ਬਾਪੂ ਬਲਵੰਤ ਸਿੰਘ ਦਾ ਮ੍ਰਿਤਕ ਸ਼ਰੀਰ ਏਮਜ ਬਠਿੰਡਾ ਨੂੰ ਮੈਡੀਕਲ ਖੋਜ ਕਾਰਜਾਂ ਲਈ ਪ੍ਦਾਨ ਕੀਤਾ


ਬਠਿੰਡਾ, 19 ਜੂਨ, ਬਲਵਿੰਦਰ ਸਿੰਘ ਭੁੱਲਰ
ਸ੍ਰ ਬਲਵੰਤ ਸਿੰਘ ਜੀ ਦੀ ਮੌਤ ਉਪਰੰਤ ਪਿਤਾ ਦੀ ਅੰਤਿਮ ਇੱਛਾ ਅਨੁਸਾਰ ਉਹਨਾਂ ਦੇ ਪੁੱਤਰਾਂ ਡਾ: ਬਲਜਿੰਦਰ ਸਿੰਘ ਤੇ ਬਲਜੀਤ ਸਿੰਘ ਉਹਨਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜ ਕਾਰਜਾਂ ਅਤੇ ਮਨੁੱਖਤਾ ਦੀ ਭਲਾਈ ਹਿੱਤ ਆਲ ਇੰਡੀਆ ਮੈਡੀਕਲ ਸਾਇੰਸ (ਏਮਜ)ਬਠਿੰਡਾ ਨੂੰ ਸਮੂਹ ਪਰਿਵਾਰ ਦੀ ਸਹਿਮਤੀ ਨਾਲ ਪ੍ਦਾਨ ਕੀਤੀ। ਸਰੀਰਦਾਨੀ ਬਾਪੂ ਬਲਵੰਤ ਸਿੰਘ ਨੇ ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਮਰਹੂਮ ਸਰੀਰਦਾਨੀ ਕ੍ਰਿਸ਼ਨ ਬਰਗਾੜੀ ਦੇ 2002 ਵਿੱਚ ਸੀ ਐਮ ਸੀ ਲੁਧਿਆਣਾ ਨੂੰ ਪ੍ਦਾਨ ਕੀਤੇ ਮ੍ਰਿਤਕ ਸਰੀਰ ਬਾਰੇ ਜਾਣਕੇ ਸੰਨ 2004 ਵਿੱਚ ਆਪਣੀ ਮੌਤ ਉਪਰੰਤ ਆਪਣਾ ਸਰੀਰਦਾਨ ਕਰਵਾਏ ਜਾਣ ਸਬੰਧੀ ਹਲਫਨਾਮਾ ਤਰਕਸ਼ੀਲ ਸੁਸਾਇਟੀ ਪੰਜਾਬ ਰਜਿ ਇਕਾਈ ਬਠਿੰਡਾ ਨੂੰ ਦਿੱਤਾ ਸੀ।
87 ਸਾਲਾ ਬਾਪੂ ਬਲਵੰਤ ਸਿੰਘ ਦੀ ਮੌਤ ਹੋਣ ਉਪਰੰਤ ਉਹਨਾਂ ਦਾ ਮ੍ਰਿਤਕ ਸ਼ਰੀਰ ਤਰਕਸ਼ੀਲ ਆਗੂਆਂ ਰਾਜਪਾਲ ਸਿੰਘ, ਮਾ ਗਿਆਨ ਸਿੰਘ, ਰਾਮ ਸਿੰਘ ਨਿਰਮਾਣ, ਕੁਲਵੰਤ ਸਿੰਘ, ਮੇਜਰ ਗਹਿਰੀ,ਬਿਕਰਮਜੀਤ , ਕੇਵਲ ਕ੍ਰਿਸ਼ਨ ਬੱਬੂ , ਕਲਵਿੰਦਰ ਹੈਪੀ ਅਤੇ ਇਕਾਈ ਮੁਖੀ ਹਾਕਮ ਸਿੰਘ ਰਾਂਹੀ ਏਮਜ ਬਠਿੰਡਾ ਨੂੰ ਪ੍ਦਾਨ ਕੀਤਾ।