ਨਿੱਕੀ ਕਹਾਣੀ ਦਾ ਵੱਡਾ ਰੱਬ ਸਆਦਤ ਹਸਨ ਮੰਟੋ

ਗੁਲਜ਼ਾਰ ਸਿੰਘ ਸੰਧੂ

ਮਈ 1964 ਦੀ ਇੱਕ ਸਵੇਰ ਮੈਂ ਪਟਿਆਲੇ ਤੋਂ ਦਿੱਲੀ ਨੂੰ ਜਾਣ ਵਾਲੀ ਬੱਸ ਵਿੱਚ ਸਫ਼ਰ ਕਰ ਰਿਹਾ ਸਾਂ। ਅੰਬਾਲਾ ਤੋਂ ਚੜ੍ਹਨ ਵਾਲੀ ਸਵਾਰੀ ਨੇ ਥੋੜ੍ਹਾ ਸਾਹ ਲੈਣ ਪਿੱਛੋਂ ਖ਼ਬਰ ਦਿੱਤੀ ਕਿ ਪੰਡਿਤ ਜਵਾਹਰ ਲਾਲ ਨਹਿਰੂ ਦੀ ਮ੍ਰਿਤੂ ਹੋ ਗਈ ਹੈ। ਪਲਾਂ ਛਿਣਾਂ ਵਿੱਚ ਇਹ ਖ਼ਬਰ ਗੱਡੀ ਚਲਾ ਰਹੇ ਡਰਾਈਵਰ ਤਕ ਪਹੁੰਚ ਗਈ। ਉਸ ਨੇ ਖ਼ਬਰ ਸੁਣਦੇ ਸਾਰ ‘ਹੈਂ?’ ਕਹਿ ਕੇ ਬਰੇਕ ਲਾਈ ਤੇ ਗੱਡੀ ਇੱਕ ਪਾਸੇ ਖਲ੍ਹਿਆਰ ਲਈ। ਦੋ ਕੁ ਮਿੰਟ ਮੌਨ ਰਹਿ ਕੇ ਉਸ ਨੇ ਮੁੜ ਇੰਜਣ ਸਟਾਰਟ ਕੀਤਾ ਤੇ ਬੱਸ ਤੋਰ ਲਈ। ਜਦੋਂ ਬੱਸ ਦੀਆਂ ਸਵਾਰੀਆਂ ਪੰਡਿਤ ਨਹਿਰੂ ਦੀ ਵਡਿਆਈ ਵਿੱਚ ਤਰ੍ਹਾਂ ਤਰ੍ਹਾਂ ਦੇ ਕਿੱਸੇ ਸੁਣਾ ਰਹੀਆਂ ਸਨ ਤਾਂ ਮੈਨੂੰ ਉਹ ਟਾਂਗੇ ਵਾਲਾ ਚੇਤੇ ਆ ਗਿਆ ਜਿਸ ਨੇ ਕ੍ਰਿਸ਼ਨ ਚੰਦਰ ਦੇ ਮੂੰਹ ਤੋਂ ਸਆਦਤ ਹਸਨ ਮੰਟੋ ਦੇ ਮਰ ਜਾਣ ਦੀ ਖ਼ਬਰ ਸੁਣ ਕੇ ਆਪਣਾ ਟਾਂਗਾ ਇੱਕ ਪਾਸੇ ਖੜ੍ਹਾ ਲਿਆ ਸੀ। ਦੇਸ਼ ਵੰਡ ਤੋਂ ਪਹਿਲਾਂ ਮੰਟੋ ਉਸ ਦੇ ਟਾਂਗੇ ਵਿੱਚ ਬਾਜ਼ਾਰ ਜਾਇਆ ਕਰਦਾ ਸੀ। ਦੱਸਣ ਵਾਲੇ ਤਾਂ ਇਹ ਵੀ ਦੱਸਦੇ ਹਨ ਕਿ ਉਸ ਨੇ ਆਪਣੇ ਘੋੜੇ ਦੀ ਪਿੱਠ ਪਲੋਸ ਕੇ ਟਾਂਗਾ ਪੱਕੇ ਤੌਰ ਉੱਤੇ ਰੋਕ ਲਿਆ ਸੀ ਅਤੇ ਆਪ ਚਲਾਣਾ ਕਰ ਗਏ ਮਿਹਰਬਾਨ ਮਿੱਤਰ ਦੇ ਸਨਮਾਨ ਹਿੱਤ ਠੇਕੇ ਤੋਂ ਸ਼ਰਾਬ ਦੀ ਬੋਤਲ ਲੈਣ ਤੁਰ ਗਿਆ ਸੀ। ਸਦਾ ਲਈ ਅਲਵਿਦਾ ਕਹਿ ਜਾਣ ਵਾਲੇ ਵਧੀਆ ਬੰਦਿਆਂ ਦੇ ਸਨਮਾਨ ਵਿੱਚ ਦੋਵਾਂ ਡਰਾਈਵਰਾਂ ਦਾ ਪ੍ਰਤੀਕਰਮ ਇੱਕ ਹੀ ਸੀ। ਅਜਿਹਾ ਪ੍ਰਤੀਕਰਮ ਹਰ ਕਿਸੇ ਦੇ ਤੁਰ ਜਾਣ ’ਤੇ ਨਹੀਂ ਹੁੰਦਾ। ਦੋਵਾਂ ਡਰਾਈਵਰਾਂ ਦੇ ਅਮਲ ਵਿੱਚ ਧੁਰ ਅੰਦਰ ਦਾ ਦਰਦ ਸੀ। ਅਮਲ ਦਾ ਆਪਮੁਹਾਰਾ ਹੋਣਾ ਮਨ ਦੀਆਂ ਡੂੰਘਾਣਾਂ ਵਿੱਚ ਬੈਠੇ ਆਦਰ ਮਾਣ ਉੱਤੇ ਮੋਹਰ ਲਾਉਣ ਵਾਲਾ ਸੀ। ਮੈਂ ਨਹੀਂ ਜਾਣਦਾ ਕਿ ਬੱਸ ਦਾ ਡਰਾਈਵਰ ਪੰਡਿਤ ਨਹਿਰੂ ਦੀ ਦਿੱਬ ਦ੍ਰਿਸ਼ਟੀ ਤੋਂ ਕਿੰਨਾ ਕੁ ਜਾਣੂ ਸੀ ਜਾਂ ਟਾਂਗੇ ਵਾਲੇ ਨੇ ਮੰਟੋ ਦੀਆਂ ਕਹਾਣੀਆਂ ਪੜ੍ਹੀਆਂ ਵੀ ਸਨ ਜਾਂ ਨਹੀਂ, ਪਰ ਉਨ੍ਹਾਂ ਦੋਵਾਂ ਉੱਤੇ ਦੋਵਾਂ ਦੀ ਸ਼ਖ਼ਸੀਅਤ ਦਾ ਅਜਿਹਾ ਪ੍ਰਭਾਵ ਸੀ ਜਿਸ ਨੂੰ ਸ਼ਬਦਾਂ ਰਾਹੀਂ ਬਿਆਨ ਕਰਨਾ ਸੰਭਵ ਨਹੀਂ। ਚਿੱਤਰਕਾਰ ਲੋਕ ਅਜਿਹੇ ਪ੍ਰਭਾਵ ਨੂੰ ਮਹਾਂਪੁਰਖਾਂ ਦੇ ਚਿਹਰੇ ਦੁਆਲੇ ਹਾਲਾ ਬਣਾ ਕੇ ਪ੍ਰਗਟ ਕਰਦੇ ਹਨ। ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਸਮਰਾਲਾ ਨੇੜਲੇ ਨਿੱਕੇ ਜਿਹੇ ਪਿੰਡ ਪਪੜੌਦੀ ਵਿੱਚ ਜਨਮ ਲੈਣ ਵਾਲਾ ਸਆਦਤ ਹਸਨ ਕੁਝ ਇਸ ਤਰ੍ਹਾਂ ਦੀ ਪ੍ਰਤਿਭਾ ਦਾ ਮਾਲਕ ਸੀ। ਉਸ ਦੇ ਮੱਦਾਹ ਉਸਨੂੰ ਏਸ਼ੀਅਨ ਕਹਾਣੀ ਦਾ ਰੱਬ ਕਹਿੰਦੇ ਹਨ। ਬੇਹੱਦ ਹਉਮੈਵਾਦੀ ਤੇ ਜ਼ਿੱਦੀ ਮੰਟੋ ਆਪਣੇ ਪਿਤਾ ਗੁਲਾਮ ਹਸਨ ਦੀ ਦੂਜੀ ਬੀਵੀ ਦਾ ਪੁੱਤਰ ਸੀ। ਪਿਤਾ ਆਪਣੇ ਸਮਿਆਂ ਦਾ ਚੰਗਾ ਵੱਡਾ ਅਫ਼ਸਰ ਸੀ ਜਿਸ ਨੇ ਆਪਣੀ ਪਹਿਲੀ ਬੀਵੀ ਤੋਂ ਪੈਦਾ ਹੋਏ ਤਿੰਨ ਪੁੱਤਰਾਂ ਨੂੰ ਵਿਦੇਸ਼ਾਂ ਵਿੱਚ ਪੜ੍ਹਾ ਕੇ ਚੰਗੇ ਅਹੁਦਿਆਂ ਦੇ ਯੋਗ ਬਣਾਇਆ। ਇਹ ਗੱਲ ਵੱਖਰੀ ਹੈ ਕਿ ਅੱਜ ਉਨ੍ਹਾਂ ਤਿੰਨਾਂ ਵਿੱਚੋਂ ਕਿਸੇ ਦਾ ਨਾਂ ਕਿਸੇ ਨੂੰ ਚੇਤੇ ਨਹੀਂ, ਪਰ ਸਆਦਤ ਹਸਨ ਮੰਟੋ ਨੂੰ ਸਾਹਿਤ ਵਿੱਚ ਮੱਸ ਰੱਖਣ ਵਾਲਾ ਹਰ ਕੋਈ ਚੇਤੇ ਕਰ ਰਿਹਾ ਹੈ।

ਅੰਗਰੇਜ਼ੀ ਕਵੀ ਕੀਟਸ ਤੇ ਪੰਜਾਬੀ ਦੇ ਸ਼ਿਵ ਕੁਮਾਰ ਵਾਂਗ ਥੋੜ੍ਹੀ ਜ਼ਿੰਦਗੀ ਜੀਅ ਕੇ ਵੱਡਾ ਨਾਂ ਕਮਾਉਣ ਵਾਲੇ ਮੰਟੋ ਦਾ ਜੀਵਨ ਬੜੇ ਉਤਰਾਵਾਂ ਚੜ੍ਹਾਵਾਂ ਵਾਲਾ ਸੀ। ਵੱਡੇ ਭਰਾਵਾਂ ਦੇ ਪਿਆਰ ਤੋਂ ਸੱਖਣਾ ਉਸ ਦਾ ਬਚਪਨ ਪਿਤਾ ਦੇ ਸਖ਼ਤ ਸੁਭਾਅ ਦਾ ਸ਼ਿਕਾਰ ਰਿਹਾ। ਇੰਨਾ ਜ਼ਿਆਦਾ ਕਿ ਦਸਵੀਂ ਜਮਾਤ ਵਿੱਚ ਫੇਲ੍ਹ ਹੋ ਜਾਣ ਤੋਂ ਡਰਦਾ ਉਹ ਨਤੀਜਾ ਨਿਕਲਣ ਤੋਂ ਪਹਿਲਾਂ ਹੀ ਪਿਤਾ ਦੀਆਂ ਅੱਖਾਂ ਤੋਂ ਬਹੁਤ ਦੂਰ ਮੁੰਬਈ ਚਲਾ ਗਿਆ। ਉਸ ਦੀ ਭੈਣ ਇਕਬਾਲ ਅਤੇ ਉਨ੍ਹਾਂ ਦੀ ਮਾਂ ਸਰਦਾਰ ਬੇਗਮ ਉਸ ਨੂੰ ਬਹੁਤ ਪਿਆਰ ਕਰਦੀਆਂ ਸਨ, ਪਰ ਉਨ੍ਹਾਂ ਕੋਲ ਪਿਤਾ ਦੀਆਂ ਝਿੜਕਾਂ ਤੋਂ ਬਚਾਉਣ ਦੀ ਸਮਰੱਥਾ ਨਹੀਂ ਸੀ। ਸਕੂਲੀ ਵਿੱਦਿਆ ਦੀ ਅਸਫਲਤਾ ਨੇ ਪਿਤਾ ਦੇ ਮਨ ਵਿੱਚ ਉਸ ਦੀ ਰਹਿੰਦੀ ਖੂੰਹਦੀ ਸਾਖ ਵੀ ਗੁਆ ਛੱਡੀ ਸੀ। ਮੰਟੋ ਦੇ ਪੜ੍ਹਨ ਕਮਰੇ ਵਿੱਚ ਪੜ੍ਹਨ ਵਾਲੀਆਂ ਪੁਸਤਕਾਂ ਦੀ ਥਾਂ ਫ਼ਿਲਮੀ ਸਿਤਾਰਿਆਂ ਦੀਆਂ ਨੰਗੀਆਂ ਲੱਤਾਂ ਵਾਲੇ ਫੋਟੋ ਅਤੇ ਭਗਤ ਸਿੰਘ ਸ਼ਹੀਦ ਵਰਗੇ ਸੂਰਬੀਰਾਂ ਦੇ ਬੁੱਤ ਹੀ ਪ੍ਰਧਾਨ ਸਨ। ਉਸ ਦੀ ਸਕੂਲੀ ਪੜ੍ਹਾਈ ਦਾ ਇਹ ਹਾਲ ਸੀ ਕਿ ਉਰਦੂ ਦੇ ਪਰਚੇ ਵਿੱਚ ਫੇਲ੍ਹ ਹੋ ਗਿਆ ਸੀ। ਕਹਾਣੀ ਲਿਖਣ ਦੀ ਚੇਟਕ ਕਿਉਂ ਤੇ ਕਿਵੇਂ ਲੱਗੀ, ਇਸ ਬਾਰੇ ਕੋਈ ਜ਼ਿਕਰਯੋਗ ਜਾਣਕਾਰੀ ਨਹੀਂ ਮਿਲਦੀ। ਸਕੂਲੀ ਵਿੱਦਿਆ ਦੇ ਸਮੇਂ ਤੋਂ ਸ਼ਰਾਬ ਪੀਣ ਅਤੇ ਅਲੀਗੜ੍ਹ ਯੂਨੀਵਰਸਿਟੀ ਵਿੱਚੋਂ ਤਪਦਿਕ ਦੀ ਬਿਮਾਰੀ ਕਾਰਨ ਕੱਢੇ ਜਾਣ ਦੀ ਗੱਲ ਤਾਂ ਪੜ੍ਹਨ ਸੁਣਨ ਵਿੱਚ ਆਈ ਹੈ, ਕਿਸੇ ਅਧਿਆਪਕ ਨੇ ਉਸ ਵਿੱਚ ਸਿਰਜਣਾਤਮਕ ਗੁਣ ਪਛਾਣਿਆ ਹੋਵੇ, ਇਸ ਦਾ ਕਿਧਰੇ ਕੋਈ ਜ਼ਿਕਰ ਨਹੀਂ। ਉਰਦੂ ਅਦੀਬ ਕਸ਼ਮੀਰੀ ਲਾਲ ਜ਼ਾਕਿਰ ਦੇ ਦੱਸਣ ਅਨੁਸਾਰ 1932 ਵਿੱਚ ਮੰਟੋ ਨੂੰ ਜੰਮੂ ਸ੍ਰੀਨਗਰ ਮਾਰਗ ਉੱਤੇ ਪੈਂਦੇ ਬਟੋਟ ਨਾਂ ਦੇ ਸੈਨੇਟੋਰੀਅਮ ਵਿੱਚ ਤਪਦਿਕ ਦੇ ਇਲਾਜ ਲਈ ਦਾਖ਼ਲ ਹੋਣਾ ਪਿਆ ਸੀ। ਇਹ ਵੀ ਕਿ ਇੱਥੇ ਰਹਿੰਦਿਆਂ ਇੱਕ ਸਥਾਨਕ ਚਰਵਾਹੀ ਨਾਲ ਉਸ ਦਾ ਪਿਆਰ ਪੈ ਗਿਆ। ਜ਼ਾਕਿਰ ਦੇ ਦੱਸਣ ਅਨੁਸਾਰ ਜਦੋਂ ਮੰਟੋ ਨੂੰ ਇਹ ਸਥਾਨ ਛੱਡਣਾ ਪਿਆ ਤਾਂ ਉਸ ਨੇ ਚਰਵਾਹੀ ਤੋਂ ਕੋਈ ਪਿਆਰ ਨਿਸ਼ਾਨੀ ਮੰਗੀ। ਉਸ ਨੇ ਆਪਣੇ ਸਿਰ ਦੇ ਵਾਲਾਂ ਵਿੱਚੋਂ ਦੋ ਕਲਿੱਪ ਕੱਢ ਕੇ ਮੰਟੋ ਨੂੰ ਦੇ ਦਿੱਤੇ। ਮੰਟੋ ਨੇ ਆਪਣੇ ਇਸ ਇਸ਼ਕ ਬਾਰੇ ਜਿਹੜੀ ਕਹਾਣੀ ਲਿਖੀ ਉਸ ਦਾ ਨਾਂ ‘ਬੇਗੋ’ ਰੱਖਿਆ। ਕਹਾਣੀ ਵਿੱਚ ਨਾਇਕ ਨੂੰ ਮਰਦਾ ਦਿਖਾਇਆ ਹੈ ਅਤੇ ਦਫ਼ਨਾਉਣ ਵੇਲੇ ਉਸ ਦੀ ਮੁੱਠੀ ਬੰਦ ਦੱਸੀ ਹੈ। ਦਫ਼ਨਾਉਣ ਵਾਲਿਆਂ ਜਦੋਂ ਉਸ ਦੀ ਮੁੱਠੀ ਖੋਲ੍ਹੀ ਤਾਂ ਉਸ ਵਿੱਚੋਂ ਦੋ ਕਲਿੱਪ ਨਿਕਲੇ। ਇਹ ਬਟੋਟ ਹੀ ਸੀ ਜਿੱਥੇ ਮੰਟੋ ਦੀ ਜ਼ਾਕਿਰ ਨਾਲ ਪਹਿਲੀ ਮੁਲਾਕਾਤ ਹੋਈ ਸੀ। ਜ਼ਾਕਿਰ ਇਸ ਸਮੇਂ 93 ਸਾਲ ਦਾ ਹੈ। ਮੰਟੋ ਦੀ ਜਨਮ ਸ਼ਤਾਬਦੀ ਨਾਲ ਸਬੰਧਿਤ ਜਸ਼ਨਾਂ ਵਿੱਚ ਉਸ ਨੇ ਮੰਟੋ ਦੀ ਇਹ ਗੱਲ ਕਈ ਮੌਕਿਆਂ ਉੱਤੇ ਦੱਸੀ ਹੈ। ਜਦੋਂ ਮੰਟੋ ਨੇ ਕਹਾਣੀ ਲਿਖਣੀ ਸ਼ੁਰੂ ਕੀਤੀ ਤਾਂ ਉਸ ਦੀ ਉਮਰ ਬਾਈ ਸਾਲ ਸੀ। ਜੇ ‘ਬੇਗੋ’ ਉਸ ਦੀ ਪਹਿਲੀ ਕਹਾਣੀ ਹੈ ਤਾਂ ਇਹ ਵੀ ਮੰਨਣਾ ਪਵੇਗਾ ਕਿ ਉਸ ਨੂੰ ਕਹਾਣੀਕਾਰ ਬਣਨ ਦੀ ਗੁੜ੍ਹਤੀ ਬੇਗੋ ਤੋਂ ਮਿਲੀ। ਇੱਕ ਗਿਣਤੀ ਅਨੁਸਾਰ ਉਸ ਨੇ ਵੀਹ ਸਾਲਾਂ ਦੇ ਆਪਣੇ ਲਿਖਣ ਕਾਲ ਵਿੱਚ 230 ਕਹਾਣੀਆਂ ਲਿਖੀਆਂ। 1947 ਤਕ ਦੇ 14 ਸਾਲਾਂ ਵਿੱਚ 70 ਤੇ ਉਸ ਤੋਂ ਪਿੱਛੋਂ ਦੇ ਸੱਤ ਸਾਲਾਂ ਵਿੱਚ 160, ਜਿਨ੍ਹਾਂ ਵਿੱਚ ਸਿਆਹ ਹਾਸ਼ੀਏ ਵਾਲੀਆਂ ਅਨੇਕਾਂ ਮਿਨੀ ਕਹਾਣੀਆਂ ਵੀ ਸ਼ਾਮਲ ਹਨ। ਇਨ੍ਹਾਂ ਤੋਂ ਬਿਨਾਂ ਅਨੇਕਾਂ ਫ਼ਿਲਮੀ ਕਹਾਣੀਆਂ, ਸੇਨਾਰੀਓ, ਲਘੂ ਨਾਟਕ, ਵਿਅਕਤੀ ਚਿੱਤਰ ਤੇ ਲੇਖ ਉਸ ਦੀ ਰਚਨਾਕਾਰੀ ਦਾ ਹਿੱਸਾ ਬਣੇ। ਇਨ੍ਹਾਂ ਰਚਨਾਵਾਂ ਦੀ ਵੱਡੀ ਖ਼ੂਬੀ ਇਹ ਹੈ ਕਿ ਇਨ੍ਹਾਂ ਵਿੱਚ ਮੰਟੋ ਨੇ ਵੇਸਵਾਵਾਂ, ਦੱਲਿਆਂ ਤੇ ਸਮਾਜ ਦੀਆਂ ਨਜ਼ਰਾਂ ਵਿੱਚ ਘਟੀਆ ਸਮਝੇ ਜਾਂਦੇ ਪਾਤਰਾਂ ਦੇ ਮਾਨਵੀ ਤੇ ਇਨਸਾਨੀ ਸਰੋਕਾਰਾਂ ਨੂੰ ਉਘਾੜਿਆ। ਉਸ ਨੇ ਦੱਸਿਆ ਕਿ ਇਹ ਲੋਕ ਜ਼ਿੰਦਗੀ ਦੀਆਂ ਕਦਰਾਂ ਕੀਮਤਾਂ ਦੇ ਪੱਖ ਤੋਂ ਆਮ ਆਦਮੀ ਨਾਲੋਂ ਉੱਚੇ ਹੁੰਦੇ ਹਨ। ਸਮਾਜ ਦੇ ਅਸਾਧਾਰਨ ਲੋਕਾਂ ਨਾਲ ਮੇਲ-ਜੋਲ ਤੇ ਰਚਨਾਕਾਰੀ ਮੰਟੋ ਦੇ ਜੀਵਨ ਦਾ ਅੰਗ ਸਨ। ।।।ਤੇ ਆਪਣੇ ਇਸ ਸ਼ੌਕ ਨੂੰ ਚੱਲਦਾ ਰੱਖਣ ਲਈ ਦਾਰੂ ਦਾ ਸ਼ਿਕਾਰ ਹੋਣਾ ਉਸ ਦਾ ਸੰਕਟ। ਉਸ ਦੇ ਜੀਵਨ ਦੇ ਆਖ਼ਰੀ ਸਾਲਾਂ ਵਿੱਚ ਉਸ ਦਾ ਸਾਥੀ ਰਿਹਾ ਮੁਹੰਮਦ ਅਸਦਉਲਾ ਆਪਣੀ ਪੁਸਤਕ ‘ਮੰਟੋ ਮੇਰਾ ਦੋਸਤ’ ਵਿੱਚ ਉਸ ਦੀ ਰਚਨਾਕਾਰੀ ਦਾ ਭੇਦ ਇਨ੍ਹਾਂ ਸ਼ਬਦਾਂ ਵਿੱਚ ਬਿਆਨ ਕਰਦਾ ਹੈ:

ਸਆਦਤ ਹਸਨ ਮੰਟੋ ਦਾ ਜਨਮ ਸਥਾਨ।

‘ਮੰਟੋ ਨੇ ਚਾਲੀ ਦਿਨਾਂ ਵਿੱਚ ਚਾਲੀ ਕਹਾਣੀਆਂ ਲਿਖੀਆਂ। ਉਹ ਹਰ ਰੋਜ਼ ਇੱਕ ਕਹਾਣੀ ਲਿਖਦਾ। ਟਾਂਗਾ ਲੈ ਕੇ ‘ਮਕਤਬਾ-ਏ-ਕਾਰਵਾਂ’ ਦੇ ਮਾਲਕ ਚੌਧਰੀ ਹਮੀਦ ਕੋਲ ਜਾਂਦਾ। ਟਾਂਗਾ ਦੇਖਦੇ ਸਾਰ ਚੌਧਰੀ ਸਾਹਿਬ ਵੀਹ ਰੁਪਏ ਕੱਢਦੇ ਤੇ ਮੰਟੋ ਨੂੰ ਫੜਾ ਦਿੰਦੇ। ਫੇਰ ਟਾਂਗਾ ‘ਇੰਗਲਿਸ਼ ਵਾਈਨ ਹਾਊਸ’ ਵੱਲ ਤੁਰ ਪੈਂਦਾ। ਸਾਢੇ ਸਤਾਰਾਂ ਰੁਪਏ ਦੀ ਬੋਤਲ, ਇੱਕ ਰੁਪਏ ਦੀਆਂ ਕੈਪਸਟਨ ਦੀਆਂ ਸਿਗਰਟਾਂ ਅਤੇ ਅੱਠ ਆਨੇ (ਪੰਜਾਹ ਪੈਸੇ) ਦੀ ਮੂਲੀ ਆਦਿ।।। ਇੱਕ ਰੁਪਿਆ ਟਾਂਗੇ ਵਾਲੇ ਦਾ। ਹੋ ਗਿਆ ਨਾ ਹਿਸਾਬ ਬਰਾਬਰ। ਇਹ ਤਾਂ ਠੀਕ ਸੀ, ਪਰ ਵਿਚਾਰੀ ਬੀਵੀ ਰੋਂਦੀ ਰਹਿੰਦੀ ਤੇ ਕਹਿੰਦੀ, ‘ਹੁਣ ਤਾਂ ਮੰਟੋ ਸਾਹਿਬ ਕੇਵਲ ਸ਼ਰਾਬ ਲਈ ਲਿਖਦੇ ਹਨ।’ 