ਕਾਂਗਰਸ ਇਨ੍ਹਾਂ ਆਗੂਆਂ ਚੋਂ ਲਗਾ ਸਕਦੀ ਹੈ ਪੰਜਾਬ ‘ਪ੍ਰਧਾਨ’

ਕਾਂਗਰਸ ਦੀਆਂ ਅੰਦਰੂਨੀ ਖ਼ਬਰਾਂ ਅਨੁਸਾਰ ਸ੍ਰੀ ਆਨੰਦਪੁਰ ਸਾਹਿਬ ਤੋਂ ਐੱਮਪੀ ਮਨੀਸ਼ ਤਿਵਾੜੀ ਜਾਂ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਥਾਪਿਆ ਜਾ ਸਕਦਾ ਹੈ। ਇਸ ਸਬੰਧੀ ਪਾਰਟੀ ਹਾਈਕਮਾਂਡ ਨੇ ਕਈ ਪੱਧਰ ਦੀਆਂ ਮੀਟਿੰਗਾਂ ਕੀਤੀਆਂ ਹਨ । ਮਨੀਸ਼ ਤਿਵਾੜੀ ਨੂੰ ਹਿੰਦੂ ਚਿਰਹੇ ਵਜੋਂ ਕਾਂਗਰਸ ਉਨ੍ਹਾਂ ਨੂੰ ਨਵਾਂ ਪ੍ਰਧਾਨ ਥਾਪ ਸਕਦੀ ਹੈ। ਖ਼ਬਰਾਂ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਾਂਗਰਸ ਹਾਈਕਮਾਂਡ ਨੂੰ ਇਨ੍ਹਾਂ ਦੋਹਾਂ ‘ਚੋਂ ਕਿਸੇ ਇਕ ਨੂੰ ਪ੍ਰਧਾਨ ਬਣਾਉਣ ‘ਤੇ ਸਹਿਮਤੀ ਦੇ ਦਿੱਤੀ ਹੈ।
ਪਿਛਲੇ ਕਾਫੀ ਸਮੇਂ ਤੋਂ ਕਾਂਗਰਸ ਤੋਂ ਨਾਰਾਜ਼ ਚੱਲ ਰਹੇ ਸਾਬਕਾ ਕ੍ਰਿਕਟਰ ਤੇ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਹਾਈਕਮਾਂਡ ਹਰ ਹਾਲਤ ‘ਚ ਪਾਰਟੀ ‘ਚ ਰੱਖਣਾ ਚਾਹੁੰਦੀ ਹੈ। ਇਸੇ ਦੌਰਾਨ ਸਿੱਧੂ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਕੰਪੇਨ ਕਮੇਟੀ ਦਾ ਚੇਅਰਮੈਨ ਲਾਇਆ ਜਾ ਸਕਦਾ ਹੈ। ਖ਼ਬਰਾਂ ਹਨ ਕਿ ਸਿੱਧੂ ਨੂੰ ਇਹ ਵੀ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਕੌਮੀ ਪੱਧਰ ‘ਤੇ ਪਾਰਟੀ ਦਾ ਜਨਰਲ ਸਕੱਤਰ ਬਣਾ ਦਿੱਤਾ ਜਾਵੇਗਾ ਪਰ ਸਿੱਧੂ ਨੇ ਕੌਮੀ ਸਿਆਸਤ ਤੋਂ ਕਿਨਾਰਾ ਕਰ ਲਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕੰਪੇਨ ਕਮੇਟੀ ਦਾ ਚੇਅਰਮੈਨ ਬਣਾਉਣ ਦੀ ਗੱਲ ਚੱਲ ਰਹੀ ਹੈ।
ਇਸ ਦੇ ਨਾਲ-ਨਾਲ ਪੰਜਾਬ ਦੇ ਦਲਿਤ ਵੋਟ ਬੈਂਕ ਲਈ ਰਾਜ ਕੁਮਾਰ ਵੇਰਕਾ ਨੂੰ ਸਹਿ ਪ੍ਰਧਾਨ ਲਾਇਆ ਜਾ ਸਕਦਾ ਹੈ।
ਦੂਜੇ ਪਾਸੇ ਲਾਲ ਸਿੰਘ ਨੂੰ ਟਕਸਾਲੀ ਕਾਂਗਰਸੀ ਲੀਡਰਸ਼ਿਪ ਪੰਜਾਬ ਕਾਂਗਰਸ ਦਾ ਪ੍ਰਧਾਨ ਚਾਹੁੰਦੀ ਹੈ। ਕਾਂਗਰਸ ਦੇ ਇਕ ਵਰਗ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਹਾਈਕਮਾਂਡ ਕੋਲ ਇਹ ਗੱਲ ਪਹੁੰਚਾਈ ਹੈ ਕਿ ਜੇਕਰ 2022 ‘ਚ ਸੂਬੇ ‘ਚ ਕਾਂਗਰਸ ਸਰਕਾਰ ਰਿਪੀਟ ਕਰਨੀ ਹੈ ਤਾਂ ਲਾਲ ਸਿੰਘ ਨੂੰ ਪ੍ਰਧਾਨ ਬਣਾ ਕੇ ਨਾਲ 2 ਵਰਕਿੰਗ ਪ੍ਰਧਾਨ ਲਾਏ ਜਾਣ। ਇਨ੍ਹਾਂ ‘ਚ ਇਕ ਦਲਿਤ ਅਤੇ ਇਕ ਹਿੰਦੂ ਹੋਵੇ। ਕਾਂਗਰਸ ਹਾਈਕਮਾਂਡ ਇਸ ਫਾਰਮੂਲੇ ‘ਤੇ ਵੀ ਵਿਚਾਰ ਕਰ ਰਹੀ ਹੈ ਕਿ ਲਾਲ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਲਾ ਕੇ 2 ਵਰਕਿੰਗ ਪ੍ਰਧਾਨ ਲਾ ਦਿੱਤੇ ਜਾਣ।

Total Views: 89 ,
Real Estate