ਗੁਜਰਾਤ ਚੋਣਾਂ ‘ਚ ਦੰਗੇ, ਪਾਕਿ ਤੇ ਦਾਊਦ ਵੀ ਦਾਖਲ !

ਗੁਜਰਾਤ ਵਿਧਾਨ ਸਭਾ ਚੋਣਾਂ ਬਾਰੇ ਭਾਵੇਂ ਵੱਖ-ਵੱਖ ਸਰਵੇਖਣਾਂ ਵਿੱਚ ਭਾਜਪਾ ਦੇ ਜਿੱਤ ਜਾਣ ਦੀਆਂ ਭਵਿੱਖਬਾਣੀਆਂ ਕੀਤੀਆਂ ਗਈਆਂ ਹਨ, ਪਰ ਹਾਲਾਤ ਦੱਸਦੇ ਹਨ ਕਿ ਇਹ ਏਨਾ ਸੌਖਾ ਨਹੀਂ | ਭਾਜਪਾ ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਧਮਾਕੇਦਾਰ ਹਾਜ਼ਰੀ ਤੋਂ ਬੇਹੱਦ ਡਰੀ ਹੋਈ ਹੈ | ਗੁਜਰਾਤ ਦੀਆਂ ਕੁੱਲ 182 ਵਿਧਾਨ ਸਭਾ ਸੀਟਾਂ ਵਿੱਚੋਂ 48 ਸ਼ਹਿਰੀ ਸੀਟਾਂ ਹਨ | ਇਹ ਸੀਟਾਂ ਹਮੇਸ਼ਾ ਭਾਜਪਾ ਜਿੱਤਦੀ ਰਹੀ ਹੈ, ਪਰ 2021 ਵਿੱਚ ਸੂਰਤ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 27 ਸੀਟਾਂ ਜਿੱਤ ਕੇ ਸਭਨਾਂ ਨੂੰ ਹੈਰਾਨ ਕਰ ਦਿੱਤਾ ਸੀ | ਇਸ ਦਾ ਮੁੱਖ ਕਾਰਨ ਹੀਰਾ ਸਨਅਤ ਵਿੱਚ ਕੰਮ ਕਰਦੇ ਕਿਰਤੀਆਂ ਦਾ ਭਾਜਪਾ ਤੋਂ ਮੋਹ ਭੰਗ ਹੋਣਾ ਸੀ | ਇਸ ਸਨਅਤ ਵਿੱਚ 30 ਲੱਖ ਤੋਂ ਵੱਧ ਕਿਰਤੀ ਕੰਮ ਕਰਦੇ ਹਨ | ਸੂਰਤ ਦੀਆਂ 5 ਵਿਧਾਨ ਸਭਾ ਸੀਟਾਂ ਉੱਤੇ ਹੀਰਾ ਮਜ਼ਦੂਰ ਹੀ ਕਿਸੇ ਉਮੀਦਵਾਰ ਦੀ ਜਿੱਤ-ਹਾਰ ਦਾ ਫੈਸਲਾ ਕਰਦੇ ਹਨ | ਸੂਰਤ ਤੋਂ ਇਲਾਵਾ ਭਾਵਨਗਰ, ਰਾਜਕੋਟ, ਅਮਰੇਲੀ ਤੇ ਜੂਨਾਗੜ੍ਹ ਜ਼ਿਲਿ੍ਹਆਂ ਵਿੱਚ ਸਥਾਪਤ ਹੀਰਾ ਕਾਰੋਬਾਰਾਂ ਵਿੱਚ ਵੀ ਹੀਰਾ ਮਜ਼ਦੂਰਾਂ ਦੀ ਤਕੜੀ ਗਿਣਤੀ ਹੈ | ਇਨ੍ਹਾਂ 30 ਲੱਖ ਮਜ਼ਦੂਰਾਂ ਦੀ ਜਥੇਬੰਦੀ ਡਾਇਮੰਡ ਵਰਕਰਜ਼ ਯੂਨੀਅਨ ਨੇ ਆਪਣੀ ਜਥੇਬੰਦੀ ਵੱਲੋਂ ਭਾਜਪਾ ਦੇ ਬਾਈਕਾਟ ਦਾ ਸੱਦਾ ਦਿੱਤਾ ਹੋਇਆ ਹੈ | ਜਥੇਬੰਦੀ ਦੇ ਪ੍ਰਧਾਨ ਰਮੇਸ਼ ਜਿਲਾਰੀਆ ਨੇ ਕਿਹਾ ਹੈ ਕਿ ਜਥੇਬੰਦੀ ਨੇ ਫੈਸਲਾ ਕੀਤਾ ਹੈ ਕਿ ਹੀਰਾ ਮਜ਼ਦੂਰ ਭਾਜਪਾ ਦੀ ਥਾਂ ਉਸ ਪਾਰਟੀ ਨੂੰ ਵੋਟ ਦੇਣ ਜਿਹੜੀ ਸਾਡੀਆਂ ਸਮੱਸਿਆਵਾਂ ਹੱਲ ਕਰਨ ਦੀ ਗਰੰਟੀ ਦਿੰਦੀ ਹੋਵੇ | ਜੇਕਰ ਆਮ ਆਦਮੀ ਪਾਰਟੀ 48 ਸ਼ਹਿਰੀ ਸੀਟਾਂ ਵਿੱਚ ਭਾਜਪਾ ਨੂੰ ਨੁਕਸਾਨ ਪੁਚਾਉਂਦੀ ਹੈ ਤਾਂ ਉਸ ਦਾ ਫਾਇਦਾ ਉਸ ਨੂੰ ਤਾਂ ਹੋਵੇਗਾ ਹੀ, ਕੁਝ ਸੀਟਾਂ ਉੱਤੇ ਕਾਂਗਰਸ ਦਾ ਵੀ ਦਾਅ ਲੱਗ ਸਕਦਾ ਹੈ | ਕਾਂਗਰਸ ਨੇ ਸ਼ੁਰੂ ਤੋਂ ਹੀ ਆਪਣਾ ਪੂਰਾ ਧਿਆਨ ਪੇਂਡੂ ਸੀਟਾਂ ਉੱਤੇ ਕੇਂਦਰਤ ਕੀਤਾ ਹੋਇਆ ਹੈ | ਉਸ ਦੇ ਆਗੂ ਵੱਡੀਆਂ ਰੈਲੀਆਂ ਦੀ ਥਾਂ ਘਰ-ਘਰ ਪਹੁੰਚਣ ਨੂੰ ਤਰਜੀਹ ਦੇ ਰਹੇ ਹਨ | ਭਾਜਪਾ ਨੇ ਵੀ ਆਪਣੀ ਰਣਨੀਤੀ ਬਦਲ ਕੇ ਪੇਂਡੂ ਖੇਤਰ ਵੱਲ ਰੁਖ ਕਰ ਲਿਆ ਹੈ | ਆਮ ਆਦਮੀ ਪਾਰਟੀ ਜੇਕਰ ਪੇਂਡੂ ਖੇਤਰ ਵਿੱਚ ਸੰਨ੍ਹ ਲਾ ਲੈਂਦੀ ਹੈ ਤਾਂ ਇਸ ਦਾ ਲਾਭ ਭਾਜਪਾ ਤੇ ਨੁਕਸਾਨ ਕਾਂਗਰਸ ਨੂੰ ਹੋ ਸਕਦਾ ਹੈ | ਗੁਜਰਾਤ ਚੋਣਾਂ ਦੀ ਕਮਾਨ ਇਸ ਸਮੇਂ ਮੋਦੀ ਨੇ ਸੰਭਾਲੀ ਹੋਈ ਹੈ | ਉਹ ਹੁਣ ਤੱਕ 17 ਰੈਲੀਆਂ ਕਰ ਚੁੱਕੇ ਹਨ ਤੇ 35 ਹੋਰ ਕੀਤੀਆਂ ਜਾਣੀਆਂ ਹਨ | ਇਨ੍ਹਾਂ ਲਈ ਆਦਿਵਾਸੀ ਖੇਤਰ ਤੇ ਸੌਰਾਸ਼ਟਰ ਇਲਾਕਿਆਂ ਨੂੰ ਚੁਣਿਆ ਗਿਆ ਹੈ | ਯਾਦ ਰਹੇ ਕਿ 2017 ਦੀਆਂ ਚੋਣਾਂ ਵਿੱਚ ਪ੍ਰਧਾਨ ਮੰਤਰੀ ਗੁਜਰਾਤ ਵਿੱਚ ਵੜੇ ਵੀ ਨਹੀਂ ਸਨ |
