ਖਾਲਿਸਤਾਨ ਦੀ ਲਹਿਰ ਆਖਿ਼ਰ ਹੈ ਕਿੱਥੇ ?

Khalistan Flag

#ਸੁਖਨੈਬ_ਸਿੰਘ_ਸਿੱਧੂ
ਪੰਜਾਬ ਇੱਕ ਵਾਰ ‘ਖਾਲਿਸਤਾਨ’ ਕਰਕੇ ਚਰਚਾ ਚ ਹੈ। ਅਸਲ ਇਹ ਚਰਚਾ ਨੈਸ਼ਨਲ ਮੀਡੀਆ ਅਤੇ ਸੋਸ਼ਲ ਮੀਡੀਆ ‘ਚ ਹੈ , ਆਮ ਲੋਕਾਂ ਦਾ ਇਹਦੇ ਨਾਲ ਕੋਈ ਬਹੁਤ ਸਰੋਕਾਰ ਨਹੀਂ । ਨੈਸ਼ਨਲ ਮੀਡੀਆ ( ਗੋਦੀ ਮੀਡੀਆ) ਨੇ ਕੋਈ ਨਾ ਕੋਈ ਹਊਆ ਖੜ੍ਹਾ ਕਰੀ ਰੱਖਣਾ ਹੁੰਦਾ ਅਤੇ ਸੋਸ਼ਲ ਮੀਡੀਆ ਦੇ ਸਿੰਗ ਫਸਾਉਣ ਲਈ ਹੱਕ ਜਾਂ ਵਿਰੋਧ ‘ਚ ਲੋਕ ਲਿਖਦੇ ਹਨ। ਕੰਧਾਂ ਦੇ ਲਿਖੇ ‘ਖਾਲਿਸਤਾਨ ਜਿੰਦਾਬਾਦ’ ਦੇ ਨਾਅਰਿਆਂ ਨੂੰ ਮੀਡੀਆ ਵਧਾ ਚੜਾ ਕੇ ਪੇਸ਼ ਕਰਦਾ ਹੈ , ਜਿਸ ਨਾਲ ਲਿਖਣ ਵਾਲਿਆਂ ਨੂੰ ਲੱਗਦਾ ਕਿ ਸਾਡੀ ਗੱਲ ਨੂੰ ਕਵਰੇਜ ਮਿਲ ਰਹੀ , ਮੇਰੇ ਪਿੰਡ ‘ਚ ਦੋ ਥਾਵਾਂ ਤੇ ਅਜਿਹਾ ਕੁਝ ਲਿਖਿਆ ਪਰ ਅਸੀਂ ਉਸਨੂੰ ਕਦੇ ਖ਼ਬਰ ਨਹੀਂ ਬਣਾਇਆ , ਕਿਉਂਕਿ ਪਾਣੀ ਦੀ ਟੈਂਕੀ ਇਹ ਕੁਝ ਲਿਖਣ ਨਾਲ ਚਰਚਾ ਤੋਂ ਬਿਨਾ ਕੁਝ ਨਹੀਂ ਹੋ ਸਕਦਾ।
ਜਿੰਨ੍ਹਾਂ ਨੇ ਪੰਜਾਬ ‘ਚ 84 ਤੋਂ ਬਾਅਦ ਦਾ ਦੌਰ ਦੇਖਿਆ ਉਹ ਜਾਣਦੇ ਹਨ ਕਿ ਹਥਿਆਰਬੰਦ ਸੰਘਰਸ਼ ਦੇ ਰਾਹ ਪੈ ਕੇ ਕਿੰਨੇ ਨੌਜਵਾਨਾਂ ਨੇ ਜਿੰਦਗੀਆਂ ਗਵਾਈਆਂ ਹਨ , ਕਿਵਂੇ ਝੂਠੇ ਪੁਲਿਸ ਮੁਕਾਬਲਿਆਂ ‘ਚ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਆਪਣੇ ਮੋਢਿਆਂ ਤੇ ਫੀਤੀਆਂ ਲਾਈਆਂ ਜਾਂਦੀਆਂ ਸਨ। ਬਹੁਤ ਸਾਰੀਆਂ ਉਦਾਹਰਨਾਂ ਹਨ, ਜਦੋਂ ਸਰਦੇ -ਪੁੱਜਦੇ ਘਰਾਂ ਦੇ ਮੁੰਡੇ ਕੁਝ ਪੁਲੀਸ ਵਾਲਿਆਂ ਵੱਲੋਂ ਫਿਰੌਤੀ ਲਈ ਚੁੱਕ ਲਏ ਜਾਂਦੇ ਸਨ , ਮੰਗ ਮੌਕੇ ਤੇ ਪੂਰੀ ਨਾ ਹੋਣ ਤੇ ਮੁਕਾਬਲੇ ਬਣਾਏ ਜਾਂਦੇ ਰਹੇ ਹਨ। ਦੂਜੇ ਹਥਿਆਰਬੰਦ ਗੱਭਰੂਆਂ ਵੱਲੋਂ ਪੈਸੇ ਵਾਲੀਆਂ ਸਾਮੀਆਂ ਨੂੰ ਇਸੇ ਤਰੀਕੇ ਨਾਲ ਵਰਤਿਆ ਜਾਂਦਾ ਸੀ । ਤੇਜ਼ ਤਰਾਰ ਲੋਕ ਉਦੋਂ ਵੀ ਫਾਇਦਾ ਖੱਟ ਗਏ ਅਤੇ ਜ਼ਜ਼ਬਾਤੀ ਨੌਜਵਾਨ ਗੋਲੀ ਦੀ ਭੇਂਟ ਚੜਗੇ । ਹਥਿਆਰਬੰਦ ਲੜਾਈ ਦੀ ਗੱਲ ਕਰਨ ਵਾਲੇ ਕਿੰਨੇ ਵਿਅਕਤੀ ਹੁਣ ਤੱਕ ਸਰਕਾਰਾਂ ਦਾ ਹਿੱਸਾ ਰਹੇ ਹਨ , ਇਹ ਵੀ ਜਰੂਰ ਸੋਚੀਏ।
ਸਮੇਂ-ਸਮੇਂ ‘ਤੇ ‘ਖਾਲਿਸਤਾਨ’ ਦੀ ਚਰਚਾ ਚੱਲਦੀ ਰਹਿੰਦੀ ਹੈ, ਹੁਣ ਫੇਰ ਇਹੋ ਜਿਹੀਆਂ ਕੁਝ ਘਟਨਾਵਾਂ ਨੂੰ ਖਾਲਿਸਤਾਨ ਨਾਲ ਜੋੜਿਆ ਜਾ ਰਿਹਾ । ਕੀ ਸੱਚ ਤੇ ਕਿੰਨਾ ਝੂਠ ਇਹ ਜਾਂਚ ਦਾ ਵਿਸ਼ਾ ਹੈ। ਪਰ ਸੋਚਣ ਵਾਲੇ ਗੱਲ ਕੀ ਪੰਜਾਬ ਦਾ ਨੌਜਵਾਨ ਅੱਜ ਵੀ ਹਥਿਆਰ ਚੁੱਕਣ ਨੂੰ ਤਿਆਰ ਹੈ ? ਕਿਉਂਕਿ ਹਰੇਕ 12ਵੀਂ ਪਾਸ ਬੱਚਾ ਤਾਂ ਜਹਾਜ਼ ਚੜ੍ਹ ਰਿਹਾ , ਜੇ ਕੋਈ ਰਹਿੰਦਾ ਹੈ ਤਾਂ ਉਹ ਆਰਥਿਕ ਪੱਖੋ ਜਾਂ ਪੜਾਈ ਪੱਖੋ ਕਮਜ਼ੋਰ ਜਵਾਕ ਇੱਥੇ ਰਹਿ ਰਿਹਾ , ਵਿਰਲੇ ਮਾਪੇ ਹੋਣਗੇ ਜਿੰਨ੍ਹਾਂ ਨੂੰ ਪੰਜਾਬ ਹਾਲੇ ਵੀ ਸੁਰੱਖਿਅਤ ਲੱਗਦਾ ਅਤੇ ਉਹ ਆਪਣੇ ਬੱਚੇ ਇੱਥੇ ਰੱਖ ਰਹੇ ਹਨ । ਬੇਰੁਜ਼ਗਾਰ, ਮਾਨਸਿਕ ਤੌਰ ਤੇ ਪ੍ਰੇਸ਼ਾਨ ਅਤੇ ਫੁਕਰਾਪੰਥੀ ਵਾਲੇ ਗਾਣਿਆਂ ਦੇ ਪੱਟੇ ਨੌਜਵਾਨ ਨਸ਼ੇ ਅਤੇ ਗੁੰਡਾਗਰਦੀ ਦੇ ਰਾਹ ਪਏ ਹਨ । ਨਸ਼ੇ ਵਾਲਿਆਂ ਵਿੱਚੋਂ ਵਿਰਲੇ ਹੀ ਛੁਟਕਾਰਾ ਪਾਉਂਦੇ , ਬਾਕੀ ਦੇਰ -ਸਵੇਰ ਸਿਵਿਆ ਦੇ ਰਾਹ ਤੁਰ ਰਹੇ ਹਨ, ਪੰਜਾਬੀਆਂ ਦਾ ਏਕੇ ਸੰਨਤਾਲੀ ਦੀ ਗੋਲੀ ਨੇ ਉਹ ਨੁਕਸਾਨ ਨਹੀਂ ਕੀਤਾ ਸੀ ਜਿਹੜਾ ਟੀਕੇ ਦੀ ਸੂਈ ਕਰ ਰਹੀ । ਬਾਕੀ ਕਸਰ ਪੂਰੀ ਗੈਂਗਸਟਰ ਕਲਚਰ ਨੇ ਕਰ ਦਿੱਤੀ ਹੈ।
ਪੰਜਾਬ, ਪੰਥ ਅਤੇ ਖਾਲਿਸਤਾਨ ਬਾਰੇ ਸੋਚਣ ਲਈ ਕਿੰਨੇ ਨੌਜਵਾਨ ਬਚੇ ਹਨ ?
ਜਿਹੜੇ ਨੌਜਵਾਨ ਅੱਜਕੱਲ੍ਹ ਅਤਿਵਾਦੀ ਗਤੀਵਿਧੀਆਂ ਕਰਕੇ ਗ੍ਰਿਫ਼ਤਾਰ ਹੋ ਰਹੇ ਹਨ ਇਹਨਾ ਵਿੱਚੋਂ ਜਿ਼ਆਦਾਤਰ ਗਰੀਬ ਘਰਾਂ ਨਾਲ ਸਬੰਧਿਤ ਹਨ, ਜਿੱਥੋਂ ਅਗਲੀ ਗੱਲ ਵੀ ਸਾਹਮਣੇ ਆਉਂਦੀ ਕਿ ਕੁਝ ਲੋਕ ਇਹਨਾਂ ਦੀ ਆਰਥਿਕ ਮੰਦਹਾਲੀ ਦਾ ਫਾਇਦਾ ਉਠਾ ਕੇ ਪੰਜਾਬ ਦੀ ਬਦਨਾਮੀ ਅਤੇ ਨੌਜਵਾਨੀ ਦਾ ਨੁਕਸਾਨ ਕਰਵਾ ਰਹੇ ਹਨ।
ਕੋਈ ਵੀ ਘਟਨਾ ਵਾਪਰ ਜਾਵੇ ਉਸ ਵਿੱਚ ਮੁੱਖ ਦੋਸ਼ੀਆਂ ਤੋਂ ਬਿਨਾ ਕਿੰਨੇ ਨੌਜਵਾਨ ਬਿਨਾ ਗੱਲ ਤੋਂ ਫਸ ਜਾਂਦੇ ਹਨ ।
ਜਿਹੜੇ ਵਿਅਕਤੀ ਖਾਲਿਸਤਾਨ ਦੀ ਹਮਾਇਤ ਕਰਦੇ ਹਨ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਕਿ ਉਹ ਪੰਜਾਬ ‘ਚ ਕਿੰਨੇ ਕੁ ਹਨ , ਜਿਹੜੇ ਹੈਗੇ ਵੀ ਫੇਸਬੁੱਕ ਤੇ ਪ੍ਰੋਫਾਈਲ ਨੂੰ ਹਾਈਡ ਕਰਕੇ ਕੂਮੈਂਟ ਕਰਨ ਤੱਕ ਸੀਮਤ ਹੁੰਦੇ ਹਨ , ਜਿਸ ਕਰਕੇ ਨੌਜਵਾਨ ਉਹਨਾ ਦੀਆਂ ਗੱਲਾਂ ‘ਚ ਆ ਵੀ ਜਾਂਦੇ ਹਨ। ਕੀਹਨੇ ਕਿਹੜੀ ਵਿਚਾਰਧਾਰਾ ਅਪਣਾਉਣੀ ਇਹ ਹਰੇਕ ਦਾ ਨਿੱਜੀ ਮਸਲਾ । ਮੇਰੀ ਸਲਾਹ ਹੈ ਉਹਨਾਂ ਨੌਜਵਾਨਾਂ ਨੂੰ ਜਿਹੜੇ ਸੋਸ਼ਲ ਮੀਡੀਆ ਰਾਹੀ ਅਜਿਹੇ ਲੋਕਾਂ ਦੇ ਸੰਪਰਕ ‘ਚ ਆਉਂਦੇ ਹਨ ਜਿੱਥੇ ਤੁਹਾਨੂੰ ਉਕਸਾਇਆ ਜਾਂਦਾ ਉਹਨਾ ਨੂੰ ਸੁਚੇਤ ਰਹੋ , ਇਹ ਨਹੀਂ ਪਤਾ ਤੁਹਾਨੂੰ ਹੱਲਾਸ਼ੇਰੀ ਦੇਣ ਵਾਲਾ ਕੌਣ ਹੈ, ਤੁਹਾਡਾ ਲਿਖਿਆ ਇੱਕ ਵੀ ਸ਼ਬਦ ਤੁਹਾਡੇ ਲਈ ਵੱਡੀ ਮੁਸੀਬਤ ਬਣ ਸਕਦਾ ਹੈ। ਆਜ਼ਾਦ ਹਸਤੀ ਲਈ ਸੰਘਰਸ਼ ਕਰਨਾ ਲਾਜ਼ਮੀ ਹੈ , ਪਰ ਜਿਹੜੇ ਤੁਹਾਨੂੰ ਹਥਿਆਰ ਚੁੱਕ ਕੇ ਲੜਨ ਦੀ ਹੱਲਾਸ਼ੇਰੀ ਦਿੰਦੇ ਹਨ ਉਹ ਖੁਦ ਇਸ ਸਮੇਂ ਬਾਹਰਲੇ ਦੇਸਾਂ ‘ਚ ਵਧੀਆ ਜਿੰਦਗੀ ਬਸਰ ਕਰਦੇ ਤੇ ਤੁਸੀ ਤੇ ਤੁਹਾਡੇ ਮਾਪੇ ਠਾਣੇ -ਕਚਿਹਰੀਆਂ ਦੇ ਚੱਕਰਾਂ ਜੋਗੇ ਰਹਿ ਜਾਂਦੇ।

 

Total Views: 392 ,
Real Estate