ਗੈਂਗਸਟਰ ਟੀਨੂੰ ਨੂੰ ਭੱਜਣ ‘ਚ ਮਦਦ ਕਰਨ ਦੇ ਦੋਸ਼ ਹੇਠ 3 ਹੋਰ ਗ੍ਰਿਫਤਾਰ

ਪੰਜਾਬ ਪੁਲਿਸ ਵੱਲੋਂ ਚੱਲ ਰਹੀ ਜਾਂਚ ਦੌਰਾਨ ਮਾਨਸਾ ਵਿੱਚ ਪੁਲਿਸ ਹਿਰਾਸਤ ਵਿੱਚੋਂ ਗੈਂਗਸਟਰ ਦੀਪਕ ਟੀਨੂੰ ਨੂੰ ਭੱਜਣ ਵਿੱਚ ਮਦਦ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਇਨ੍ਹਾਂ ਦੇ ਕਬਜ਼ੇ ‘ਚੋਂ ਵਾਰਦਾਤ ‘ਚ ਵਰਤੀ ਗਈ ਕਾਲੇ ਰੰਗ ਦੀ ਸਕੋਡਾ ਕਾਰ, ਜਿਸ ਦਾ ਰਜਿਸਟ੍ਰੇਸ਼ਨ ਨੰਬਰ PB11CJ 1563 ਹੈ, ਵੀ ਬਰਾਮਦ ਕੀਤੀ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕੁਲਦੀਪ ਸਿੰਘ ਉਰਫ਼ ਕੋਹਲੀ, ਰਾਜਵੀਰ ਸਿੰਘ ਉਰਫ਼ ਕਾਜ਼ਮਾ ਅਤੇ ਰਜਿੰਦਰ ਸਿੰਘ ਉਰਫ਼ ਗੋਰਾ ਵਾਸੀ ਲੁਧਿਆਣਾ ਵਜੋਂ ਹੋਈ ਹੈ। ਕੁਲਦੀਪ ਕੋਹਲੀ ਜਿੰਮ ਦਾ ਮਾਲਕ ਹੈ ਅਤੇ ਜਿੰਮ ਚਲਾਉਣ ਦੀ ਆੜ ਵਿੱਚ ਨਸ਼ਿਆਂ ਦਾ ਕਾਰੋਬਾਰ ਕਰਦਾ ਸੀ। ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਚੱਲ ਰਹੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਤਿੰਨੋਂ ਮੁਲਜ਼ਮ ਟੀਨੂੰ ਦੇ ਨਜ਼ਦੀਕੀ ਸਾਥੀ ਸਨ ਅਤੇ ਉਨ੍ਹਾਂ ਨੇ ਟੀਨੂੰ ਨੂੰ ਪੁਲਿਸ ਹਿਰਾਸਤ ਵਿੱਚੋਂ ਭੱਜਣ ਵਿੱਚ ਮਦਦ ਕੀਤੀ ਸੀ, ਜਿਸ ਉਪਰੰਤ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਅਤੇ ਵਿਸ਼ੇਸ਼ ਜਾਂਚ ਟੀਮ (ਐਸ।ਆਈ।ਟੀ।) ਨੇ ਇਨ੍ਹਾਂ ਨੂੰ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ 1 ਅਕਤੂਬਰ ਨੂੰ ਦੀਪਕ ਟੀਨੂੰ ਨੇ ਕੋਹਲੀ ਨੂੰ ਮਹਿਲਾ ਸਾਥੀ ਭੇਜਣ ਲਈ ਕਿਹਾ ਸੀ, ਜਿਸ ਨੇ ਸੀਆਈਏ ਮਾਨਸਾ ਵਿਖੇ ਆਪਣੇ ਸਾਥੀਆਂ ਸਮੇਤ ਟੀਨੂੰ ਦੇ ਭੱਜਣ ਵਿਚ ਮਦਦ ਕੀਤੀ ਸੀ। ਉਨ੍ਹਾਂ ਦੱਸਿਆ ਕਿ ਰਾਜਵੀਰ ਸਿੰਘ ਨੇ ਆਪਣੇ ਸਾਥੀ ਗਗਨਦੀਪ ਖਹਿਰਾ ਵਾਸੀ ਲੁਧਿਆਣਾ ਨਾਲ ਮਿਲ ਕੇ ਜ਼ੀਰਕਪੁਰ ਤੋਂ ਮਹਿਲਾ ਸਾਥੀ ਨੂੰ ਆਪਣੇ ਨਾਲ ਲਿਆ ਅਤੇ ਕੋਹਲੀ ਵੱਲੋਂ ਦਿੱਤੇ ਕੱਪੜਿਆਂ ਦੇ ਬੈਗ ਸਮੇਤ ਸੀਆਈਏ ਮਾਨਸਾ ਨੇੜੇ ਛੱਡ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਟੀਮਾਂ ਗਗਨਦੀਪ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ। ਡੀਜੀਪੀ ਨੇ ਦੱਸਿਆ ਕਿ ਮੁਲਜ਼ਮ ਕੁਲਦੀਪ ਕੋਹਲੀ ਪਿਛਲੇ ਦੋ ਸਾਲਾਂ ਤੋਂ ਦੀਪਕ ਟੀਨੂੰ ਦੇ ਸੰਪਰਕ ਵਿੱਚ ਸੀ, ਜਦੋਂ ਉਹ ਦੋਵੇਂ ਕਪੂਰਥਲਾ ਜੇਲ੍ਹ ਵਿੱਚ ਬੰਦ ਸਨ। ਉਹਨਾਂ ਕਿਹਾ ਕਿ ਕੋਹਲੀ ਨੂੰ ਸਾਲ 2021 ਵਿੱਚ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ ਸੀ, ਜਿਸ ਉਪਰੰਤ ਉਹ ਟੀਨੂੰ ਦੇ ਹਰਿਆਣਾ ਅਧਾਰਤ ਸਾਥੀਆਂ ਨਾਲ ਮਿਲ ਕੇ ਸਰਹੱਦ ਪਾਰੋਂ ਨਸ਼ਾ ਤਸਕਰੀ ਵਿੱਚ ਸ਼ਾਮਲ ਹੋ ਗਿਆ।

Total Views: 195 ,
Real Estate