ਗੁਜਰਾਤ ਚੋਣਾਂ ਹਾਰਨ ਦਾ ਭਾਜਪਾ ਆਗੂਆਂ ਉੱਤੇ ਡਰ ਏਨਾ ਹਾਵੀ ਹੈ ਕਿ ਉਹ ਆਪਣੇ ਤਰਕਸ਼ ਵਿਚਲੇ ਹਰ ਤੀਰ ਦੀ ਵਰਤੋਂ ਕਰ ਰਹੇ ਹਨ | ਚੋਣਾਂ ਵਿੱਚ ਪਾਕਿਸਤਾਨ, ਮੁਸਲਮਾਨ, ਸ਼ਮਸ਼ਾਨ ਤੇ ਹਿੰਦੂਤਵ ਭਾਜਪਾ ਲਈ ਫਿਰਕੂ ਕਤਾਰਬੰਦੀ ਦੇ ਮੁੱਖ ਸੂਤਰਧਾਰ ਰਹੇ ਹਨ | ਗੁਜਰਾਤ ਚੋਣਾਂ ਵਿੱਚ ਵੀ ਉਹ ਸਭ ਦਾਅਪੇਚ ਸ਼ੁਰੂ ਹੋ ਚੁੱਕੇ ਹਨ, ਜਿਨ੍ਹਾਂ ਦੀ ਵਰਤੋਂ ਕਰਕੇ ਭਾਜਪਾ ਸੱਤਾ ਹਾਸਲ ਕਰਦੀ ਰਹੀ ਹੈ |
ਭਾਜਪਾ ਦੇ ਦੂਜੇ ਨੰਬਰ ਦੇ ਆਗੂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖੇੜਾ ਜ਼ਿਲ੍ਹੇ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ 2002 ਵਿੱਚ ਦੰਗਾਬਾਜ਼ਾਂ ਨੂੰ ਅਜਿਹਾ ਸਬਕ ਸਿਖਾਇਆ ਕਿ ਹੁਣ ਗੁਜਰਾਤ ਵਿੱਚ ਪੂਰਾ ਅਮਨ ਹੈ | ਇਸ ਨਾਲ ਉਨ੍ਹਾ ਸਿੱਧੇ ਤੌਰ ‘ਤੇ ਮੰਨ ਲਿਆ ਕਿ ਮੁਸਲਮਾਨਾਂ ਵਿਰੋਧੀ ਉਹ ਦੰਗੇ ਸਰਕਾਰ ਦੀ ਸ਼ਹਿ ਉੱਤੇ ਭਾਜਪਾ ਨੇ ਕਰਾਏ ਸਨ | ਉਨ੍ਹਾ ਦਵਾਰਕਾ ਵਿੱਚ ਇੱਕ ਹੋਰ ਚੋਣ ਰੈਲੀ ਵਿੱਚ ਕਿਹਾ ਕਿ ਇੱਥੇ ਫਰਜ਼ੀ ਮਜ਼ਾਰ ਬਣਾ ਕੇ ਜ਼ਮੀਨ ਹੜੱਪੀ ਗਈ ਸੀ, ਅਸੀਂ ਉਸ ਨੂੰ ਤੁੜਵਾ ਦਿੱਤਾ ਹੈ | ਉਨ੍ਹਾ ਕਿਹਾ ਕਿ ਸਾਨੂੰ ਵੋਟਾਂ ਦੀ ਪਰਵਾਹ ਨਹੀਂ, ਅੱਗੋਂ ਵੀ ਅਜਿਹੀਆਂ ਮਜ਼ਾਰਾਂ ਤੇ ਕਬਰਾਂ ਨੂੰ ਤੋੜਿਆ ਜਾਵੇਗਾ |
ਅਸਾਮ ਦੇ ਮੁੱਖ ਮੰਤਰੀ ਹਿੰਮਤ ਸਰਮਾ ਨੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਕਿਸਤਾਨ ਨੂੰ ਪਤਾ ਹੈ ਕਿ ਏਧਰ ਜੇ ਦੋ ਧਮਾਕੇ ਹੋਏ ਤਾਂ ਉਧਰ 20 ਹੋਣਗੇ | ਇਸੇ ਦੌਰਾਨ ਉੱਤਰੀ ਕਮਾਨ ਦੇ ਕਮਾਂਡਰ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨੇ ਪਾਕਿਸਤਾਨ ਦੇ ਕਬਜ਼ੇ ਦਾਲਾ ਕਸ਼ਮੀਰ ਨੂੰ ਵਾਪਸ ਲੈਣ ਵਾਲਾ ਜਿਹੜਾ ਬਿਆਨ ਦਿੱਤਾ ਸੀ, ਭਾਜਪਾਈ ਉਸ ਦੀ ਵੀ ਜ਼ੋਰ-ਸ਼ੋਰ ਨਾਲ ਵਰਤੋਂ ਕਰ ਰਹੇ ਹਨ | ਭਾਜਪਾ ਨੇ ਪ੍ਰਧਾਨ ਮੰਤਰੀ ਨੂੰ ਮਾਰਨ ਦੀ ਸਾਜ਼ਸ਼ ਵਾਲਾ ਆਖਰੀ ਪੱਤਾ ਵੀ ਖੇਡਣਾ ਸ਼ੁਰੂ ਕਰ ਦਿੱਤਾ ਹੈ | ਕੁਝ ਸਮਾਚਾਰ ਏਜੰਸੀਆਂ ਨੇ ਸੂਤਰਾਂ ਦੇ ਹਵਾਲੇ ਨਾਲ ਇਹ ਖ਼ਬਰ ਉਡਾ ਦਿੱਤੀ ਹੈ ਕਿ ਮੁੰਬਈ ਪੁਲਸ ਨੂੰ ਇੱਕ ਵੱਟਸਐਪ ਮੈਸੇਜ ਮਿਲਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਭਗੌੜੇ ਅੱਤਵਾਦੀ ਦਾਊਦ ਇਬਰਾਹੀਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਾਰਨ ਦੀ ਸਾਜ਼ਸ਼ ਰਚੀ ਹੈ |
ਗੁਜਰਾਤ ਵਿੱਚ ਪਹਿਲੇ ਪੜਾਅ ਦੀਆਂ ਵੋਟਾਂ 2 ਦਸੰਬਰ ਤੇ ਆਖਰੀ ਪੜਾਅ ਦੀਆਂ ਵੋਟਾਂ 5 ਦਸੰਬਰ ਨੂੰ ਪੈਣੀਆਂ ਹਨ | ਇਸ ਅਰਸੇ ਦੌਰਾਨ ਭਾਜਪਾ ਆਗੂ ਹੋਰ ਕਿੰਨੀਆਂ ਨੀਵਾਣਾਂ ਛੋਂਹਦੇ ਹਨ, ਇਸ ਦਾ ਪਤਾ ਹਰ ਆਏ ਦਿਨ ਲਗਦਾ ਰਹੇਗਾ | ਪ੍ਰਧਾਨ ਮੰਤਰੀ ਤੋਂ ਬਿਨਾਂ ਭਾਜਪਾ ਦੇ ਸਾਰੇ ਵੱਡੇ ਆਗੂ ਅਮਿਤ ਸ਼ਾਹ, ਰਾਜਨਾਥ ਸਿੰਘ, ਜੇ ਪੀ ਨੱਡਾ, ਯੋਗੀ ਆਦਿਤਿਆਨਾਥ ਸਮੇਤ ਸਭ ਕੇਂਦਰੀ ਮੰਤਰੀ ਗੁਜਰਾਤ ਵਿੱਚ ਡੇਰੇ ਲਾਈ ਬੈਠੇ ਹਨ | ਇਸ ਹਾਲਤ ਵਿੱਚ ਅਜੇ ਕਿਸੇ ਨਤੀਜੇ ਉੱਤੇ ਪਹੁੰਚ ਸਕਣਾ ਸੌਖਾ ਨਹੀਂ ਹੈ |
-ਚੰਦ ਫਤਿਹਪੁਰੀ

Total Views: 51 ,
Real Estate