ਆਖਦੇ ਸੀ ਜਿਸ ਨੂੰ ਪੰਜਾਬ ਅਸੀਂ ਰੰਗਲਾ
ਦੇਖੋ ਅੱਜ ਲੋਕਾਂ ਇਹਨੂੰ ਕਰ ਦਿੱਤਾ ਗੰਧਲ਼ਾ
ਰੂਹਾਂ ਵਾਲ਼ੀ ਮਿਲ਼ਦੀ ਸੀ ਸਾਂਝ ਜਿੱਥੇ ਬੇਲੀਓ
ਰੂਹਦਾਰੀ ਲੱਭਦੀ ਨਾ, ਹੋਇਆ ਬਾਂਝ ਬੇਲੀਓ
ਗੰਧਲ਼ੇ ਪੰਜਾਬ ਵਿੱਚੋਂ ਧੀਆਂ ਮੁੱਕ ਚੱਲੀਆਂ
ਪਿੱਪਲ਼ਾਂ ਦੇ ਨਾਲ ਲੋਕੋ ਤੀਆਂ ਮੁੱਕ ਚੱਲੀਆਂ
ਪੁੱਤ ਜਿਹੜੇ ਮਿੱਠੇ ਮੇਵੇ ਹੁੰਦੇ ਸੀ ਸਮਾਜ ਦੇ
ਨਸ਼ਿਆਂ ਨੇ ਹੀਰੇ ਪੁੱਤ ਖਾ ਲਏ ਪੰਜ ਆਬ ਦੇ
ਕਿਰਤੀ ਕਿਸਾਨ ਅੰਨਦਾਤਾ ਅਖਵਾਉਂਦਾ ਏ
ਆਪ ਰਹਿ ਕੇ ਭੁੱਖਾ ਭੁੱਖੇ ਲੋਕਾਂ ਨੂੰ ਖਵਾਉਂਦਾ ਏ
ਖੂਹ ਦੀ ਮੌਣ ਉੱਤੇ ਬਹਿ ਕੇ ਢੋਲੇ ਦੀਆਂ ਲਾਉਂਦਾ ਸੀ
ਸੁਰਗਾਂ ਤੋਂ ਵੱਧ ਕੇ ਨਜ਼ਾਰਾ ਉਦੋਂ ਆਉਂਦਾ ਸੀ।
ਸੱਚੇ ਸੁੱਚੇ ਲੋਕਾਂ ਦਾ ਸੀ ਕਦੇ ਬੋਲ ਬਾਲਾ ਏਥੇ
ਸੱਭਿਅਤਾ ਦਾ ਹੋ ਗਿਆ ਏ ਹੁਣ ਘਾਲ਼ਾ ਮਾਲਾ ਏਥੇ
ਅਨਹਦ ਨਾਦ ਜੋ ਸੀ ਵੱਜਦੇ ਫਿਜ਼ਾਵਾਂ ਵਿੱਚ
ਰੂਹ ਸੀ ਨਸ਼ਿਆਉਂਦੇ ਨਾਜ਼ ਨਖ਼ਰੇ ਅਦਾਵਾਂ ਵਿੱਚ
ਹਾਇ ਓਏ! ਮੇਰਾ ਲੱਭ ਦੋ ਪੰਜਾਬ ਜਿਹੜਾ ਖੋ ਗਿਆ
ਹੁੰਦਾ ਸੀ ਬਹੁਰੰਗਾ, ਬਦਰੰਗ ਜਿਹਾ ਹੋ ਗਿਆ।
ਮਾਰੋ ਹਾਕ ,ਸੱਥਾਂ ਵਾਲੇ ਬਾਬੇ ਜੁੜ ਬਹਿੰਦੇ ਸੀ
ਗਿੱਟੇ ਚਾਹੇ ਗੋਡੇ ਲੱਗੇ ਸੱਚੀ ਮੂੰਹ ਤੇ ਕਹਿੰਦੇ ਸੀ
ਮੁੜ ਆਵੇ ਸਮਾਂ ਉਹ ਬੂਰੀਆਂ ਲਵੇਰੀਆਂ ਦਾ
