ਪੁਰਸ਼ਾਂ ਦੀ ਨਸਬੰਦੀ ਸਬੰਧੀ ਪੰਦਰਵਾੜਾ 21 ਨਵੰਬਰ ਤੋਂ 4 ਦਸੰਬਰ ਤੱਕ 

ਸ੍ਰੀ ਮੁਕਤਸਰ ਸਾਹਿਬ 21 ਨਵੰਬਰ (ਕੁਲਦੀਪ ਸਿੰਘ ਘੁਮਾਣ) ਸੀ ਐੱਚ ਸੀ ਚੱਕ ਸ਼ੇਰੇ ਵਾਲਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਜਤਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਨਸਬੰਦੀ ਪੰਦਰਵਾੜੇ ਸਬੰਧੀ ਸਟਾਫ਼ ਦੀ ਮੀਟਿੰਗ ਕੀਤੀ ਗਈ। ਇਸ ਮੌਕੇ ‘ਤੇ ਡਾ. ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ 21 ਨਵੰਬਰ ਤੋਂ 4 ਦਸੰਬਰ ਤੱਕ ਪੁਰਸ਼ਾਂ ਦੀ ਨਸਬੰਦੀ ਸਬੰਧੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਜਿਸ ਦਾ ਮੁੱਖ ਉਦੇਸ਼ ਨਸਬੰਦੀ ਬਾਰੇ ਸਮਾਜ ਖ਼ਾਸ ਕਰਕੇ ਯੋਗ ਜੋੜਿਆਂ ਵਿੱਚ ਚੇਤਨਾ ਲਿਆਉਣਾ ਅਤੇ ਪੁਰਸ਼ਾਂ ਵੱਲੋਂ ਪੁਰਸ਼ ਨਸਬੰਦੀ ਨੂੰ ਸਵੀਕਾਰ ਕਰਨ ਲਈ ਪ੍ਰੇਰਿਤ ਕਰਨਾ ਹੈ। ਇਹ ਨਸਬੰਦੀ ਪੰਦਰਵਾੜਾ ਮੁਹਿੰਮ ਥੀਮ “ਹੁਣ ਪੁਰਸ਼ ਉਠਾਉਣਗੇ ਜਿੰਮੇਵਾਰੀ, ਪਰਿਵਾਰ ਨਿਯੋਜਨ ਅਪਣਾਓ ਅਤੇ ਵਖਾਓ ਆਪਣੀ ਭਾਗੀਦਾਰੀ” ਦੇ ਨਾਲ ਚਲਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਮਾਮੂਲੀ ਚੀਰਾ ਰਹਿਤ ਆਪੇ੍ਸ਼ਨ ਹੈ ਅਤੇ ਕੋਈ ਟਾਂਕਾ ਨਹੀਂ ਲਗਾਇਆ ਜਾਂਦਾ ਹੈ। ਜਿਸ ਦੇ ਕਰਵਾਉਣ ਨਾਲ ਪੁਰਸ਼ ਨੂੰ ਕੋਈ ਵੀ ਤਕਲੀਫ ਨਹੀਂ ਹੁੰਦੀ ਅਤੇ ਆਪੇ੍ਸ਼ਨ ਕਰਵਾਉਣ ਤੋਂ ਬਾਅਦ ਵਿਅਕਤੀ ਆਪਣੇ ਰੋਜ਼ਾਨਾ ਦੇ ਕੰਮ ਪਹਿਲਾਂ ਦੀ ਤਰਾਂ ਕਰ ਸਕਦਾ ਹੈ । ਇਸ ਲਈ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਆਪੇ੍ਸ਼ਨ ਕਰਵਾਉਣ ਲਈ ਪੇ੍ਰਿਤ ਕੀਤਾ ਜਾਵੇ ਤਾਂ ਜੋ ਵਧ ਰਹੀ ਆਬਾਦੀ ਨੂੰ ਠੱਲ੍ਹ ਪਾਈ ਜਾ ਸਕੇ। ਇਸ ਤੋਂ ਡਰਨ ਅਤੇ ਘਬਰਾਉਣ ਦੀ ਜ਼ਰੂਰਤ ਨਹੀ ਹੈ। ਬੀ.ਈ.ਈ ਮਨਬੀਰ ਸਿੰਘ ਨੇ ਕਿਹਾ ਕਿ ਪੁਰਸ਼ ਨਸਬੰਦੀ ਨੂੰ ਲੈ ਕੇ ਸਮਾਜ ਵਿੱਚ ਫੈਲੀਆਂ ਗਲਤ ਧਾਰਨਾਵਾਂ ਨੂੰ ਦੂਰ ਕਰਨ ਦੀ ਜ਼ਰੂਰਤ ਹੈ, ਇਸ ਲਈ ਛੋਟਾ ਪਰਿਵਾਰ ਸੁਖੀ ਪਰਿਵਾਰ ਦੀ ਧਾਰਨਾ ਨੂੰ ਸਾਕਾਰ ਕਰਨ ਲਈ ਪੁਰਸ਼ਾਂ ਨੂੰ ਅੱਗੇ ਵਧ ਕੇ ਜ਼ਿੰਮੇਵਾਰੀ ਉਠਾਉਣੀ ਚਾਹੀਦੀ ਹੈ। ਉਨ੍ਹਾਂ ਸਮੂਹ ਸਿਹਤ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਯੋਗ ਜੋੜਿਆਂ ਨੂੰ ਗਰੁੱਪ ਮੀਟਿੰਗਾਂ ਰਾਹੀਂ ਛੋਟਾ ਪਰਿਵਾਰ ਸੁਖੀ ਪਰਿਵਾਰ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਜਾਵੇ ਅਤੇ ਪਰਿਵਾਰ ਭਲਾਈ ਦੇ ਕੱਚੇ ਤੇ ਪੱਕੇ ਸਾਧਨਾਂ ਨੂੰ ਅਪਣਾਉਣ ਸਬੰਧੀ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਨੂੰ ਚੀਰਾ ਰਹਿਤ ਨਸਬੰਦੀ ਕਰਵਾਉਣ ਲਈ ਮਰਦਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਪ੍ਰੇਰਨਾ ਵੀ ਦਿੱਤੀ ਜਾਵੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਨਸਬੰਦੀ ਆਪ੍ਰੇਸ਼ਨ ਕਰਵਾਉਣ ਵਾਲੇ ਵਿਅਕਤੀ ਨੂੰ 1100 ਰੁਪਏ ਵਿੱਤੀ ਸਹਾਇਤਾ ਅਤੇ ਆਪ੍ਰੇਸ਼ਨ ਲਈ ਪ੍ਰੇਰਿਤ ਕਰਨ ਵਾਲੇ ਵਿਅਕਤੀ ਨੂੰ 200 ਰੁਪਏ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਨਿਯੋਜਨ ਵਿਚ ਮਰਦਾਂ ਦੀ ਭਾਗੀਦਾਰੀ ਬੜਾ ਅਹਿਮ ਰੋਲ ਅਦਾ ਕਰ ਸਕਦੀ ਹੈ। ਇਸ ਮੀਟਿੰਗ ਵਿਚ ਡਾ. ਵਰੁਣ ਵਰਮਾ ਮੈਡੀਕਲ ਅਫਸਰ, ਪਰਮਜੀਤ ਸਿੰਘ ਐਸ.ਆਈ, ਕਰਮਜੀਤ ਸਿੰਘ ਫਾਰਮੈਸੀ ਅਫਸਰ, ਬਲਵਿੰਦਰ ਸਿੰਘ ਫਾਰਮੈਸੀ ਅਫਸਰ, ਗੁਰਪਾਲ ਸਿੰਘ ਉਪਵੈਦ, ਮਨਜੀਤ ਸਿੰਘ ਮਲਟੀ ਪਰਪਜ਼ ਹੈਲਥ ਵਰਕਰ (ਮੇਲ), ਅਮਨਦੀਪ ਕੌਰ ਏ.ਐਨ.ਐਮ, ਬਲਵਿੰਦਰ ਕੌਰ ਏ.ਐਨ.ਐਮ, ਸੁਸ਼ਮਾ ਅਕਾਊਂਟੈਂਟ, ਚਰਨਜੀਤ ਕੌਰ ਏ.ਐਨ.ਐਮ, ਸਰਬਜੀਤ ਕੌਰ ਏ.ਐਨ.ਐਮ, ਗੁਰਤੇਜ ਸਿੰਘ ਅਤੇ ਹੋਰ ਸਟਾਫ ਮੌਜੂਦ ਸੀ।

Total Views: 156 ,
Real Estate