ਪੱਖੋ ਕਲਾਂ, 10 ਅਗਸਤ (ਸੁਖਜਿੰਦਰ ਸਮਰਾ ) ਪੰਜਾਬ ਸਰਕਾਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਪੱਖੋ ਕਲਾਂ ਦਾ ਨਾਮ ਬਦਲ ਕੇ ‘ ਸ਼ਹੀਦ ਰਣਜੀਤ ਸਿੰਘ ਸ਼ੋਰਿਯਾ ਚੱਕਰ ਵਿਜੇਤਾ ਸਰਕਾਰੀ ਪ੍ਰਾਇਮਰੀ ਸਕੂਲ’ ਰੱਖ ਦਿੱਤਾ ਗਿਆ ਹੈ। ਡਾਇਰੈਕਟਰ ਸਿੱਖਿਆ ਵਿਭਾਗ ਦਫਤਰ ਵੱਲੋਂ 5 ਅਗਸਤ ਨੂੰ ਜਾਰੀ ਕੀਤੇ ਗਏ ਪੱਤਰ ਵਿੱਚ ਪੰਜਾਬ ਦੇ 14 ਸਕੂਲਾਂ ਦੇ ਨਾਮ ਬਦਲੀ ਕੀਤੇ ਗਏ ਹਨ, ਜਿਸ ਵਿੱਚ ਪੱਖੋ ਕਲਾਂ ਦੇ ਸਕੂਲ ਦਾ ਨਾਮ ਲੜੀ ਨੰਬਰ 1 ਤੇ ਸ਼ਾਮਿਲ ਕੀਤਾ ਗਿਆ ਹੈ। ਪੱਖੋ ਕਲਾਂ ਦੇ ਜੰਮਪਲ ਅਤੇ ਪੰਜਾਬ ਰੇਜਮੈਂਟ 14 ਰਾਸ਼ਟਰੀ ਰਾਈਫਲ ਦੇ ਜਵਾਨ ਸ਼ਹੀਦ ਰਣਜੀਤ ਸਿੰਘ ਜੰਮੂ ਕਸ਼ਮੀਰ ਦੇ ਸ਼ੌਪਰ ਜਿਲੇ ਵਿੱਚ 21 ਅਕਤੂਬਰ 2005 ਨੂੰ ਅੱਤਵਾਦੀਆਂ ਨਾਲ ਮੁੱਠਭੇੜ ਵਿੱਚ ਬਹਾਦਰੀ ਨਾਲ ਲੜਦਿਆਂ ਸ਼ਹੀਦ ਹੋ ਗਏ ਸਨ । ਇਸ ਬਹਾਦਰੀ ਭਰੇ ਕਾਰਨਾਮੇ ਲਈ ਉਨ੍ਹਾਂ ਨੂੰ ਸ਼ੋਰਿਯਾ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ । ਇਹ ਸਨਮਾਨ 21 ਮਾਰਚ 2007 ਨੂੰ ਉਨ੍ਹਾਂ ਦੀ ਪਤਨੀ ਕਰਮਜੀਤ ਕੌਰ ਨੇ ਮਰਹੂਮ ਰਾਸ਼ਟਰਪਤੀ ਸ੍ਰੀ ਅਬਦੁਲ ਕਲਾਮ ਪਾਸੋਂ ਪ੍ਰਾਪਤ ਕੀਤਾ ਸੀ।
16 ਸਾਲਾਂ ਬਾਅਦ ਹੋਈ ਮੰਗ ਪੂਰੀ
ਸ਼ਹੀਦ ਰਣਜੀਤ ਸਿੰਘ ਨੂੰ ਸ਼ਹੀਦ ਹੋਇਆਂ 16 ਸਾਲ ਬੀਤ ਗਏ ਹਨ। ਸ਼ਹੀਦ ਰਣਜੀਤ ਸਿੰਘ ਦੀ ਅੰਤਿਮ ਅਰਦਾਸ ਵੇਲੇ ਸਰਕਾਰੀ ਸਕੂਲ ਪੱਖੋ ਕਲਾਂ ਵਿਖੇ ਪਹੁੰਚੇ ਸਰਕਾਰੀ ਪ੍ਰਸ਼ਾਸ਼ਕੀ ਅਤੇ ਸਿਆਸੀ ਨੁਮਾਇਦਿਆਂ ਤੋਂ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਸ਼ਹੀਦ ਰਣਜੀਤ ਸਿੰਘ ਦੀ ਯਾਦਗਰ ਬਨਾਉਣ ਦੀ ਮੰਗ ਕੀਤੀ ਸੀ ਅਤੇ ਇਹ ਮੰਗ ਅੱਜ 16 ਸਾਲ ਬਾਅਦ ਪੂਰੀ ਕੀਤੀ ਗਈ ਹੈ। ਪਿੰਡ ਦੀ ਸਰਪੰਚ ਬਲਕਰਨ ਕੌਰ, ਕੋ ਆਪ ਸੁਸਾਇਟੀ ਦੇ ਪ੍ਰਧਾਨ ਹਰਦਿਆਲ ਸਿੰਘ, ਸ਼ਹੀਦ ਦੇ ਭਰਾ ਗੁਰਮੀਤ ਸਿੰਘ ਲਾਡੋ, ਕਾਂਗਰਸੀ ਆਗੂ ਮਹਿੰਦਰ ਪਾਲ ਸ਼ਰਮਾ, ਕਿਸਾਨ ਆਗੂ ਜਗਜੀਤ ਸਿੰਘ ਜੱਗਾ ਅਤੇ ਸਮਾਜ ਸੇਵੀ ਡਾ ਸੁਖਮਹਿੰਦਰ ਸਿੰਘ ਆਦਿ ਨੇ ਕਿਹਾ ਕਿ ਭਾਵੇਂ ਇਹ ਬਹੁਤ ਲੇਟ ਲਿਆ ਗਿਆ ਫੈਸਲਾ ਹੈ ਪਰ ਫਿਰ ਵੀ ਸਕੂਲ ਦਾ ਨਾਮ ਸ਼ਹੀਦ ਦੇ ਨਾਮ ਤੇ ਰੱਖਣ ਲਈ ਪੰਜਾਬ ਸਰਕਾਰ ਦਾ ਧੰਨਾਵਦ ਕਰਦੇ ਹਨ।