160 ਪੰਨੇ ਦੀ ਇਹ ਪੁਸਤਕ ਮੰਟੋ ਦੀ ਮ੍ਰਿਤੂ ਪਿੱਛੋਂ 1955 ਵਿੱਚ ਛਪੀ ਸੀ। ਉਂਜ, ਮੰਟੋ ਆਪਣੀ ਰਚਨਾਕਾਰੀ ਬਾਰੇ ਇਸ ਤੋਂ ਪਹਿਲਾਂ ਹੀ ਲਿਖ ਚੁੱਕਿਆ ਸੀ, ‘ਅਣਲਿਖੀ ਕਹਾਣੀ ਦੇ ਪੈਸੇ ਵਸੂਲ ਕਰ ਚੁੱਕਿਆ ਹੁੰਦਾ ਹਾਂ। ਕਹਾਣੀ ਲਿਖਣ ਲਈ ਪਾਸੇ ਬਦਲਦਾ ਹਾਂ, ਉੱਠ ਕੇ ਚਿੜੀਆਂ ਨੂੰ ਚੋਗਾ ਪਾਉਂਦਾ ਹਾਂ, ਬੱਚੀਆਂ ਨੂੰ ਝੂਲਾ ਝੁਲਾਉਂਦਾ ਹਾਂ, ਘਰ ਦਾ ਕੂੜਾ ਕਬਾੜਾ ਸਾਫ਼ ਕਰਦਾ ਹਾਂ, ਨੰਨੇ-ਮੁੰਨੇ ਜੁੱਤੇ ਜੋ ਘਰ ’ਚ ਥਾਂ-ਕੁਥਾਂ ਪਏ ਹੁੰਦੇ ਹਨ, ਚੁੱਕ ਕੇ ਇੱਕ ਥਾਂ ਰੱਖਦਾ ਹਾਂ- ਪਰ ਕੰਬਖਤ ਕਹਾਣੀ, ਜੋ ਮੇਰੀ ਜੇਬ ’ਚ ਪਈ ਹੁੰਦੀ ਹੈ, ਮੇਰੇ ਜ਼ਿਹਨ ’ਚ ਉਤਰਦੀ ਹੀ ਨਹੀਂ ਅਤੇ ਮੈਂ ਤਿਲਮਿਲਾਉਂਦਾ ਰਹਿੰਦਾ ਹਾਂ।’ ਜਦੋਂ ਅੰਤਕਾਰ ਕਹਾਣੀ ਲਿਖੀ ਜਾਂਦੀ ਹੈ ਤਾਂ ਉਹ ਆਪਣੇ ਆਪ ਨੂੰ ਕਹਾਣੀਕਾਰ ਸਮਝਣ ਦੀ ਥਾਂ ਇੱਕ ਜੇਬ ਕਤਰਾ ਸਮਝਦਾ ਹੈ ਜੋ ਆਪਣੀ ਜੇਬ ਆਪ ਹੀ ਕੱਟਦਾ ਹੈ ਤੇ ਪਾਠਕਾਂ ਦੇ ਹਵਾਲੇ ਕਰ ਦਿੰਦਾ ਹੈ। ਆਪਾਂ ਪਾਠਕਾਂ ਵਿੱਚ ‘ਮਕਤਬਾ-ਏ-ਕਾਰਵਾਂ’ ਵਾਲੇ ਚੌਧਰੀ ਸਾਹਿਬ ਨੂੰ ਵੀ ਸ਼ਾਮਲ ਕਰ ਸਕਦੇ ਹਾਂ। ਬੀਵੀ ਬੱਚੇ ਕੀ ਸੋਚਦੇ ਸਨ, ਉਸ ਦਾ ਜ਼ਿਕਰ ਹੋ ਚੁੱਕਾ ਹੈ। ਮੰਟੋ ਦੀ ਕਹਾਣੀਕਾਰੀ ਦੇ ਸਮੇਂ ਨੂੰ ਅਸੀਂ ਉਰਦੂ ਅਫ਼ਸਾਨਾਨਿਗਾਰੀ ਦਾ ਸੁਨਹਿਰੀ ਕਾਲ ਕਹਿ ਸਕਦੇ ਹਾਂ। ਰਾਜਿੰਦਰ ਸਿੰਘ ਬੇਦੀ ਤੇ ਕ੍ਰਿਸ਼ਨ ਚੰਦਰ ਇਸ ਹੀ ਕਾਲ ਵਿੱਚ ਹੋਏ। ਇਹ ਦਿਨ ਮੰਟੋ ਦੀਆਂ ਕਹਾਣੀਆਂ ਦੇ ਉਭਾਰ ਦੇ ਸਨ। ਇੰਨਾ ਜ਼ਿਆਦਾ ਕਿ ਫ਼ਿਲਮੀ ਦੁਨੀਆਂ ਦੇ ਚਮਕਦੇ ਸਿਤਾਰੇ ਅਸ਼ੋਕ ਕੁਮਾਰ ਨੇ ਉਸ ਨੂੰ ਮੁੰਬਈ ਸੱਦ ਕੇ ਆਪਣੀ ਫ਼ਿਲਮ ਕੰਪਨੀ ਵਿੱਚ ਰੱਖ ਲਿਆ। ਉਸ ਨੇ ਮੰਟੋ ਦੀ ਤਨਖ਼ਾਹ 350 ਰੁਪਏ ਮਹੀਨਾ ਰੱਖੀ। ਉਨ੍ਹੀਂ ਦਿਨੀਂ ਇੰਨੀ ਤਨਖ਼ਾਹ ਬਰਤਾਨਵੀ ਸਰਕਾਰ ਆਪਣੇ ਆਈਸੀਐੱਸ ਅਫ਼ਸਰਾਂ ਨੂੰ ਦਿੰਦੀ ਸੀ। ਮੁੰਬਈ ਵਿੱਚ ਰਹਿੰਦਿਆਂ ਮੰਟੋ ਦੀ ਇਸ ਚੜ੍ਹਤ ਨੇ ਉਸ ਦਾ ਰਿਸ਼ਤਾ ਸੋਫੀਆ ਨਾਂ ਦੀ ਕੁੜੀ ਨਾਲ ਕਰਵਾ ਦਿੱਤਾ। ਸੋਫੀਆ ਦਾ ਪਰਿਵਾਰਕ ਪਿਛੋਕੜ ਵੀ ਮੰਟੋ ਵਾਂਗ ਕਸ਼ਮੀਰ ਦਾ ਸੀ। ਮੁੰਬਈ ਵਿੱਚ ਮੰਟੋ ਦੇ ਇਨ੍ਹਾਂ ਦਿਨਾਂ ਨੂੰ ਆਪਾਂ ਉਸ ਦੇ ਜੀਵਨ ਦੇ ਬਿਹਤਰੀਨ ਦਿਨ ਕਹਿ ਸਕਦੇ ਹਾਂ। ਪਰ ਉਸ ਦੀ ਹਉਮੈ ਤੇ ਸੁਭਾਅ ਦੀ ਤਲਖੀ ਕੁਝ ਇਸ ਤਰ੍ਹਾਂ ਦੀ ਸੀ ਕਿ ਇੱਥੇ ਰਹਿੰਦਿਆਂ ਆਪਣੀ ਭੈਣ ਇਕਬਾਲ ਦੇ ਪਤੀ ਨਾਲ ਵੀ ਬਣਾ ਕੇ ਨਹੀਂ ਰੱਖ ਸਕਿਆ। ਇੱਥੋਂ ਤਕ ਕਿ ਉਸ ਦਾ ਜੀਜਾ ਵਿਆਹ ਸਮੇਂ ਉਸ ਦੀ ਜੰਝ ਵਿੱਚ ਸ਼ਾਮਲ ਨਹੀਂ ਹੋਇਆ। ਜਦੋਂ ਭੈਣ ਨੇ ਟੈਲੀਫੋਨ ਕਰਕੇ ਮੰਟੋ ਨੂੰ ਇਹ ਕਿਹਾ ਕਿ ਉਹ ਆਪਣੇ ਸਿਹਰੇ ਬੱਧੇ ਵੀਰੇ ਨੂੰ ਦੇਖਣ ਦੀ ਚਾਹਵਾਨ ਹੈ ਤਾਂ ਜੀਜੇ ਨੂੰ ਜਾਂਝੀ ਬਣਾਉਣ ਦੀ ਥਾਂ ਮੰਟੋ ਸਾਰੀ ਦੀ ਸਾਰੀ ਜੰਝ ਵਲਾ ਪਾ ਕੇ ਭੈਣ ਦੇ ਘਰ ਅੱਗੋਂ ਦੀ ਲੰਘਾ ਕੇ ਵਿਆਹੁਣ ਗਿਆ। ਉਸ ਦੀ ਹਉਮੈ ਹੀ ਸੀ ਜਿਸ ਨੇ ਅਸ਼ੋਕ ਕੁਮਾਰ ਵੱਲੋਂ ਮਿਲੀ ਚੰਗੀ ਨੌਕਰੀ ਵੀ ਗੁਆ ਛੱਡੀ। ਅਸ਼ੋਕ ਕੁਮਾਰ ‘ਮਹੱਲ’ ਨਾਂ ਦੀ ਫ਼ਿਲਮ ਤਿਆਰ ਕਰਵਾ ਰਿਹਾ ਸੀ ਕਿ ਮੰਟੋ ਨੇ ਆਪਣੀ ਕਿਸੇ ਕਹਾਣੀ ਉੱਤੇ ਫ਼ਿਲਮ ਬਣਾਉਣ ਦੀ ਤਜਵੀਜ਼ ਪੇਸ਼ ਕਰ ਦਿੱਤੀ। ਅਸ਼ੋਕ ਕੁਮਾਰ ਆਪਣੀ ਫ਼ਿਲਮ ਅੱਧ ਵਿਚਕਾਰ ਛੱਡ ਕੇ ਮੰਟੋ ਦੀ ਮੰਗ ਕਿਵੇਂ ਮੰਨ ਸਕਦਾ ਸੀ। ਮੰਟੋ ਗੁੱਸੇ ਹੋ ਗਿਆ ਤੇ ਚੰਗੀ ਭਲੀ ਨੌਕਰੀ ਨੂੰ ਠੁੱਡਾ ਮਾਰ ਕੇ ਮੁੰਬਈ ਛੱਡ ਦਿੱਲੀ ਜਾ ਵੜਿਆ। ਦਿੱਲੀ ਵਿੱਚ ਆਲ ਇੰਡੀਆ ਰੇਡੀਓ ਦੇ ਡਾਇਰੈਕਟਰ ਜਨਰਲ ਪਿਤਰਸ ਬੁਖਾਰੀ ਨੇ ਉਸ ਦੀ ਪ੍ਰਤਿਭਾ ਨੂੰ ਪਛਾਣਦਿਆਂ ਉਸ ਨੂੰ ਰੇਡੀਓ ਦੀ ਨੌਕਰੀ ਦੇ ਦਿੱਤੀ। ਪਰ ਉਸ ਨੂੰ ਮੰਟੋ ਕੌਣ ਕਹਿੰਦਾ ਜੇ ਉਹ ਇੱਥੇ ਵੀ ਪਰਛੰਡੇ ਨਾ ਮਾਰਦਾ। ਨਤੀਜੇ ਵਜੋਂ ਉਸ ਦੀ ਬਦਲੀ ਲਖਨਊ ਕਰ ਦਿੱਤੀ ਗਈ। ਮੰਟੋ ਨੇ ਇਸ ਬਦਲੀ ਨੂੰ ਆਪਣੀ ਹੱਤਕ ਸਮਝਿਆ ਤੇ ਅਸਤੀਫ਼ਾ ਦੇ ਕੇ ਮੁੜ ਮੁੰਬਈ ਚਲਾ ਗਿਆ। ਮੁੰਬਈ ਪਹੁੰਚਣ ’ਤੇ ਉਸ ਨੂੰ ਫ਼ਿਲਮੀ ਸਕ੍ਰਿਪਟਾਂ ਤੇ ਸੇਨਾਰੀਓ ਲਿਖਣ ਦਾ ਕੰਮ ਮਿਲਣ ਲੱਗਿਆ। ਕੰਮ ਤਾਂ ਵਾਹਵਾ ਸੀ, ਪਰ ਦੇਸ਼ ਦੀ ਵੰਡ ਨੇ ਸਾਰੇ ਹਿੰਦੁਸਤਾਨ ਨੂੰ ਝੰਜੋੜ ਕੇ ਰੱਖ ਦਿੱਤਾ। ਉਨ੍ਹਾਂ ਦਿਨਾਂ ਵਿੱਚ ਕੀ ਕੁਝ ਹੋਇਆ ਇੱਥੇ ਉਸ ਦੀ ਦੁਹਰ ਪਾਉਣ ਦੀ ਲੋੜ ਨਹੀਂ। ਸਮਰਾਲੇ ਵਿੱਚ ਜੰਮੇ, ਅੰਮ੍ਰਿਤਸਰ ਤੇ ਅਲੀਗੜ੍ਹ ਵਿੱਚ ਪੜ੍ਹੇ ਤੇ ਮੁੰਬਈ ਵਿੱਚ ਗੁੜ੍ਹੇ ਮੰਟੋ ਦੇ ਮਨ ਉੱਤੇ ਪੰਜਾਬੀ ਮੁਸਲਮਾਨਾਂ ਦੇ ਏਧਰਲੇ ਪੰਜਾਬ ਤੋਂ ਉਧਰਲੇ ਪੰਜਾਬ ਨੂੰ ਤੁਰ ਜਾਣ ਸਮੇਂ ਕੀ ਪ੍ਰਭਾਵ ਪਿਆ ਹੋਵੇਗਾ ਇਸ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ। ਸੈਕਸ ਵਰਕਰਾਂ, ਦੱਲਿਆਂ, ਕਪਟੀਆਂ ਤੇ ਗ਼ਰੀਬ ਗੁਰਬਿਆਂ ਵਿੱਚ ਇਨਸਾਨੀਅਤ ਦੇ ਵੱਡੇ ਗੁਣ ਪਛਾਣਨ ਵਾਲੇ ਮੰਟੋ ਦਾ ਮਨ ਧੁਰ ਅੰਦਰ ਤਕ ਵਲੂੰਧਰਿਆ ਗਿਆ। ਜਿਸ ਵਹਿਸ਼ਤ ਨਾਲ ਫ਼ਿਰਕਾਪ੍ਰਸਤੀ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲਿਆ ਉਸ ਬਾਰੇ ਲਿਖਣ ਵਾਲੇ ਤਾਂ ਹੋਰ ਵੀ ਸਨ, ਪਰ ਇਸ ਦਰਦ ਨੂੰ ਆਪਣੇ ਦੁਖੀ ਤੇ ਹੱਸਾਸ ਮਨ ਦੀ ਚਾਸ਼ਣੀ ਵਿੱਚ ਨਿਤਾਰਨ ਵਾਲਾ ਸਿਰਫ਼ ਤੇ ਸਿਰਫ਼ ਮੰਟੋ ਸੀ। ਵੱਡੀ ਗੱਲ ਇਹ ਕਿ ਉਸ ਦੀ ਪਹੁੰਚ ਇੰਨੀ ਸਹਿਜ ਤੇ ਧਰਮ ਨਿਰਪੱਖ ਸੀ ਕਿ ਇਸ ਨੇ ਮੰਟੋ ਦੀ ਸਾਰੀ ਰਚਨਾਕਾਰੀ ਨੂੰ ਟੀਸੀ ਤੋਂ ਟੀਸੀ ਦਾ ਸਫ਼ਰ ਬਣਾ ਛੱਡਿਆ। ਉਸ ਨੇ ਜ਼ਿੰਦਗੀ ਭਰ ਸਮਾਜ ਦੀਆਂ ਪ੍ਰਚੱਲਿਤ ਕਦਰਾਂ ਕੀਮਤਾਂ ਦੇ ਉਲਟ ਖੜ੍ਹਾ ਹੋ ਕੇ ਸੋਚਿਆ। ਦੇਸ਼ ਵੰਡ ਤੋਂ ਪਹਿਲਾਂ ਅਖੰਡ ਹਿੰਦੁਸਤਾਨ ਵਿੱਚ ਉਸ ਦੀਆਂ ਦੋ ਕਹਾਣੀਆਂ ‘ਕਾਲੀ ਸਲਵਾਰ’ ਅਤੇ ‘ਬੂ’ ਉੱਤੇ ਮੁਕੱਦਮੇ ਚੱਲੇ। ਦੇਸ਼ ਵੰਡ ਪਿੱਛੋਂ ਮੁੰਬਈ ਛੱਡ ਕੇ ਲਾਹੌਰ ਗਿਆ ਤਾਂ ਉਸ ਦੇ ਅਫ਼ਸਾਨੇ ‘ਠੰਢਾ ਗੋਸ਼ਤ’, ‘ਧੂੰਆਂ’, ‘ਖੋਲ੍ਹ ਦੋ’ ਅਤੇ ‘ਉਪਰ ਨੀਚੇ ਔਰ ਦਰਮਿਆਨ’ ਪਾਕਿਸਤਾਨੀ ਕਚਹਿਰੀਆਂ ਦੀ ਲਪੇਟ ਵਿੱਚ ਆ ਗਏ, ਪਰ ਉਸ ਨੇ ਹੌਸਲਾ ਨਹੀਂ ਹਾਰਿਆ। ਇਨ੍ਹਾਂ ਕਹਾਣੀਆਂ ਵਿਚਲਾ ਸੱਚ ਹੀ ਸੀ ਜਿਸ ਦੀ ਗਵਾਹੀ ਭਰਨ ਵਾਸਤੇ ਉਰਦੂ ਅਦਬ ਦੇ ਨਾਮਵਰ ਹਸਤਾਖਰ, ਰਾਜਿੰਦਰ ਸਿੰਘ ਬੇਦੀ, ਅਹਿਮਦ ਨਦੀਮ ਕਾਸਮੀ, ਕ੍ਰਿਸ਼ਨ ਚੰਦਰ, ਫ਼ੈਜ਼ ਅਹਿਮਦ ਫ਼ੈਜ਼ ਤੇ ਮੇਲਾ ਰਾਮ ਵਫ਼ਾ ਹੁੰਮਹੁੰਮਾ ਕੇ ਉਸ ਦੇ ਗਵਾਹਾਂ ਵਜੋਂ ਅਦਾਲਤਾਂ ਵਿੱਚ ਪੇਸ਼ ਹੋਏ। ਮੰਟੋ ਦੀ ਅਫ਼ਸਾਨਾਨਿਗਾਰੀ ਨੂੰ ਸਮਝਣ ਵਾਸਤੇ ਉਸ ਦੀ ਕਹਾਣੀ ‘ਖੋਲ੍ਹ ਦੋ’ ਦਾ ਪ੍ਰਮਾਣ ਦੇਣਾ ਕਾਫ਼ੀ ਹੈ। ਇਹ ਕਹਾਣੀ ਦੇਸ਼ ਵੰਡ ਦਾ ਸ਼ਿਕਾਰ ਹੋਏ ਸਿਰਾਜੁਦੀਨ ਦੇ ਪਰਿਵਾਰ ਨਾਲ ਸਬੰਧਿਤ ਹੈ। ਦੰਗਾਕਾਰੀਆਂ ਦੀ ਲਪੇਟ ਵਿੱਚ ਆਏ ਸਿਰਾਜੁਦੀਨ ਦੀ ਨੌਜਵਾਨ ਧੀ ਉਸ ਨਾਲੋਂ ਵਿਛੜ ਗਈ। ਉਹ ਧੀ ਦੀ ਭਾਲ ਵਿੱਚ ਮਾਰਾ-ਮਾਰਾ ਫਿਰ ਰਿਹਾ ਸੀ ਤਾਂ ਉਸ ਦਾ ਦੁੱਖ ਵੰਡਾਉਣ ਵਾਲੇ ਰਜ਼ਾਕਾਰ (ਸਮਾਜ ਸੇਵਕ) ਉਸ ਨੂੰ ਆ ਮਿਲੇ। ਪਿਤਾ ਨੂੰ ਢਾਰਸ ਦੇ ਕੇ ਧੀ ਨੂੰ ਲੱਭਣ ਦਾ ਵਚਨ ਦੇ ਕੇ ਉਹ ਵੀ ਅਲੋਪ ਹੋ ਗਏ। ਧੀ ਕਈ ਦਿਨ ਗਾਇਬ ਰਹੀ। ਜਦੋਂ ਤਕ ਪਿਤਾ ਨੂੰ ਉਸ ਦੀ ਧੀ ਦੇ ਲੱਭਣ ਦੀ ਖ਼ਬਰ ਮਿਲੀ, ਉਹ ਸਮੂਹਿਕ ਜਬਰ ਜਨਾਹ ਦਾ ਸ਼ਿਕਾਰ ਹੋਈ ਹਸਪਤਾਲ ਪਹੁੰਚ ਚੁੱਕੀ ਸੀ। ਪਿਤਾ ਵੀ ਓਥੇ ਪਹੁੰਚ ਗਿਆ। ਡਾਕਟਰ ਮਰੀਜ਼ਾਂ ਦੇ ਕਮਰੇ ਵਿੱਚ ਦਾਖ਼ਲ ਹੋਇਆ ਤਾਂ ਕਮਰੇ ਵਿੱਚ ਕਹਿਰਾਂ ਦਾ ਹੁੰਮਸ ਸੀ। ਧੀ ਦੀ ਨਬਜ਼ ਉੱਤੇ ਹੱਥ ਧਰ ਕੇ ਡਾਕਟਰ ਵੱਲੋਂ ਸਾਹਮਣੇ ਵਾਲੀ ਖਿੜਕੀ ਵੱਲ ਇਸ਼ਾਰਾ ਕਰ ਕੇ ਨਰਸ ਨੂੰ ‘ਖੋਲ ਦੋ’ ਕਹਿਣ ਦੀ ਦੇਰ ਸੀ ਕਿ ਅੱਧਮੋਈ ਅਵਸਥਾ ਵਾਲੀ ਧੀ ਨੇ ਆਪਣੀ ਸਲਵਾਰ ਦਾ ਨਾਲਾ ਖੋਲ੍ਹ ਕੇ ਸਲਵਾਰ ਥੱਲੇ ਨੂੰ ਖਿਸਕਾ ਦਿੱਤੀ। ਧੀ ਦੇ ਹੱਥਾਂ ਨੂੰ ਹਰਕਤ ਵਿੱਚ ਆਏ ਦੇਖ ਪਿਤਾ ਦੇ ਸਾਹ ਵਿੱਚ ਸਾਹ ਆ ਗਿਆ ਤੇ ਉਸ ਨੇ ਕਮਾਲ ਦੀ ਤਸੱਲੀ ਪ੍ਰਗਟ ਕਰਦਿਆਂ ਹਉਕਾ ਭਰਿਆ ‘ਜ਼ਿੰਦਾ ਹੈ।’ ਮੰਟੋ ਕਹਾਣੀ ਨੂੰ ਇਨ੍ਹਾਂ ਦੋ ਸ਼ਬਦਾਂ ਨਾਲ ਖ਼ਤਮ ਕਰ ਦਿੰਦਾ ਹੈ। ਇਸ ਕਹਾਣੀ ਵਿੱਚ ਮੰਟੋ ਦੀ ਸੋਚ ਨੂੰ ਸਾਣ ਉੱਤੇ ਚਾੜ੍ਹਨ ਵਾਲੇ ਸੰਨ ਸੰਤਾਲੀ ਦੇ ਦੰਗੇ ਵੀ ਸਨ, ਸਮਾਜ ਸੇਵੀਆਂ ਦਾ ਕਰਤੱਵ ਉਭਾਰਨ ਵਾਲੀ ਮੰਟੋ ਦੀ ਪਹੁੰਚ ਵੀ, ਵਹਿਸ਼ਤ ਦਾ ਸ਼ਿਕਾਰ ਹੋਈ ਧੀ ਵੀ ਤੇ ਅਧਮੋਈ ਅਵਸਥਾ ਵਿੱਚ ਪ੍ਰਾਪਤ ਹੋਈ ਧੀ ਤੋਂ ਉਸ ਦੇ ਪਿਤਾ ਨੂੰ ਮਿਲਣ ਵਾਲੀ ਰਾਹਤ ਵੀ। ਇਹ ਸੀ ਮੰਟੋ। ਨਿੱਕੀ ਕਹਾਣੀ ਦਾ ਵੱਡਾ ਰੱਬ। ਨਿੱਕੀ ਕਹਾਣੀ ਦਾ ਇਹ ਰੱਬ ਸਿਰਫ਼ 42 ਸਾਲ ਅੱਠ ਮਹੀਨੇ ਤੇ ਸੱਤ ਦਿਨ ਜੀਵਿਆ। 