ਦਿਲਾਂ ਵਿੱਚ ਮਿੱਠਾ ਘੁਲ਼ ਜਾਵੇ ਜੀ ਗਨੇਰੀਆਂ ਦਾ
ਮਤਲਬ ਖੋਰੇ ਸੀ ਕਹਾਉਂਦੇ ਚਾਚੇ ਤਾਏ ਜਿਹੜੇ
ਪੂਰਦੇ ਨਾ ਹੁਣ ਛੱਕਾਂ ਅੰਮੜੀ ਦੇ ਜਾਏ ਜਿਹੜੇ
ਲੱਭਦਾ ਨੀ ਮੇਰਾ ਕਿੱਥੇ ਖੋ ਗਿਆ ਪੰਜਾਬ ਲੋਕੋ
ਫਿੱਕੀ ਪੈ ਗਈ ਜਿਹੜੀ ਝੱਲੀ ਜਾਂਦੀ ਨੀ ਸੀ ਆਬ ਲੋਕੋ
ਮੰਨਿਆਂ ਕਿ ਸਾਇੰਸ ਕਰ ਗਈ ਬਹੁਤੀ ਉੱਨਤੀ
ਉੱਨਤ ਪੰਜਾਬ ਦੀ ਰਹੀ ਨਾ ਕੋਈ ਗਿਣਤੀ।
ਬੁੱਢੇ ਵਾਰੇ ਮਾਪੇ ਬਿਰਧ ਘਰਾਂ ਚ ਜਾਣ ਜੀ
ਰੋਟੀ ਨੂੰਹਾਂ ਦੇਣ ਨਾ ਤੇ ਵੱਢ ਵੱਢ ਖਾਣ ਜੀ
ਮਾਰ ਗਏ ਉਡਾਰੀਆਂ ਜੋ ਗੱਭਰੂ ਵਿਦੇਸ਼ ਨੂੰ
ਲੱਭਣੇ ਨੀ ਮਾਪੇ ਜਦੋਂ ਮੁੜਨਗੇ ਦੇਸ ਨੂੰ।
ਸੋਹਣਿਓ! ਪੰਜਾਬ ਵਿੱਚ ਰੁਲ਼ ਗਈ ਪੰਜਾਬੀਅਤ
ਜਿਵੇਂ ਰੁਲ਼ੀ ਅੱਜ ਮਾਹਾਰਾਜੇ ਵਿੱਚ ਕਾਬਲੀਅਤ
ਹਾੜ੍ਹਾ ਈ ਓਏ! ਸਾਂਭ ਲਵੋ, ਸ਼ਹੀਦਾਂ ਦੀ ਨਿਸ਼ਾਨੀ ਐ
ਸੂਰ-ਬੀਰਾਂ ਦਿੱਤੀ ਇਹਦੇ ਲਈ ਕੁਰਬਾਨੀ ਐ
ਸਾਂਭ ਲਓ ਸੋਹਣਿਓ ਪੰਜਾਬੀ ਮਾਂ ਬੋਲੀ ਨੂੰ
ਲੱਤ ਮਾਰ ਮਾਂ ਨੂੰ ਕਾਹਤੋਂ ਪੁੱਛਦੇ ਓ ਗੋਲੀ ਨੂੰ।
ਮੇਰੀ ਪਰਦੇਸਣ ਦੀ ਸੁਣਿਓ ਪੁਕਾਰ ਵੇ
ਕਰਾਂ ਅਰਜੋਈ ਥੋਡੇ ਅੱਗੇ ਵਾਰ ਵਾਰ ਵੇ
ਸੋਹਣੇ ਜਿਹੇ ਪੰਜਾਬ ਨੂੰ ਨਾ ਕਰੋ ਤੁਸੀਂ ਗੰਧਲ਼ਾ
ਰੰਗਲਾ ਸੀ ਇਹਨੂੰ ਤੁਸੀ ਰਹਿਣ ਦਿਓ ਰੰਗਲਾ
ਰੰਗਲਾ ਸੀ ਇਹਨੂੰ ਤੁਸੀ ਰਹਿਣ ਦਿਓ ਰੰਗਲਾ।
ਅਮਨਜੀਤ ਕੌਰ