ਗਈਆਂ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਨੁਕਸਾਨ ਦਹਾਕਾ ਪਹਿਲਾਂ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਸੀ। ਉਸ ਵੇਲੇ ਸੁਰੰਗਾਂ ਪੁੱਟਣੀਆਂ ਸ਼ੁਰੂ ਕੀਤੀਆਂ ਗਈਆਂ ਸਨ। ਜਦ ਲੋਕਾਂ ਨੇ ਵਿਰੋਧ ਕੀਤਾ ਤਾਂ ਐੱਨਟੀਪੀਸੀ ਨੇ ਇਕ ਪ੍ਰਾਈਵੇਟ ਕੰਪਨੀ ਰਾਹੀਂ ਘਰਾਂ ਦਾ ਬੀਮਾ ਕਰਵਾ ਦਿੱਤਾ। ਪਰ ਹੁਣ ਜਦ ਦਰਾਰਾਂ ਆ ਗਈਆਂ ਹਨ ਤਾਂ ਉਹ ਮੁਆਵਜ਼ਾ ਦੇਣ ਤੋਂ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਇਹ ਜਾਰੀ ਰਿਹਾ ਤਾਂ ਪਿੰਡ ਦੀ ਹਾਲਤ ਹੋਰ ਮਾੜੀ ਹੋ ਜਾਵੇਗੀ। ਦੱਸਣਯੋਗ ਹੈ ਕਿ ਜੋਸ਼ੀਮੱਠ ਵਿਚ ਹੁਣ ਤੱਕ 185 ਪਰਿਵਾਰਾਂ ਨੂੰ ਰਾਹਤ ਕੇਂਦਰਾਂ ਵਿਚ ਤਬਦੀਲ ਕੀਤਾ ਗਿਆ ਹੈ। 760 ਘਰਾਂ ਵਿਚ ਤਰੇੜਾਂ ਆਈਆਂ ਹਨ ਜਿਨ੍ਹਾਂ ਵਿਚੋਂ 147 ਨੂੰ ਰਹਿਣ ਲਈ ਅਸੁਰੱਖਿਅਤ ਕਰਾਰ ਦਿੱਤਾ ਗਿਆ ਹੈ। ਇਸੇ ਦੌਰਾਨ ਚਮੋਲੀ ਤੋਂ ਪ੍ਰਸਿੱਧ ਸੈਰਗਾਹ ਔਲੀ ਤੱਕ ਜਾਂਦੀ ਰੋਪਵੇਅ ਨੂੰ ਵੀ ਅਗਲੇ ਹੁਕਮਾਂ ਤੱਕ ਰੋਕ ਦਿੱਤਾ ਗਿਆ ਹੈ। ਜ਼ਮੀਨ ਧਸਣ ਦਾ ਘੇਰਾ ਵਧਦਾ ਜਾ ਰਿਹਾ ਹੈ। ਇਸੇ ਕਾਰਨ 4.15 ਕਿਲੋਮੀਟਰ ਲੰਮੀ ਰੋਪਵੇਅ ਨੂੰ ਬੰਦ ਕਰਨਾ ਪਿਆ ਹੈ। ਸ਼ੁੱਕਰਵਾਰ ਦੇਰ ਰਾਤ ਤੱਕ ਰੋਪਵੇਅ ਪਲੈਟਫਾਰਮ ਨੇੜੇ ਵੱਡੀਆਂ ਦਰਾਰਾਂ ਆ ਗਈਆਂ ਸਨ। ਚਮੋਲੀ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਟੀ ਫਾਰਮ, ਪੀਪਲਕੋਟੀ, ਗੌਚਰ, ਗੌਂਖ ਸੈਲਾਂਗ ਤੇ ਢਾਕ ਪਿੰਡਾਂ ਵਿਚ ਸਰਵੇਖਣ ਕੀਤਾ ਹੈ। ਕੈਬਨਿਟ ਨੇ ਇੱਥੇ ਪਹਿਲਾਂ ਤੋਂ ਤਿਆਰ ਢਾਂਚੇ ਸਥਾਪਿਤ ਕਰਨ ਲਈ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ। ਇਸੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਦਾ ਕੰਮ ਜਾਰੀ ਹੈ।
ਕਾਂਗਰਸ ਨੇ ਆਫ਼ਤ ਪ੍ਰਬੰਧਨ ਅਥਾਰਿਟੀ (ਐੱਨਡੀਐਮਏ) ਵੱਲੋਂ ਇਸਰੋ ਸਣੇ ਕਈ ਸਰਕਾਰੀ ਇਕਾਈਆਂ ਨੂੰ ਜਾਰੀ ਕੀਤੇ ਹੁਕਮ ਦੀ ਨਿਖੇਧੀ ਕੀਤੀ ਹੈ। ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਸੰਕਟ ਦੇ ਹੱਲ ਦੀ ਥਾਂ ਸਰਕਾਰੀ ਏਜੰਸੀਆਂ, ਇਸਰੋ ਉਤੇ ਪਾਬੰਦੀਆਂ ਲਾ ਰਹੀਆਂ ਹਨ। ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਮੀਡੀਆ ਨਾਲ ਗੱਲ ਨਾ ਕਰਨ ਲਈ ਕਿਹਾ ਗਿਆ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਸਰਕਾਰ ਇਕ ਸੰਵਿਧਾਨਕ ਸੰਸਥਾ ਨੂੰ ਦੂਜੀ ਉਤੇ ਹੱਲੇ ਲਈ ਵਰਤ ਰਹੀ ਹੈ। ਐੱਨਡੀਐਮਏ ਹੁਣ ਇਸਰੋ ਨੂੰ ‘ਮੂੰਹ ਬੰਦ ਕਰਨ ਲਈ ਕਹਿ ਰਹੀ ਹੈ।’ 

Total Views: 125 ,
Real Estate