ਇਸ ਮੌਕੇ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਮੁਖਤਿਆਰ ਸਿੰਘ ਪੂਹਲਾ,ਜਮਹੂਰੀ ਅਧਿਕਾਰ ਸਭਾ ਤੋਂ ਪੁਜੇ ਪ੍ਰਿਤਪਾਲ ਸਿੰਘ,ਪ੍ਧਾਨ ਬੱਗਾ ਸਿੰਘ, ਡਾਕਟਰ ਅਜੀਤ ਪਾਲ ਸਿੰਘ ਮੰਦਰ ਜੱਸੀ ਤੋਂ ਇਲਾਵਾ ਸੁਖਮੰਦਰ ਸਿੰਘ ਸਮੇਤ ਕਈ ਜਨਤਕ ਜਥੇਬੰਦੀਆਂ ਦੇ ਆਗੂਆਂ ਦੀ ਹਾਜਰੀ ਅਤੇ ਸਹਿਯੋਗ ਰਿਹਾ। ਵਰਨਣ ਯੋਗ ਹੈ ਕਿ ਸਰੀਰਦਾਨੀ ਬਾਪੂ ਬਲਵੰਤ ਸਿੰਘ ਜੀ ਦੇ ਛੋਟੇ ਭਾਈ ਸਾਹਿਬ ਕੁਲਵੰਤ ਸਿੰਘ ਜੀ ਦਾ ਵੀ 2017 ਵਿੱਚ ਉਹਨਾਂ ਦੀ ਆਪਣੀ ਇੱਛਾ ਤੇ ਫੁੱਲ ਚੜਾਉਂਦਿਆਂ ਪਰਿਵਾਰ ਨੇ ਮ੍ਰਿਤਕ ਸ਼ਰੀਰ ਮੈਡੀਕਲ ਖੋਜ ਕਾਰਜਾਂ ਲਈ ਆਦੇਸ਼ ਮੈਡੀਕਲ ਕਾਲਜ ਨੂੰ ਪ੍ਦਾਨ ਕੀਤਾ ਸੀ।
ਬਾਪੂ ਬਲਵੰਤ ਸਿੰਘ ਦੀ ਮ੍ਰਿਤਕ ਦੇਹ ਨੂੰ ਏਮਜ ਬਠਿੰਡਾ ਵੱਲ ਅੰਤਿਮ ਵਿਦਾਇਗੀ ਦੇਣ ਤੋਂ ਪਹਿਲਾਂ ਤਰਕਸ਼ੀਲ ਜੋਨ ਬਠਿੰਡਾ ਦੇ ਆਗੂ ਰਾਮ ਸਿੰਘ ਨਿਰਮਾਣ ਚੁੱਘੇ ਕਲਾਂ ਨੇ ਸਮੂਹ ਹਾਜਰੀਨ ਨਾਲ ਸਰੀਰਦਾਨ ਦੀ ਮਹੱਤਤਾ ਨੂੰ ਸਾਂਝਾ ਕਰਦਿਆਂ ਪਰਿਵਾਰ ਦੇ ਵੱਡੇ ਹੌਸਲੇ ਅਤੇ ਨਵੀਆਂ ਪਿਰਤਾਂ, ਨਵੀਆਂ ਲੀਹਾਂ ਪਾਉਣ ਦੇ ਫੈਸਲੇ ਦੀ ਦਾਦ ਦਿੰਦਿਆ ਆਖਿਆ ਕਿ ਕਦੇ ਆਖਿਆ ਜਾਂਦਾ ਸੀ ਕਿ “ਤੇਰਾ ਚੰਮ ਨਹੀਂ ਕਿਸੇ ਕੰਮ ਆਉਣਾ,ਪਸ਼ੂਆਂ ਦੇ ਹੱਡ ਵਿਕਦੇ” ਪਰ ਅੱਜ ਅੰਗ ਦਾਨ ਅਤੇ ਸਮੁੱਚਾ ਸਰੀਰ ਦਾਨ ਕਰਨ ਵਾਲੇ ਮਹਾਨ ਤੇ ਮਨੁੱਖਤਾ ਦੀ ਭਲਾਈ ਕਰਨ ਹਿਤ ਸੋਚਣ ਵਾਲੇ ਅਗਾਂਹ ਵਧੂ ਸੋਚ ਰੱਖਣ ਵਾਲੇ ਵਿਅਕਤੀਆਂ ਨੇ ਅਜ ਤੱਕ ਸੈਕੜੇ ਸਰੀਰਦਾਨ ਕਰਕੇ ਇਹ ਸਿੱਧ ਕਰ ਦਿਤਾ ਹੈ ਕਿ “ਤੇਰਾ ਚੰਮ ਵੀ ਜਰੂਰ ਕੰਮ ਆਊ,ਮਨੁੱਖੀ ਅੰਗ ਕੰਮ ਆਉਂਦੇ ਐ,ਸਰੀਰਦਾਨ ਦਾਨ ਜੋ ਕਰਨ ਮਹਾਂ ਦਾਨੀ ਉਹ ਮੌਤ ਪਿੱਛੋਂ ਵੀ ਜਿਉਂਦੇ ਐ।”
