ਗੂਗਲ, ਫੇਸਬੁੱਕ ਤੇ ਟਵਿੱਟਰ ਭਾਰਤ ਲਈ ਮੁੱਖ ਚੁਣੌਤੀ : RSS

ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਇੱਕ ਸੀਨੀਅਰ ਅਹੁਦੇਦਾਰ ਨੇ ਗੂਗਲ, ਫੇਸਬੁੱਕ ਅਤੇ ਟਵਿੱਟਰ ਨੂੰ ਭਾਰਤ ਲਈ ਮੁੱਖ ਚੁਣੌਤੀ ਕਰਾਰ ਦਿੰਦਿਆਂ, ਇਸਲਾਮਿਕ ਕੱਟੜਪੰਥੀਆਂ, ਪ੍ਰਚਾਰਕਾਂ, ਸਭਿਆਚਾਰਕ ਮਾਰਕਸਵਾਦੀਆਂ ਨੂੰ ਵੀ ਭਾਰਤ ਲਈ ਖਤਰਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਤੰਤਰ ਨੂੰ ਤੋੜਨ ਕਰ ਕੇ ਹੀ ਆਜ਼ਾਦੀ ਤੋਂ ਬਾਅਦ ਅਗਲੇ 25 ਸਾਲਾਂ ਵਿੱਚ ਭਾਰਤ ਇਕ ਵਿਸ਼ਵ ਸ਼ਕਤੀ ਵਜੋਂ ਉੱਭਰਿਆ ਸੀ। ਨਵੀਂ ਦਿੱਲੀ ਆਰਐੱਸਐੱਸ ਨਾਲ ਸਬੰਧਤ ਸੰਸਥਾ ਸ਼ਿਕਸ਼ਾ ਸੰਸਕ੍ਰਿਤੀ ਉੱਥਾਨ ਨਿਆਸ ਵੱਲੋਂ ਕਰਵਾਏ ਗਏ ਇਕ ਪ੍ਰੋਗਰਾਮ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਦੀ ਹਾਜ਼ਰੀ ਵਿੱਚ ਸੰਬੋਧਨ ਕਰਦਿਆਂ ਆਰਐੱਸਐੱਸ ਦੇ ਜਨਰਲ ਸਕੱਤਰ ਅਰੁਣ ਕੁਮਾਰ ਨੇ ਕਿਹਾ ਕਿ ਇਹ ਚਾਰੋਂ ਤਾਕਤਾਂ ਮਿਲ ਕੇ ‘‘ਰਾਸ਼ਟਰਵਾਦ ਦੀ ਵਿਚਾਰਧਾਰਾ ਨੂੰ ਪੁਨਰ ਸੁਰਜੀਤ ਹੋਣ ਤੋਂ ਰੋਕ ਰਹੀਆਂ ਹਨ ਤੇ ਉਹ ਇਸ ਨੂੰ ਉਸ ਵਿਸ਼ਵ ਲਈ ਖਤਰਾ ਸਮਝਦੀਆਂ ਹਨ ਜੋ ਕਿ ਤੇਜ਼ੀ ਨਾਲ ਭਾਰਤ ਦੀ ਰੂਹਾਨੀਅਤ ਤੇ ਫਲਸਫੇ ਨੂੰ ਅਪਣਾ ਰਿਹਾ ਹੈ।’’ ਅਰੁਣ ਕੁਮਾਰ ਨੇ ਕਿਹਾ, ‘‘ਇਸਲਾਮਿਕ ਕੱਟੜਪੰਥੀਆਂ, ਪ੍ਰਚਾਰਕਾਂ, ਆਲਮੀ ਪੱਧਰ ਦੇ ਪੂੰਜੀਵਾਦੀਆਂ ਅਤੇ ਸਭਿਆਚਾਰਕ ਮਾਰਕਸਵਾਦੀਆਂ ਨੇ ਇਕ ਚੁਗਿਰਦਾ ਬਣਾਇਆ ਹੋਇਆ ਹੈ। ਉਨ੍ਹਾਂ ਦੀ ਜ਼ਮੀਨੀ ਪੱਧਰੀ ’ਤੇ ਮੌਜੂਦਗੀ ਨਹੀਂ ਹੈ ਪਰ ਉਨ੍ਹਾਂ ਦੀ ਅਕਾਦਮਿਕ, ਮੀਡੀਆ ਅਤੇ ਆਲਮੀ ਤਕਨੀਕੀ ਦਿੱਗਜਾਂ ਵਿੱਚ ਮਜ਼ਬੂਤ ਪਕੜ ਹੈ। ਇਹ ਤਾਕਤਾਂ ਭਾਰਤੀ ਰਾਸ਼ਟਰਵਾਦ ਨੂੰ ਵਿਸ਼ਵ ਲਈ ਇਕ ਖਤਰਾ ਸਮਝਦੀਆਂ ਹਨ ਅਤੇ ਇਸ ਕਰ ਕੇ ਕਦੇ ਸਾਨੂੰ ਬਹੁਮਤਵਾਦੀ ਤਾਂ ਕਦੇ ਘੱਟ ਗਿਣਤੀਆਂ ਵਿਰੋਧੀਆਂ ਦਾ ਨਾਂ ਦਿੰਦੀਆਂ ਹਨ। ਉਹ ਸਾਨੂੰ ਉਲਝਾਉਣ ਦੀ ਕੋਸ਼ਿਸ਼ ਕਰਦੇ ਹਨ। ਸਫਲਤਾ ਹਾਸਲ ਕਰਨ ਲਈ ਸਾਨੂੰ ਇਨ੍ਹਾਂ ਚੁਣੌਤੀਆਂ ’ਤੇ ਜਿੱਤ ਹਾਸਲ ਕਰਨੀ ਹੋਵੇਗੀ।’’ ਸੰਘ ਦੇ ਚੋਟੀ ਦੇ ਆਗੂ ਜੋ ਕਿ ਭਾਜਪਾ ਤੇ ਆਰਐੱਸਐੱਸ ਵਿਚਾਲੇ ਕੋਆਰਡੀਨੇਟਰ ਵੀ ਹਨ, ਨੇ ਦੇਸ਼ ਅਤੇ ਕੌਮੀ ਸਿੱਖਿਆ ਨੀਤੀ ਦੇ ਲਾਗੂਕਰਨ ਲਈ ਤਿੰਨ ਚੁਣੌਤੀਆਂ ਨੂੰ ਸੂਚੀਬੱਧ ਕੀਤਾ। ਅਰੁਣ ਕੁਮਾਰ ਨੇ ਕਿਹਾ, ‘‘ਅੱਗੇ ਵਧਣ ਲਈ ਤਿੰਨ ਤੰਤਰ ਤੋੜਨੇ ਜ਼ਰੂਰੀ ਹਨ। ਪਹਿਲਾ ਹੈ ਅਕਾਦਮਿਕ ਵਿਚਲਾ ਤੰਤਰ। ਇਸ ਨੂੰ ਤੋੜਨ ਲਈ ਸਾਨੂੰ ਮੁੱਢਲਾ ਡੇਟਾ ਤਿਆਰ ਕਰਨਾ ਹੋਵੇਗਾ।’’ ਉਨ੍ਹਾਂ, ‘‘ਅਕਾਦਮਿਕ, ਮੀਡੀਆ ਤੇ ਆਲਮੀ ਤਕਨੀਕੀ ਦਿੱਗਜਾਂ ਦੇ ਗੱਠਜੋੜ’ ਨੂੰ ਦੂਜਾ ਤੰਤਰ ਕਰਾਰ ਦਿੱਤਾ ਅਤੇ ਕਿਹਾ ਕਿ ਇਸ ਨੂੰ ਤੋੜਨਾ ਬਹੁਤ ਜ਼ਰੂਰੀ ਹੈ।’’ ਇਸ ਤੋਂ ਪਹਿਲਾਂ ਨੋਬਲ ਪੁਰਸਕਾਰ ਜੇਤੂ ਕੈਲਾਸ਼ ਸਤਿਆਰਥੀ ਨੇ ਵੀ ‘ਗਿਆਨੋਤਸਵ ਪ੍ਰੋਗਰਾਮ’ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਧਰਮ, ਕਦਰਾਂ-ਕੀਮਤਾਂ ਅਤੇ ਸਭਿਆਚਾਰ ਸਿੱਖਿਆ ਦੇ ਅਟੁੱਟ ਅੰਗ ਹਨ। ਇਸੇ ਦੌਰਾਨ ਕੇਂਦਰੀ ਮੰਤਰੀ ਨਰੇਂਦਰ ਤੋਮਰ ਨੇ ਕਿਹਾ ਕਿ ਸਿੱਖਿਆ ਰੁਜ਼ਗਾਰ ਤੇ ਕਦਰਾਂ-ਕੀਮਤਾਂ ਦੇਣ ਵਾਲੀ ਹੋਣੀ ਚਾਹੀਦੀ ਹੈ। ਮੰਤਰੀ ਨੇ ਕਿਹਾ ਕਿ ਅਜਿਹੇ ਪੜ੍ਹੇ-ਲਿਖੇ ਵਿਅਕਤੀ ਦਾ ਕੀ ਫਾਇਦਾ ਜੋ ਆਪਣੇ ਮਾਪਿਆਂ ਨੂੰ ਹੀ ਛੱਡ ਦੇਵੇ। ਇਸ ਦੌਰਾਨ ਨਿਆਸ ਦੇ ਸਕੱਤਰ ਅਤੁਲ ਕੋਠਾਰੀ ਨੇ ਵੀ ਸੰਬੋਧਨ ਕੀਤਾ।

Total Views: 105 ,
Real Estate