ਸ੍ਰੀ ਮੁਕਤਸਰ ਸਾਹਿਬ ਦੇ ਰੇਲਵੇ ਗੁਡਜ ਯਾਰਡ ਨੂੰ ਰੇਲਵੇ ਸਟੇਸ਼ਨ ਤੋਂ ਬਲਮਗੜ੍ਹ ਤਬਦੀਲ ਕਰਨ ਦੀ ਮੰਗ


ਬੂੜਾ ਗੁੱਜਰ ਫਾਟਕ ਬੰਦ ਰਹਿਣ ਕਾਰਨ ਦੋਵੇਂ ਪਾਸੇ ਲੱਗਦਾ ਲੰਮਾਂ ਜਾਮ
ਰੇਲਵੇ ਗੁੱਡਜ ਯਾਰਡ ਤੱਕ ਟਰੱਕਾਂ ਦਾ ਪਹੁੰਚਣਾ ਹੋਇਆ ਮੁਸ਼ਕਿਲ
ਸ੍ਰੀ ਮੁਕਤਸਰ ਸਾਹਿਬ 16 ਨਵੰਬਰ ( ਕੁਲਦੀਪ ਸਿੰਘ ਘੁਮਾਣ )  ਨੈਸ਼ਨਲ ਕੰਜਿਊਮਰ ਅਵੇਰਨੈਸ ਗਰੁੱਪ ਦੇ ਜ਼ਿਲਾ ਪ੍ਰਧਾਨ ਸ਼ਾਮ ਲਾਲ ਗੋਇਲ ਨੇ , ਰੇਲ ਮੰਤਰੀ ਭਾਰਤ ਸਰਕਾਰ, ਜਨਰਲ ਮੈਨੇਜਰ ਉਤਰੀ ਰੇਲਵੇ ਨਵੀਂ ਦਿੱਲੀ, ਮੈਨੇਜਰ ਰੇਲਵੇ ਮੰਡਲ ਫਿਰੋਜ਼ਪੁਰ , ਡਿਪਟੀ ਕਮਿਸ਼ਨਰ ਤੇ ਕਾਰਜ ਸਾਧਕ ਅਫ਼ਸਰ ਨਗਰ ਕੌਸਲ ਸ੍ਰੀ ਮੁਕਤਸਰ ਤੇ ਹੋਰ ਉਚ ਅਧਿਕਾਰੀਆਂ ਨੂੰ ਇੱਕ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਸ੍ਰੀ ਮੁਕਤਸਰ ਸਾਹਿਬ ਦਾ ਰੇਲਵੇ ਗੁੱਡਜ ਯਾਰਡ , ਮੁਕਤਸਰ ਤੋਂ ਬਲਮਗੜ੍ਹ ਸਾਈਡ ਤਬਦੀਲ ਕਰਨ ਦੀ ਮੰਗ ਕੀਤੀ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਸਾਲ 1902 ਦਾ ਰੇਲਵੇ ਗੁਡਜ ਯਾਰਡ ਬਣਿਆ ਹੋਇਆ ਹੈ। ਜਿਸਨੂੰ ਲੱਗਭੱਗ 120 ਸਾਲ ਦਾ ਸਮਾਂ ਹੋ ਗਿਆ ਹੈ । ਜਿਸ ਕਰਕੇ ਰੇਲਵੇ ਗੁੱਡਜ਼ ਯਾਰਡ ਦੀ ਇਮਾਰਤ ਬਹੁਤ ਖਸਤਾ ਹਾਲਤ ਵਿਚ ਹੈ । ਪੁਲ ਦੀ ਉਸਾਰੀ ਕਾਰਨ ਇਹ ਰੇਲਵੇ ਯਾਰਡ ਵੀ ਹੁਣ ਬੰਦ ਹੋ ਚੁੱਕਿਆ ਹੈ।
ਸਾਲ 1995 ਤੋਂ  ਮੀਟਰ ਗੇਜ ਰੇਲਵੇ ਲਾਈਨ ਤੋਂ ਬਰਾਡ ਗੇਜ਼ ਲਾਈਨ ਵਿਚ ਬਦਲਣ ਨਾਲ ਮਾਲ ਗੱਡੀਆਂ ਵਿਚ ਬੇਤਹਾਸ਼ਾ ਵਾਧਾ ਹੋਇਆ ਹੈ। ਰੇਲਵੇ ਗੁਡਜ ਯਾਰਡ ਵਿਚ ਫਾਟਕ ਨੰਬਰ ਏ. 29 ਤੋਂ ਪੀ.ਕੇ.9 ਕਾਂਟੇ ਤੱਕ ਗੁੱਡਜ ਲਾਈਨ ਦੀ ਲੰਬਾਈ 568 ਮੀਟਰ ਹੈ। ਜਦਕਿ ਮਾਲ ਗੱਡੀ ਦੀ ਲੰਬਾਈ 690 ਮੀਟਰ ਹੈ।  ਜਦ ਮਾਲ ਗੱਡੀ ਆ ਕੇ ਗੁੱਡਜ ਲਾਈਨ ਨੰਬਰ 3 ਦੇ ਕਾਂਟੇ ‘ਤੇ ਰੁਕਦੀ ਹੈ ਤਾਂ ਮਾਲ ਗੱਡੀ ਦਾ 122 ਫੁੱਟ ਹਿੱਸਾ ਫਾਟਕ ਤੋਂ ਵੀ ਅਗਾਂਹ ਜਾ ਕੇ ਖੜਾ ਹੋ ਜਾਂਦਾ ਹੈ।  ਜਿਸ ਕਾਰਨ ਫਾਟਕ , ਦੋ ਤੋਂ ਢਾਈ ਘੰਟੇ ਬੰਦ ਰਹਿੰਦਾ ਹੈ ਅਤੇ ਟੈ੍ਰਫਿਕ ਜਾਮ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਫਾਟਕ ਉਨ੍ਹਾਂ ਚਿਰ ਨਹੀਂ ਖੁੱਲਦਾ ਜਿੰਨੀ ਦੇਰ ਮਾਲ ਗੱਡੀ ਦੀ ਸ਼ੰਟਿੰਗ ਹੁੰਦੀ ਹੈ। ਰੇਲਵੇ ਗੁੱਡਜ ਯਾਰਡ ਵਿਚ ਸਲਾਨਾ 100 ਦੇ ਕਰੀਬ ਖਾਦ ਦੇ ਰੈਕ ਅਨਲੋਡ ਅਤੇ 180 ਦੇ ਕਰੀਬ ਫੂਡ ਗਰੇਨ ਦੇ ਰੈਕ ਲੋਡ ਹੋ ਕੇ ਦੂਜੇ ਰਾਜਾਂ ਨੂੰ ਜਾਂਦੇ ਹਨ। ਮਾਲ ਦੀ ਢੋਆ ਢੁਆਈ ਲਈ ਕਰੀਬ 600 ਟਰੱਕ ਤੇ ਟਰਾਲੀਆਂ ਖਾਦ ਲੈ ਕੇ ਜਾਂਦੀਆਂ ਹਨ ਅਤੇ ਐਨੇ ਹੀ ਟਰੱਕ ਟਰਾਲੀਆਂ ਫੂਡ ਗਰੇਨ ਲੋਡ ਕਰਨ ਲਈ ਲੈਕੇ ਆਉਂਦੀਆਂ ਹਨ। ਸਾਲ 1995 ਵਿਚ ਮਾਲ ਭਾੜੇ ਤੋਂ ਮੁਕਤਸਰ ਰੇਲਵੇ ਸਟੇਸ਼ਨ ਦੀ ਆਮਦਨ 8-9 ਕਰੋੜ ਰੁਪਏ ਸਲਾਨਾ ਸੀ ਜੋ ਸਾਲ 2021-22 ਵਿਚ ਵਧ ਕੇ 325 ਕਰੋੜ ਰੁਪਏ ਸਲਾਨਾ ਹੋ ਗਈ ਅਤੇ ਮੁਕਤਸਰ ਰੇਲਵੇ ਮੰਡਲ ਫਿਰੋਜ਼ਪੁਰ ਵਿਚੋਂ ਆਮਦਨ ਪੱਖੋਂ ਦੂਜੇ ਨੰਬਰ ’ਤੇ ਆਉਂਦਾ ਹੈ। ਜਲਾਲਾਬਾਦ ਰੋਡ ’ਤੇ ਪੁਲ ਦੀ ਉਸਾਰੀ ਕਾਰਨ ਫਾਟਕ 13 ਫਰਵਰੀ 2019 ਤੋਂ ਪੱਕੇ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ। ਜਿਸ ਕਾਰਨ ਇਸ ਫਾਟਕ ਦੇ ਰੋਜ਼ਾਨਾ 65 ਹਜ਼ਾਰ ਟੀਯੂਵੀ ਟੈ੍ਰਫਿਕ ਨੂੰ ਬੂੜਾ ਗੁੱਜਰ ਰੋਡ ਅਤੇ ਮੌੜ ਰੋਡ ’ਤੇ ਡਾਈਵਰਟ ਕਰ ਦਿੱਤਾ। ਮਾਲ ਦੀ ਢੋਆ ਢੁਆਈ ਕਰਕੇ ਮੌਜੂਦਾ ਰੇਲਵੇ ਗੁੱਡਜ ਯਾਰਡ ਤੱਕ ਟਰੱਕਾਂ ਦੀ ਆਵਾਜਾਈ ਵਿਚ ਮੁਸ਼ਕਿਲ ਪੇਸ਼ ਆਉਂਦੀ ਹੈ ਜਿਸ ਕਰਕੇ ਹਰ ਰੋਜ਼ ਦੁਰਘਟਨਾਵਾਂ ਹੁੰਦੀਆਂ ਹਨ ਅਤੇ ਕਈ ਮੌਤਾਂ ਹੋ ਚੁੱਕੀਆਂ ਹਨ। ਇਸ ਸਮੇਂ ਸ਼ਹਿਰ ਦਾ ਵੱਡਾ ਵਪਾਰ ਨਵੀਂ ਦਾਣਾ ਮੰਡੀ  ਅਤੇ ਬਲਮਗੜ੍ਹ ਦਿਸ਼ਾ ਵੱਲ ਹੈ। ਨੈਸ਼ਨਲ ਕੰਜਿਊਮਰ ਅਵੇਰਨੈਸ ਗਰੁੱਪ ਦੇ ਜ਼ਿਲਾ ਪ੍ਰਧਾਨ ਸ਼ਾਮ ਲਾਲ ਗੋਇਲ, ਬਲਦੇਵ ਸਿੰਘ ਬੇਦੀ, ਗੋਬਿੰਦ ਸਿੰਘ ਦਾਬੜਾ, ਜਸਵੰਤ ਸਿੰਘ ਬਰਾੜ, ਭੰਵਰ ਲਾਲ ਸ਼ਰਮਾ, ਬਲਜੀਤ ਸਿੰਘ, ਸੁਭਾਸ਼ ਚਗਤੀ, ਕਾਲਾ ਸਿੰਘ ਬੇਦੀ ਵੱਲੋਂ ਇੱਕ ਮਤਾ ਪਾਸ ਕਰਕੇ, ਰੇਲ ਮੰਤਰੀ ਭਾਰਤ ਸਰਕਾਰ, ਜਨਰਲ ਮੈਨੇਜਰ ਉਤਰੀ ਰੇਲਵੇ ਨਵੀਂ ਦਿੱਲੀ, ਮੈਨੇਜਰ ਰੇਲਵੇ ਮੰਡਲ ਫਿਰੋਜਪੁਰ  , ਡਿਪਟੀ ਕਮਿਸ਼ਨਰ ਤੇ ਕਾਰਜ ਸਾਧਕ ਅਫ਼ਸਰ ਨਗਰ ਕੌਸਲ ਸ੍ਰੀ ਮੁਕਤਸਰ ਅਤੇ ਹੋਰ ਉਚ ਅਧਿਕਾਰੀਆਂ ਨੂੰ ਭੇਜ ਕੇ, ਮੰਗ ਕਰਨ ਦੇ ਨਾਲ ਹੀ ਸ਼ਹਿਰ ਵਾਸੀਆਂ ਤੇ ਰਾਜਨੀਤਿਕ ਆਗੂਆਂ ਨੂੰ ਬੇਨਤੀ ਕੀਤੀ ਹੈ ਕਿ  ਮੁਕਤਸਰ ਦਾ ਰੇਲਵੇ ਗੁੱਡਜ ਯਾਰਡ ਬਲਮਗੜ੍ਹ ਸਾਈਡ ਸ਼ਿਫ਼ਟ ਕੀਤਾ ਜਾਵੇ। ਰਜ਼ਨੀਸ਼ ਗਿਰਧਰ ਕਾਰਜ ਸਾਧਕ ਅਫ਼ਸਰ ਨੇ ਦੱਸਿਆ ਕਿ ਇਸ ਸਬੰਧ ਵਿਚ ਨਗਰ ਕੌਂਸਲ ਵੱਲੋਂ ਮਤਾ ਪਾਸ ਕਰਕੇ ਰੇਲਵੇ ਵਿਭਾਗ ਅਤੇ ਡਿਪਟੀ ਕਮਿਸ਼ਨਰ ਨੂੰ ਭੇਜ ਦਿੱਤਾ ਜਾਵੇਗਾ।

Total Views: 125 ,
Real Estate