ਪਰਿਵਾਰ ਨਿਯੋਜਨ ਵਿਚ ਵਧੇ ਪੁਰਸ਼ਾਂ ਦੀ ਹਿੱਸੇਦਾਰੀ 

ਹਰ ਕੰਮ ਵਿਚ ਮੂਹਰਲੀ ਕਤਾਰ ਵਿਚ ਖੜਾ ਮਰਦ, ਪਰਿਵਾਰ ਨੂੰ ਸੰਭਾਲਣ ਵਿਚ ਸਹਿਯੋਗੀ ਅਤੇ ਪਰਿਵਾਰ ਨਿਯੋਜਨ ਦੇ ਮੁੱਦੇ ਤੇ ਪਿਛਲੀ ਸੀਟ ਤੇ ਨਜ਼ਰ ਆਉਂਦਾ ਹੈ। ਪਰਿਵਾਰ ਨਿਯੋਜਨ ਦੇ ਸਾਧਨ ਅਪਨਾਉਣ ਦੀ ਜਿੰਮੇਵਾਰੀ ਔਰਤਾਂ ਤੇ ਹੀ ਹੁੰਦੀ ਹੈ। ਪੁਰਸ਼ਾਂ ਨੂੰ ਪਰਿਵਾਰ ਨਿਯੋਜਨ ਦੇ ਸਥਾਈ ਸਾਧਨ ਅਪਨਾਉਣ ਲਈ ਪ੍ਰੇਰਿਤ ਕਰਨ ਅਤੇ ਇਸ ਮੁਹਿੰਮ ਨਾਲ ਜੋੜਨ ਲਈ ਸਿਹਤ ਵਿਭਾਗ ਵੱਲੋਂ ਪਿਛਲੇ ਕਈ ਸਾਲਾਂ ਤੋਂ ਨਸਬੰਦੀ ਪੰਦਰਵਾੜਾ 21 ਨਵੰਬਰ ਤੋਂ 4 ਦਸੰਬਰ ਤੱਕ ਮਨਾਇਆ ਜਾ ਰਿਹਾ ਹੈ। ਇਸ ਵਾਰ ਇਹ ਪੰਦਰਵਾੜਾ ‘ਹੁਣ ਪੁਰਸ਼ ਉਠਾਉਣਗੇ ਜਿੰਮੇਵਾਰੀ, ਅਪਣਾਓ ਪਰਿਵਾਰ ਨਿਯੋਜਨ ਅਤੇ ਵਖਾਓ ਆਪਣੀ ਭਾਗੀਦਾਰੀ’ ਵਿਸ਼ੇ ਨਾਲ ਮਨਾਇਆ ਜਾ ਰਿਹਾ ਹੈ। ਪੰਦਰਵਾੜੇ ਦੇ ਪਹਿਲੇ ਹਫ਼ਤੇ ਜਿੱਥੇ ਮਰਦਾਂ ਨੂੰ ਪਰਿਵਾਰ ਨਿਯੋਜਨ ਦੇ ਸਥਾਈ ਢੰਗ ਵਜੋਂ ਨਸਬੰਦੀ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ, ਉੱਥੇ ਦੂਜੇ ਹਫ਼ਤੇ ਸਿਹਤ ਸੰਸਥਾਵਾਂ ਵਿਖੇ ਵਿਸ਼ੇਸ਼ ਕੈਂਪ ਲਗਾ ਕੇ ਆਪ੍ਰੇਸ਼ਨ ਕਰਵਾਏ ਜਾਣਗੇ। ਜਿੱਥੇ ਔਰਤਾਂ ਲਈ ਪਰਿਵਾਰ ਨਿਯੋਜਨ ਦੇ ਕਈ ਤਰੀਕੇ ਹਨ ਜਿਵੇਂ ਕਿ ਕਾਪਰ-ਟੀ, ਗਰਭ ਨਿਰੋਧਕ ਗੋਲੀਆਂ – ਮਾਲਾ ਐਨ, ਛਾਇਆ, ਐਮਰਜੈਂਸੀ ਗਰਭ ਨਿਰੋਧਕ ਗੋਲੀਆਂ, ਹਰ ਤਿੰਨ ਮਹੀਨਿਆਂ ਦੇ ਅੰਤਰਾਲ ‘ਤੇ ਲਗਣ ਵਾਲਾ ਇੰਜੈਕਸ਼ਨ ਡੰਪਾ (ਅੰਤਰਾ)  ਅਤੇ ਨਲਬੰਦੀ ਆਦਿ ਉਪਲਬਧ ਹਨ, ਓਥੇ ਪੁਰਸ਼ਾਂ ਲਈ ਕੰਡੋਮ ਅਤੇ ਨਸਬੰਦੀ ਵਰਗੇ ਦੋ ਸਾਧਨ ਹੀ ਉਪਲਬਧ ਹਨ। ਮਰਦ ਕੰਡੋਮ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਦੇ ਹਨ ਜਾਂ ਉਹ ਮੰਨਦੇ ਹਨ ਕਿ ਉਨ੍ਹਾਂ ਦੀ ਮਹਿਲਾ ਸਾਥੀ ਨੂੰ ਹੀ ਪਰਿਵਾਰ ਨਿਯੋਜਨ ਦੇ ਇੱਕ ਜਾਂ ਦੂਜੇ ਸਾਧਨ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਸੋਚ ਦਾ ਸਭ ਤੋਂ ਵੱਡਾ ਕਾਰਨ ਸਾਡਾ ਰੂੜੀਵਾਦੀ ਮਰਦ ਪ੍ਰਧਾਨ ਸਮਾਜ ਅਤੇ ਇਸਦੀ ਔਰਤਾਂ ਪ੍ਰਤੀ ਕਦੇ ਨਾ ਬਦਲ ਰਹੀ ਸੋਚ ਹੈ।

ਸਮੇਂ ਦੇ ਬਦਲਣ ਨਾਲ ਇਨ੍ਹਾਂ ਚੀਜ਼ਾਂ ਵਿੱਚ ਕੁਝ ਬਦਲਾਅ ਆਇਆ ਹੈ। ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਦੇ ਹੋਏ ਮਰਦਾਂ ਨੇ ਪਰਿਵਾਰ ਨਿਯੋਜਨ ਦੇ ਇਸ ਸਥਾਈ ਤਰੀਕੇ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ ਪਰ ਅੱਜ ਵੀ ਇਸ ਵਿੱਚ ਵੱਡੇ ਸੁਧਾਰਾਂ ਦੀ ਲੋੜ ਹੈ। ਇਹ ਸੋਚ ਕਿਸੇ ਹੱਦ ਤੱਕ ਸਹੀ ਵੀ ਹੈ ਕਿ ਪਰਿਵਾਰ ਨਿਯੋਜਨ ਦੇ ਅਸਥਾਈ ਸਾਧਨ ਹੁੰਦੇ ਹੋਏ ਸਥਾਈ ਤਰੀਕੇ ਕਿਉਂ ਅਪਣਾਏ ਜਾਣ, ਪਰ ਇਹ ਕਿਸ ਹੱਦ ਤੱਕ ਸਹੀ ਹੈ ਕਿ ਸਿਰਫ਼ ਔਰਤਾਂ ਨੂੰ ਹੀ ਉਨ੍ਹਾਂ ਸਾਧਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਔਰਤਾਂ ਪਰਿਵਾਰ ਵਿੱਚ ਬੱਚੇ ਦੇ ਜਨਮ ਤੋਂ ਪਹਿਲਾਂ ਜਾਂ ਬਾਅਦ ਵਿੱਚ ਗਰਭ ਨਿਰੋਧਕ ਗੋਲੀਆਂ ਜਾਂ ਐਮਰਜੈਂਸੀ ਗਰਭ ਨਿਰੋਧਕ ਗੋਲੀਆਂ ਦੀ ਵਰਤੋਂ ਕਰਦੀਆਂ ਹਨ। ਇਨ੍ਹਾਂ ਗੋਲੀਆਂ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੁੰਦਾ। ਪਰ ਇੱਕ ਸੀਮਾ ਤੋਂ ਜਿਆਦਾ ਲਈ ਗਈ ਦਵਾਈ ਨੁਕਸਾਨ ਪਹੁੰਚਾ ਸਕਦੀ ਹੈ। ਇਹ ਗੋਲੀਆਂ ਤਾਂ ਨਿਯਮਤ ਤੌਰ ‘ਤੇ ਲੈਣੀਆਂ ਪੈਂਦੀਆਂ ਹਨ, ਕਾਪਰ-ਟੀ ਜਾਂ ਪੀਪੀਆਈਯੂਸੀਡੀ ਦੀ ਵਰਤੋਂ ਵਿਆਪਕ ਤੌਰ ‘ਤੇ ਕੀਤੀ ਜਾਂਦੀ ਹੈ ਪਰ ਸਿਰਫ ਔਰਤਾਂ ਨੂੰ ਇਨ੍ਹਾਂ ਦੀ ਵਰਤੋਂ ਕਰਨੀ ਪੈਂਦੀ ਹੈ, ਡੰਪਾ (ਅੰਤਰਾ) ਪਰਿਵਾਰ ਨਿਯੋਜਨ ਦਾ ਇੱਕ ਹੋਰ ਸਾਧਨ ਹੈ ਜੋ ਹਾਲ ਹੀ ਵਿੱਚ ਔਰਤਾਂ ਲਈ ਸ਼ੁਰੂ ਹੋਇਆ ਹੈ।

ਇੱਕ ਮਾਨਤਾ ਹੈ ਕਿ ਆਮ ਆਦਮੀ ਉਦੋਂ ਤੱਕ ਡਾਕਟਰ ਜਾਂ ਸਿਹਤ ਕੇਂਦਰ ਤੇ ਨਹੀਂ ਜਾਂਦਾ ਜਦੋਂ ਤੱਕ ਉਹ ਪੂਰੀ ਤਰ੍ਹਾਂ ਬਿਮਾਰ ਨਹੀਂ ਹੁੰਦਾ। ਉਹ ਵੀ ਬਿਨਾਂ ਕੁਝ ਕੀਤੇ ਦਵਾਈ ਖਾ ਕੇ ਠੀਕ ਹੋਣ ਦੀ ਕੋਸ਼ਿਸ਼ ਕਰਦਾ ਹੈ। ਇੱਕ ਸਿਹਤਮੰਦ ਔਰਤ ਕਿੰਨੀ ਦੇਰ ਤੱਕ ਗੋਲੀਆਂ ਜਾਂ ਟੀਕੇ ਲੈ ਸਕਦੀ ਹੈ ਅਤੇ ਇਸੇ ਲਈ ਕਿਸੇ ਦਬਾਅ ਹੇਠ ਜਾਂ ਆਪਣੀ ਸਿਹਤ ਬਾਰੇ ਸੋਚ ਕੇ ਉਹ ਨਲਬੰਦੀ ਕਰਵਾ ਲੈਂਦੀ ਹੈ। ਲੋੜ ਹੈ ਕਿ ਹੁਣ ਮਰਦਾਂ ਨੂੰ ਵੀ ਇਸ ਵਿੱਚ ਆਪਣੀ ਹਿੱਸੇਦਾਰੀ ਵਧਾਉਣੀ ਚਾਹੀਦੀ ਹੈ। ਪਰਿਵਾਰ ਨਿਯੋਜਨ ਦੇ ਸਥਾਈ ਸਾਧਨ ਬਹੁਤ ਹੀ ਸਧਾਰਨ ਅਤੇ ਪ੍ਰਭਾਵਸ਼ਾਲੀ ਹਨ ਅਤੇ ਉਹਨਾਂ ਦੇ ਅਸਫਲ ਹੋਣ ਦੀ ਸੰਭਾਵਨਾ ਜ਼ੀਰੋ ਦੇ ਬਰਾਬਰ ਹੈ। ਇਹ ਮੰਨਣਾ ਬਿਲਕੁੱਲ ਗਲਤ ਹੈ ਕਿ ਨਸਬੰਦੀ ਕਰਵਾਉਣ ਨਾਲ ਮਰਦਾਂ ਵਿੱਚ ਸਰੀਰਕ ਕਮਜ਼ੋਰੀ ਆ ਜਾਂਦੀ ਹੈ, ਇਸ ਦੇ ਉਲਟ ਆਪਣੇ ਆਪ ਨੂੰ ਸਿਹਤਮੰਦ ਅਤੇ ਫਿੱਟ ਰੱਖਣ ਲਈ ਮਰਦਾਂ ਕੋਲ ਔਰਤਾਂ ਨਾਲੋਂ ਵੱਧ ਤਰੀਕੇ ਹਨ ਤੇ ਔਰਤਾਂ ਆਪਣੇ ਨਾਲੋਂ ਪਰਿਵਾਰ ਦੀ ਸਿਹਤ ਤੇ ਜਿਆਦਾ ਧਿਆਨ ਦਿੰਦਿਆਂ ਹਨ। ਪਰਿਵਾਰ ਨਿਯੋਜਨ ਸਮੇਂ ਦੀ ਲੋੜ ਹੈ ਅਤੇ ਇਸਦੀ ਜਿੰਮੇਵਾਰੀ ਔਰਤਾਂ ਦੇ ਨਾਲ-ਨਾਲ ਮਰਦਾਂ ਦੀ ਵੀ ਬਰਾਬਰ ਹੈ। ਪਰਿਵਾਰ ਨਿਯੋਜਨ ਦੇ ਅਸਥਾਈ ਸਾਧਨਾਂ ਦੀ ਤਰਾਂ, ਸਥਾਈ ਸਾਧਨ ਵੀ ਬਰਾਬਰ ਦਾ ਮਹੱਤਵ ਰੱਖਦੇ ਹਨ। ਇਨ੍ਹਾਂ ਨੂੰ ਅਪਣਾ ਕੇ, ਬਿਨਾਂ ਕਿਸੇ ਚਿੰਤਾ ਦੇ ਪਰਿਵਾਰ ਦੀ ਯੋਜਨਾ ਬਣਾਉਂਦੇ ਹੋਏ ਵਿਆਹੁਤਾ ਜੀਵਨ ਦਾ ਆਨੰਦ ਮਾਣਿਆਂ ਜਾ ਸਕਦਾ ਹੈ। ਵੱਧਦੀ ਆਬਾਦੀ ਨੂੰ ਕੰਟਰੋਲ ਕਰਨ ਲਈ ਪਰਿਵਾਰ ਨਿਯੋਜਨ ਦੇ ਸਾਧਨਾਂ ਨੂੰ ਸਮਝਣਾ ਬਹੁਤ ਜਰੂਰੀ ਹੈ। ਛੋਟਾ ਪਰਿਵਾਰ ਸਮੇਂ ਦੀ ਜਰੂਰਤ ਹੈ ਤੇ ਇਹ ਓਦੋਂ ਹੀ ਸੰਭਵ ਹੈ ਜਦੋਂ ਪੁਰਸ਼ ਤੇ ਔਰਤ ਦੋਵਾਂ ਦੀ ਇਸ ਵਿਚ ਬਰਾਬਰ ਦੀ ਹਿੱਸੇਦਾਰੀ ਹੋਵੇ।

ਮਨਬੀਰ ਸਿੰਘ
Total Views: 175 ,
Real Estate