12 ਮਈ 1912 ਤੋਂ 18 ਜਨਵਰੀ 1955 ਤਕ। ਉਸ ਦੀ ਜਨਮ ਸ਼ਤਾਬਦੀ ਸਮੇਂ ਉਸ ਦੇ ਗੁਣਾਂ ਨੂੰ ਮੁੜ ਚੇਤੇ ਕੀਤਾ ਗਿਆ। ਭਾਰਤ ਤੇ ਪਾਕਿਸਤਾਨ ਵਿੱਚ ਜਸ਼ਨ ਮਨਾਏ ਗਏ। ਉਸ ਦੀ ਮਾਂ ਸਰਦਾਰ ਬੇਗਮ ਦੇ ਪੇਕੇ ਪਿੰਡ ਪਪੜੌਦੀ, ਜਿੱਥੇ ਉਸ ਦਾ ਜਨਮ ਹੋਇਆ ਸੀ, ਉਸ ਦੀ ਯਾਦ ਵਿੱਚ ਪੰਜਾਬੀ ਸਾਹਿਤ ਸਭਾ, ਨਵੀਂ ਦਿੱਲੀ ਨੇ ਆਪਣੀ ਦਿਹਾਤੀ ਲਾਇਬਰੇਰੀ ਸਕੀਮ ਅਧੀਨ ਮੰਟੋ ਯਾਦਗਾਰੀ ਲਾਇਬਰੇਰੀ ਸਥਾਪਤ ਕੀਤੀ ਹੈ। ਸਆਦਤ ਹਸਨ ਮੰਟੋ ਨੂੰ ਅੱਜ ਪਹਿਲਾਂ ਨਾਲੋਂ ਵੀ ਵਧੇਰੇ ਪਿਆਰ ਨਾਲ ਚੇਤੇ ਕੀਤਾ ਜਾਂਦਾ ਹੈ। ਪਿਛਲੇ ਸਾਲ ਚੰਡੀਗੜ੍ਹ ਸੰਗੀਤ ਨਾਟਕ ਅਕਾਡਮੀ ਨੇ ਆਪਣੇ ਚਾਰ ਦਿਨਾਂ ਨਾਟ ਉਤਸਵ ਵਿੱਚ ਪਹਿਲੇ ਦਿਨ ‘ਬਦਨਾਮ ਮੰਟੋ’ ਨਾਂ ਦਾ ਨਾਟਕ ਖੇਡਿਆ। ਇਹ ਨਾਟਕ ਖੇਡਣ ਵਾਲੀ ਸੰਸਥਾ ‘ਰੰਗਕਰਮੀ’ ਕੋਲਕਾਤਾ ਤੋਂ ਆਈ ਸੀ। ਨਾਟਕ ਦੀ ਨਿਰਦੇਸ਼ਕ ਊਸ਼ਾ ਗਾਂਗੁਲੀ ਨੇ ਉਸ ਦੀਆਂ ਤਿੰਨ ਕਹਾਣੀਆਂ ‘ਕਾਲੀ ਸਲਵਾਰ’, ‘ਲਾਈਸੈਂਸ’ ਅਤੇ ‘ਹੱਤਕ’ ਚੁਣੀਆਂ ਅਤੇ ਨਾਟਕ ਤੋਂ ਪਹਿਲਾਂ ਜ਼ੋਰ ਦੇ ਆਖਿਆ ਕਿ ਹਰ ਔਰਤ ਵੇਸਵਾ ਨਹੀਂ ਹੁੰਦੀ, ਪਰ ਹਰ ਵੇਸਵਾ ਔਰਤ ਹੁੰਦੀ ਹੈ। ਇਹ ਧਾਰਨਾ ਊਸ਼ਾ ਗਾਂਗੁਲੀ ਦੀ ਨਹੀਂ, ਮੰਟੋ ਦੀ ਸੀ। ‘ਕਾਲੀ ਸਲਵਾਰ’ ਵਿੱਚ ਸੁਲਤਾਨਾ ਨਾਂ ਦੀ ਵੇਸਵਾ ਆਪਣਾ ਧੰਦਾ ਅੰਬਾਲਾ ਵਿੱਚੋਂ ਛੱਡ ਕੇ ਦਿੱਲੀ ਵਿੱਚ ਕਰਨਾ ਚਾਹੁੰਦੀ ਹੈ ਤਾਂ ਉਸ ਦਾ ਦਲਾਲ ਹੀ ਉਸ ਦੇ ਝੁਮਕੇ ਲੁੱਟ ਲੈਂਦਾ ਹੈ। ਇਹ ਝੁਮਕੇ ਉਸ ਦੀ ਮਾਂ ਨੇ ਉਸ ਨੂੰ ਦਿੱਤੇ ਸਨ ਤੇ ਉਸ ਦੀ ਮਾਂ ਨੂੰ ਉਸ ਦੀ ਮਾਂ ਨੇ। ‘ਲਾਈਸੈਂਸ’ ਵਿੱਚ ਅਨਾਇਤ ਨਾਂ ਦੀ ਨਾਇਕਾ ਆਪਣੇ ਤਾਂਗੇ ਵਾਲੇ ਪਤੀ ਦੇ ਦੇਹਾਂਤ ਤੋਂ ਬਾਅਦ ਆਪਣੇ ਗੁਜ਼ਾਰੇ ਲਈ ਖ਼ੁਦ ਤਾਂਗਾ ਚਲਾਉਣ ਲੱਗਦੀ ਹੈ ਤਾਂ ਅਮੀਰਜ਼ਾਦੇ ਕਿਰਾਇਆ ਦੇਣ ਦੀ ਥਾਂ ਉਸ ਨਾਲ ਰਲਮਿਲ ਕੇ ਰਹਿਣ ਦੇ ਝਾਂਸੇ ਦੇ ਕੇ ਉਸ ਨੂੰ ਫੁਸਲਾ ਲੈਂਦੇ ਹਨ। ‘ਹੱਤਕ’ ਦੀ ਨਾਇਕਾ ਸੁਗੰਧੀ ਦਾ ਅਮੀਰ ਗਾਹਕ ਉਸ ਦੇ ਮੂੰਹ ਉੱਤੇ ਥੁੱਕ ਕੇ ਚਲਾ ਜਾਂਦਾ ਹੈ ਤਾਂ ਉਹ ਆਪਣੇ ਪਾਲਤੂ ਕੁੱਤੇ ਦੀ ਵਫ਼ਾ ਨਾਲ ਦਿਲ ਬਹਿਲਾਉਣ ਲਈ ਮਜਬੂਰ ਹੋ ਜਾਂਦੀ ਹੈ। ਮੰਟੋ ਆਪਣੇ ਪਾਤਰਾਂ ਦਾ ਪੱਖ ਪੂਰਨ ਸਮੇਂ ਆਪਣੀ ਕਲਾਕਾਰੀ ਦੇ ਸਿਖਰ ’ਤੇ ਹੁੰਦਾ ਹੈ। ਇਹ ਤਿੰਨੋਂ ਨਾਟਕ ‘ਬਦਨਾਮ ਮੰਟੋ’ ਨੂੰ ਮਾਨਵੀ ਕਦਰਾਂ ਕੀਮਤਾਂ ਦੇ ਰਾਖੇ ਅਤੇ ਲਾਚਾਰ ਤੇ ਬੇਵੱਸ ਜੀਵਾਂ ਨਾਲ ਖਲੋਤਾ ਦਿਖਾਉਂਦੇ ਹਨ। ਇਹ ਵੀ ਸਬੱਬ ਦੀ ਗੱਲ ਹੈ ਕਿ ਬਟੋਟ ਦੇ ਸੈਨੇਟੋਰੀਅਮ ਵਿੱਚ ਤਪਦਿਕ ਦਾ ਇਲਾਜ ਕਰਵਾ ਰਹੇ ਸਆਦਤ ਹਸਨ ਮੰਟੋ ਅਤੇ ਉਸ ਦੀ ਨਿਗਾਹ ਚੜ੍ਹੀ ਚਰਵਾਹੀ ਨੂੰ ਨੇੜਿਓਂ ਤੱਕਣ ਵਾਲਾ ਕਸ਼ਮੀਰੀ ਲਾਲ ਜ਼ਾਕਿਰ ਵੀ ਪਿਛਲੇ ਦਿਨੀਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਹੈ। ਉਸ ਦੇ ਸ਼ਰਧਾਂਜਲੀ ਸਮਾਰੋਹ ਵਿੱਚ ਉਸ ਦੇ ਬਾਕੀ ਪ੍ਰਸੰਗਾਂ ਦੇ ਨਾਲ ਚਰਵਾਹੀ ਵਾਲਾ ਪ੍ਰਸੰਗ ਚੇਤੇ ਕਰਕੇ ਮੰਟੋ ਦੇ ਇਨਸਾਨੀ ਗੁਣਾਂ ਦੀ ਚਰਚਾ ਕੀਤੀ ਗਈ। ਮੰਟੋ ਦੀਆਂ ਬੇਟੀਆਂ ਨੂੰ ਪਾਕਿਸਤਾਨੀ ਪੰਜਾਬ ਤੋਂ ਏਧਰਲੇ ਪੰਜਾਬ ਸੱਦ ਕੇ ਉਨ੍ਹਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਮੇਰੀ ਜਾਚੇ ਮੰਟੋ ਦਾ ਸਾਰਾ ਜੀਵਨ ਹਿਰਨਾਂ ਤੇ ਹਿਰਨੀਆਂ ਵਾਲਾ ਸੀ। ਮੇਰਾ ਜਨਮ ਵੀ ਮੇਰੇ ਨਾਨਕਾ ਪਿੰਡ ਦਾ ਹੈ। ਕੋਟਲਾ ਬਡਲਾ ਨਾਂ ਦਾ ਇਹ ਪਿੰਡ ਜ਼ਿਲ੍ਹਾ ਲੁਧਿਆਣਾ ਦੀ ਸਮਰਾਲਾ ਤਹਿਸੀਲ ਵਿੱਚ ਪੈਂਦਾ ਹੈ। ਮੰਟੋ ਦੇ ਜਨਮ ਅਸਥਾਨ ਪਪੜੌਦੀ ਤੋਂ ਅੱਠ ਮੀਲ। ਮੈਂ ਆਪਣੇ ਬਚਪਨ ਵਿੱਚ ਸਮਰਾਲੇ ਦੇ ਆਲੇ ਦੁਆਲੇ ਹਿਰਨਾਂ ਦੀਆਂ ਡਾਰਾਂ ਨੂੰ ਚਰਾਂਦਾਂ ਵਿੱਚੋਂ ਲੰਘ ਕੇ ਮੂੰਗਫਲੀ ਦੇ ਖੇਤਾਂ ਵਿੱਚ ਚੁੰਗੀਆਂ ਭਰਦੇ ਤੱਕਿਆ ਹੈ। ਮੇਰਾ ਨਾਨਾ ਕਿਹਾ ਕਰਦਾ ਸੀ ਕਿ ਇਹ ਜਾਨਵਰ ਕਸਤੂਰੀ ਦੀ ਭਾਲ ਵਿੱਚ ਭਟਕਣ ਦਾ ਆਦੀ ਹੈ ਹਾਲਾਂਕਿ ਕਸਤੂਰੀ ਇਸ ਦੀ ਨਾਭੀ ਵਿੱਚ ਹੀ ਹੁੰਦੀ ਹੈ। ਕਈ ਵਾਰ ਮੈਂ ਸੋਚਦਾ ਹਾਂ ਕਿ ਹਿਰਨ ਤੇ ਹਿਰਨੀਆਂ ਆਪਣੀ ਕਸਤੂਰੀ ਆਪਣੇ ਨਾਲ ਲੈ ਕੇ ਤੁਰ ਜਾਂਦੇ ਹਨ, ਪਰ ਮੰਟੋ ਦੀ ਕਸਤੂਰੀ ਅੱਜ ਵੀ ਉਸ ਦੀਆਂ ਰਚਨਾਵਾਂ ਦੇ ਰੂਪ ਵਿੱਚ ਸਾਡੇ ਕੋਲ ਹੈ। ਮੈਂ ਜਦੋਂ ਵੀ ਆਪਣੇ ਨਾਨਕੇ ਜਾਂਦਾ ਹਾਂ ਤਾਂ ਲੁਧਿਆਣਾ-ਸਮਰਾਲਾ ਮਾਰਗ ਉੱਤੇ ਨੀਲੋਂ ਦੇ ਪੁਲ ਤੋਂ ਵੇਰਕਾ ਵਾਲਿਆਂ ਦੀ ਲੱਸੀ ਪੀਣ ਰੁਕ ਜਾਂਦਾ ਹਾਂ। ਸਰਕਾਰ ਨੇ ਨੀਲੋਂ ਵਿਖੇ ਲੰਘਣ ਵਾਲਿਆਂ ਦੇ ਦੇਖਣ ਲਈ ਡੇਢ ਦਰਜਨ ਹਿਰਨ ਪਾਲੇ ਹੋਏ ਹਨ। ਮੈਨੂੰ ਉਨ੍ਹਾਂ ਦੀਆਂ ਅੱਖਾਂ ਵਿੱਚ ਸਦਾ ਬੁਝੀ ਹੋਈ ਰੌਸ਼ਨੀ ਨਜ਼ਰ ਆਈ ਹੈ। ਇਹ ਉਹ ਵਾਲੇ ਹਿਰਨ ਨਹੀਂ ਜੋ ਮੈਂ ਆਪਣੇ ਬਚਪਨ ਵਿੱਚ ਤੱਕੇ ਸਨ। ਪਪੜੌਦੀ ਦੀ ਮੇਰੀ ਸੱਜਰੀ ਫੇਰੀ ਨੇ ਇਸ ਉੱਤੇ ਮੋਹਰ ਲਾ ਦਿੱਤੀ ਹੈ। ਮੈਂ ਮੰਟੋ ਯਾਦਗਾਰੀ ਲਾਇਬਰੇਰੀ ਦਾ ਨਵਾਂ ਕਮਰਾ ਵੇਖਣ ਗਿਆ ਜਿਹੜਾ ਪਪੜੌਦੀ ਦੀ ਗ੍ਰਾਮ ਪੰਚਾਇਤ ਨੇ ਰਾਜ ਸਭਾ ਮੈਂਬਰ ਵੱਲੋਂ ਮਿਲੀ ਮਾਇਕ ਸਹਾਇਤਾ ਨਾਲ ਬਣਵਾਇਆ ਹੈ। ਉਸ ਦੇ ਨੀਂਹ ਪੱਥਰ ਉੱਤੇ ਸਆਦਤ ਹਸਨ ਮੰਟੋ ਦਾ ਨਾਂ ਹਸਨ ਲਾਲ ਮੰਟੋ ਲਿਖਿਆ ਹੋਇਆ ਹੈ। ਮੇਰੇ ਲਈ ਇਹ ਤਖ਼ਤੀ ਹਿਰਨ ਪਾਰਕ ਦੇ ਜਾਨਵਰਾਂ ਦੀਆਂ ਅੱਖਾਂ ਵਿਚਲੀ ਬੁਝੀ ਹੋਈ ਰੌਸ਼ਨੀ ਨਾਲੋਂ ਵੀ ਦੁਖਦਾਈ ਸੀ। ਮੈਨੂੰ ਜਾਪਦਾ ਹੈ ਕਿ ਜੇ ਮੰਟੋ ਏਧਰ ਵਾਲੇ ਪੰਜਾਬ ਵਿੱਚ ਹੀ ਰਹਿ ਕੇ ਲੰਮੀ ਉਮਰ ਭੋਗਦਾ ਤਾਂ ਸ਼ਾਇਦ ਮੇਰੀ ਤੇ ਉਸ ਦੀ ਮਿਲਣੀ ਵੀ ਹੋ ਜਾਂਦੀ। ਜੇ ਹੁੰਦੀ ਤਾਂ ਬਜ਼ੁਰਗ ਮੰਟੋ ਦੀਆਂ ਅੱਖਾਂ ਵਿੱਚ ਵੀ ਮੈਨੂੰ ਉਹੀ ਬੁਝੀ ਹੋਈ ਚਮਕ ਦਿਖਾਈ ਦੇਣੀ ਸੀ ਜਿਹੜੀ ਨੀਲੋਂ ਵਿੱਚ ਕੈਦ ਕੀਤੇ ਹਿਰਨਾਂ ਵਿੱਚ ਦੇਖਣ ਨੂੰ ਮਿਲਦੀ ਹੈ। ਠੀਕ ਹੀ ਹੋਇਆ ਕਿ ਮੰਟੋ ਸ਼ਿਵ ਬਟਾਲਵੀ ਦੇ ਸ਼ਬਦਾਂ ਵਿੱਚ ਜੋਬਨ ਰੁੱਤੇ ਤੁਰ ਗਿਆ। ਸਆਦਤ ਹਸਨ ਮੰਟੋ 18 ਜਨਵਰੀ 1955 ਨੂੰ ਫੁੱਲ ਜਾਂ ਤਾਰੇ ਦੀ ਜੂਨ ਪੈਣ ਲਈ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ ਸੀ

Total Views: 336 ,
Real Estate