ਭਾਰਤ ਨੂੰ ਹਵਾਲਗੀ ਦੇ ਹੁਕਮਾਂ ਖ਼ਿਲਾਫ਼ ਨੀਰਵ ਮੋਦੀ ਨੇ ਬਰਤਾਨਵੀ ਸੁਪਰੀਮ ਕੋਰਟ ’ਚ ਅਪੀਲ ਕਰਨ ਦੀ ਇਜਾਜ਼ਤ ਮੰਗੀ

ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੇ ਲੰਡਨ ਦੇ ਹਾਈ ਕੋਰਟ ’ਚ ਅਰਜ਼ੀ ਦੇ ਕੇ ਆਪਣੀ ਭਾਰਤ ਨੂੰ ਹਵਾਲਗੀ ਦੇ ਹੁਕਮਾਂ ਖ਼ਿਲਾਫ਼ ਬਰਤਾਨੀਆ ਦੇ ਸੁਪਰੀਮ ਕੋਰਟ ’ਚ ਅਪੀਲ ਕਰਨ ਦੀ ਇਜਾਜ਼ਤ ਮੰਗੀ ਹੈ। ਲੰਡਨ ਦੀ ਹਾਈ ਕੋਰਟ ਨੇ ਪੰਜਾਬ ਨੈਸ਼ਨਲ ਬੈਂਕ ਕਰਜ਼ਾ ਘੁਟਾਲੇ ਦੇ ਮਾਮਲੇ ’ਚ ਕਰੀਬ ਦੋ ਅਰਬ ਡਾਲਰ ਦੀ ਠੱਗੀ ਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਹਾਲ ਹੀ ’ਚ ਨੀਰਵ ਮੋਦੀ ਨੂੰ ਭਾਰਤ ਹਵਾਲੇ ਕਰਨ ਦਾ ਹੁਕਮ ਦਿੱਤਾ ਸੀ। ਨੀਰਵ (51) ਇਸ ਸਮੇਂ ਲੰਡਨ ਦੀ ਵੈਂਡਸਵਰਥ ਜੇਲ੍ਹ ’ਚ ਬੰਦ ਹੈ। ਆਮ ਲੋਕਾਂ ਦੇ ਹਿੱਤਾਂ ਨਾਲ ਜੁੜੇ ਕਾਨੂੰਨ ਦੇ ਇੱਕ ਨੁਕਤੇ ਦੇ ਆਧਾਰ ’ਤੇ ਉਸ ਕੋਲ ਅਪੀਲ ਦਾਇਰ ਕਰਨ ਲਈ ਦੋ ਹਫ਼ਤੇ ਦਾ ਸਮਾਂ ਹੈ। ਬਰਤਾਨੀਆ ਦੇ ਗ੍ਰਹਿ ਮੰਤਰਾਲੇ ਨਾਲ ਜੁੜੇ ਸੂਤਰਾਂ ਅਨੁਸਾਰ ਨੀਰਵ ਨੂੰ ਭਾਰਤ ਹਵਾਲੇ ਕੀਤੇ ਜਾਣ ਦੇ ਰਾਹ ’ਚ ਅਜੇ ਵੀ ਕਈ ਕਾਨੂੰਨੀ ਅੜਿੱਕੇ ਹਨ। ਭਾਰਤੀ ਅਧਿਕਾਰੀਆਂ ਵੱਲੋਂ ਕੰਮ ਕਰ ਰਹੀ ਕ੍ਰਾਊਨ ਪ੍ਰੋਸੀਕਿਊਸ਼ਨ ਸਰਵਿਸ (ਸੀਪੀਐੱਸ) ਵੱਲੋਂ ਹੁਣ ਨੀਰਵ ਦੀ ਅਰਜ਼ੀ ’ਤੇ ਜਵਾਬ ਦਿੱਤੇ ਜਾਣ ਦੀ ਉਮੀਦ ਹੈ, ਜਿਸ ਮਗਰੋਂ ਹਾਈ ਕੋਰਟ ਦੇ ਜੱਜ ਲਿਖਤੀ ਫ਼ੈਸਲਾ ਦੇਣਗੇ।

Total Views: 52 ,
Real Estate