ਕੋਟਕਪੂਰਾ ਫਾਜਿਲਕਾ ਰੇਲ ਸੈਕਸ਼ਨ ‘ਤੇ ਜਿਲ੍ਹਾ ਹੈਡ ਕੁਆਟਰ ਮੁਕਤਸਰ ਦੇ,ਮੁਸਾਫ਼ਰ ਪਲੇਟਫਾਰਮ ਵਿਚ ਵਾਧਾ ਕਰਨ ਦੀ ਮੰਗ


ਸ੍ਰੀ ਮੁਕਤਸਰ ਸਾਹਿਬ 20 ਨਵੰਬਰ ( ਕੁਲਦੀਪ ਸਿੰਘ ਘੁਮਾਣ ) ਨਾਰਦਨ ਰੇਲਵੇ ਪੈਸੰਜਰ ਸੰਮਤੀ ਦੇ ਪ੍ਰਧਾਨ ਵਿਨੋਦ ਕੁਮਾਰ ਭਵਨੀਆਂ ਅਤੇ ਜਨਰਲ ਸਕੱਤਰ ਸ਼ਾਮ ਲਾਲ ਗੋਇਲ ਨੇ ਰੇਲ ਮੰਤਰੀ ਭਾਰਤ ਸਰਕਾਰ, ਜਨਰਲ ਮੈਨੇਜਰ ਉੱਤਰੀ ਰੇਲਵੇ ਅਤੇ ਮੰਡਲ ਰੇਲਵੇ ਮੈਨੇਜਰ ਫਿਰੋਜ਼ਪੁਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਬੂੜਾ ਗੁੱਜਰ ਰੋਡ ਤੋਂ ਜਲਾਲਾਬਾਦ ਰੋਡ ਫਾਟਕ ਤੱਕ 640 ਮੀਟਰ ਲੰਬੇ ਦੋ ਮੁਸਾਫਰ ਪਲੇਟਫਾਰਮ ਬਣਾਏ ਜਾਣ ਅਤੇ ਮੁਕਤਸਰ ਰੇਲਵੇ ਸਟੇਸ਼ਨ ਤੋਂ ਰੇਲਵੇ ਗੁੱਡਸ ਯਾਰਡ ਤਬਦੀਲ ਕਰਕੇ ਬਲਮਗੜ੍ਹ ਰੇਲਵੇ ਸਟੇਸ਼ਨ ‘ਤੇ ਤਬਦੀਲ ਕੀਤਾ ਜਾਵੇ। ਤਾਂ ਕਿ ਫਾਜਿਲਕਾ ਸ੍ਰੀ ਮੁਕਤਸਰ ਸਾਹਿਬ ਨੂੰ ਪੰਜਾਬ ਦੀ ਰਾਜਧਾਨੀ ਚੰਡੀਗੜ ਅਤੇ ਦੇਸ਼ ਦੀ ਰਾਜਧਾਨੀ ਦਿੱਲੀ ਰੇਲ ਨੈਟਵਰਕ ਨਾਲ ਜੋੜਨ ਦਾ ਰਾਹ ਪੱਧਰਾ ਹੋ ਸਕੇ।
ਜ਼ਿਕਰਯੋਗ ਹੈ ਕਿ ਭਾਰਤੀ ਰੇਲਵੇ ਨੂੰ ਭਾਰਤ ਦੀ ਲਾਈਨ ਲਾਇਨ ਕਿਹਾ ਜਾਂਦਾ ਹੈ। ਭਾਰਤ ਵਿਚ ਸਫ਼ਰ ਲਈ ਜਿਆਦਾਤਰ ਲੋਕ ਰੇਲ ਗੱਡੀ ਦੀ ਵਰਤੋ ਤੋਂ ਕਰਦੇ ਹਨ । ਇਹੀ ਕਾਰਨ ਹੈ ਕਿ ਭਾਰਤੀ ਰੇਲਵੇ ਨੈਟਵਰਕ ਦੀ ਗਿਣਤੀ ਦੁਨੀਆਂ ਦੇ ਵੱਡੇ ਰੇਲ ਨੈਟਵਰਕਾਂ ਵਿਚ ਹੁੰਦੀ ਹੈ। ਇਥੇ ਰੋਜਾਨਾ ਲੱਖਾਂ ਲੋਕ ਇਸ ਵਿਚ ਸਫ਼ਰ ਕਰਦੇ ਹਨ। ਭਾਰਤ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਵਿਚ ਭਾਰਤੀ ਰੇਲਵੇ ਦਾ ਵੱਡਾ ਹੱਥ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਵੱਡੇ-ਵੱਡੇ ਰੇਲਵੇ ਕੋਰੀਡੋਰ ਬਣਾਏ ਜਾ ਰਹੇ ਹਨ ।
ਮੁਕਤਸਰ ਸਾਹਿਬ ਜੋ ਜਿਲ੍ਹਾ ਹੈਡ ਕੁਆਰਟਰ ਅਤੇ ਆਦਰਸ਼ ਰੇਲਵੇ ਸਟੇਸ਼ਨ ਹੋਣ ਦੇ ਨਾਲ ਨਾਲ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਅਤੇ ਇਹ ਰੇਲਵੇ ਸਟੇਸ਼ਨ ਕੋਟਕਪੂਰਾ –ਫਾਜਿਲਕਾ ਰੇਲ ਸੈਕਸ਼ਨ ਵਿਚ ਸਥਿਤ ਹੈ। ਜਿਥੇ ਫਾਟਕ ਨੰਬਰ ਏ-29 ਅਤੇ ਬੀ-30 ਦਾ ਫਾਸਲਾ 700 ਮੀਟਰ ਹੈ। ਸਾਲ 1902 ਵਿਚ ਰੇਲਵੇ ਵਿਭਾਗ ਨੇ ਇਸ ਸਟੇਸ਼ਨ ਨੂੰ ਦੋ ਹਿੱਸਿਆਂ ਵਿਚ ਵੰਡ ਦਿਤਾ।  250 ਮੀਟਰ ਰੇਲਵੇ ਗੁੱਡਸ ਯਾਰਡ ਅਤੇ 250 ਮੀਟਰ ਪੈਸੰਜਰ ਪਲੇਟਫਾਰਮ । ਇਹ ਦੋਵੇਂ ਪਲੇਟਫਾਰਮ ਮੀਟਰ ਗੇਜ ਸਮੇਂ ਦੇ ਬਣਾਏ ਹੋਏ ਹਨ । ਸਮੇਂ ਸਮੇਂ ਸਿਰ ਰੇਲ ਨੈਟਵਰਕ ਵਿਚ ਵਾਧਾ ਹੁੰਦਾ ਗਿਆ। 1902 ਵਿਚ ਮੁਕਤਸਰ ਟਾਊਨ ਦੀ ਅਬਾਦੀ 6400 ਦੇ ਲਗਭਗ ਸੀ ਜੋ ਕਿ ਹੁਣ ਵੱਧ ਕੇ ਕਰੀਬ 1,50,000 ਹੋ ਗਈ ਹੈ।  250 ਮੀਟਰ ਵਾਲੀ ਮਾਲ ਗੱਡੀ ਦੀ ਲੰਬਾਈ ਵੱਧ ਕੇ 690 ਮੀਟਰ ਅਤੇ ਸਵਾਰੀ ਗੱਡੀ ਦੀ ਲੰਬਾਈ 500 ਮੀਟਰ ਤੋ 640 ਮੀਟਰ ਤੱਕ ਹੋ ਗਈ ।  ਇਸੇ ਤਰ੍ਹਾਂ ਭਾਫ਼ ਵਾਲੇ ਇੰਜਣ ਤੋਂ ਡੀਜਲ ਇੰਜਣ, ਡੀਜਲ ਇੰਜਣ ਤੋਂ ਇਲੈਕਟ੍ਰੀਕਲ ਇੰਜਣ ਅਤੇ ਮੀਟਰ ਗੇਜ਼ ਤੋਂ ਬਰਾਡ ਗੇਜ਼ ਲਾਈਨ ਹੋ ਗਈ ਹੈ ਪਰ ‘ਕੋਟਕਪੂਰਾ-ਫਾਜਿਲਕਾ’ ਰੇਲ ਸੈਕਸ਼ਨ ‘ਤੇ ਬਰੀਵਾਲਾ , ਮੁਕਤਸਰ ਅਤੇ ਲੱਖੇਵਾਲੀ ਦੇ ਮੁਸਾਫਰ ਪਲੇਟਫਾਰਮਾਂ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ।
ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪੇਂਡੂ ਹਾਲਟ ਸਟੇਸ਼ਨ ਭਾਗਸਰ ਆਦਿ ਦੇ ਪਲੇਟਫਾਰਮ ਉੱਚੇ ਕੀਤੇ ਜਾਣ ਤਾਂ ਜੋ ਮੁਸਾਫਰ/ ਬਜੂਰਗ ਸੌਖੇ ਚੜ੍ਹ ਉਤਰ ਸਕਣ।

Total Views: 220 ,
Real Estate