ਗੀਤ : 1984 ਸਿੱਖ ਕਤਲੇਆਮ ਦੇ ਜ਼ਖਮਾਂ ਦੀ ਪੀੜ

ਦਿੱਲੀਏ ਨੀ ਦਗੇਬਾਜੇ,ਲਹੂ ਦੀ ਪਿਆਸੀਏ ਨੀ,
ਖੋਲ ਜ਼ਰਾ ਪਾਪਾਂ ਦੀ ਕਿਤਾਬ।
ਕਿੰਨੇ ਹੀ ਬੇਦੋਸ਼ੇ,ਗਲੀਆਂ ਟਾਇਰ ਪਾ ਪਾ ਸਾੜੇ,
ਤੈਥੋਂ ਗਿਣ ਗਿਣ ਪੁੱਛਣੇ ਹਿਸਾਬ।
ਦਿੱਲੀਏ ਨੀ ਦਗੇਬਾਜੇ…….।
ਕਿਨੀਆਂ ਹੀ ਮਾਵਾਂ ਸੱਚੀਂ ਸੁੱਖਾਂ ਲੱਧੇ ਪੁੱਤਰਾਂ ਲੲੀ,
ਝੋਲੀ ਅੱਡੀ ਤੇਰੇ ਸੀ ਦਵਾਰ।
ਕਿੰਜ ਨੰਗਾ ਨਾਚ ਨੀ ਦਰਿੰਦਗੀ ਦਾ ਖੇਡਿਆ ਤੂੰ,
ਜਿਓਂਦੇ ਸਾੜ’ਜੀਤ ਤੇ ਜੁਝਾਰ।
ਜਾਹ ਨੀ ਕਲਮੂੰਹੀਏਂ ਤੂੰ ਤਾਂ ਛਿੱਕੇ ਉੱਤੇ ਟੰਗ ਲਈ ਏ,
ਸੱਚੀ ਸੁੱਚੀ ਬਾਬੇ ਦੀ ਰਬਾਬ।
ਦਿੱਲੀਏ ਨੀ ਦਗੇਬਾਜੇ……..।
ਕਿੰਜ ਨੀ ਬੇਵੱਸ ਬੁੱਢੇ ਬਾਪੂ ਧੌਲੀ ਦਾਹੜੀ,
ਪਾ ਕੇ ਵਾਸਤੇ ਵਿਖਾਈ ਕਈ ਵਾਰ ਸੀ।
ਕੱਢ ਕੇ ਤਾਂ ਬਾਪੂ ਦੀ ਹਾਏ ਆਂਦਰਾਂ ਦੀ ਬੋਟੀ,
ਕੀਤੀ ਚਿੱਟੀ ਪੱਗ ਵਿਹੜੇ ‘ਚ ਲੰਗਾਰ ਸੀ।
ਕੌਮ ਦਿਆਂ ਵਾਰਸਾਂ ਨੇ ਪੋਟਿਆਂ ਤੇ ਗਿਣ ਗਿਣ,
ਸਾਰੇ ਤੈਥੋਂ ਮੰਗਣੇ ਜਵਾਬ।
ਦਿੱਲੀਏ ਨੀ ਦਗੇਬਾਜੇ……….।
ਕਿੰਜ ਕਿਸੇ ਸੱਜ ਨੀ ਵਿਆਹੀ ਨਾਰ ਤੈਥੋਂ,
ਸੱਚੀਂ ਖ਼ੈਰ ਮੰਗੀ ਸੱਜਰੇ ਸੰਧੂਰ ਦੀ।
ਨੈਣਾਂ ਵਿੱਚੋਂ ਡੁੱਲ੍ਹ ਡੁੱਲ੍ਹ ਜਾਂਦੇ ਤਾਂ ਨੀ ਕਜਲੇ ਦੀ,
ਨੱਕ ਵਿੱਚੋਂ ਟੁੱਟਦੇ ਗ਼ਰੂਰ ਦੀ।
ਕਿੱਥੇ ਓਦੋਂ ਸੌਂ ਗਈ ਸੈਂ ਤੂੰ ਲੰਮੀਆਂ ਨੀ ਤਾਣ,
ਜਦੋਂ ਮੀਰਾਂ ਦੀ ਤਾਂ ਟੁੱਟੀ ਮਿਜ਼ਰਾਬ.?
ਦਿੱਲੀਏ ਨੀ ਦਗੇਬਾਜੇ……….।
ਯਾਦ ਰੱਖ ਰਾਤ ਦੇ ਨੀ ਸੰਘਣੇ ਹਨੇਰੇ ਪਿੱਛੋਂ,
ਚਾਨਣੇ ਦਾ ਹੜ੍ਹ ਆਉਂਦਾ ਨਿੱਤ ਨੀ।
ਸੁੱਤੇ ਹੋਏ ਸ਼ੇਰ ਦੀ ਜਾਂ ਮੁੱਛ ਨੂੰ ਕੋਈ ਹੱਥ ਪਾਵੇ,
ਫੇਰ ਜਾਣੇ ਸ਼ੇਰ ਦਾ ਹੀ ਚਿੱਤ ਨੀ।
ਘੁਮਾਣਾਂ ਕੁਲਦੀਪ ਸਿੰਹਾਂ ਟੁੱਟਦੇ ਕਲ੍ਹੀਰੇ,
ਰੋਂਦਾ ਮਾਰ ਕੇ ਦੁਹੱਥੜਾਂ ਸ਼ਬਾਬ।
ਦਿੱਲੀਏ ਨੀ ਦਗੇਬਾਜੇ………..।
      
……. ਕੁਲਦੀਪ ਸਿੰਘ ਘੁਮਾਣ…….
Total Views: 232 ,
Real Estate