ਵਿਸ਼ਵ ਵਿੱਚ ਆ ਰਹੀਆਂ ਮੰਦੀ ਦੀਆਂ ਖਬਰਾਂ ਤੋਂ ਬਾਅਦ ਭੂ ਮਾਫੀਏ ਦਾ ਅਗਲਾ ਟੀਚਾ , ਜ਼ਮੀਨਾਂ ਦੀ ਖਰੀਦ

ਸ੍ਰੀ ਮੁਕਤਸਰ ਸਾਹਿਬ 27 ਨਵੰਬਰ ( ਕੁਲਦੀਪ ਸਿੰਘ ਘੁਮਾਣ ) ਇਸ ਸਾਲ ਦੇ ਸ਼ੁਰੂ ਤੋਂ ਆਉਂਣ ਵਾਲੀਆਂ ਖ਼ਬਰਾਂ ਵਿੱਚ ਮੰਦੀ ਦੀਆਂ, ਮੰਦ ਭਾਗੀਆਂ ਖਬਰਾਂ ਦੀ ਲਗਾਤਾਰ ਚਰਚਾ ਹੁੰਦੀ ਰਹੀ ਐ ਪਰ ਮੌਜੂਦਾ ਹਾਲਾਤਾਂ ਵਿੱਚ ਵਾਪਰ ਰਹੀਆਂ ਘਟਨਾਵਾਂ ਤੋਂ ਵਿਸ਼ਵ ਮੰਦੀ ਦੀ ਆਹਟ ਸੁਣਾਈ ਦੇਣ ਲੱਗੀ ਹੈ। ਕਿਉਂਕਿ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਨੇ  ਲੱਖਾਂ ਦੀ ਤਦਾਦ ਵਿੱਚ ਕਾਮਿਆਂ ਨੂੰ ਨੌਕਰੀਆਂ ਤੋਂ ਫਾਰਗ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਸ ਦਾ ਅਸਰ ਹੁਣ ਇੱਥੇ ਵੀ ‘ਤੀਜੀ ਅੱਖ’ ਵਾਲੇ ਲੋਕਾਂ ਨੂੰ ਦਿੱਸਣ ਲੱਗ ਪਿਆ ਹੈ। ਪ੍ਰਾਪਰਟੀ ਕਾਰੋਬਾਰ ਨਾਲ ਜੁੜੇ ਹੋਏ ਮਾਹਿਰਾਂ ਦਾ ਮੰਨਣਾ ਹੈ ਕਿ ਮੰਦੀ ਦਾ ਸਭ ਤੋਂ ਵੱਡਾ ਅਸਰ, ਪ੍ਰਾਪਰਟੀ ਦੇ ਕਾਰੋਬਾਰ ਉੱਤੇ ਪਵੇਗਾ । ਉਨ੍ਹਾਂ ਦਾ ਮੰਨਣਾ ਹੈ ਕਿ ਮੰਦੀ ਦਾ ਬੁਰਾ ਅਸਰ ਸ਼ਹਿਰੀ ਪ੍ਰਾਪਰਟੀ ਦੀ ਖਰੀਦ ਵੇਚ ਉੱਪਰ ਵੱਡੇ ਪੱਧਰ ‘ਤੇ ਪਵੇਗਾ ਜਦੋਂਕਿ ਖੇਤੀਬਾੜੀ ਵਾਲੀਆਂ ਵਹਿਕ ਜ਼ਮੀਨਾਂ ਦੀਆਂ ਦੀ ਖਰੀਦ ਵਧਣ ਅਤੇ ਕੀਮਤਾਂ ਵਿੱਚ ਤੇਜ਼ੀ ਆਉਂਣ ਦੇ ਅਸਾਰ ਹਨ । ਨਤੀਜੇ ਵਜੋਂ ਪ੍ਰਾਪਰਟੀ ਕਾਰੋਬਾਰ ਨਾਲ ਜੁੜੇ ਹੋਏ ਘਾਗ ਵਪਾਰੀਆਂ ਨੇ ਡੇਢ ਦਹਾਕਾ ਪਹਿਲਾਂ ਆਈ ਮੰਦੀ ਤੋਂ ਸਬਕ ਲੈਂਦਿਆਂ , ਸ਼ਹਿਰੀ ਪ੍ਰਾਪਰਟੀ ਤੋਂ ਹੱਥ ਪਿਛਾਂਹ ਖਿੱਚ ਕੇ ਵਾਹੀਯੋਗ ਜ਼ਮੀਨਾਂ ਦੀ ਖਰੀਦ ਦੀਆਂ ਸੁੰਦਕਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ ।ਜਿਸ ਦੇ ਨਤੀਜੇ ਕਣਕ ਦੀ ਬਿਜਾਈ ਤੋਂ ਬਾਅਦ ਪ੍ਰਤੱਖ ਰੂਪ ਵਿੱਚ ਸਾਹਮਣੇ ਆਉਂਣੇ ਸ਼ੁਰੂ ਹੋ ਸਕਦੇ ਹਨ। ਜਿਸ ਦੀ ਮਿਸਾਲ ਉਹ ਸਾਲ 2008 ਦੀ ਮੰਦੀ ਅਤੇ  2020 ਦੇ ਕਰੋਨਾ ਕਾਲ ਦੇ ਸਮੇਂ ਦੀ ਵੀ ਦਿੰਦੇ ਹਨ । ਕਿਉਂਕਿ ਓਦੋਂ ਖੇਤੀ ਸੈਕਟਰ ਨੇ ਹੀ ਲੋਕਾਂ ਦੀ ਬਾਂਹ ਫੜੀ ਸੀ।
ਮੰਦੀ ਦੀ ਆਹਟ ਦੀਆਂ ਖਬਰਾਂ ਤੋਂ ਸ਼ਾਤਰ ਤੇ ਸੁਲਝੇ ਹੋਏ ਲੋਕਾਂ ਨੇ ਸਬਕ ਲੈ ਕੇ , ਮਾਲਵੇ ਵਿੱਚ ਸ਼ਹਿਰੀ ਜਾਇਦਾਦ ਤੋਂ ਹੱਥ ਪਿਛਾਂਹ ਖਿੱਚ ਕੇ, ਜ਼ਮੀਨਾਂ ਦੀ ਖਰੀਦ ਲਈ ਪਰ ਤੋਲਣੇ ਸ਼ੁਰੂ ਕਰ ਦਿੱਤੇ ਹਨ। ਕਿਉਂਕਿ 2008 ਦੀ ਮੰਦੀ ਤੋਂ ਬਾਅਦ ਸ਼ਹਿਰੀ ਪਲਾਟਾਂ ਦੇ ਮਾਲਕਾਂ ਨੇ , ਵਾਹੀਯੋਗ ਜ਼ਮੀਨਾਂ ਖਰੀਦ ਲਈਆਂ ਸਨ । ਨਤੀਜੇ ਵਜੋਂ ਵਪਾਰੀ ਵਰਗ ਨੇ ਜ਼ਮੀਨਾਂ ਦੀ ਆਮਦਨ ਵੀ ਲਈ ਅਤੇ ਮੰਦੀ ਦਾ ਸਮਾਂ ਗੁਜ਼ਰ ਜਾਣ ਤੋਂ ਬਾਅਦ ਜ਼ਮੀਨਾਂ ਵੇਚ ਕੇ ਮੋਟਾ ਮੁਨਾਫ਼ਾ ਵੀ ਕਮਾਇਆ ਅਤੇ ਆਪਣੀ ਰਕਮ ਵੀ ਇੱਕ ਨੰਬਰ ਵਿੱਚ ਕਰਕੇ , ਦੁਬਾਰਾ ਫੇਰ ਮੰਦੀ ਨਾਲ ਜੂਝਦੀ ਹੋਈ ਸ਼ਹਿਰੀ ਜਾਇਦਾਦ ਦੀ ਖਰੀਦ ਕਰਕੇ , ਸੜਕਾਂ ‘ਤੇ ਖਾਲੀ ਪਏ ਪਲਾਟਾਂ ਨੂੰ ‘ ਸੋ ਰੂਮਾਂ’ ਦਾ ਨਾਮ ਦੇ ਕੇ ਫੇਰ ਮੋਟੀ ਕਮਾਈ ਕੀਤੀ। ਹੁਣ ਓਹੀ ਘਾਗ ਵਪਾਰੀ ਵਰਗ ਨੇ ਫੇਰ ਜ਼ਮੀਨਾਂ ਦੀ ਖਰੀਦ ਵੱਲ ਰੁੱਖ ਕਰ ਲਿਆ ਹੈ। ਦੁਨੀਆਂ ਦੀ ਅਬਾਦੀ 8 ਅਰਬ ਨੂੰ ਪਾਰ ਕਰ ਗਈ ਹੈ ਜਿਸ ਕਰਕੇ ਵਿਸ਼ਵ ਦੀ ਅਬਾਦੀ ਸਾਹਮਣੇ ਭੋਜਨ ਦਾ ਸੰਕਟ ਵੀ ਗਹਿਰਾ ਹੁੰਦਾ ਜਾ ਰਿਹਾ ਹੈ। ਸਰਕਾਰ ਨੇ ਐਮ.ਐਸ.ਪੀ ਵਿੱਚ ਵੀ ਵਾਧਾ ਕੀਤਾ ਹੈ ।ਬਜ਼ਾਰ ਵਿੱਚ ਆਟਾ 28 ਰੁਪੈ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਕਣਕ ਦੀ ਖਰੀਦ ਮੁੱਲ ਵਿੱਚ ਵਾਧਾ ਹੋਣ ਨਾਲ ਆਉਂਦੇ ਸਾਲਾਂ ਵਿੱਚ ਕਣਕ ਅਤੇ ਆਟਾ ਵੀ ਹੋਰ ਮਹਿੰਗਾ ਹੋ ਜਾਵੇਗਾ। ਹੰਢੇ ਵਰਤੇ ਪ੍ਰਾਪਰਟੀ ਦੇ ਵਪਾਰੀ ਹੁਣ ਵੀ ਅੰਦਰਖਾਤੇ 2008 ਵਾਲੀ ਨੀਤੀ ‘ਤੇ ਅਮਲ ਕਰਨ ਲਈ ਤੁਰ ਪਏ ਹਨ।
ਖ਼ਬਰਾਂ ਤਾਂ ਇਹ ਵੀ ਹਨ ਕਿ ਰੂਸ ਅਤੇ ਯੂਕਰੇਨ ਦੀ ਜੰਗ ਦੇ ਚੱਲਦਿਆਂ ਵਿਸ਼ਵ ਪੱਧਰ ਤੇ ਸਪਲਾਈ ਕੀਤੀ ਜਾਣ ਵਾਲੀ ਕਣਕ ਦੀ ਕਮੀ ਤੋਂ ਬਾਅਦ , ਕਣਕ ਦੀਆਂ ਕੀਮਤਾਂ ਵਿੱਚ ਵਾਧਾ ਹੋਣਾ ਯਕੀਨੀ ਹੈ। ਜਿਸਦੇ ਨਤੀਜੇ ਵਜੋਂ ਐਮ ਐਸ ਪੀ ਤੋਂ ਵੱਧ ਕੀਮਤ ‘ਤੇ ਵੀ ਪ੍ਰਾਈਵੇਟ ਵਪਾਰੀਆਂ ਵੱਲੋਂ ਕਣਕ ਦੀ ਖਰੀਦ ਕੀਤੇ ਜਾਣ ਦੀਆਂ ਸੰਭਾਵਨਾਵਾਂ ਹਨ। ਜਿਸ ਨਾਲ ਮਹਿੰਗਾਈ ਵਿੱਚ ਵਾਧਾ ਹੋਵੇਗਾ ਅਤੇ ਵੱਡੇ ਪੱਧਰ ਉੱਤੇ ਬੇਰੁਜ਼ਗਾਰ, ਨੌਕਰੀਆਂ ਤੋਂ ਕੱਢੇ,ਗਰੀਬ ਅਤੇ ਆਮ ਲੋਕਾਂ ਉੱਤੇ ਬਹੁਤ ਮਾੜਾ ਅਸਰ ਪਵੇਗਾ । ਵੱਡੀਆਂ ਫਲੋਰ ਮਿੱਲਾਂ ਅਤੇ ਆਟਾ ਚੱਕੀਆਂ ਵੱਲੋਂ ਵੀ ਇਸੇ ਸਾਲ ਅਪ੍ਰੈਲ 2022 ਵਿੱਚ ਵੀ ਕਣਕ ਦੀ , ਐਮ ਐਸ ਪੀ ਤੋਂ ਵੱਧ ਕੀਮਤ ‘ਤੇ ਵੀ ਵੱਡੀ ਪੱਧਰ ‘ਤੇ ਖਰੀਦ ਕੀਤੀ ਗਈ ਸੀ ।
ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਮੰਦੀ ਦਾ ਟਾਕਰਾ ਕਰਨ ਲਈ ਅਗਾਊਂ ਯਤਨ ਵਜੋਂ , ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਨੇ  ਲੱਖਾਂ ਦੀ ਤਦਾਦ ਵਿੱਚ ਕਾਮਿਆਂ ਨੂੰ ਨੌਕਰੀਆਂ ਤੋਂ ਫਾਰਗ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਸਦੇ ਨਤੀਜੇ ਵਜੋਂ ਕੰਮ ਤੋਂ ਫਾਰਗ ਹੋਏ ਲੋਕਾਂ ਵਿੱਚ ਬੇਚੈਨੀ ਪਾਈ ਜਾ ਰਹੀ ਹੈ। ਮੰਦੀ ਦੀ ਲੰਮੀ ਮਿਆਦ ਨਾਲ ਨਿਪਟਣ ਲਈ ਬੇਰੁਜ਼ਗਾਰੀ ਤੇ ਮਹਿੰਗਾਈ ਦੇ ਝੰਬੇ ਹੋਏ ਲੋਕਾਂ ਕੋਲ ਵਿਆਹ ਸ਼ਾਦੀਆਂ ਜਾਂ ਦੁੱਖ ਸੁੱਖ ਮੌਕੇ ਆਪਣੀ ਜਾਇਦਾਦ ਵੇਚਣ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਹੁੰਦਾ। ਜਦੋਂ ਬਜ਼ਾਰ ਵਿੱਚ ਖਰੀਦਾਰੀ ਘਟਦੀ ਹੈ ਤਾਂ ਮਹਿੰਗਾਈ ਹੋਣ ਦੇ ਬਾਵਯੂਦ ਵੀ , ਜਾਇਦਾਦ ਦੀਆਂ ਕੀਮਤਾਂ ਉੱਤੇ ਮਾੜਾ ਅਸਰ ਪੈਂਦਾ ਹੈ ਜੋ ਮੰਦੀ ਦੇ ਮੌਸਮ ਵਿੱਚ , ਘਾਤਕ ਸਾਬਤ ਹੁੰਦਾ ਹੈ।
ਸੋ ਮੰਦੀ ਦੀ ਆਮਦ ਦੀ ਆਹਟ ਦੇ ਚੱਲਦਿਆਂ ਹੁਣ ਤੋਂ ਹੀ ‘ਮੱਥੇ ਵਿੱਚ ਜਗਦੀ ਤੀਜੀ ਅੱਖ’ ਵਾਲੇ ਲੋਕਾਂ ਨੇ , ਜ਼ਮੀਨਾਂ ਦੀ ਖਰੀਦ ਵੱਲ ਅੱਖ ਰੱਖ ਲਈ ਹੈ। ਜਿਸਦਾ ਅਸਰ ਕਣਕ ਦੀ ਬਿਜਾਈ ਤੋਂ ਬਾਅਦ ਵੱਡੇ ਪੱਧਰ ਉੱਤੇ ਵੇਖਣ ਨੂੰ ਮਿਲੇਗਾ।

Total Views: 65 ,
Real Estate