ਸ਼੍ਰੀ ਨਿਰਮਾਣ ਨੇ ਦੱਸਿਆ ਕਿ ਸਰੀਰ ਮੈਡੀਕਲ ਖੋਜ ਹਿਤ ਪ੍ਦਾਨ ਕਰਨ ਨਾਲ ਸੰਸਕਾਰ ਕਰਨ ਬਾਅਦ ਵਾਲੀਆਂ ਮ੍ਰਿਤਕ ਦੇਹ ਦੇ ਫੁੱਲ (ਅਰਥੀਆਂ)ਚੁਗਣ ,ਫੁੱਲ ਪ੍ਰਵਾਹ ਕਰਨ ਲਈ ਨਹਿਰਾਂ ਆਦਿ ਵਿੱਚ ਤੈਰਾਉਣ ਤੇ ਪਾਣੀ ਅਤੇ ਵਾਤਾਵਰਣ ਪ੍ਰਦੂਸ਼ਣ ਹੋਣ ਵਾਲੀਆਂ ਰਵਾਇਤੀ ਰਸਮਾਂ ਤੇ ਅੰਧਵਿਸ਼ਵਾਸੀ ਕਰਮ ਕਾਂਡ ਵੀ ਆਪਣੇ ਆਪ ਸਮਾਪਤ ਹੋ ਜਾਂਦੇ ਹਨ।
ਬਾਪੂ ਜੀ ਦਾ ਮ੍ਰਿਤਕ ਸ਼ਰੀਰ ਏਮਜ ਬਠਿੰਡਾ ਨੂੰ ਸੌਂਪਣ ਸਮੇ ਮੈਡੀਕਲ ਕਾਲਜ ਦੇ ਅਨਾਟਮੀ ਵਿਭਾਗ ਦੇ ਡਾਕਟਰ ਹਰ ਸਿਮਰਨ ਜੀਤ ਸਿੰਘ ਨੇ “ਸਰੀਰਦਾਨੀਆਂ ਦੀ ਸਮਾਜ ਨੂੰ ਦੇਣ” ਸਬੰਧੀ ਵਿਚਾਰ ਰੱਖੇ। ਵਿਭਾਗ ਵਲੋ ਬਾਡੀ ਡੋਨੇਸ਼ਨ ਲੈਣ ਸਬੰਧੀ ਇੰਨਚਾਰਜ ਡਾ• ਨਵਿਤਾ ਅਗਰਵਾਲ ਜੀ ਨੇ ਪਰਿਵਾਰ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਸਮੇਤ ਸਾਰੇ ਮੌਜੂਦ ਆਗੂਆਂ ਦਾ ਧੰਨਵਾਦ ਕੀਤਾ ਅਤੇ ਇਕ ਰੁੱਖ ਦਾ ਬੂਟਾ ਪਰਿਵਾਰ ਨੂੰ ਸਰੀਰਦਾਨੀ ਦੀ ਯਾਦ ਵਿਚ ਲਾਉਣ ਲਈ ਭੇਂਟ ਕਰਦਿਆਂ ਕਿਹਾ ਕਿ ਤੁਸੀਂ ਮੈਡੀਕਲ ਖੋਜ ਹਿਤ ਸਰੀਰਦਾਨ ਦਾ ਫੈਸਲਾ ਕਰਕੇ ਰਵਾਇਤੀ ਢੰਗ ਨਾਲ ਦਾਹ ਸੰਸਕਾਰ ਨਾ ਕਰਕੇ ਇੱਕ ਰੁੱਖ ਨੂੰ (ਲੱਕੜਾਂ ਸਾੜਨ ਵਾਸਤੇ)ਖਤਮ ਕਰਨ ਦੀ ਥਾਂ ਬਚਾਇਆ ਹੈ ਤੇ ਇਸ ਰੁੱਖ ਨੂੰ ਪਾਲ ਕੇ ਤੁਸੀਂ ਪ੍ਰਦੂਸ਼ਣ ਰੋਕਣ ਵਿੱਚ ਹੋਰ ਯੋਗਦਾਨ ਪਾਓਗੇ। ਏਮਜ ਬਠਿੰਡਾ ਵਿੱਚ ਇਸ ਮੌਕੇ ਹੋਰ ਲੇਡੀ ਡਾਕਟਰ ਤੋਂ ਇਲਾਵਾ ਵਿਭਾਗ ਦੀ ਮੁਖੀ ਡਾਕਟਰ ਪ੍ਰੀਤੀ ਚੌਧਰੀ ਵੀ ਮੌਜੂਦ ਸਨ।

Total Views: 208 ,
Real Estate