ਘਟਦੀ ਅਬਾਦੀ ਤੋਂ ਪ੍ਰੇਸ਼ਾਨ ਪੁਤਿਨ : ਰੂਸ ‘ਚ 10 ਬੱਚੇ ਪੈਦਾ ਕਰਨ ਵਾਲਿਆਂ ਨੂੰ 13 ਲੱਖ ਇਨਾਮ ਦਾ ਐਲਾਨ

ਰੂਸ ਦੀ ਘਟਦੀ ਆਬਾਦੀ ਤੋਂ ਦੇਸ਼ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਸ ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਨੇ ਇਸ ਸੰਕਟ ਵਿੱਚੋਂ ਨਿਕਲਣ ਲਈ ਲੋਕਾਂ ਨੂੰ 10 ਬੱਚੇ ਪੈਦਾ ਕਰਨ ਲਈ ਕਿਹਾ ਹੈ। ਅਜਿਹਾ ਕਰਨ ‘ਤੇ ਇੱਕ ਔਰਤ ਨੂੰ 13 ਲੱਖ ਦਿੱਤੇ ਜਾਣਗੇ। 10 ਬੱਚਿਆਂ ਨੂੰ ਜਨਮ ਦੇਣ ਵਾਲੀਆਂ ਔਰਤਾਂ ਨੂੰ ‘ਮਦਰ ਹੀਰੋਇਨ’ ਨਾਮ ਦਾ ਐਵਾਰਡ ਵੀ ਦਿੱਤਾ ਜਾਵੇਗਾ। ਇਹ ਐਵਾਰਡ ਦੂਜੇ ਵਿਸ਼ਵ ਯੁੱਧ ਦੌਰਾਨ ਵੀ ਔਰਤਾਂ ਨੂੰ ਦਿੱਤਾ ਗਿਆ ਸੀ। ਉਸ ਵੇਲੇ ਵੀ ਰੂਸ ਦੀ ਆਬਾਦੀ ਤੇਜ਼ੀ ਨਾਲ ਘਟ ਰਹੀ ਸੀ। ਰੂਸ ਨੇ 1991 ਵਿੱਚ ਸੋਵੀਅਤ ਸੰਘ ਦੇ ਟੁੱਟਣ ਤੋਂ ਬਾਅਦ ਇਹ ਐਵਾਰਡ ਦੇਣਾ ਬੰਦ ਕਰ ਦਿੱਤਾ ਸੀ। ਪੁਤਿਨ ਨੇ 15 ਅਗਸਤ ਨੂੰ ਇੱਕ ਫ਼ਰਮਾਨ ਜਾਰੀ ਕੀਤਾ। ਇਸ ਦੇ ਮੁਤਾਬਕ ਔਰਤਾਂ ਨੂੰ ਪੂਰੀ ਰਕਮ ਇੱਕੋ ਵਾਰ ਦਿੱਤੀ ਜਾਵੇਗੀ। ਇਹ ਰਕਮ 10ਵੇਂ ਬੱਚੇ ਦੇ ਇੱਕ ਸਾਲ ਦੇ ਹੋਣ ਤੋਂ ਬਾਅਦ (10ਵੇਂ ਬੱਚੇ ਦੇ ਪਹਿਲੇ ਜਨਮਦਿਨ ‘ਤੇ) ਮਾਂ ਦੇ ਖਾਤੇ ਵਿੱਚ ਟਰਾਂਸਫਰ ਕੀਤੀ ਜਾਵੇਗੀ। ਜੇ ਮਾਂ ਕਿਸੇ ਹਮਲੇ ਵਿੱਚ ਆਪਣਾ ਬੱਚਾ ਗੁਆ ਬੈਠਦੀ ਹੈ ਜਾਂ ਕਿਸੇ ਕਾਰਨ ਬੱਚੇ ਦੀ ਮੌਤ ਹੋ ਜਾਂਦੀ ਹੈ ਤਾਂ ਵੀ ਮਾਂ ਨੂੰ ਪੂਰੇ ਪੈਸੇ ਦਿੱਤੇ ਜਾਣਗੇ।
ਰੂਸੀ ਰਾਜਨੀਤੀ ਅਤੇ ਸੁਰੱਖਿਆ ਮਾਹਿਰ ਡਾਕਟਰ ਜੇਨੀ ਮੈਥਰਸ ਨੇ ਇਸ ਫੈਸਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਅਸਲ ਵਿੱਚ ਬਹੁਤ ਨਿਰਾਸ਼ਾਜਨਕ ਕਦਮ ਹੈ। ਮੇਰਾ ਮਤਲਬ ਇਹ ਹੈ ਕਿ ਰੂਸ ਦੀ ਆਬਾਦੀ ਯਕੀਨੀ ਤੌਰ ‘ਤੇ ਘਟੀ ਹੈ। 1990 ਦੇ ਦਹਾਕੇ ਤੋਂ, ਆਬਾਦੀ ਨੂੰ ਵਧਾਉਣ ਦੇ ਯਤਨ ਕੀਤੇ ਗਏ ਹਨ। ਰੂਸ-ਯੂਕਰੇਨ ਯੁੱਧ ਤੋਂ ਬਾਅਦ ਸਥਿਤੀ ਹੋਰ ਮੁਸ਼ਕਲ ਹੋ ਗਈ ਹੈ। ਕਈ ਰੂਸੀ ਸੈਨਿਕ ਆਪਣੀ ਜਾਨ ਗੁਆ ​​ਚੁੱਕੇ ਹਨ। ਕੋਰੋਨਾ ਵਾਇਰਸ ਨੇ ਵੀ ਲੋਕਾਂ ਦੀ ਜਾਨ ਲੈ ਲਈ ਹੈ। ਇਹ ਔਰਤਾਂ ਨੂੰ ਵੱਡੇ ਪਰਿਵਾਰ ਬਣਾਉਣ ਲਈ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ, ਪਰ ਸਿਰਫ਼ ਪੈਸਿਆਂ ਲਈ 10 ਬੱਚੇ ਕਿਵੇਂ ਪੈਦਾ ਕੀਤੇ ਜਾ ਸਕਦੇ ਹਨ। ਇਸ ਦੌਰਾਨ ਉਹ ਸਾਰੇ ਕਿੱਥੇ ਰਹਿਣ ਵਾਲੇ ਹਨ? ਰੂਸ ਵਿੱਚ ਬਹੁਤ ਸਾਰੀਆਂ ਆਰਥਿਕ, ਸਮਾਜਿਕ ਅਤੇ ਸਿਆਸੀ ਸਮੱਸਿਆਵਾਂ ਹਨ।

Total Views: 110 ,
Real Estate